16

October 2018
PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERSਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ // ਜਸਪ੍ਰੀਤ ਕੌਰ ਸੰਘਾਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ
Article

ਡਲਹੌਜ਼ੀ ਤੋਂ ਬਰੋਟ ਤੱਕ //ਐਡਵੋਕੇਟ ਗਗਨਦੀਪ ਸਿੰਘ ਗੁਰਾਇਆ

August 04, 2018 05:54 PM
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ

 ਜੇਠ ਹਾੜ੍ਹ ਦੀਆਂ ਤਿੱਖੜ ਧੁੱਪਾਂ ਦਾ ਸਤਾਇਆ ਮਨ ਪਹਾੜਾਂ ਦੀ ਠੰਢ ਮਾਨਣ ਨੂੰ ਲੋਚਦਾ ਹੈ ।ਉੱਤਰੀ ਭਾਰਤ ਵਾਸਤੇ ਹਿਮਾਚਲ ਦੀਆਂ ਵਾਦੀਆਂ ਅਤੇ ਪਹਾੜਾਂ ਵਿੱਚ ਵਗਦੀਆਂ ਠੰਢੀਆਂ ਹਵਾਵਾਂ ਮਨ ਨੂੰ ਸਕੂਨ ਦਿੰਦੀਆਂ ਹਨ ।


ਹਿਮਾਚਲ ਦਾ ਅੱਖਰੀ ਅਰਥ ਹੀ ਬਰਫ਼ ਦਾ ਘਰ ਹੈ ।ਕੁਝ ਦਿਨਾਂ ਵਾਸਤੇ ਪਹਾੜਾਂ ਦੇ ਸ਼ਾਂਤ ਅਤੇ ਠੰਡੇ ਮਾਹੌਲ ਵਿੱਚ ਜਾਣ ਵਾਸਤੇ ਹਰ ਕੋਈ ਤਿਆਰ ਰਹਿੰਦਾ ਹੈ ।

 

ਹਿਮਾਚਲ ਪ੍ਰਦੇਸ਼ ਵਿੱਚ ਡਲਹੌਜ਼ੀ ਬਹੁਤ ਸੋਹਣੀ ਅਤੇ ਠੰਢੀ ਥਾਂ ਹੈ ।ਇਸ ਨੂੰ ਲਾਰਡ ਡਲਹੌਜ਼ੀ ਨੇ ਵਸਾਇਆ ਸੀ।ਇਸ ਕਰਕੇ ਹੀ ਇਸ ਦਾ ਨਾਮ ਡਲਹੌਜ਼ੀ ਪਿਆ।ਪਠਾਨਕੋਟ ਤੋਂ ਲੱਗਭੱਗ 75  ਕਿਲੋਮੀਟਰ ਦੀ ਦੂਰੀ 'ਤੇ ਡਲਹੌਜ਼ੀ ਸਥਿਤ ਹੈ। ਪੰਜਾਬ ਦੇ ਕੇਵਲ ਦੋ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਹੀ ਹਨ ਜਿਨ੍ਹਾਂ ਵਿੱਚ ਪਹਾੜੀ ਇਲਾਕਾ ਆਉਂਦਾ ਹੈ। ਪਠਾਨਕੋਟ ਤੋਂ ਲੱਗਭਗ 40 ਕਿਲੋਮੀਟਰ ਦਾ ਸਫ਼ਰ ਪਹਾੜੀ ਹੈ ਜੋ ਪੰਜਾਬ ਵਿੱਚ ਪੈਂਦਾ ਹੈ।ਜਿਵੇਂ ਜਿਵੇਂ ਡਲਹੌਜ਼ੀ ਵੱਲ ਵਧਦੇ ਹਾਂ ਤਾਂ ਹਵਾ ਵਿੱਚ ਠੰਢਕ ਮਹਿਸੂਸ ਹੁੰਦੀ ਹੈ।ਡਲਹੌਜ਼ੀ ਤੋਂ ਸੱਤ ਕਿਲੋਮੀਟਰ ਪਹਿਲਾਂ ਇੱਕ ਨਿੱਕਾ ਜਿਹਾ ਕਸਬਾ ਬਨੀਖੇਤ ਹੈ,ਇੱਥੋਂ ਹੀ ਡਲਹੌਜ਼ੀ ਸ਼ੁਰੂ ਹੋ ਜਾਂਦਾ ਹੈ ।ਡਲਹੌਜ਼ੀ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 2036 ਮੀਟਰ ਹੈ।


ਇੱਥੇ ਸਰਦੀਆਂ ਵਿੱਚ ਕਾਫੀ ਬਰਫਬਾਰੀ ਹੋ ਜਾਂਦੀ ਹੈ।ਲੱਕੜ ਮੰਡੀ ਦਾ ਇਲਾਕਾ ਤਾਂ ਚਿੱਟੀ ਚਾਦਰ ਵਾਂਗ ਹੀ ਢੱਕਿਆ ਜਾਂਦਾ ਹੈ।ਇੱਥੇ ਹੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਉੱਘੇ ਆਜ਼ਾਦੀ ਘੁਲਾਟੀਏ ਸਰਦਾਰ ਅਜੀਤ ਸਿੰਘ ਦੀ ਸਮਾਧ ਹੈ ।ਬਾਜ਼ਾਰ ਵਿੱਚ ਜ਼ਿਆਦਾ ਰੌਣਕ ਵਾਲੇ ਇਲਾਕੇ ਗਾਂਧੀ ਚੌਕ ਅਤੇ ਸੁਭਾਸ਼ ਚੌਕ ਹਨ।


ਮਾਲ ਰੋਡ ਦੇ ਸੱਜੇ ਅਤੇ ਖੱਬੇ ਪਾਸੇ ਦੋ ਸੜਕਾਂ  ਹਨ, ਜਿਨ੍ਹਾਂ ਨੂੰ ਠੰਢੀ ਸੜਕ ਅਤੇ ਗਰਮ ਸੜਕ ਕਿਹਾ ਜਾਂਦਾ ਹੈ, ਜੋ ਗਾਂਧੀ ਚੌਕ ਅਤੇ ਸੁਭਾਸ਼ ਚੌਕ ਨੂੰ ਜੋੜਦੀਆਂ ਹਨ। ਲੱਕੜ ਮੰਡੀ ਤੋਂ ਹੀ ਕਾਲਾ ਟੋਪ ਜੋ ਕਿ ਵਾਈਲਡ ਲਾਈਫ ਸੈਂਕਚੁਰੀ ਹੈ ,ਨੂੰ ਰਸਤਾ ਜਾਂਦਾ ਹੈ ।ਇਸ ਤੋਂ ਇਲਾਵਾ ਰੌਕ ਗਾਰਡਨ, ਪੰਜ ਪੁਲਾ, ਸੱਤ ਧਾਰਾ, ਸੁਭਾਸ਼ ਬਾਉਲੀ,ਡਲਹੌਜ਼ੀ ਪਬਲਿਕ ਸਕੂਲ ਅਤੇ ਦਾਇਨ ਕੁੰਡ ਆਦਿ ਵੇਖਣਯੋਗ ਥਾਵਾਂ ਹਨ ।ਦਾਇਨ ਕੁੰਡ ਪੀਕ ਬਹੁਤ ਉੱਚੀ ਜਗ੍ਹਾ 2745 ਮੀਟਰ 'ਤੇ ਸਥਿਤ ਹੈ।ਡਗਸ਼ਾਈ ਵਿੱਚ  ਰਹਿਣ ਲਈ ਬਹੁਤ ਸਾਰੇ ਹੋਟਲ ਅਤੇ ਯੂਥ ਹੋਸਟਲ ਹੈ ।ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੈਸਟ ਹਾਊਸ ਵੀ ਹਨ ।


ਅੱਜ ਤੋਂ ਕੁਝ ਵਰ੍ਹੇ ਪਹਿਲਾਂ ਡਲਹੌਜੀ ਬਹੁਤ ਸਸਤਾ ਅਤੇ ਸ਼ਾਂਤ ਮਾਹੌਲ ਸੀ ਪਰ ਹੁਣ ਉੱਥੇ ਵੀ ਬਹੁਤ ਭੀੜ ਭੜੱਕਾ ਹੋ ਗਿਆ ਹੈ ।
              ਡਲਹੌਜ਼ੀ ਤੋਂ ਲੱਗਭੱਗ 22 ਕਿਲੋਮੀਟਰ ਦੀ ਵਿੱਥ ਤੇ ਖਜਿਆਰ ਪੈਂਦਾ ਹੈ, ਜਿਸ ਨੂੰ ਕਿ ਭਾਰਤ ਦਾ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ।ਇਸ ਦੀ ਸਮੁੰਦਰ ਤਲ ਤੋਂ ਉਚਾਈ 1951 ਮੀਟਰ ਹੈ ।ਪਹਾੜਾਂ ਦੇ ਵਿਚਾਲੇ ਕਈ ਏਕੜਾਂ ਵਿੱਚ ਫੈਲਿਆ ਹੋਇਆ ਹਰਾ ਭਰਾ ਘਾਹ ਦਾ ਮੈਦਾਨ ਜਾਣੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ।ਇਸ ਨੂੰ ਚਾਰ ਚੁਫੇਰਿਓਂ ਦੇਵਦਾਰ ਤੇ ਚੀਲ ਦੇ ਲੰਮੇ ਸੰਘਣੇ ਦਰੱਖਤਾਂ ਨੇ ਘੇਰਿਆ ਹੋਇਆ ਹੈ ,ਜਿਨ੍ਹਾਂ ਵਿੱਚੋਂ ਸੂਰਜ ਦੀ ਰੋਸ਼ਨੀ ਵੀ ਪੁਣ  ਕੇ ਆਉਂਦੀ  ਹੈ।  ਕਦੇ ਧੁੱਪ ਅਤੇ ਫੇਰ ਬੱਦਲਾਂ ਦੀ ਛਾਂ ਹੋ ਜਾਂਦੀ ਹੈ। ਪੈਂਦੀਆਂ ਕਣੀਆਂ ਦੇ ਵਿੱਚ ਇੱਥੇ ਘੁੰਮਣ ਦਾ ਆਪਣਾ ਹੀ ਵੱਖਰਾ ਨਜ਼ਾਰਾ ਹੈ, ਜਿਸ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਅਸੰਭਵ ਹੈ ।'ਕੁੱਛ ਕੁੱਛ ਹੋਤਾ ਹੈ'ਅਤੇ ਹੋਰ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੀ ਇੱਥੇ ਸ਼ੂਟਿੰਗ ਹੁੰਦੀ ਹੀ ਰਹਿੰਦੀ ਹੈ। ਖਜਿਆਰ ਦਾ ਜ਼ਿਲ੍ਹਾ ਵੀ ਚੰਬਾ ਹੀ ਹੈ ਜੋ ਕਿ ਡਲਹੌਜ਼ੀ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਹੈ ।
         ਖਜਿਆਰ ਤੋਂ 19 ਕਿਲੋਮੀਟਰ ਦੂਰ 'ਜੋਤ' ਨਾਮਕ ਕਸਬਾ ਹੈ ਜਿਸਦੀ ਉੱਚਾਈ  2650 ਮੀਟਰ ਹੈ। ਇੰਨੀ ਉੱਚਾਈ  ਹੋਣ ਕਰਕੇ ਇੱਥੇ ਸਾਰਾ ਸਾਲ ਠੰਢ ਰਹਿੰਦੀ ਹੈ ।ਅਤੇ ਯੱਖ ਸੀਤ ਹਵਾਵਾਂ ਤੇਜ਼ ਚੱਲਣ ਕਰਕੇ ਜੂਨ ਜੁਲਾਈ ਦੇ ਮੌਸਮ ਵਿੱਚ ਵੀ ਗਰਮ ਕੱਪੜੇ ਪਾਉਣੇ ਪੈਂਦੇ ਹਨ। ਇੱਥੇ ਰਹਿਣ ਦਾ ਕੋਈ ਜ਼ਿਆਦਾ ਇੰਤਜ਼ਾਮ ਨਹੀਂ ਹੈ ਬਸ ਕੁਝ ਕੁ ਢਾਬੇ ਹਨ ।ਹਰੇ ਕਚੂਰ ਪਹਾੜਾਂ ਦੇ ਉੱਤੇ  ਟਰੈਕਿੰਗ ਕਰਨ ਦਾ ਵੱਖਰਾ ਜਿਹਾ ਹੀ ਅਨੰਦ ਹੈ। ਉੱਪਰ ਗੁੱਜਰਾਂ ਦੇ ਕੁੱਝ ਕੱਚੇ ਘਰ ਬਣੇ ਹੋਏ ਹਨ,ਜਿਨ੍ਹਾਂ ਵਿੱਚ ਗਦਰ ਫਿਲਮ ਦੀ ਸ਼ੂਟਿੰਗ ਹੋਈ ਸੀ। ਗੁੱਜਰਾਂ ਨੇ ਮੱਝਾਂ ਰੱਖੀਆਂ ਹੋਈਆਂ ਹਨ ਅਤੇ ਮੁੱਖ ਕਿੱਤਾ ਦੁੱਧ ਦਾ ਹੈ ।ਮਿਹਨਤੀ ਅਤੇ ਨਿੱਘੇ ਸੁਭਾਅ ਦੇ ਇਹ ਲੋਕ ਸੈਲਾਨੀਆਂ ਦੀ ਸੇਵਾ ਕਰਕੇ ਖ਼ੁਸ਼ ਹੁੰਦੇ ਹਨ ।ਸਰਦੀਆਂ ਵਿੱਚ ਜਦੋਂ ਇੱਥੇ ਬਰਫ਼ ਪੈ ਜਾਂਦੀ ਹੈ ਤਾਂ ਇਹ ਲੋਕ ਥੱਲੇ ਪਠਾਨਕੋਟ ਚਲੇ ਜਾਂਦੇ ਹਨ ।
       ਜੋਤ ਤੋਂ ਲਾਹਰੂ,ਸ਼ਾਹਪੁਰ ਅਤੇ ਗੱਗਲ ਹੁੰਦੇ ਹੋਏ ਧਰਮਸ਼ਾਲਾ ਪੁੱਜਿਆ ਜਾ ਸਕਦਾ ਹੈ ਜੋ ਕਿ ਜੋਤ ਤੋਂ ਲੱਗਭਗ ਸੌ ਕਿਲੋਮੀਟਰ ਦੂਰ ਹੈ। ਧਰਮਸ਼ਾਲਾ ਦੀ ਉੱਚਾਈ 1387 ਮੀਟਰ ਹੈ ।ਧਰਮਸ਼ਾਲਾ ਕਾਂਗੜੇ ਜ਼ਿਲ੍ਹੇ ਵਿੱਚ ਪੈਂਦਾ ਹੈ । 9 ਕਿਲੋਮੀਟਰ ਦੀ ਵਿੱਥ ਤੇ ਮੈਕਲੋਡਗੰਜ ਹੈ ।ਇੱਥੇ ਤਿੱਬਤੀਆਂ ਦੇ ਰੂਹਾਨੀ ਆਗੂ ਦਲਾਈਲਾਮਾ ਦਾ ਹੈੱਡਕੁਆਰਟਰ ਹੈ। ਬਾਜ਼ਾਰ ਵਿੱਚ ਬਹੁਤ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਜਿੱਥੇ ਸਾਰੇ ਬੋਧੀ ਇਕੱਠੇ ਹੋ ਕੇ ਪੂਜਾ ਅਰਚਨਾ ਕਰਦੇ ਹਨ। ਮਕਲੋਡਗੰਜ ਦੀ ਉੱਚਾਈ 1770 ਮੀਟਰ ਹੈ। ਇੱਥੇ ਦਰੱਖਤਾਂ ਦੇ ਵਿਚਾਲੇ ਇੱਕ ਛੋਟੀ ਜਿਹੀ ਝੀਲ ਬਣੀ ਹੈ ਜਿਸ  ਨੂੰ ਕੇ ਡੱਲ ਲੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਵੱਡੇ ਖੇਤਰ ਵਿੱਚ ਆਰਮੀ ਦੀ ਕੰਟੋਨਮੈਂਟ ਹੈ । ਭਾਗਸੂਨਾਗ ਵਾਟਰ ਫਾਲ ਹੈ ਜਿੱਥੇ ਜਾ ਕੇ ਸੈਲਾਨੀ ਨਹਾਉਂਦੇ ਹਨ ਅਤੇ ਝਰਨੇ ਵਿੱਚ ਅਠਖੇਲੀਆਂ ਕਰਦੇ ਹਨ ।ਮੈਕਲੋਡਗੰਜ ਤੋਂ ਤਿੰਨ ਚਾਰ ਕਿਲੋਮੀਟਰ ਦੀ ਵਿੱਥ ਤੇ ਨੱਡੀ ਨਾਮਕ ਕਸਬਾ ਹੈ ਇੱਥੇ ਇੱਕ ਸੱਨ ਪੁਆਇੰਟ ਹੈ ਜਿੱਥੇ ਸਵੇਰ ਵੇਲੇ ਸੂਰਜ ਚੜ੍ਹਨ ਦਾ ਨਜ਼ਾਰਾ ਤੱਕਿਆ ਜਾ ਸਕਦਾ ਹੈ। ਮਿੱਠੀ ਮਿੱਠੀ ਜਿਹੀ ਠੰਢ ਮਾਨੋ ਪੋਹ ਮਾਘ ਦੀਆਂ  ਧੁੰਦਾਂ ਅਤੇ ਕੰਬਣੀ ਦਾ ਅਹਿਸਾਸ ਕਰਵਾਉਂਦੀ ਹੈ ।ਕੁਦਰਤ ਦੀ ਗੋਦ ਵਿਚ ਇੱਕ ਮੈਡੀਟੇਸ਼ਨ ਸੈਂਟਰ ਹੈ ਜਿੱਥੇ ਕਿ ਭਰਪੂਰ ਸ਼ਾਂਤੀ ਹੈ ਅਤੇ ਕੁਦਰਤ ਨਾਲ ਇੱਕ ਮਿੱਕ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਣ ਵਾਸਤੇ ਬਹੁਤ ਸਾਰੇ ਹੋਟਲ ਅਤੇ ਰਹਿਣ ਬਸੇਰੇ ਹਨ ।
          ਧਰਮਸ਼ਾਲਾ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਪਾਲਮਪੁਰ ਜਾਂਦਿਆਂ ਰਸਤੇ ਵਿੱਚ ਚਮੁੰਡਾ ਦੇਵੀ ਮੰਦਿਰ ਹੈ ।ਪਾਲਮਪੁਰ ਦੀ ਸਮੁੰਦਰ ਤਲ ਤੋਂ ਉਚਾਈ ਕੇਵਲ 1219 ਮੀਟਰ ਹੈ ਤੇ ਜ਼ਿਲ੍ਹਾ ਕਾਂਗੜਾ ਹੈ ਪਾਲਮਪੁਰ ਵੀ ਧਰਮਸ਼ਾਲਾ ਵਾਂਗ ਬਹੁਤ ਵੱਡਾ ਸ਼ਹਿਰ ਹੈ। ਬਾਜ਼ਾਰ ਵਿੱਚ ਹਰ ਵਸਤੂ ਉਪਲਬਧ ਹੈ ।ਇੱਥੇ ਚਾਹ ਦੇ ਬਹੁਤ ਵੱਡੇ ਵੱਡੇ ਬਾਗ਼ ਹਨ । ਚਾਹ ਦੇ ਸੁਗੰਧਿਤ ਬਾਗਾਂ ਵਿੱਚ ਅਲੌਕਿਕ ਦ੍ਰਿਸ਼ ਕੈਮਰਾਬੱਧ ਕਰਨ ਦਾ ਵੀ ਅਨੋਖਾ ਹੀ ਨਜ਼ਾਰਾ ਹੈ। ਇਹ ਇੱਕ ਤਰ੍ਹਾਂ ਦਾ ਨੀਮ ਪਹਾੜੀ ਖੇਤਰ ਹੈ। ਇੱਥੋਂ ਦੀਆਂ ਪਹਾੜੀਆਂ 'ਤੇ ਕਿਆਰੀਆਂ ਬਣਾ ਕੇ ਹਰ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ।ਸ਼ਹਿਰ ਵਿੱਚ ਪਾਲਮਪੁਰ ਕੋਆਪਰੇਟਿਵ ਚਾਹ ਦੀ ਫੈਕਟਰੀ ਹੈ ਜਿਸ ਵਿੱਚ ਪੱਤੀਆਂ ਨੂੰ ਸੁਕਾਉਣ ਤੋਂ ਲੈ ਕੇ ਚਾਹ ਤਿਆਰ ਹੋਣ ਤੱਕ ਸਾਰੀ ਪ੍ਰਕਿਰਿਆ ਨੂੰ ਦਿਖਾਇਆ ਜਾਂਦਾ ਹੈ। ਸੈਲਾਨੀ ਮਰਜ਼ੀ ਮੁਤਾਬਿਕ ਚਾਹ ਖਰੀਦ ਵੀ ਸਕਦੇ ਹਨ ।ਪਾਲਮਪੁਰ ਤੋਂ 14 ਕਿਲੋਮੀਟਰ ਦੂਰ ਅੰਧਰੇਟੇ ਵਿੱਚ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ ਯਾਦ ਵਿੱਚ  ਆਰਟ ਗੈਲਰੀ ਬਣੀ ਹੋਈ ਹੈ ।ਇੱਥੇ ਸੋਭਾ ਸਿੰਘ ਨੇ ਜ਼ਿੰਦਗੀ ਦੇ ਕਈ ਸਾਲ ਗੁਜ਼ਾਰੇ। ਉਨ੍ਹਾਂ ਨਾਲ ਸਬੰਧਤ ਵਸਤੂਆਂ ਅੱਜ ਵੀ ਅਜਾਇਬ  ਘਰ ਵਿੱਚ ਮੌਜੂਦ ਹਨ ।ਪੰਜਾਬੀ ਨਾਟਕ ਦੀ ਮਸ਼ਹੂਰ ਸ਼ਖ਼ਸੀਅਤ ਨੌਰਾ ਰਿਚਰਡਜ਼ ਨੇ ਵੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਅੰਧਰੇਟੇ ਦੀਆਂ ਖੂਬਸੂਰਤ ਵਾਦੀਆਂ ਵਿੱਚ ਗੁਜ਼ਾਰਿਆ ।ਇੱਥੇ ਉਨ੍ਹਾਂ ਦੀ ਯਾਦਗਾਰ ਵੀ ਬਣੀ ਹੋਈ ਹੈ ।
           ਪਾਲਮਪੁਰ ਤੋਂ ਬੈਜਨਾਥ ਹੁੰਦੇ ਹੋਏ ਬੀੜ ਬਿਲਿੰਗ ਨਾਮ ਦੀ ਬਹੁਤ ਹੀ ਸੋਹਣੀ ਜਗ੍ਹਾ ਆਉਂਦੀ ਹੈ ।ਚਾਰੇ ਪਾਸੇ ਹਰਿਆਲੀ ਹੀ ਹਰਿਆਲੀ। ਭਾਵੇਂ ਕਿ ਬੀੜ ਅਤੇ ਬਿਲਿੰਗ  ਦਾ ਆਪਸ  ਵਿੱਚ ਫੈਸਲਾ 14 ਕਿਲੋਮੀਟਰ ਦਾ ਹੈ ,ਪਰ ਏਸ਼ੀਆ ਦਾ ਮਸ਼ਹੂਰ ਪੈਰਾਗਲਾਈਡਿੰਗ ਪੁਆਇੰਟ ਇੱਥੇ ਹੋਣ ਕਰਕੇ ਇਸ ਨੂੰ ਇਕੱਠਾ ਬੀੜ ਬਿਲਿੰਗ ਹੀ ਕਿਹਾ ਜਾਂਦਾ ਹੈ ਬਲਿੰਗ ਵਿੱਚ ਰਹਿਣ ਵਾਸਤੇ ਟੈਂਟਾਂ ਦਾ ਪ੍ਰਬੰਧ ਹੈ ।ਟੈਂਟਾਂ ਵਿੱਚ ਰਹਿਣ ਦਾ ਵੀ ਵੱਖਰਾ ਹੀ ਸੁਆਦ ਹੈ। ਭਾਰਤ ਦੇ ਹਰ ਖਿੱਤੇ ਵਿੱਚੋਂ ਲੋਕ ਇੱਥੇ ਪੈਰਾਗਲਾਈਡਿੰਗ ਕਰਨ ਆਉਂਦੇ ਹਨ। 2015 ਦੇ ਵਿਸ਼ਵ ਪੈਰਾ ਗਲਾਈਡਿੰਗ ਮੁਕਾਬਲੇ ਇੱਥੇ ਹੀ ਹੋਏ ਸਨ ।ਪੈਰਾਗਲਾਈਡਿੰਗ ਵਾਸਤੇ ਬੀੜ ਬਿਲਿੰਗ ਸੰਸਾਰ ਦਾ ਦੂਜਾ ਸਭ ਤੋਂ ਸੁਰੱਖਿਅਤ ਅਤੇ ਮਨੋਰੰਜਨ ਭਰਪੂਰ ਸਥਾਨ ਹੈ ।
          ਬੀੜ ਬਿਲਿੰਗ ਤੋਂ ਬਰੋਟ ਜਾਂਦੇ ਹੋਏ ਰਸਤੇ ਵਿਚ ਜੋਗਿੰਦਰ ਨਗਰ ਸ਼ਹਿਰ ਆਉਂਦਾ ਹੈ, ਜਿੱਥੇ ਕਿ ਸ਼ਾਨਨ ਪਾਵਰ ਹਾਊਸ ਦੇਖਣਯੋਗ ਸਥਾਨ ਹੈ। ਹਿਮਾਲਾ ਪਰਬਤ ਦੀਆਂ ਧੌਲਾਧਾਰ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਸਮੁੰਦਰੀ ਤਲ ਤੋਂ 1820 ਮੀਟਰ ਦੀ ਉੱਚਾਈ ਤੇ ਸਥਿਤ ਛੋਟਾ ਜਿਹਾ ਕਸਬਾ ਬਰੋਟ ਬਹੁਤ ਹੀ ਠੰਡੀ ਜਗ੍ਹਾ ਹੈ। ਇਸ ਨੂੰ ਜ਼ਿਲ੍ਹਾ ਮੰਡੀ ਪੈਂਦਾ ਹੈ ਜੋ ਕਿ 66 ਕਿੱਲੋਮੀਟਰ ਦੀ ਦੂਰੀ 'ਤੇ ਹੈ ।ਮੰਡੀ ਤੋਂ ਹੀ ਕੁੱਲੂ ਮਨਾਲੀ ਅਤੇ ਮਣੀਕਰਨ ਪਹੁੰਚਿਆ ਜਾ ਸਕਦਾ ਹੈ ।ਬਰੋਟ ਵਿੱਚੋਂ ਲੰਘਦਾ ਦਰਿਆ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਪਾਣੀ ਵਿੱਚੋਂ ਲੰਘ ਕੇ ਆਉਂਦੀ ਠੰਢੀ ਹਵਾ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ ।ਦਰੱਖਤਾਂ ਦੀ ਛਾਵੇਂ ਵਲ ਵਲੇਵੇਂ ਖਾਂਦੀਆਂ ਸੜਕਾਂ ਸਫਰ ਨੂੰ ਹੋਰ ਵੀ ਰੋਮਾਂਚਕ ਬਣਾਉਂਦੀਆਂ ਹਨ ।ਇੱਥੇ ਰਹਿਣ ਲਈ ਹੋਟਲ, ਹੋਮ ਸਟੇਅ ਅਤੇ ਟੈਂਟਾਂ ਦਾ ਵਧੀਆ ਪ੍ਰਬੰਧ ਹੈ। ਪਹਾੜੀ ਉੱਤੇ ਟ੍ਰੈਕਿੰਗ ਕਰਦੇ ਹੋਏ ਝਰਨੇ ਤੱਕ ਪਹੁੰਚਿਆ ਜਾ ਸਕਦਾ ਹੈ ।ਝਰਨੇ ਥੱਲੇ ਨਹਾ ਕੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਮਨ ਆਨੰਦਿਤ ਮਹਿਸੂਸ ਕਰਦਾ ਹੈ ।ਉਚਾਈ ਤੋਂ ਡਿੱਗਦਾ ਹੋਇਆ ਝਰਨੇ ਦਾ ਕਲ ਕਲ ਕਰਦਾ ਸਵੱਛ ਪਾਣੀ ਰੂਹ ਨੂੰ ਤਾਜ਼ਗੀ ਦਿੰਦਾ ਹੈ ।       ਇਸ ਤਰ੍ਹਾਂ ਪੰਜ ਸੱਤ ਦਿਨ ਦਾ ਇਹ  ਅਨੋਖਾ ਅਤੇ ਠੰਡਾ ਸਫ਼ਰ ਤੁਹਾਡੀ ਜ਼ਿੰਦਗੀ ਵਿੱਚ ਇੱਕ ਹੋਰ ਨਾ ਭੁੱਲਣਯੋਗ ਯਾਦ ਜੋੜ ਦਿੰਦਾ ਹੈ ॥
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ।          

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech