Sunday, March 24, 2019
FOLLOW US ON

Article

ਪਾਣੀ ਨੂੰ ਪ੍ਰਦੂਸ਼ਤ ਕਰਨ ਤੋਂ ਗੁਰੇਜ਼ ਕਰੀਏ //ਪ੍ਰਭਜੋਤ ਕੌਰ ਢਿੱਲੋਂ

August 06, 2018 06:26 PM
General

ਪਾਣੀ ਜੀਵਨ ਦਾਤਾ ਹੈ ਪਰ ਇਸ ਪ੍ਰਤੀ ਗੰਭੀਰ ਤਾਂ ਕੋਈ ਨਹੀਂ ਲੱਗ ਰਿਹਾ।ਸ਼ਾਇਦ ਹਰ ਕੋਈ ਮੈਨੂੰ ਕੀ ਦੀ ਸੋਚ ਨਾਲ ਜ਼ਿੰਦਗੀ ਜਿਉ ਰਿਹਾ ਹੈ।ਪਰ ਹਰ ਕੋਈ ਭੁੱਲ ਰਿਹਾ ਹੈ ਕਿ ਜਿੰਨਾ ਸਮਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਅਸੀਂ ਵੀ ਜ਼ੁਮੇਵਾਰ ਹਾਂ।ਜਦੋਂ ਅਸੀਂ
ਇਹ ਸਭ ਵੇਖਕੇ ਵੀ ਆਵਾਜ਼ ਨਹੀਂ ਚੁੱਕਦੇ ਤਾਂ ਅਸੀਂ ਉਸ ਗਲਤੀ ਦੇ ਹਿੱਸੇਦਾਰ ਬਣ ਜਾਂਦੇ ਹਾਂ।ਜਿਥੇ ਗਲਤ ਹੋ ਰਿਹਾ ਹੋਵੇ,ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਹੋਵੇ,ਜਿੰਨੀ ਆਵਾਜ਼ ਚੁੱਕ ਸਕਦੇ ਹਾਂ,ਸਾਨੂੰ ਜ਼ਰੂਰ ਚੁੱਕਣੀ ਚਾਹੀਦੀ ਹੈ।


ਪਾਣੀ ਦਾ ਖਤਮ ਹੋ ਜਾਣਾ ਮਤਲਬ ਜ਼ਿੰਦਗੀ ਅਤੇ ਬਨਸਪਤੀ ਦੀ ਤਬਾਹੀ।ਬੇਜਾਮਿਨ ਫਰੈਕਲਿਨ ਅਨੁਸਾਰ,"ਜਦੋਂ ਪਾਣੀ ਦੇ ਸਰੋਤ ਸੁੱਕ ਜਾਂਦੇ ਹਨ,ਉਦੋਂ ਸਾਨੂੰ ਪਾਣੀ ਦੀ ਕੀਮਤ ਦਾ ਪਤਾ ਚੱਲਦਾ ਹੈ।"ਇਸ ਵਕਤ ਜਿਸ ਤਰ੍ਹਾਂ ਦੀ ਹਾਲਤ ਪਾਣੀ ਦੀ ਕੀਤੀ ਹੋਈ ਹੈ,ਇਹ ਹਰ ਇੱਕ ਲਈ ਖਤਰੇ ਦੀ ਘੰਟੀ ਹੈ ਪਰ ਅਸੀਂ ਅਜੇ ਵੀ ਇਸ ਦੀ ਗੰਭੀਰਤਾ ਨਹੀਂ ਸਮਝ ਰਹੇ।

 


ਕੁਝ ਸਮਾਂ ਪਹਿਲਾਂ ਬਿਆਸ ਦਰਿਆ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਅਤੇ ਹੋਰ ਪਾਣੀ ਦੇ ਜੀਵ ਜੰਤੂ ਮਰ ਗਏ।ਖਬਰਾਂ ਆਈਆਂ, ਖੂਬ ਮਸਲਾ ਚੁੱਕਿਆ ਗਿਆ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਹੈ।ਹੁਣ ਤਾਜ਼ਾ ਖਬਰ ਪੜ੍ਹਨ ਨੂੰ ਮਿਲੀ ਕਿ ਸਵਾਂ ਨਦੀ ਵਿੱਚ ਫੇਰ ਮੱਛੀਆਂ ਮਰ ਗਈਆਂ।ਜੇਕਰ ਸਰਕਾਰਾਂ, ਵਿਭਾਗ ਅਤੇ ਉਦਯੋਗਪਤੀ ਗੰਭੀਰ ਹੁੰਦੇ ਤਾਂ ਇਵੇਂ ਦੀ ਘਟਨਾ ਕਦੇ ਵੀ ਦੁਬਾਰਾ ਨਾ ਘੱਟਦੀ।ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਇੱਕ ਦੂਸਰੇ ਨੂੰ ਦੋਸ਼ੀ ਸਾਬਤ ਕਰਨ ਵਿੱਚ ਲੱਗ ਜਾਂਦੇ ਹਾਂ।ਇਹ ਤਾਂ ਪੱਕਾ ਹੈ ਕਿ ਇਸ ਵਿੱਚ ਫੈਕਟਰੀਆਂ ਦੇ ਕੈਮੀਕਲ ਪੈ ਰਹੇ ਹਨ।ਪਾਣੀ ਸ਼ਾਂਤ ਇਕੱਲੇ ਵਹਿੰਦੇ ਸੀ ਤਾਂ ਸਾਫ਼ ਸੀ।ਲੋਕਾਂ ਦੇ ਸਾਥ ਨੇ ਪਾਣੀ ਨੂੰ ਦੂਸ਼ਿਤ ਕਰਨ ਵਿੱਚ ਪੂਰਾ ਯੋਗਦਾਨ ਪਾਇਆ ਹੈ।ਆਲਨ ਵਾਟਜ਼ ਅਨੁਸਾਰ,"ਗੰਧਲੇ ਪਾਣੀ ਨੂੰ ਇਕੱਲੇ ਛੱਡ ਦੇਣ ਨਾਲ ਹੀ ਇਸ ਦੀ ਸਵੱਛਤਾ ਸੰਭਵ ਹੁੰਦੀ ਹੈ।"ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਣੀ ਨੂੰ ਦੂਸ਼ਿਤ ਕਰਕੇ,ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ।
ਜਦੋਂ ਪਾਣੀ ਦੇ ਸਰੋਤਾਂ ਵਿੱਚ ਕੈਮੀਕਲ ਸੁੱਟਿਆ ਜਾਂਦਾ ਹੈ ਤਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਹੈ।ਜਦੋਂ ਬਿੰਨਾ ਟਰੀਟ ਕੀਤੇ ਸੀਵਰੇਜ਼ ਦਾ ਗੰਦ ਸੁੱਟਿਆ ਜਾ ਰਿਹਾ ਹੈ,ਉਸਦਾ ਕੀ ਅਸਰ ਹੁੰਦਾ ਹੈ,ਕੋਈ ਵਿਭਾਗ ਇਸ ਵੱਲ ਧਿਆਨ ਹੀ ਨਹੀਂ ਦੇ ਰਿਹਾ।ਪਾਣੀ ਸਰੋਤਾਂ ਦੇ ਕੰਡਿਆਂ ਤੇ ਲੱਗੀਆਂ ਸਬਜ਼ੀਆਂ ਵਿੱਚ ਇਹ ਪਾਣੀ ਪਾਇਆ ਜਾਂਦਾ ਹੈ।ਜਦੋਂ ਇਹ ਸਬਜ਼ੀਆਂ ਬਾਜ਼ਾਰਾਂ ਵਿੱਚ ਜਾਂਦੀਆਂ ਹਨ ਤਾਂ ਹਰ ਵਿਭਾਗ ਦੇ ਅਫ਼ਸਰ, ਅਧਿਕਾਰੀ,ਕਰਮਚਾਰੀ ਅਤੇ ਮੁਲਾਜ਼ਮ ਦੇ ਘਰ ਜਾਂਦੀ ਹੈ।ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਪੈਸੇ ਦੇ ਚੱਕਰ ਵਿੱਚ ਆਪਣੇ ਅਤੇ ਪਰਿਵਾਰ ਦੇ ਵੀ ਦੁਸ਼ਮਣ ਹੋ ਗਏ।ਇੰਜ ਕਰਨਾ ਬੇਹੱਦ ਖਤਰਨਾਕ ਹੈ।ਆਪਣੀ ਸਿਹਤ ਖਰਾਬ ਕਰਨ ਦੇ ਨਾਲ ਨਾਲ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਵੀ ਖਤਮ ਕਰ ਰਹੇ ਹਾਂ।
ਅੱਜ ਕੈਂਸਰ ਨੇ ਤਕਰੀਬਨ ਹਰ ਜਗ੍ਹਾ ਪੈਰ ਪਸਾਰ ਲਏ ਹਨ।ਕੈਂਸਰ ਦੀ ਵੰਨਗੀਆਂ ਦਾ ਹੀ ਹਿਸਾਬ ਕਿਤਾਬ ਨਹੀਂ।ਚਮੜੀ ਦੇ ਰੋਗਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ।ਫਰਕ ਸਿਰਫ਼ ਇਹ ਹੈ ਕਿ ਗਰੀਬ ਇਲਾਜ ਬਾਝੋਂ ਮਰ ਜਾਂਦਾ ਹੈ।ਜਿਹੜੇ ਇਲਾਜ ਦੀ ਕੋਸ਼ਿਸ਼ ਕਰਦੇ ਵੀ ਹਨ।ਉਹ ਮਹਿੰਗੇ ਇਲਾਜ ਕਰਕੇ ਕਰਜ਼ੇ ਦੀ ਸਮਸਿਆ ਕਰਕੇ ਖੁਦਕੁਸ਼ੀ ਕਰ ਲੈਂਦੇ ਹਨ।ਗੱਲ ਕੀ ਅਸੀਂ ਮਾਨਵਤਾ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ? ਕੀ ਅਸੀਂ ਇਨਸਾਨੀਅਤ ਤੋਂ ਇੰਨਾ ਦੂਰ ਹੋ ਗਏ?ਇਹ ਸਵਾਲ ਕਦੇ ਤਾਂ ਸੋਚ ਲਈਏ।
ਜੰਮਦੇ ਬੱਚੇ ਬੀਮਾਰ ਹਨ,ਉਨ੍ਹਾਂ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਤੇ ਨੁਕਸ ਪੈ ਰਹੇ ਹਨ।ਹੱਥ ਪੈਰ ਟੇਡੇ ਹੋ ਰਹੇ ਹਨ।ਪੈਸੇ ਅਤੇ ਤਾਕਤ ਦੀ ਅੰਨ੍ਹੀ ਦੌੜ ਨੇ ਬਰਬਾਦੀ ਮਚਾ ਦਿੱਤੀ ਹੈ।
ਕੁਦਰਤ ਨੇ ਇਹ ਤੋਹਫਾ ਦਿੱਤਾ ਸੀ।ਪਰ ਅਸੀਂ ਉਸ ਨੂੰ ਸੰਭਾਲ ਹੀ ਨਹੀਂ ਸਕੇ ਅਤੇ ਸਾਡੀ ਸਮਝਦਾਰੀ ਵੇਖੋ,ਪਾਣੀ ਮੁੱਲ ਲੈਕੇ ਪੀਂਦੇ ਹਾਂ।ਅਚਾਰੀਆ ਵਿਨੋਭਾ ਭਾਵੇ ਅਨੁਸਾਰ,"ਪਾਣੀ ਦੀ ਇੱਕ ਇੱਕ ਬੂੰਦ ਕੀਮਤੀ ਹੈ।"ਜੇਕਰ ਸਰਕਾਰਾਂ, ਵਿਭਾਗ ਅਤੇ ਲੋਕ ਅਜੇ ਵੀ ਨਾ ਜਾਗੇ ਤਾਂ ਹਾਲਤ ਬਹੁਤ ਵਿਗੜ ਜਾਵੇਗੀ।ਜਿਉਣਾ ਔਖਾ ਹੋ ਜਾਏਗਾ।ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਪਾਣੀ ਦੀ ਘਾਟ ਨਾਲ ਜੂਝਣਾ ਹੀ ਮਿਲੇਗਾ।ਪੰਜਾਬ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਹੈ,ਉਸ ਕੋਲ ਬਹੁਤ ਸਾਰੀਆਂ ਕਾਨੂੰਨੀ ਪਾਵਰਾਂ ਹਨ ਪਰ ਜੋ ਜ਼ਮੀਨੀ ਹਕੀਕਤ ਹੈ,ਉਸ ਨੂੰ ਵੇਖਕੇ ਲੱਗਦਾ ਹੈ ਕਿ ਵਿਭਾਗ ਜ਼ੁਮੇਵਾਰੀ ਨਿਭਾਅ ਹੀ ਨਹੀਂ ਰਿਹਾ।ਸੁਰਿੰਦਰ ਕੌਰ ਅਨੁਸਾਰ,"ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ।ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ।"ਅਸੀਂ ਮੌਤ ਨੂੰ ਆਪ ਬੇਵਕਤੀ ਸੱਦਾ ਦੇ ਰਹੇ ਹਾਂ।ਹਵਾ ਅਤੇ ਪਾਣੀ ਤੋਂ ਬਗੈਰ ਜੀਵਨ ਨਹੀਂ ਹੈ।ਦੇਸ਼ ਦੇ ਹਰ ਨਾਗਰਿਕ ਨੂੰ ਪਾਣੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।ਇਸ ਨਾਲ ਖਿਲਵਾੜ ਕਰਨਾ ਮਤਲਬ ਆਪਣੀ ਅਤੇ ਆਪਣਿਆਂ ਦੀ ਜ਼ਿੰਦਗੀ ਨਾਲ ਖੇਡਣਾ ਹੈ।ਪਾਣੀ ਨੂੰ ਗੁਰਬਾਣੀ ਵਿੱਚ ਪਿਤਾ ਦਾ ਦਰਜਾ ਦਿੱਤਾ ਹੈ ਅਤੇ ਹਵਾ ਨੂੰ ਮਾਂ ਦਾ ਦਰਜਾ ਦਿੱਤਾ ਹੈ।ਗੁਰਬਾਣੀ ਵਿੱਚ ਫਰਮਾਇਆ ਹੈ,"ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।"ਜੇਕਰ ਗੁਰਬਾਣੀ ਵਿੱਚ ਇੰਨਾ ਉੱਚਾ ਦਰਜਾ ਹੈ ਤਾਂ ਅਸੀਂ ਗੁਰਬਾਣੀ ਨੂੰ ਵੀ ਅਸਿੱਧੇ ਤੌਰ ਤੇ ਨਿਕਾਰ ਰਹੇ ਹਾਂ।ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਇਹ ਹੀ ਹੈ ਕਿ ਅਸੀਂ ਪਾਣੀ ਨੂੰ ਪ੍ਰਦੂਸ਼ਤ ਕਰਨ ਤੋਂ ਗੁਰੇਜ਼ ਕਰੀਏ।


ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

Have something to say? Post your comment