Article

ਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ // ਉਜਾਗਰ ਸਿੰਘ

July 11, 2018 06:36 PM
General

ਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ 
                  
                                                
ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰ ਰਹੀਆਂ ਪੰਥਕ ਸੰਸਥਾਵਾਂ ਵਿਚ ਟਕਰਾਓ ਮੰਦਭਾਗਾ ਹੈ ਕਿਉਂਕਿ ਟਕਰਾਓ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਹ ਟਕਰਾਓ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਦੀ ਕੋਸ਼ਿਸ਼ ਦਾ ਸਿੱਟਾ ਹੈ,  ਜਿਸ ਨੂੰ ਸਿੱਖ ਸੰਸਥਾਵਾਂ ਸਮਝਣ ਵਿਚ ਅਸਮਰੱਥ ਹਨ।


ਸਿੱਖ ਧਰਮ ਤਾਂ ਸਦਭਾਵਨਾ, ਸ਼ਹਿਨਸ਼ੀਲਤਾ, ਸਹਿਯੋਗ, ਸਹਿਹੋਂਦ ਅਤੇ ਸਰਬਤ ਦੇ ਭਲੇ ਦਾ ਸੰਦੇਸ ਦਿੰਦਾ ਹੈ। ਪੰਗਤ ਤੇ ਸੰਗਤ ਵਿਚ ਵਿਸ਼ਵਾਸ ਕਰਦਾ ਹੋਇਆ ਆਪਸੀ ਪਿਆਰ ਕਾਇਮ ਕਰਕੇ ਬਰਾਬਰਤਾ ਦਾ ਸੰਦੇਸ ਦਿੰਦਾ ਹੈ। ਊਚ ਨੀਚ ਅਤੇ ਜਾਤ ਪਾਤ ਦਾ ਖੰਡਨ ਕਰਦਾ ਹੈ। ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਤਾਂ ਘਰ ਘਰ ਧਰਮਸਾਲ ਦਾ ਉਪਦੇਸ ਦਿੱਤਾ ਸੀ। ਕਿਸੇ ਥਾਂ ਤੇ ਬੈਠ ਕੇ ਸਿਮਰਨ ਕੀਤਾ ਜਾ ਸਕਦਾ ਸੀ। ਕੋਈ ਪਰਪੰਚ ਜਾਂ ਪਖੰਡ ਕਰਨ ਤੋਂ ਵਰਜਿਆ ਸੀ। ਦੁੱਖ ਇਸ ਗੱਲ ਦਾ ਹੈ ਕਿ ਅੱਜ ਅਸੀਂ ਗੁਰੂ ਦੇ ਅਨੁਆਈ ਹੀ ਗੁਰੂ ਦੀ ਵਿਚਾਰਾਧਾਰਾ ਤੇ ਅਮਲ ਕਰਨ ਦੀ ਥਾਂ ਆਪੋ ਆਪਣੀਆਂ ਸੰਸਥਾਵਾਂ ਸਥਾਪਤ ਕਰਕੇ, ਉਨਾਂ ਦੇ ਨਿਯਮ ਆਪ ਬਣਾਕੇ ਸਾਰੀਆਂ ਸਿੱਖ ਸੰਗਤਾਂ ਨੂੰ ਉਨਾਂ ਤੇ ਅਮਲ ਕਰਨ ਲਈ ਮਜ਼ਬੂਰ ਕਰ ਰਹੇ ਹਾਂ।


ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਹਾਂ। ਸਿਆਸਤ ਧਰਮ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਤਾਂ ਹੋ ਸਕਦੀ ਹੈ। ਪ੍ਰੰਤੂ ਸਿਆਸਤ ਦਾ ਧਰਮ ਵਿਚ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਖ ਧਰਮ ਨੈਤਿਕਤਾ ਤੇ ਪਹਿਰਾ ਦੇਣ ਦੀ ਤਾਕੀਦ ਕਰਦਾ ਹੈ। ਨੈਤਿਕਤਾ ਇਹ ਵੀ ਹੈ ਕਿ ਸਾਡੇ ਵਿਚ ਸ਼ਹਿਨਸ਼ੀਲਤਾ ਹੋਵੇ। ਪ੍ਰੰਤੂ ਅੱਜ ਸਿੱਖ ਸੰਸਥਾਵਾਂ ਇਕ ਦੂਜੇ ਦੀ ਹਰਮਨ ਪਿਆਰਤਾ ਤੋਂ ਖ਼ਾਰ ਖਾਣ ਲੱਗਦੀਆਂ ਹਨ। ਉਸਨੂੰ ਬਰਦਾਸ਼ਤ ਕਰਨਾ ਤਾਂ ਦੂਰ ਦੀ ਗੱਲ ਬਣ ਗਈ ਹੈ। ਸਿੱਖ ਸੰਸਥਾਵਾਂ ਨੂੰ ਆਪ ਅਜਿਹੇ ਧਾਰਮਿਕ ਕਾਰਜ ਕਰਨੇ ਚਾਹੀਦੇ ਹਨ ਕਿ ਉਹ ਖ਼ੁਦ ਹੀ ਸੰਗਤ ਵਿਚ ਹਰਮਨ ਪਿਆਰੀਆਂ ਹੋ ਜਾਣ। ਧਰਮ ਦੇ ਪ੍ਰਚਾਰ ਵਿਚ ਰੰਜਸ ਦਾ ਕੋਈ ਸਥਾਨ ਨਹੀਂ। ਆਪਸੀ ਵਿਚਾਰਧਾਰਾ ਦਾ ਵਿਰੋਧ ਹੋਣਾ ਕੋਈ ਗ਼ਲਤ ਗੱਲ ਨਹੀਂ ਪਰੰਤੂ ਇਕ ਦੂਜੇ ਬਾਰੇ ਮੰਦ ਭਾਵਨਾ ਰੱਖਣਾ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਠੀਕ ਨਹੀਂ ਹੈ। ਸ਼ਾਬਦਿਕ ਬਾਣ ਲਾਉਣੇ ਵੀ ਜਾਇਜ ਨਹੀਂ।


ਗੁਰਬਾਣੀ ਤਾਂ ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦਾ ਸੰਦੇਸ ਦਿੰਦੀ ਹੈ। ਫਿਰ ਅਸੀਂ ਗੁਰਮਤਿ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਅਪਣਾਉਂਦੇ। ਹਾਂ ਜੇਕਰ ਕੋਈ ਵਿਚਾਰਧਾਰਕ ਮਤਭੇਦ ਹਨ ਤਾਂ ਉਹ ਮਿਲ ਬੈਠਕੇ ਸੰਬਾਦ ਰਾਹੀਂ ਹੱਲ ਕਰ ਲੈਣੇ ਚਾਹੀਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ ਨਾਲ ਗੋਸ਼ਟੀ ਕਰਕੇ ਉਨਾਂ ਨੂੰ ਸਿੱਧੇ ਰਸਤੇ ਪਾਇਆ ਸੀ। ਪੰਡਤਾਂ ਨਾਲ ਸੰਬਾਦ ਕਰਕੇ ਸੂਰਜ ਨੂੰ ਪਾਣੀ ਪਹੁੰਚਾਉਣ ਦੀ ਪਰੰਪਰਾ ਨੂੰ ਕਰਤਾਰਪੁਰ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਕੇ ਆਪਣੀ ਦਲੀਲ ਨੂੰ ਪਰਵਾਨ ਕਰਵਾਇਆ ਸੀ। ਫਿਰ ਸਿੱਖ ਜਗਤ ਆਪਣੇ ਗੁਰੂਆਂ ਨੂੰ ਪਰੇਰਨਾ ਸਰੋਤ ਕਿਉਂ ਨਹੀਂ ਮੰਨ ਰਹੇ।


ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਅਨੇਕਾਂ ਸੰਸਥਾਵਾਂ ਅਤੇ ਪਰੰਪਰਾਵਾਂ ਕੰਮ ਕਰ ਰਹੀਆਂ ਹਨ। ਹਰ ਸੰਸਥਾ ਦਾ ਫਰਜ ਬਣਦਾ ਹੈ ਕਿ ਉਹ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰਮਤਿ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਸਿੱਖ ਵਿਚਾਰਧਾਰਾ ਦਾ ਪਰਵਾਹ ਸੰਗਤਾਂ ਵਿਚ ਪਹੁੰਚਾਵੇ। ਸਿੱਖ ਵਿਚਾਰਧਾਰਾ ਵਿਚ ਕਿਸੇ ਕਿਸਮ ਦੀ ਮਿਲਾਵਟ ਤੋਂ ਗੁਰੇਜ ਕਰਨ। ਸਿੱਖ ਧਰਮ ਕਿਸੇ ਇਕ ਸੰਸਥਾ ਜਾਂ ਵਿਅਕਤੀ ਦਾ ਸਰਮਾਇਆ ਨਹੀਂ, ਸਗੋਂ ਇਹ ਸਿੱਖ ਸੰਗਤ ਦੀ ਵਿਰਾਸਤ ਹੈ। ਸਾਰੀਆਂ ਸਿੱਖ ਸੰਸਥਾਵਾਂ ਦਾ ਫਰਜ ਬਣਦਾ ਹੈ ਕਿ ਉਹ ਆਪੋ ਆਪਣੇ ਢੰਗ ਨਾਲ ਗੁਰਮਤਿ ਸੰਧਰਵ ਵਿਚ ਪਰਚਾਰ ਕਰਨ। ਆਪਣੀ ਮਨ ਮਰਜੀ ਅਨੁਸਾਰ ਕੋਈ ਮਿਲਾਵਟ ਅਤੇ ਕਿਸੇ ਦੂਜੀ ਸੰਸਥਾ ਵਿਚ ਦਖ਼ਲਅੰਦਾਜੀ ਨਾ ਕਰਨ। ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਫਰਜਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਵਰਤਮਾਨ ਟਕਰਾਓ ਇਕ ਦੂਜੀ ਸੰਸਥਾ ਦੇ ਕੰਮ ਕਾਜ ਵਿਚ ਬੇਵਜਾਹ ਦਖ਼ਲਅੰਦਾਜੀ ਦਾ ਹੀ ਸਿੱਟਾ ਹੈ। ਸਿੱਖ ਧਰਮ ਵਿਚ ਹਓਮੈ ਨੂੰ ਤਿਆਗਣ ਤੇ ਜ਼ੋਰ ਦਿੱਤਾ ਗਿਆ ਹੈ ਫਿਰ ਅਸੀਂ ਹਓਮੈ ਦਾ ਸ਼ਿਕਾਰ ਹੋ ਕੇ ਦੂਜੀਆਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਆਸ ਕਿਉਂ ਕਰਦੇ ਹਾਂ। ਜਦੋਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਟਕਰਾਓ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਉਸਦੇ ਹੱਲ ਲਈ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਦਖ਼ਲਅੰਦਾਜ਼ੀ ਕਰਕੇ ਟਕਰਾਓ ਖ਼ਤਮ ਕਰਵਾਉਣਾ ਚਾਹੀਦਾ ਹੈ। ਬੁੱਧੀਜੀਵੀ ਵੀ ਇਸ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਸਕਦੇ ਹਨ। ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਨਾ ਤਾਂ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਨਾ ਹੀ ਬੁੱਧੀਜੀਵੀ ਕੋਈ ਉਪਰਾਲਾ ਕਰ ਰਹੇ ਹਨ। ਸਿੱਖ ਬੁੱਧੀਜੀਵੀ ਵਿਦਵਾਨ ਸਿਆਸੀ ਪਾਰਟੀਆਂ ਨਾਲ ਸੰਬੰਧਤ ਹਨ। ਇਸ ਦਾ ਭਾਵ ਹੈ ਕਿ ਸਿੱਖ ਜਗਤ ਆਪਣੇ ਧਰਮ ਬਾਰੇ ਸੰਜੀਦਾ ਨਹੀਂ ਹੈ। ਅਸਲ ਸਮੱਸਿਆ ਹੀ ਇਹ ਹੈ ਕਿ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਬੁੱਧੀਜੀਵੀ ਵੀ ਨਿਰਪੱਖ ਨਹੀਂ ਹਨ। ਉਹ ਤਾਂ ਆਪ ਇਨਾਂ ਸੰਸਥਾਵਾਂ ਦੇ ਧੜਿਆਂ ਨਾਲ ਜੁੜੇ ਹੋਏ ਹਨ। ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ, ਸੰਤ ਗੁਰਬਚਨ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਧਰਮ ਦੇ ਸਿਰਮੌਰ ਮਹਾਨ ਤਪੱਸਵੀ ਪ੍ਰਚਾਰਕ ਸਨ। ਉਨਾਂ ਨੇ ਕਦੀਂ ਵੀ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਹੋਣ ਦਿੱਤਾ। ਉਹ ਨਿਰੋਲ ਸਿੱਖ ਧਰਮ ਦੇ ਅਨੁਆਈ ਅਤੇ ਪਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਨਾਂ ਬਾਰੇ ਭਾਵੇਂ ਕੁਝ ਖ਼ੁਦਗਰਜ਼ ਲੋਕਾਂ ਨੇ ਭੁਲੇਖੇ ਪਾਉਣ ਦੇ ਯਤਨ ਕੀਤੇ ਸਨ। ਪਰੰਤੂ ਉਨਾਂ ਕਦੀਂ ਵੀ ਕੋਈ ਧਮਕੀ ਧਰਮ ਦੇ ਪਰਚਾਰ ਦੇ ਢੰਗ ਜਾਂ ਪਹਿਰਾਵੇ ਲਈ ਨਹੀਂ ਕੀਤੀ ਸੀ। ਜਦੋਂ ਅਸੀਂ ਉਨਾਂ ਨੂੰ ਆਪਣੇ ਪਰੇਰਨਾ ਸਰੋਤ ਮੰਨਦੇ ਹਾਂ ਤਾਂ ਫਿਰ ਇਹ ਖ਼ਾਮਖਾਹ ਦਾ ਟਕਰਾਓ ਕਿਉਂ ਖੜਾ ਕੀਤਾ ਹੈ। ਇਹ ਟਕਰਾਓ ਸਿੱਖ ਧਰਮ ਲਈ ਮੰਦਭਾਗੀ ਗੱਲ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਿੱਖ ਧਰਮ ਦੇ ਪਰਚਾਰ ਤੇ ਪਰਸਾਰ ਲਈ ਸੰਗਤ ਵੱਲੋਂ ਚੁਣੀ ਹੋਈ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਸਦਾ ਮੁੱਖ ਕੰਮ ਹੀ ਸਿੱਖ ਧਰਮ ਦਾ ਪਰਚਾਰ ਤੇ ਪਰਸਾਰ ਕਰਨਾ ਹੈ,  ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ। ਪਤਿਤਤਾ ਦਾ ਬੋਲਬਾਲਾ ਭਾਰੂ ਹੈ। ਨੌਜਵਾਨ ਪੀੜੀ ਸਿੱਖ ਧਰਮ ਤੋਂ ਬੇਮੁਖ ਹੋ ਰਹੀ ਹੈ।


ਅਣਗਿਣਤ ਸਿੱਖ ਸੰਸਥਾਵਾਂ ਸਿੱਖ ਧਰਮ ਦੇ ਪਰਚਾਰ ਦਾ ਹੋਕਾ ਦੇ ਰਹੀਆਂ ਹਨ ਪਰੰਤੂ ਹਾਲਾਤ ਫਿਰ ਵੀ ਸਾਜਗਾਰ ਨਹੀਂ ਹਨ। ਪਹਿਲਾਂ ਇਨਾਂ ਸੰਸਥਾਵਾਂ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਉਨਾਂ ਦੇ ਪਰਚਾਰ ਦਾ ਸੰਗਤ ਉਪਰ ਕਿਤਨਾ ਪਰਭਾਵ ਪਿਆ ਹੈ। ਕਿਤਨੀ ਸੰਗਤ ਨੂੰ ਉਨਾਂ ਗੁਰੂ ਦੇ ਲੜ ਲਾਇਆ ਹੈ। ਸੰਗਤ ਤਾਂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੀ ਹੈ। ਫਿਰ ਉਹ ਸੰਸਥਾਵਾਂ ਕੀ ਕਰ ਰਹੀਆਂ ਹਨ। ਜੇ ਸਿੱਖ ਸੰਸਥਾਵਾਂ ਸੁਚੱਜੇ ਢੰਗ ਨਾਲ ਸਿੱਖੀ ਦਾ ਪਰਚਾਰ ਕਰਦੀਆਂ ਹੁੰਦੀਆਂ ਤਾਂ ਡੇਰੇ ਖੁੰਬਾਂ ਵਾਂਗੂੰ ਨਾ ਬਣਦੇ ਅਤੇ ਡੇਰਾਵਾਦ ਪਰਫੁਲਤ ਨਾ ਹੁੰਦਾ। ਗੁਰਦੁਆਰੇ ਜ਼ਾਤਾਂ ਪਾਤਾਂ ਦੇ ਨਾਮ ਤੇ ਬਣ ਰਹੇ ਹਨ ਜੋ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁਧ ਹਨ। ਸਿੱਖ ਧਰਮ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ ਦਿੰਦਾ ਹੈ ਪਰੰਤੂ ਸਿੱਖ ਸੰਗਤਾਂ ਦੇ ਕੁਝ ਹਿੱਸੇ ਹਿੰਸਾ ਫੈਲਾਉਣ ਵਿਚ ਲੱਗੇ ਰਹਿੰਦੇ ਹਨ, ਜਿਸ ਕਰਕੇ ਟਕਰਾਓ ਦੀ ਸਥਿਤੀ ਬਣ ਜਾਂਦੀ ਹੈ। ਟਕਰਾਓ ਕਰਕੇ ਪੰਜਾਬ ਨੇ ਪਹਿਲਾਂ ਹੀ ਅੱਸੀਵਿਆਂ ਵਿਚ ਸੰਤਾਪ ਭੋਗਿਆ ਹੈ। ਉਸ ਸਮੇਂ ਨੂੰ ਕਾਲਾ ਦੌਰ ਵੀ ਕਿਹਾ ਜਾਂਦਾ ਹੈ। ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆਂ ਰਿਹਾ। ਮਰਨ ਵਾਲੇ ਵੀ ਸਿੱਖ ਅਤੇ ਮਾਰਨ ਵਾਲੇ ਵੀ ਸਿੱਖ।


ਇਕ ਕਿਸਮ ਨਾਲ ਸਿੱਖਾਂ ਦੀ ਲਸਲਕੁਸ਼ੀ ਕੀਤੀ ਗਈ। ਇਹ ਸਾਰਾ ਕੁਝ ਸਿੱਖਾਂ ਤੋਂ ਹੀ ਕਰਵਾਇਆ ਗਿਆ। ਸਿੱਖਾਂ ਨੇ ਉਸ ਦੌਰ ਵਿਚੋਂ ਕੀ ਖੱਟਿਆ। ਅਤਵਾਦ ਦਾ ਸ਼ਬਦ ਸਿਰਫ ਸਿੱਖਾਂ ਨਾਲ ਹੀ ਕਿਉਂ ਜੋੜ ਦਿੱਤਾ ਗਿਆ। ਹਾਲਾਂਕਿ ਅਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਹੁਣ ਵੀ ਅਜਿਹੇ ਹੀ ਹਾਲਾਤ ਬਣਾਉਣ ਦੇ ਉਪਰਾਲੇ ਹੋ ਰਹੇ ਹਨ। ਸਿੱਖ ਜਗਤ ਸਮਝ ਹੀ ਨਹੀਂ ਰਿਹਾ ਕਿ ਉਨਾਂ ਨੂੰ ਹੱਥਠੋਕੇ ਅਤੇ ਮੋਹਰੇ ਬਣਾਕੇ ਵਰਤਿਆ ਜਾ ਰਿਹਾ ਹੈ। ਵਾਦਵਿਵਾਦ ਵਿਚ ਪਈਆਂ ਸਿੱਖ ਸੰਸਥਾਵਾਂ ਨੂੰ ਸਿੱਖ ਧਰਮ ਦੇ ਵਡੇਰੇ ਹਿੱਤ ਵਿਚ ਇਹ ਟਕਰਾਓ ਖ਼ਤਮ ਕਰਨ ਲਈ ਆਪੋ ਆਪਣੇ ਹਠ ਤਿਆਗ ਦੇਣੇ ਚਾਹੀਦੇ ਹਨ। ਗੁਪਤਚਰ ਏਜੰਸੀਆਂ ਸਿੱਖਾਂ ਦੀ ਬਹਾਦਰੀ ਅਤੇ ਦਲੇਰੀ ਤੋਂ ਭਲੀ ਭਾਂਤ ਜਾਣੂੰ ਹਨ, ਇਸ ਲਈ ਉਹ ਡਰਦੀਆਂ ਹਨ ਕਿ ਜੇਕਰ ਇਹ ਕੌਮ ਆਪੇ ਤੇ ਆ ਜਾਵੇ ਤਾਂ ਕਿਸੇ ਵੀ ਸਰਕਾਰ ਲਈ ਚੈਲੰਜ ਬਣ ਸਕਦੇ ਹਨ। ਇਸ ਲਈ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਸਾਜ਼ਸ਼ਾਂ ਰਚਦੀਆਂ ਰਹਿੰਦੀਆਂ ਹਨ। ਉਹ ਆਪਣੇ ਆਦਮੀਆਂ ਦੀ ਸਿੱਖ ਧਰਮ ਵਿਚ ਘੁਸਪੈਠ ਕਰਵਾਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ। ਇਸ ਲਈ ਸਿੱਖ ਜਗਤ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨੀ ਚਾਹੀਦੀ ਹੈ। ਸਿੱਖ ਧਰਮ ਦਾ ਸਰਵੋਤਮ ਅਤੇ ਪਵਿਤਰ ਤਖ਼ਤ ਅਕਾਲ ਤਖ਼ਤ ਹੈ। ਅਕਾਲ ਤਖ਼ਤ ਦੇ ਮੁੱਖੀ ਨੂੰ ਨਿਰਪੱਖ ਹੋ ਕੇ ਇਸ ਟਕਰਾਓ ਨੂੰ ਖ਼ਤਮ ਕਰਨ ਲਈ ਪੰਜਾਂ ਤਖ਼ਤਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਕੇ ਕੋਈ ਯੋਗ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਧਰਮ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।

Have something to say? Post your comment

More Article News

ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ ਬਹੁਪੱਖੀ ਕਲਾਵਾਂ ਦਾ ਸੁਮੇਲ-ਮਨਹੋਰ ਸ਼ਰਮਾ /ਹਰਸ਼ਦਾ ਸ਼ਾਹ ਗਿੱਪੀ ਗਰੇਵਾਲ ਦਾ ਬੇਟਾ ਛਿੰਦਾ ਗਰੇਵਾਲ ਵੀ 'ਅਰਦਾਸ ਕਰਾਂ ' ਦਾ ਬਣਿਆ ਹਿੱਸਾ-- ਪੁਸਤਕ ਰੀਵਿਊ : ਮਹਿਕ ਸ਼ਬਦਾਂ ਦੀ (ਕਾਵਿ ਸੰਗ੍ਰਹਿ) /ਜਸਵੀਰ ਸ਼ਰਮਾ ਦੱਦਾਹੂਰ ਆਓ ਸਰਬੱਤ ਦੇ ਭਲੇ ਲਈ ' ਅਰਦਾਸ ਕਰਾਂ' ਲਈ ਬਿਰਤੀ ਲਾਈਏ /ਹਰਜਿੰਦਰ ਿਸੰਘ ਜਵੰਦਾ
-
-
-