Article

ਸਾਫ਼ ਸੁਥਰੀ ਗਾਇਕੀ ਦਾ ਉਭਰਦਾ ਸਿਤਾਰਾ ਗਾਇਕ ਲਵਪ੍ਰੀਤ ਲਵ //ਲੇਖਕ: ਪ੍ਰਮੋਦ ਧੀਰ

July 12, 2018 04:47 PM
General

 ਸਾਫ਼ ਸੁਥਰੀ ਗਾਇਕੀ ਦਾ ਉਭਰਦਾ ਸਿਤਾਰਾ ਗਾਇਕ ਲਵਪ੍ਰੀਤ ਲਵ

ਪੰਜਾਬੀ ਮਾਂ ਬੋਲੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਅਨੇਕਾਂ ਹੀ ਲੇਖਕਾਂ, ਕਵੀਆਂ, ਗੀਤਕਾਰਾਂ, ਗਾਇਕਾਂ, ਸੂਰਵੀਰਾਂ,ਯੋਧਿਆਂ, ਕਲਾਕਾਰਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸੇ ਕੜੀ ਤਹਿਤ ਪੰਜਾਬੀ ਸਭਿਆਚਾਰ ਨਾਲ ਜੁੜੇ ਸਰੋਤਿਆਂ, ਪਾਠਕਾਂ ਅਤੇ ਹੋਰ ਲੋਕਾਂ ਦਾ ਧਿਆਨ ਇੱਕ ਅਜਿਹੇ ਉਭਰਦੇ ਗਾਇਕ ਵੱਲ ਦੁਆਉਣਾ ਚਾਹੁੰਦੇ ਹਾਂ ਜੋ ਕਿ ਨਸ਼ਿਆਂ ਨੂੰ ਪ੍ਰੇਰਿਤ ਤੇ ਹਥਿਆਰਾਂ ਵਾਲੀ ਗਾਇਕੀ ਤੋਂ ਕੋਹਾਂ ਦੂਰ ਸਾਫ ਸੁਥਰੀ ਗਾਇਕੀ ਨੂੰ ਅਪਣਾ ਕੇ ਅੱਗੇ ਵੱਧ ਰਿਹਾ ਹੈ।


 ਮਿਹਨਤ ਵਿੱਚ ਵਿਸ਼ਵਾਸ਼ ਰੱਖਣ ਵਾਲੇ ਉਭਰਦੇ ਗਾਇਕ ਲਵਪ੍ਰੀਤ ਲਵ ਦਾ ਜਨਮ 12 ਫਰਵਰੀ 1991 ਨੂੰ ਮਾਤਾ ਵਿੱਦਿਆ ਦੀ ਕੁੱਖੋਂ ਤੇ ਪਿਤਾ ਹੁਸਨ ਲਾਲ ਜੀ ਦੇ ਘਰ ਲੁਧਿਆਣਾ ਵਿਖੇ ਹੋਇਆ। ਕੁਝ ਸਾਲਾਂ ਬਾਅਦ ਸਾਰਾ ਪਰਿਵਾਰ ਫਗਵਾੜਾ ਵਿਖੇ ਰਹਿਣ ਲੱਗ ਪਿਆ। ਲਵਪ੍ਰੀਤ ਦਾ ਰੁਝਾਨ ਬਚਪਨ ਤੋਂ ਹੀ ਸੰਗੀਤ ਵਿੱਚ ਸੀ ਇਸੇ ਕਰਕੇ ਉਹ ਅਕਸਰ ਸਕੂਲ ਅਤੇ ਸਤਿਸੰਗ ਵਿੱਚ ਸ਼ਬਦ ਬੋਲਦਾ। ਉਸਦੇ ਇਸ ਰੁਝਾਨ ਨੂੰ ਦੇਖਦੇ ਹੋਏ ਮੁੱਢਲੀ ਸਿੱਖਿਆ ਤੋਂ ਬਾਅਦ ਘਰਦਿਆਂ ਨੇ ਉਸਦਾ ਦਾਖਲਾ ਮੁਕੰਦਪੁਰ ਵਿਖੇ ਅਮਰਦੀਪ ਸ਼ੇਰਗਿੱਲ ਕਾਲਜ ਵਿੱਚ ਕਰਵਾ ਦਿੱਤਾ। ਜਿੱਥੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ ਕੋਲੋਂ ਉਸਨੇ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ। ਪੜਾਈ ਦੇ ਦੌਰਾਨ ਯੂਥ ਫੈਸਟੀਵਲਾਂ ਵਿੱਚ ਵੀ ਲਵਪ੍ਰੀਤ ਨੇ ਆਪਣੀ ਗਾਇਕੀ ਨਾਲ ਖੂਬ ਮੱਲਾਂ ਮਾਰੀਆਂ। ਸ਼ਬਦ ਗਾਇਨ, ਗੀਤ  ਗਜ਼ਲ, ਕਲਾਸੀਕਲ ਵੋਕਲ ਅਤੇ ਫੋਕ ਆਰਕੈਸਟਰਾ ਮੁਕਾਬਲਿਆਂ ਵਿੱਚ ਉਸਨੇ ਹਮੇਸ਼ਾ ਪਹਿਲਾ ਦੂਜਾ ਸਥਾਨ ਹਾਸਲ ਕੀਤਾ।

 ਸੰਗੀਤ ਦੇ ਨਾਲ ਲਵਪ੍ਰੀਤ ਨੇ ਆਪਣੀ ਪੜਾਈ ਵੀ ਜਾਰੀ ਰੱਖੀ। ਪੜਾਈ ਦੀ ਇਸੇ ਲਾਲਸਾ ਨੇ ਉਸਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿੰ੍ਰਤਸਰ ਵਿਖੇ ਲੈ ਆਂਦਾ ਜਿੱਥੇ ਉਸਨੇ ਐਮ.ਏ ਸੰਗੀਤ ਅਤੇ ਐਮ.ਫਿਲ ਸੰਗੀਤ ਦੀ ਡਿਗਰੀ ਹਾਸਲ ਕੀਤੀ।
ਇਸੇ ਦੌਰਾਨ ਸਮੇਂ ਸਮੇਂ ਤੇ ਉਸਨੇ ਉਸਤਾਦ ਸ਼ੋਕਤ ਅਲੀ ਦੀਵਾਨਾ ਅਤੇ ਉਸਤਾਦ ਨੀਲੇ ਖਾਂ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਲਵਪ੍ਰੀਤ ਆਪਣੀ ਚੰਗੀ ਗਾਇਕੀ 'ਤੇ ਸਨੇਹਪੂਰਨ ਸੁਭਾਅ ਕਰਕੇ ਸਭਦਾ ਹਰਮਨ ਪਿਆਰਾ ਹੈ। ਸੂਫ਼ੀ ਅਤੇ ਸਭਿਆਚਾਰਕ ਮੇਲਿਆਂ ਵਿੱਚ ਉਹ ਹਮੇਸ਼ਾ ਆਪਣੀ ਗਾਇਕੀ ਨਾਲ ਸਭ ਨੂੰ ਮੋਹ ਲੈਂਦਾ ਹੈ। ਲਵਪ੍ਰੀਤ ਦਾ ਛੋਟਾ ਭਰਾ ਪ੍ਰਿੰਸ ਇੱਕ ਵਧੀਆ ਤਬਲਾ ਵਾਦਕ ਹੈ ਅਤੇ ਸਕੂਲ ਵਿੱਚ ਅਧਿਆਪਕ ਹੈ। ਲਵਪ੍ਰੀਤ ਦੇ ਗਾਏ ਗੀਤ “ਔਲਾਦ” ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਜੋ ਕਿ ਚਰਨ ਡੁਮੇਲੀ ਵੱਲੋਂ ਲਿਖਿਆ 'ਤੇ ਗੋਇਲ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।  ਇਸ ਦੇ 4 ਧਾਰਮਿਕ ਗੀਤ ਭਗਤ ਰਵੀਦਾਸ ਜੀ ਦੇ ਜੀਵਨ ਬਾਰੇ ਰਿਲੀਜ਼ ਹੋ ਚੁੱਕੇ ਹਨ ਜੋ ਕਿ ਜੋਸ਼ ਅਤੇ ਦੂਰਦਰਸ਼ਨ ਚੈਨਲ ਤੇ ਵੀ ਆ ਚੁੱਕੇ ਹਨ ਜਿੰਨਾਂ ਵਿਚੋਂ ਇੱਕ ਗੀਤ ਡਾ. ਅੰਬੇਦਕਰ ਨੂੰ ਸਮਰਪਿਤ 'ਭੀਮ ਸ਼ੇਰ' ਵੀ ਬਹੁਤ ਪ੍ਰਸਿੱਧ ਹੋਇਆ, ਇਸ ਤੋਂ ਇਲਾਵਾ ਕਈ ਹੋਰ ਧਾਰਮਿਕ ਗੀਤਾਂ ਨਾਲ ਵੀ ਲਵਪ੍ਰੀਤ ਸਰੋਤਿਆਂ ਦੇ ਰੁਬਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਭਿਆਚਾਰਕ ਗੀਤਾਂ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਉਂਦਾ ਨਜ਼ਰ ਆਵੇਗਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸਨੂੰ ਸਾਫ ਸੂਥਰੀ ਗਾਇਕੀ ਦੀ ਹੋਰ ਤਾਲੀਮ ਬਖਸ਼ੇ ਤੇ ਇਹ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਜਿੰਦਗੀ 'ਚ ਭਰਪੂਰ ਤਰੱਕੀ ਹਾਸਲ ਕਰੇ।


ਲੇਖਕ: ਪ੍ਰਮੋਦ ਧੀਰ

                                                             

Have something to say? Post your comment