Sunday, March 24, 2019
FOLLOW US ON

Article

ਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ

July 13, 2018 04:03 PM
General

ਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ


ਗਾਇਕਾਂ 'ਚੋਂ ਗਾਇਕ ਅਤੇ  ਗੀਤਕਾਰਾਂ ਚੋਂ  ਗੀਤਕਾਰ : ਉਹ ਵੀ ਫਿਰ ਵਿਸ਼ਵ ਪੱਧਰ ਦੀ ਪ੍ਰਾਪਤੀ ਹੋਵੇ ਲੱਖਾਂ 'ਚੋ ਬਹੁਤ ਵਿਰਲਿਆਂ ਦੇ ਹਿੱਸੇ ਹੀ ਆਉਦਾ ਹੈ, ਮਾਣ, ਇੱਜਤ ਤੇ ਸ਼ੁਹਰਤਾਂ ਦਾ ਇਹ ਮੁਕਾਮ। ਉਹ ਵੀ ਸਿਰਫ ਉਨਾਂ ਖੁਸ਼-ਕਿਸਮਤਾਂ ਨੂੰ ਜਿਨਾਂ  ਨੇ ਜਨਮ-ਜਨਮ ਵਿਚ ਮੋਤੀ ਦਾਨ ਕੀਤੇ ਹੋਣ ਸਦਕਾ ਜਿਨਾਂ ਨੂੰ ਮਾਲਕ ਦੀ ਬਖਸ਼ੀਸ਼ ਹਾਸਲ ਹੋਈ ਹੋਵੇ ਅਤੇ ਉਸ ਦਾਤ ਨੂੰ ਸੰਭਾਲਦਿਆਂ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੋਣ। ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਜਿੱਥੇ ਗੁਰਦਾਸ ਮਾਨ, ਲਾਲ ਚੰਦ ਯਮਲਾ ਜੱਟ, ਪਾਲੀ ਦੇਤਵਾਲੀਆ, ਦੀਦਾਰ ਸੰਧੂ, ਜਸਵੰਤ ਸੰਦੀਲਾ, ਗਾਮੀ ਸੰਗਤਪੁਰੀਆ, ਬੱਬੂ ਮਾਨ, ਦੇਬੀ ਮਖਸੂਸਪੁਰੀ ਅਤੇ ਅਮਰ ਸਿੰਘ ਚਮਕੀਲਾ, ਦਾ ਨਾਂਓ ਬੱਚੇ-ਬੱਚੇ ਦੀ ਜੁਬਾਨ ਉਤੇ ਹੈ, ਉਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ  ਜਿਸ ਸੱਚੀ-ਸੁੱਚੀ ਰੂਹ ਦਾ ਮੈਂ ਇਨਾਂ ਸਤਰਾਂ ਵਿਚ ਜਿਕਰ ਕਰਨ ਜਾ ਰਿਹਾ ਹਾਂ, ਉਸ ਦਾ ਨਾਂਓ ਲੈਂਦਿਆਂ ਹੀ ਰੂਹ ਸਰਸ਼ਾਰ ਹੋ ਜਾਂਦੀ ਹੈ ਅਤੇ ਆਪ-ਮੁਹਾਰੇ ਹੀ ਸਿਰ ਝੁਕ ਜਾਂਦਾ ਹੈ, ਉਸ ਦੇ ਕਦਮਾਂ 'ਚ। ਇਸ ਮਾਣ-ਮੱਤੀ ਸਖਸ਼ੀਅਤ ਦਾ ਇਕ ਹੋਰ ਪੱਖ ਇਹ ਵੀ ਹੈ ਕਿ ਓਸ ਨੇ ਆਪਣੇ ਸਿਰਜੇ ਗੀਤਾਂ ਨੂੰ ਖੁਦ ਤਾਂ ਆਪਣੀ ਲਾ-ਜੁਵਾਬ ਸੁਰੀਲੀ ਅਤੇ ਦਮਦਾਰ ਅਵਾਜ ਵਿਚ ਸ਼ਿੰਗਾਰਿਆ ਹੀ ਹੈ ਪਰ ਨਾਲ ਹੀ ਸਵ: ਬੀਬਾ ਪਰਮਿੰਦਰ ਸੰਧੂ , ਸੁਰਿੰਦਰ ਸ਼ਿੰਦਾ ਅਤੇ ਕੁਲਦੀਪ ਪਾਰਸ ਆਦਿ ਵਰਗੇ ਅਨਗਿਣਤ ਗਾਇਕਾਂ ਨੇ ਵੀ ਉਸ ਦੇ ਗੀਤਾਂ ਨਾਲ ਵਿਸ਼ਵ ਪੱਧਰ ਤੇ ਨਾਂਉਂ ਵੀ ਕਮਾਇਆ ਅਤੇ ਨਾਮਾ ਵੀ।  ਜਿਸਦੇ ਨਤੀਜੇ ਵਜੋ ਜਿਲਾ ਸੰਗਰੂਰ ਦੇ ਕਸਬਾ ਭਵਾਨੀਗੜ ਦੀ ਗੋਦ 'ਚ ਵਸਿਆ ਇਕ ਛੋਟਾ ਜਿਹਾ ਪਿੰਡ 'ਬਖਤੜੀ' ਅੱਜ ਦਿਨ ਵਿਸ਼ਵ ਦੇ ਨਕਸ਼ੇ ਉਤੇ ਉਲੀਕੇ ਜਾਣ ਦਾ ਗੌਰਵ ਹਾਸਲ ਕਰ ਗਿਆ। ਮੇਰੀ ਮੁਰਾਦ ਹੈ, ਕਲਮ, ਅਵਾਜ ਅਤੇ ਇਨਸਾਨੀਅਤ ਦੀਆਂ ਮਹਿਕਾਂ ਵਿਖੇਰਦੀ ਚਲੀ ਆ ਰਹੀ ਉਸ ਸੁਭਾਗੀ, ਮਿਹਨਤੀ, ਤਵੱਸਵੀ, ਸ਼ਹਿਨਸ਼ੀਲ, ਸੰਵੇਦਨਸ਼ੀਲ ਅਤੇ ਸਿਦਕੀ ਰੂਹ ਤੋਂ  : ਜਿਸ ਨੂੰ ਜਾਣਿਆ ਤੇ ਸਤਿਕਾਰਿਆ ਜਾਂਦਾ ਹੈ, 'ਹਾਕਮ ਬਖਤੜੀ ਵਾਲਾ' ਦੇ ਨਾਂਉਂ ਤੋਂ। ਗੀਤਕਾਰੀ, ਅਤੇ ਗਾਇਕੀ ਦੇ ਸਿਰ ਉਤੇ ਲਗਭਗ ਪਿਛਲੇ ਚਾਰ ਦਿਹਾਕਿਆਂ ਤੋਂ ਵੀ ਵੱਧ ਸਮੇ ਤੋਂ ਕਲਾ-ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਉਹ 'ਹਾਕਮ', ਉਹ ਸ਼ਹਿਨਸ਼ਾਹ , ਜਿਸ ਦੇ ਗੀਤ, ਕਲੀਆਂ ਅਤੇ ਦੋ-ਗਾਣੇ ਅਮਰ ਹੋਣ ਦਾ ਰੁੱਤਬਾ ਹਾਸਲ ਕਰ ਗਏ।  ਪੰਜਾਬੀ ਸੱਭਿਆਰਕ ਜਗਤ ਦੀ ਮਹਿਕਾਂ ਅਤੇ  ਖੁਸ਼ਬੂਆਂ ਵਿਖੇਰਦੀ ਜਾਨਦਾਰ ਤੇ ਸ਼ਾਨਦਾਰ ਫੁਲਵਾੜੀ।  ਜਿਕਰ ਯੋਗ ਹੈ ਕਿ ਜਿੱਥੇ ਬਖਤੜੀ ਵਾਲਾ ਜੀ ਦਾ ਨਾਂਉਂ ਆਵੇਗਾ, ਉਥੇ ਆਪ-ਮੁਹਾਰੇ ਹੀ ਬੀਬਾ ਦਲਜੀਤ ਕੌਰ ਜੀ ਦਾ ਨਾਂਉਂ ਵੀ ਆ ਜਾਵੇਗਾ : ਕਿਉਂਕਿ ਗਾਇਕੀ-ਖੇਤਰ ਵਿਚ ਅੰਬਰਾਂ ਨੂੰ ਛੂੰਹਦਾ ਦੋ-ਗਾਣਿਆਂ ਦਾ ਪੱਖ ਜਿੱਥੇ ਛਿੜੇਗਾ, ਉਹ ਗਾਇਕ-ਜੋੜੀ ਦੇ ਰੂਪ ਵਿਚ ਬੀਬੀ ਦਲਜੀਤ ਕੌਰ ਦੇ ਨਾਂਉਂ ਬਗੈਰ ਸੰਪਨ ਨਹੀ ਹੋ ਸਕੇਗਾ।


ਸੋ, ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ, ਗਾਇਕੀ ਤੇ ਗੀਤਕਾਰੀ ਦੇ ਠਾਠਾਂ ਮਾਰਦੇ ਧੜੱਲੇਦਾਰ ਦਰਿਆ,  'ਹਾਕਮ ਬਖਤੜੀ ਵਾਲਾ' ਜੀ ਨਾਲ ਹੋਈ ਮੁਲਾਕਾਤ ਦੀ ਪੰਛੀ ਝਾਤ :

 ਜੋ ਕਿ ਕੁਝ ਇਸ ਤਰਾਂ ਰਹੀ :-
ਬਖਤੜੀ ਵਾਲਾ ਜੀ, ਸਭ ਤੋਂ ਪਹਿਲੇ ਤਾਂ ਸਾਨੂੰ ਆਪਣੇ ਪਿਤਾ ਅਤੇ ਭਾਗਾਂ ਭਰੀ ਉਹ ਮਾਤਾ, ਜਿਸ ਦੀ ਸੁਲੱਖਣੀ ਕੁੱਖ ਨੂੰ ਤੁਸੀਂ ਭਾਗ ਲਾਏ, ਬਾਰੇ ਦੱਸੋ।   ਸੂਰਜ ਦੀ ਪਹਿਲੀ ਕਿਰਨ ਕਿਸ ਪਿੰਡ ਵਿਚ ਤੱਕੀ ਅਤੇ ਕਿਸ ਪਿੰਡ ਦੀਆਂ ਗਲੀਆਂ ਵਿਚ ਖੇਡ-ਕੁੱਦਕੇ ਵੱਡੇ ਹੋਏ , ਬਾਰੇ ਵੀ ਚਾਨਣਾ ਪਾਓਗੇ?

ਲੁਧਿਆਣਵੀ ਜੀ, ਮੇਰੇ ਪੂਜਨੀਕ ਪਿਤਾ ਜੀ ਦਾ ਨਾਮ ਸ੍ਰ: ਟਿੱਕਾ ਸਿੰਘ ਜੀ ਅਤੇ ਰੱਬ ਵਰਗੀ ਮਾਂ ਦਾ ਨਾਂਉਂ ਸ੍ਰੀਮਤੀ ਲੀਲਾ ਵਤੀ ਜੀ ਹੈ, ਜਿਨਾਂ ਦੀ ਗੋਦ ਦਾ ਨਿੱਘ ਮਾਣਦਿਆਂ ਮੈਂ ਜਿਲਾ ਸੰਗਰੂਰ ਦੇ ਪਿੰਡ ਬਖਤੜੀ ਵਿਚ ਸੂਰਜ ਦੀ ਪਹਿਲੀ ਕਿਰਨ 5 ਜਨਵਰੀ,1961 ਨੂੰ ਤੱਕੀ ਅਤੇ ਇਸੇ ਪਿੰਡ ਦੀਆਂ ਗਲੀਆਂ ਵਿਚ ਮੈਂ ਖੇਡਦਾ -ਕੁੱਦਦਾ ਹੇਕਾਂ ਲਾਉਦਾ ਜਵਾਨ ਹੋਇਆ।


 ਤੁਸੀ ਸ਼ਾਇਰੀ ਨਾਲ ਕਦੋਂ ਜੁੜੇ ਅਤੇ ਹੇਕਾਂ ਲਾਉਣੀਆਂ ਕਦੋਂ ਕੁ ਸ਼ੁਰੂ ਕੀਤੀਆਂ?


 ਲੁਧਿਆਣਵੀ ਜੀ, ਇਹ ਦੋਨੋ ਸ਼ੌਕ ਜਾਂ ਇਹ ਕਹਿ ਲਓ ਕਿ ਕਲਮ ਤੇ ਅਵਾਜ ਦੋਵੇ ਦਾਤਾਂ ਦੀ ਬਖਸ਼ੀਸ਼ ਮਾਲਕ ਵਲੋ ਮੈਨੂੰ ਬਚਪਨ ਤੋਂ ਹੀ ਹੋ ਗਈ ਸੀ।


ਹਾਕਮ ਜੀ, ਤੁਹਾਡੀ ਕਿੰਨੀ ਕੁ ਉਮਰ ਸੀ ਜਦ ਤੁਸੀ ਪਹਿਲਾ ਗੀਤ ਲਿਖਿਆ ਅਤੇ ਉਹ ਕਿਸ ਅਵਾਜ ਵਿਚ ਰਿਕਾਰਡ ਕਰਵਾਇਆ?


ਮੇਰੀ 13 ਸਾਲ ਦੀ ਬਾਲੜੀ ਉਮਰ ਸੀ, ਜਦੋ ਮੈ ਕਈ ਗੀਤ ਲਿਖ ਚੁੱਕਾ ਸੀ।  ਇਨਾਂ ਚੋਂ ਸਭ ਤੋਂ ਪਹਿਲੇ ਇਕ ਗੀਤ ਬੀਬਾ ਪਰਮਿੰਦਰ ਸੰਧੂ ਜੀ ਨੇ ਰਿਕਾਰਡ ਕਰਵਾਇਆ ਸੀ-


      'ਰੰਗਪੁਰ ਰੰਗ ਲਾਉਣ ਵਾਲੀਏ, ਵਸਦੇ ਦੁਆਰੇ ਤੇਰੇ ਰਹਿਣ ਨੀ।
      ਯੁੱਗ ਯੁੱਗ ਰਵੇਂ ਮੌਜਾਂ ਮਾਣਦੀ, ਹੋਰ ਕੀ ਫਕੀਰ ਤੈਨੂੰ ਕਹਿਣ ਨੀ।'


ਤੁਸੀਂ ਯਕੀਨ ਕਰੋ ਕਿ ਇਹ ਗੀਤ ਤਕਰੀਬਨ 10 ਬਾਰ ਰਿਕਾਰਡ ਹੋਇਆ : ਜਿਸਦਾ ਕਿ ਮੈਨੂੰ ਮਾਣ ਵੀ ਮਹਿਸੂਸ ਹੋ ਰਿਹਾ।  ਦੂਜਾ ਗੀਤ ਜੋ ਰਿਕਾਰਡ ਹੋਇਆ, ਉਹ ਸੀ ਜਨਾਬ ਸੁਰਿੰਦਰ ਸ਼ਿੰਦਾ ਜੀ ਦੀ ਅਵਾਜ਼ ਵਿਚ ਲੋਕ-ਤੱਥ  'ਨਮਕ ਹਰਾਮੀ ਬੰਦਾ ਮਾੜਾ, ਔਰਤ ਹੈ ਬਦਕਾਰ ਬੁਰੀ'। ਫਿਰ ਨਾਲ ਲੱਗਦਾ ਹੀ ਸੁਰਿੰਦਰ ਸ਼ਿੰਦਾ ਤੇ ਬੀਬਾ ਕੁਲਦੀਪ ਕੌਰ ਜੀ ਨੇ ਮੇਰਾ ਡਿਊਟ ਰਿਕਾਰਡ ਕਰਵਾਇਆ,' ਘੁੰਡ ਚੁੱਕ ਮਾਰ ਦੇ ਸਲੂਟ ਗੋਰੀਏ', ਜਿਹੜਾ ਕਿ ਉਨਾਂ ਨੂੰ ਬੁਲੰਦੀਆਂ ਉਤੇ ਲੈ ਗਿਆ।


ਹਾਕਮ ਜੀ, ਮੈਂ ਤੁਹਾਡੇ ਇਹ ਗੀਤ ਬਹੁਤ ਵਾਰ ਸੁਣੇ ਹਨ।  ਸੱਚ ਪੁੱਛੋਂ  ਤਾਂ 'ਰੰਗ ਪੁਰ ਰੰਗ ਲਾਉਣ ਵਾਲੀਏ' ਨੇ ਤਾਂ ਪਰਮਿੰਦਰ ਸੰਧੂ ਦੇ ਨਾਂਓ ਨੂੰ ਐਸੇ ਰੰਗ ਲਾਏ ਕਿ ਇਕ ਬਾਰ ਤਾਂ ਸੰਧੂ ਦੇ ਨਾਂਓ ਨੂੰ ਵਿਸ਼ਵ ਪੱਧਰ ਤੇ ਲੈ ਗਿਆ ਇਹ ਗੀਤ।  ਇਸੇ ਤਰਾਂ 'ਜੱਟ ਦਾ ਜਮੀਨ ਬਿਨਾਂ, ਅਮਲੀ ਦਾ ਫੀਮ ਬਿਨਾ', ਲੰਘੇ ਨਾ ਲਲਾਰੀਆਂ ਦਾ ਰੰਗ ਤੋਂ ਬਿਨਾਂ, ਸਾਧ ਦਾ ਨਾ ਟਾਈਮ ਲੰਘੇ ਭੰਗ ਤੋਂ ਬਿਨਾਂ' ਤੁਹਾਡਾ ਲੋਕ-ਤੱਥ ਕੁਲਦੀਪ ਪਾਰਸ ਨੂੰ ਵਿਸ਼ਵ-ਪੱਧਰੀ ਗਾਇਕਾਂ ਦੇ ਨਕਸ਼ੇ ਵਿਚ ਦਰਜ ਕਰਵਾ ਗਿਆ। ਇਸ ਦੀ ਤਰਜ ਵੀ ਬੜੀ ਕਮਾਲ ਦੀ ਹੈ।  ਕੀ ਤੁਹਾਡਾ ਵੀ ਇਸ ਵਿਚ ਲਿਖਣ ਤੋ ਸਿਵਾਏ ਹੋਰ ਯੋਗਦਾਨ ਸੀ?

 


 ਹਾਂ ਜੀ : ਇਹ ਲਿਖਿਆ ਵੀ ਮੇਰਾ ਸੀ ਅਤੇ ਤਰਜ ਵੀ ਮੇਰੀ ਹੀ ਬਣਾਈ ਹੋਈ ਸੀ।


ਹਾਕਮ ਜੀ  ਬੰਦੇ ਦੀ ਉਮਰ ਦੇ ਵੱਖ-ਵੱਖ ਪੜਾਵਾਂ ਦੀ ਸੱਚਾਈ ਬਿਆਨ ਕਰਦਾ ਤੁਹਾਡਾ ਇਕ ਹੋਰ ਲੋਕ-ਤੱਥ ਵੀ ਬੜਾ ਮਾਅਰਕੇ ਦਾ ਹੈ-


    'ਇਹ ਗੱਲ ਪੱਥਰ ਤੇ ਹੈ ਲਕੀਰ ਬਈ,
     ਜੇ ਵੀਹ ਸਾਲ ਤੱਕ ਬਣੇ ਨਾ ਸਰੀਰ ਬਈ
     ਫਿਰ ਖਾ ਲਓ ਕਿੰਨੀ ਵੀ ਖੁਰਾਕ ਮਿੱਤਰੋ-
     ਆਉਣੀ ਨਹੀ ਜਵਾਨੀ ਛੱਡੋ ਝਾਕ ਮਿੱਤਰੋ।'


ਹਾਕਮ ਜੀ, ਜਿੱਥੇ ਤੁਹਾਡੀ ਸ਼ਬਦਾਵਲੀ ਗੁੰਦਵੀ ਉਚ-ਪਾਏ ਦੀ ਅਤੇ ਸੱਭਿਆਚਾਰਕ ਹੁੰਦੀ ਹੈ, ਉਥੇ ਸ਼ਬਦਾਵਲੀ ਨੂੰ ਜੜਨ-ਪ੍ਰੋਣ ਦੀ ਹੋਰ ਵੀ ਬਾ-ਕਮਾਲ ਹੁੰਦੀ ਹੈ, ਤੁਹਾਡੀ ਕਲਾ। ਤੁਸੀਂ  ਸ਼ਬਦਾਂ ਨਾਲ  ਧੱਕਾ-ਜੋਰੀ ਨਹੀ ਕਰਦੇ ਕਦੀ ਵੀ।  ਇਹ ਮਾਣ-ਮੱਤਾ ਮੁਕਾਮ ਹਾਸਲ ਕਰਨ ਲਈ ਕੀ ਕੋਈ ਗੁਰੂ ਵੀ ਧਾਰਿਆ?


ਹਾਂ ਜੀ, ਲੁਧਿਆਣਵੀ ਜੀ, ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹਨ ਜੀ।  ਸਿਆਣੇ ਕਹਿੰਦੇ ਹਨ, ਗੁਰੂ ਬਿਨਾਂ ਗਤ ਨਹੀ ਤੇ ਸ਼ਾਹ ਬਿਨਾਂ ਪਤ ਨਹੀ।  ਮੈਂ ਵੀ, ਆਪਣੇ ਵੇਲੇ ਦੇ ਸੁਪਰੀਮ ਰਹਿ ਚੁੱਕੇ ਉਸਤਾਦ-ਗੀਤਕਾਰ ਤੇ ਗਾਇਕ ਮਾਨਯੋਗ ਸਾਜਨ ਰਾਏਕੋਟੀ ਜੀ ਨੂੰ ਆਪਣਾ ਉਸਤਾਦ ਧਾਰਿਆ ਸੀ।  ਛੋਟਾ ਹੁੰਦਾ ਹੀ ਮੈਂ ਉਨਾਂ ਦੇ ਲੜ ਜਾ ਲੱਗਿਆ ਸੀ। ਉਨਾਂ ਦੇ ਘਰ ਵੱਡੇ-ਵੱਡੇ ਨਾਮੀ ਸ਼ਾਇਰ ਆਇਆ ਕਰਦੇ ਅਤੇ ਵੱਡੀਆਂ-ਵੱਡੀਆਂ ਮਹਿਫਲਾਂ ਸਜਿਆ ਕਰਦੀਆਂ ਸਨ।  ਉਨਾਂ ਦੇ ਚਰਨਾਂ 'ਚ ਤਿੰਨ ਸਾਲ ਨਿੱਜੀ ਤੌਰ ਤੇ ਰਹਿ ਕੇ ਮੈਂ ਉਨਾਂ ਦੇ ਜੋੜੇ ਝਾੜਨ ਦੀ ਸੇਵਾ ਕੀਤੀ ਅਤੇ ਉਨਾਂ ਪਾਸੋਂ ਸ਼ਾਇਰੀ ਦੀਆਂ ਅਤੇ ਸਟੇਜਾਂ ਦੀਆਂ ਬਾਰੀਕੀਆਂ ਬਾਰੇ ਬਹੁਤ ਕੁਝ ਸਿੱਖਿਆ। 


ਹਾਕਮ ਜੀ, ਤੁਹਾਡੇ ਲਿਖੇ ਗੀਤਾਂ ਨੂੰ ਹੋਰ ਕਿਸ-ਕਿਸ ਗਾਇਕ ਕਲਾਕਾਰ ਨੇ ਰਿਕਾਰਡ ਕਰਵਾਇਆ ਹੈ?


ਲੁਧਿਆਣਵੀ ਜੀ, ਲਗਭਗ ਵਿਸ਼ਵ ਦੇ ਸਮੁੱਚੇ ਗਾਇਕਾਂ ਨੇ ਮੇਰੇ ਗੀਤਾਂ ਨੂੰ ਰਿਕਾਰਡ ਕਰਵਾਇਆ ਅਤੇ ਅਨਗਿਣਤ ਸਟੇਜਾਂ ਉਤੇ ਪੇਸ਼ਕਾਰੀ ਦੇਕੇ ਨਾਮਨਾ ਖੱਟਿਆ ਹੈ।  ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਚੰਗਾ ਗਾਇਕ-ਕਲਾਕਾਰ ਬਚਿਆ ਹੋਵੇ ਜਿਸ ਨੇ ਮੇਰੇ ਗੀਤਾਂ ਨੂੰ ਨਾ ਗਾਇਆ ਹੋਵੇ।


ਕਿੰਨੇ ਪੈਸੇ ਲੈਂਦੇ ਹੋ ਜੀ, ਇਕ ਗੀਤ ਦੇਣ ਦੇ?


ਹੈਂ ! ਪੈਸੇ! ਤੋਬਾ ਤੋਬਾ ! ਲੁਧਿਆਣਵੀ ਜੀ, ਕੋਈ ਆਪਣੇ ਪੁੱਤਰਾਂ ਨੂੰ ਵੀ ਵੇਚਦਾ।  ਸਾਨੂੰ ਤਾਂ ਸਿਰਫ ਲਿਖਣਾ ਤੇ ਗਾਉਣਾ ਹੀ ਆਉਦੈ : ਵੇਚਣਾ ਨਹੀ ਆਉਦੈ।  ਐਸਾ ਵਪਾਰ ਕੋਈ ਵਪਾਰੀ ਹੀ ਕਰ ਸਕਦਾ, ਮੇਰੇ ਵਰਗਾ ਬੰਦਾ ਨਹੀ। ਅਸੀਂ ਤਾਂ ਭੋਲੇ-ਭਾਲੇ ਲੋਕ ਹਾਂ।  ਅਸੀ ਤਾਂ ਸ਼ੁਰੂ ਤੋਂ ਪੰਜਾਬ ਦੇ ਸੱਭਿਆਚਾਰ ਦੀ  ਸੇਵਾ ਵਿਚ ਹੀ ਹਾਜ਼ਰ ਰਹੇ ਹਾਂ ਤੇ ਸੇਵਾ ਵਿਚ ਹੀ ਰਹਿਣਾ ਹੈ। ਸੱਚ ਪੁੱਛੋਂ ਤਾਂ ਸੱਚ ਇਹ ਹੈ ਕਿ ਉਨੇ ਵਧੀਆ ਗੀਤ ਮੈਂ ਖੁਦ ਰਿਕਾਰਡ ਨਹੀ ਕਰਵਾਏ, ਜਿੰਨੇ ਵਧੀਆ ਗੀਤ ਮੈਂ ਦੂਜਿਆ ਨੂੰ ਦਿੱਤੇ ਹਨ, ਰਿਕਾਰਡ ਕਰਵਾਉਣ ਲਈ।


ਐਸਾ ਕਿਉਂ ਜੀ?


ਲੁਧਿਆਣਵੀ ਜੀ, ਜਦੋਂ ਕੋਈ ਬੰਦਾ ਸਾਡੇ ਕੋਲ ਆਸ ਰੱਖਕੇ ਆਉਂਦਾ ਹੈ ਤਾਂ ਉਸ ਨੂੰ ਖਾਲੀ ਨਹੀ ਮੋੜਿਆ ਜਾ ਸਕਦਾ।  ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਸਮਝਾਇਆ ਹੈ ਐਸਾ।

 
ਹਾਕਮ ਜੀ, ਧਨ ਹੋ ਤੁਸੀਂ ਤੇ ਧਨ ਹੈ ਤੁਹਾਡੀ ਸੋਚ। ਬਿਲਕੁਲ ਇਹੋ ਸੋਚ ਦੇ ਧਾਰਨੀ ਹਨ, ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਜੀ ਅਤੇ ਸੁਪ੍ਰਸਿੱਧ ਗੀਤਕਾਰ ਜਿੰਦ ਸਵਾੜਾ ਜੀ। ਉਨਾਂ ਦੋਵਾਂ ਨਾਲ ਵੀ ਅਕਸਰ ਮੇਰੀ ਕਈ ਬਾਰ ਮੁਲਾਕਾਤ ਹੋ ਚੁੱਕੀ ਹੈ।  ਪੰਜਾਬੀ ਮਾਂ-ਬੋਲੀ ਦੇ ਇਹ ਦੋਨੋ ਸਪੂਤ ਵੀ ਕਦੀ ਪੈਸਾ ਨਹੀ ਲੈਂਦੇ ਗੀਤ ਦਾ : ਬਲਕਿ ਗੀਤ ਲੈਣ ਆਏ ਗਾਇਕ ਦਾ ਉਚੇਚਾ ਆਦਰ-ਸਤਿਕਾਰ ਤੇ ਦਿਲੀ ਮਾਣ ਕਰਦੇ ਹਨ।  ਹਾਕਮ ਜੀ, ਜਿਵੇ ਤੁਹਾਡੇ ਲਿਖੇ ਗੀਤ ਹੋਰ ਗਾਇਕ ਕਲਾਕਾਰ ਰਿਕਾਰਡ ਕਰਵਾਉਣ ਲਈ ਲੈਂਦੇ ਹਨ, ਕੀ ਉਸੇ ਤਰਾਂ ਤੁਸੀਂ ਵੀ ਕਿਸੇ ਹੋਰ ਗੀਤਕਾਰ ਦੇ ਲਿਖੇ ਗੀਤ ਗਾਏ ਹਨ ਕਦੀ?

 


 ਹਾਂ ਜੀ।  ਕਿਉਂ ਨਹੀ ਜੀ।  ਸਭ ਤੋਂ ਪਹਿਲੇ ਤਾਂ ਲਾਲ ਸਿੰਘ ਲਾਲੀ ਜੀ ਹੀ ਲੈ ਲਓ।  ਮੈਂ ਇਨਾਂ ਦੇ ਗੀਤ ਰਿਕਾਰਡ ਕਰਵਾਏ ਹਨ, ਜੋ ਜਲਦੀ ਹੀ ਮਾਰਕੀਟ ਵਿਚ ਆ ਰਹੇ ਹਨ।  ਇਨਾਂ ਦੀ ਕਲਮ ਨੂੰ ਮੈਂ ਦਿਲ ਤੋਂ ਸਲਾਮ ਕਰਦਾ ਹਾਂ। ਮੈਂ ਖੁਦ ਗੀਤਕਾਰ ਹੁੰਦਾ ਹੋਇਆਂ ਤਿੰਨ ਸੌ ਤੋ ਵੱਧ ਗੀਤਕਾਰਾਂ ਦੇ ਲਿਖੇ ਗੀਤ ਗਾ ਚੁੱਕਾ ਹਾਂ।  

 


ਬਾਈ ਜੀ, ਤੁਸੀਂ ਇਕ ਰਚਨਾ ਲਿਖਣ ਨੂੰ ਕਿੰਨੇ ਦਿਨ ਲਾਉਂਦੇ ਹੋ?


ਦਿਨ ਨਹੀ ਜੀ। ਟਾਈਮ ਕੁਝ ਨਹੀ ਲੱਗਦਾ ਜੀ, ਜਦੋਂ ਸ਼ਾਇਰੀ ਉਤਰਦੀ ਹੈ ਤਾਂ ਬਸ ਪੰਜ ਦਸ ਮਿੰਟ 'ਚ ਹੀ ਰਚਨਾ ਲਿਖ ਲੈਂਦਾ ਹਾਂ। 


ਹਾਕਮ ਜੀ, ਤੁਸੀ ਜ਼ਿੰਦਗੀ ਵਿਚ ਦੋ-ਗਾਣੇ, ਕਲੀਆਂ , ਲੋਕ-ਤੱਥ ਅਤੇ ਸੋਲੋ ਗੀਤ ਆਦਿ ਬਹੁਤ ਕੁਝ ਲਿਖਿਆ ਅਤੇ ਗਾਇਆ ਹੈ : ਕੀ ਤੁਸੀ ਦੱਸੋਂਗੇ ਕਿ ਕਲੀ ਤੇ ਗੀਤ ਵਿਚ ਕੀ ਅੰਤਰ ਹੈ?


ਲੁਧਿਆਣਵੀ ਜੀ, ਕਲੀ ਸ਼ੁਰੂ ਤੋ ਅਖੀਰ ਤੱਕ ਇਕੋ ਹੀ ਬਹਿਰ ਵਿਚ ਜਾਂਦੀ ਹੈ। ਇਸਦਾ ਅੰਤਰਾ ਤੇ ਸਥਾਈ ਨਹੀ ਹੁੰਦੀ। ਜਦ ਕਿ ਗੀਤ ਵਿਚ ਪਹਿਲੇ ਸਥਾਈ ਅਤੇ ਫਿਰ ਅੰਤਰਾ ਹੁੰਦਾ ਹੈ।  ਗੀਤ ਚਾਰ ਤੋਂ ਛੇ ਅੰਤਰਿਆਂ ਵਾਲਾ ਹੁੰਦਾ ਹੈ।


 ਹਾਕਮ ਜੀ, ਮੈਂ ਦੇਖਿਆ ਕਿ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀਆਂ ਚਾਰ ਕੁ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਤਾਂ ਤੁਹਾਡੀ ਭਰਵੀਂ ਹਾਜ਼ਰੀ ਲੱਗੀ ਹੈ, ਪਰ ਕੀ ਤੁਸੀਂ ਆਪਣੀ ਕੋਈ ਮੌਲਿਕ ਕਿਤਾਬ ਪ੍ਰਕਾਸ਼ਿਤ ਕਰਵਾਉਣ ਦਾ ਵੀ ਉਪਰਾਲਾ ਕੀਤਾ?


ਹਾਂ ਜੀ।  ਮੈ ਦੋ ਪੁਸਤਕਾਂ ਪਹਿਲੇ ਅਤੇ ਦੋ ਪੁਸਤਕਾਂ  'ਰੰਗਪੁਰ ਰੰਗ ਲਾਉਣ ਵਾਲੀਏ' ਅਤੇ 'ਝੂਲਦੇ ਤਿਰੰਗੇ ਵਾਸਤੇ' ਹੁਣੇ-ਹੁਣ ਛਪਵਾਈਆਂ ਹਨ, ਆਪਣੇ ਗੀਤਾਂ ਦੀਆਂ।  ਇਸ ਤੋਂ ਇਲਾਵਾ ਤਿੰਨ ਪੁਸਤਕਾਂ ਹੋਰ ਪ੍ਰੈਸ ਦੀ ਗਰਭ ਵਿਚ ਛਪਾਈ ਅਧੀਨ ਹਨ ਜੀ ।


ਕੀ ਤੁਹਾਡੀਆਂ ਇਨਾਂ ਪੁਸਤਕਾਂ ਵਿਚੋਂ ਵੀ ਕੋਈ ਕਲਾਕਾਰ ਰਿਕਾਰਡ ਕਰਵਾ ਸਕਦਾ ਹੈ ਗੀਤ?

ਹਾਂ ਜੀ। ਕਿਉਂ ਨਹੀ ਜੀ।  ਮੇਰੀ ਖੁਸ਼ਕਿਸਮਤੀ ਹੋਵੇਗੀ ਜੇਕਰ ਕੋਈ ਕਲਾਕਾਰ-ਸਾਥੀ ਮੇਰੀਆਂ ਇਨਾਂ ਪੁਸਤਕਾਂ ਵਿਚੋਂ ਗੀਤ ਰਿਕਾਰਡ ਕਰਵਾਏਗਾ।

 


ਕਿੰਨੇ ਕੁ ਕਲੀਆਂ, ਲੋਕ-ਤੱਥ, ਸੋਲੋ ਗੀਤ ਤੇ ਦੋ-ਗਾਣੇ ਲਿਖ ਚੁੱਕੇ ਹੋ ਹੁਣ ਤੱਕ ਹਾਕਮ ਜੀ?


ਅਨਗਿਣਤ ਕਲੀਆਂ,  ਲੋਕ-ਤੱਥ, ਸੋਲੋ ਗੀਤ ਤੇ ਦੋ-ਗਾਣੇ ਲਿਖ ਚੁੱਕਾ ਹਾਂ ਜੀ।  ਲੁਧਿਆਣਵੀ ਜੀ, ਸੱਚ ਪੁੱਛੋਂ ਤਾਂ ਮੇਰੀ 95% ਸ਼ਾਇਰੀ ਤਾਂ ਅਜੇ ਕਾਪੀਆਂ ਵਿਚ ਬੰਦ ਹੀ ਪਈ ਹੈ।

 


ਹਾਕਮ ਜੀ, ਇਸ ਗੱਲ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਜੇਕਰ ਤੁਹਾਡੀ ਪਛਾਣ ਅਸਲ ਵਿਚ ਅੰਬਰਾਂ ਤੱਕ ਪਹੁੰਚਾਈ ਹੈ ਤਾਂ ਉਹ ਤੁਹਾਡੀ ਗਾਇਕੀ ਨੇ ਜਿਆਦਾ ਪਹੁੰਚਾਈ ਹੈ। ਭਾਵ, ਜਿੱਥੇ ਹਾਕਮ ਬਖਤੜੀ ਵਾਲਾ, ਉਥੇ ਬੀਬਾ ਦਲਜੀਤ ਕੌਰ ਅਤੇ ਜਿਥੇ ਬੀਬਾ ਦਲਜੀਤ ਕੌਰ, ਉਥੇ ਹਾਕਮ ਬਖਤੜੀ ਵਾਲਾ। ਤੁਹਾਡਾ ਕੀ ਵਿਚਾਰ ਹੈ ਜੀ, ਇਸ ਬਾਰੇ ?

 


ਬਿਲਕੁਲ ਸੱਚ ਕਹਿ ਰਹੇ ਹੋ ਤੁਸੀ ਲੁਧਿਆਣਵੀ ਜੀ।  ਬੀਬਾ ਦਲਜੀਤ ਕੌਰ ਬਗੈਰ ਮੇਰੀ ਗਾਇਕੀ ਅਧੂਰੀ-ਅਧੂਰੀ ਜਿਹੀ ਲੱਗਦੀ ਹੈ। ਹੋਰ ਵੀ ਸੱਚ ਇਹ ਹੈ ਕਿ ਲੋਕ ਇਹੀ ਸਮਝਦੇ ਰਹੇ ਕਿ ਮੈਂ ਸਿਰਫ ਗਾਇਕ ਹੀ ਹਾਂ : ਜਦ ਕਿ 42 ਸਾਲਾਂ ਤੋਂ ਲਗਾਤਾਰ ਲਿਖਣ ਦੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਕਾਫੀ ਕੁਝ ਵਧੀਆ ਲਿਖਣ ਦੀ ਕੀਤੀ ਕੋਸ਼ਿਸ਼ ਪੂਰਨ ਸਫਲ ਵੀ ਰਹੀ ਹੈ, ਮੇਰੀ।

 


 ਬਾਈ ਜੀ ਮੈਂ ਆਮ ਤੌਰ ਤੇ ਨੋਟ ਕੀਤਾ ਕਿ ਦੋ-ਗਾਣਾ ਗਾਇਕੀ ਨੂੰ ਸੁਣਨ ਤੋਂ ਬਹੁਤੇ ਲੋਕ ਨੱਕ ਚੜਾਉੁਂਦੇ ਹਨ।  ਕੀ ਤੁਹਾਨੂੰ ਕਦੀ ਸਮੱਸਿਆ ਨਹੀ ਆਈ ਦੋ-ਗਾਣਿਆਂ ਦੀ ਪੇਸ਼ਕਾਰੀ ਵਿਚ?


ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ, ਲੁਧਿਆਣਵੀ ਜੀ। ਸ਼ੁਰੂ-ਸ਼ੁਰੂ ਵਿਚ ਅਸੀਂ ਦੇਖਿਆ ਕਿ ਦੂਰਦਰਸ਼ਨ ਤੇ ਵੀ ਦੋ-ਗਾਣਾ ਗਾਇਕੀ ਨੂੰ ਬੜੇ ਅਛੂਤ ਜਿਹੇ ਢੰਗ ਨਾਲ ਦੇਖਿਆ ਜਾਂਦਾ ਸੀ।  ਨੇੜੇ ਨਹੀ ਸੀ ਲੱਗਣ ਦੇ ਰਹੇ ਦੋ-ਗਾਣਾ ਜੋੜੀ ਨੂੰ। ਕਹਿਣਾ ਦੋ-ਗਾਣਾ ਨਹੀ ਗਾ ਸਕਦੇ। ਅਸੀਂ 'ਰੰਗਪੁਰ ਰੰਗ ਲਾਉਣ ਵਾਲੀਏ' ਨੂੰ ਬਾਅਦ ਵਿਚ 'ਚੰਗਾ ਮੁੱਲ ਪਾਇਆ ਸਾਡਾ ਹੀਰੀਏ, ਮੱਝੀਆਂ ਚੁਰਾਕੇ ਬਾਰਾਂ ਸਾਲ ਨੀ' ਡਿਊਟ ਬਣਾਕੇ ਪੇਸ਼ ਕੀਤਾ, ਤਾਂ ਅਸੀਂ ਦੂਰਦਰਸ਼ਨ ਤੇ ਪੇਸ਼ਕਾਰੀ ਦੇਣ 'ਚ ਨਾ-ਸਿਰਫ ਕਾਮਯਾਬ ਹੀ ਹੋਏ, ਬਲਕਿ ਸਾਨੂੰ ਦਰਸ਼ਕਾਂ-ਸਰੋਤਿਆਂ ਵਲੋਂ ਭਰਵਾਂ ਪਿਆਰ-ਸਤਿਕਾਰ ਮਿਲਿਆ। ਲੁਧਿਆਣਵੀ ਜੀ, ਮੈਂ ਨਹੀਂ ਕਹਿੰਦਾ, ਕਲਾ-ਪ੍ਰੇਮੀਆਂ ਦੀ ਦੁਨੀਆਂ ਕਹਿੰਦੀ ਹੈ ਕਿ ਦੂਰ-ਦਰਸ਼ਨ ਤੇ ਇਹ ਦੋ-ਗਾਣਾ ਅਮਰ ਹੋ ਗਿਆ ਸਾਡਾ।

 


ਜਦ ਸਰੋਤਿਆਂ ਦਾ ਝੁਕਾਅ ਹੀ ਦੋ-ਗਾਣਿਆਂ ਦੇ ਉਲਟ ਸੀ ਤਾਂ ਤੁਹਾਡੀ ਸਫਲਤਾ ਦਾ ਕੀ ਰਾਜ ਸੀ, ਹਾਕਮ ਜੀ?
0-ਲੁਧਿਆਣਵੀ ਜੀ, ਸਾਡੀ ਗੱਲ ਬੜੀ ਸਾਫ-ਸੁਥਰੀ ਸੀ, ਧੀਆਂ-ਭੈਣਾਂ ਨਾਲ ਪਰਿਵਾਰ ਵਿਚ ਬਹਿ ਕੇ ਸੁਣਨ ਵਾਲੀ । ਸਾਡਾ ਕੋਈ ਵੀ ਦੋ-ਗਾਣਾ ਦੂਹਰੇ ਅਰਥ ਨਹੀ ਕੱਢ ਰਿਹਾ ਹੁੰਦਾ।  ਸਮਾਜ ਲਈ ਉਸ ਦਾ ਕੋਈ ਸੰਦੇਸ਼ ਹੁੰਦੈ। ਇਹੀ ਕਾਰਨ ਹੈ ਕਿ ਉਸ ਤੋਂ ਬਾਅਦ  ਸਾਡੇ ਦੋ-ਗਾਣਿਆਂ ਦੀ ਚੱਲ-ਸੋ-ਚੱਲ ਹੀ ਰਹੀ, ਅੱਜ ਤਕ।
ਕਿੰਨੇ ਕੁ ਗੀਤ ਕਲਚਰ ਦੀ ਝੋਲੀ ਪਾ ਚੁੱਕੇ ਹੋ, ਹੁਣ ਤੱਕ ਤੁਸੀਂ?


3 ਤਵੇ, 100 ਤੋਂ ਵੱਧ ਕੈਸਿਟਾਂ ਅਤੇ ਅਨਗਿਣਤ ਸੀ-ਡੀਜ ਦੁਆਰਾ ਹਜਾਰਾਂ ਗੀਤ ਕਲਚਰ ਦੀ ਝੋਲੀ ਪਾ ਚੁੱਕੇ ਹਾਂ।


ਧਾਰਮਿਕ ਗੀਤ ਕਿੰਨੇ ਕੁ ਰਿਕਾਰਡ ਕਰਵਾਏ ਹਨ, ਹਾਕਮ ਜੀ?


 ਸੱਚ ਪੁੱਛੋ ਤਾਂ ਸੱਚ ਇਹ ਹੈ ਕਿ ਧਾਰਮਿਕ ਗੀਤ ਲਿਖੇ ਤਾਂ ਕਾਫੀ ਹਨ, ਪਰ ਧਾਰਮਿਕ ਗੀਤ ਇੱਕ ਹੀ ਰਿਕਾਰਡ ਹੋਇਆ ਹੈ, ਮੇਰਾ ਅਜੇ ਤਕ।  ਹੁਣ ਮੇਰੀ ਤਮੰਨਾ ਹੈ ਕਿ ਧਾਰਮਿਕ ਰਿਕਾਰਡਿੰਗ ਵੀ ਹੁਣ ਜਲਦੀ ਹੀ ਕਰਵਾਵਾਂ।


ਹਾਕਮ ਜੀ, ਕਿਸ-ਕਿਸ ਦੇਸ਼ ਦੀ ਯਾਤਰਾ ਕਰ ਚੁੱਕੇ ਹੋ, ਗਾਇਕੀ ਦੇ ਸਿਰ ਤੇ?


ਲੁਧਿਆਣਵੀ ਜੀ, ਮਾਲਕ ਦੀ ਕਿਰਪਾ ਸਦਕਾ ਵਿਸ਼ਵ ਦਾ ਕੋਈ ਵੀ ਕੋਨਾ ਨਹੀ ਰਿਹਾ ਹੋਣੈ ਜਿੱਥੇ ਸਟੇਜੀ ਪ੍ਰੋਗਰਾਮ ਕਰਨ ਦੀ ਸੇਵਾ ਦਾ ਮੌਕਾ ਨਾ ਮਿਲਿਆ ਹੋਵੇ।


ਕੀ ਤੁਹਾਡਾ ਕੋਈ ਬੱਚਾ ਵੀ ਤੁਹਾਡੇ ਕਦਮਾਂ ਉਤੇ ਚੱਲਦਿਆਂ ਗੀਤ-ਸੰਗੀਤ ਦੀ ਦੁਨੀਆਂ ਵਿਚ ਆਇਆ?


ਹਾਂ ਜੀ। ਮੇਰਾ ਬੇਟਾ ਅਤੇ ਮੇਰੀਆਂ ਦੋ ਬੇਟੀਆਂ ਫਿਲਮੀ ਦੁਨੀਆਂ ਵਿਚ ਵਧੀਆ ਕੰਮ ਕਰ ਰਹੇ ਹਨ, ਜਿਸਦੀ ਮੈਨੂੰ ਬੇਹੱਦ ਖੁਸ਼ੀ ਵੀ ਹੈ।
                                                         ---
     ਸਮਾਪਤੀ ਵੱਲ ਜਾਂਦਿਆਂ ਹਾਕਮ ਜੀ ਦੀ ਪੁਸਤਕ 'ਰੰਗਪੁਰ ਰੰਗ ਲਾਉਣ ਵਾਲੀਏ' ਵਿਚ ਸ੍ਰ. ਲਾਲ ਸਿੰਘ ਲਾਲੀ ਵਲੋਂ ਲਿਖੇ ਸ਼ਬਦਾਂ ਦਾ ਮੈਂ ਇੱਥੇ ਜਿਕਰ ਕਰਨ ਦੀ ਪ੍ਰਸੰਨਤਾ ਲੈ ਰਿਹਾ ਹਾਂ, ਜੋ ਉਨਾ ਲਿਖਿਆ ਹੈ, ''ਉਸਤਾਦ ਦੇ ਚੰਡੇ ਇਸ ਪਾਕਿ ਰੂਹ ਹਾਕਮ ਦੇ ਲਿਖੇ ਅਤੇ ਗਾਏ ਗੀਤ ਮੈਂ ਸੁਣੇ ਅਤੇ ਪੜੇ ਹਨ, ਉਨਾਂ ਵੱਲ ਕੋਈ ਚੀਚੀ ਉਂਗਲੀ ਵੀ ਨਹੀ ਕਰ ਸਕਦਾ।  ਹਾਕਮ ਜਿਸ ਵੀ ਵਿਸ਼ੇ ਵਿਚ ਲਿਖਦਾ ਜਾਂ ਗਾਉਦਾ ਹੈ, ਉਸ ਤੇ ਉਹ ਖਰਾ ਉਤਰਦਾ ਅਤੇ ਵਿਸ਼ੇ ਨਾਲ ਪੂਰਾ ਇਨਸਾਫ ਵੀ ਕਰਦਾ ਹੈ। ਉਸ ਦੇ ਗੀਤਾਂ ਵਿਚ ਰੂਹਾਨੀਅਤ ਅਤੇ ਸੱਭਿਆਚਾਰ ਦੀ ਝਲਕ ਸਾਫ ਨਜ਼ਰ ਆਉਦੀ ਹੈ।''

 


ਅੰਤ ਵਿਚ ਇਸ ਦਰਵੇਸ਼ ਗੀਤਕਾਰ ਤੇ ਗਾਇਕ ਹਾਕਮ ਬਖਤੜੀ ਵਾਲਾ ਜੀ ਦੀ ਕਲਮ ਅਤੇ ਅਵਾਜ ਨੂੰ ਕੋਟਿ-ਕੋਟਿ ਸਲਾਮ ਕਰਦਿਆਂ ਇਹੀ ਦੁਆ ਕਰਾਂਗਾ ਕਿ ਰੱਬ ਕਰੇ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਣਾਲੀ ਇਸ ਰੂਹ ਦੀ ਉਮਰ ਯੁੱਗਾਂ ਦੇ ਹਾਣ ਦੀ ਹੋਵੇ ਤਾਂ ਕਿ ਉਨਾਂ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਇਵੇਂ ਹੀ ਲਗਾਤਾਰ ਬੁਲੰਦ ਕਰਦਿਆਂ ਉਨਾਂ ਨੂੰ ਪੀੜੀ-ਦਰ-ਪੀੜੀ ਮਾਣ ਸਕੀਏ! ਆਮੀਨ!

 


ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)


ਸੰਪਰਕ : ਹਾਕਮ ਬਖਤੜੀ ਵਾਲਾ-

ਬੀਬਾ ਦਲਜੀਤ ਕੌਰ (9878010582)

Have something to say? Post your comment