Sunday, March 24, 2019
FOLLOW US ON

Article

ਪੰਜਾਬੀ ਭਾਸ਼ਾ ਵਿੱਚ ਇਕਾਂਗੀ ਅਤੇ ਨਾਟਕ ਦੀ ਸਿੱਖਿਆ // ਚਰਨਜੀਤ ਸਿੰਘ ਲੈਕਚਰਾਰ ਪੰਜਾਬੀ

August 06, 2018 06:43 PM
General

ਪੰਜਾਬੀ ਭਾਸ਼ਾ ਵਿੱਚ ਇਕਾਂਗੀ ਅਤੇ ਨਾਟਕ ਦੀ ਸਿੱਖਿਆ


 ਇਕਾਂਗੀ  ਅਤੇ ਨਾਟਕ ਕਿਸੀ ਭਾਸ਼ਾ ਦਾ ਇੱਕੋ ਹੀ ਰੂਪ ਹਨ। ਸਿਰਫ ਇਨ੍ਹਾਂ ਦੇ ਅਕਾਰ ਅਤੇ ਵਿਸ਼ੇ ਤੋਂ ਹੀ ਵੱਖ ਕੀਤਾ ਜਾ ਸਕਦਾ ਹੈ। ਇਕਾਂਗੀ ਸਿਰਫ ਇੱਕ ਅੰਗ ਵਾਲੀ ਰਚਨਾ ਹੁੰਦੀ ਹੈ, ਜਿਸ ਵਿੱਚ ਸਿਰਫ ਇੱਕ ਕਾਂਡ ਹੁੰਦਾ ਹੈ। ਇਸਦਾ ਸਿਰਫ ਇੱਕ ਹੀ ਮੁੱਖ ਵਿਸ਼ਾ ਹੁੰਦਾ ਹੈ। ਪਰ ਨਾਟਕ ਇੱਕ ਲੰਮੀ ਰਚਨਾ ਹੁੰਦੀ ਹੈ, ਜਿਸਦੇ ਕਈ ਵੱਖ ਵੱਖ ਕਾਂਡ ਹੁੰਦੇ ਹਨ। ਇੱਕ ਮੁੱਖ ਵਿਸ਼ਾ ਅਤੇ ਕੁਝ ਗੌਣ ਵਿਸ਼ੇ ਵੀ ਹੁੰਦੇ ਹਨ। ਪੰਜਾਬੀ ਭਾਸ਼ਾ ਵਿੱਚ ਦੋਨਾ ਨੂੰ ਪੜ੍ਹਾਉਣ ਦੀਆਂ ਸਿੱਖਿਆ ਵਿਧੀਆਂ ਇੱਕੋ ਜਿਹੀਆਂ ਹਨ।


ਕਈ ਭਾਸ਼ਾ ਵਿਗਿਆਨੀ ਅਤੇ ਵਿਦਵਾਨ ਤਾਂ ਇਨਾਂ੍ਹ ਨੂੰ ਭਾਸ਼ਾ ਦਾ ਅੰਗ ਮੰਨਣ ਤੋਂ ਇਨਕਾਰੀ ਹਨ ।ਉਨਾਂ੍ਹ ਮੁਤਾਬਿਕ ਇਕਾਂਗੀ ਅਤੇ ਨਾਟਕ ਲਿਖਤੀ ਨਾ ਹੋ ਕੇ ਸਿਰਫ ਰੰਗਮੰਚ ਤੇ ਖੇਡਣ ਜਾ ਐਕਟਿੰਗ ਕਰਨ ਵਾਲੀਆਂ ਕਿਰਿਆਂਵਾਂ ਹਨ।ਪਰ ਵਿਰੋਧ ਦੇ ਬਾਵਜੂਦ ਇਕਾਂਗੀ ਅਤੇ ਨਾਟਕ ਭਾਸ਼ਾ ਦਾ ਅਭਿੰਨ ਅੰਗ ਹਨ।

 


ਨਾਟਕ ਅਤੇ ਇਕਾਂਗੀ ਦੀ ਸਿੱਖਿਆ ਵਿਦਿਆਰਥੀਆਂ ਦਾ ਭਰਪੂਰ ਮੰਨੋਰੰਜਨ ਕਰਦੀਆਂ ਹਨ। ਇਸ ਰਾਹੀਂ ਵਾਰਤਾਲਾਪ ਦੀ ਸਿੱਖਿਆ ਮਿਲਦੀ ਹੈ।ਭਾਸ਼ਾ ਦੇ ਸ਼ੁੱਧ ਉਚਾਰਨ  ਅਤੇ ਉਪਭਾਸ਼ਵਾਂ ਦਾ ਪ੍ਰਤੱਖ ਗਿਆਨ ਹੁੰਦਾ ਹੈ। ਉੱਚ ਜਮਾਤਾਂ ਵਿੱਚ ਆਲੋਚਨਾ,ਸ਼ੈਲੀ,ਵਿਸ਼ਾ ਵਸਤੂ, ਭਾਸ਼ਾ ਅਤੇ ਐਕਟਿੰਗ ਕਰਨ ਦੀ ਸਿੱਖਿਆ ਮਿਲਦੀ ਹੈ। ਨਾਟਕਾਂ ਅਤੇ ਇਕਾਂਗੀ ਦੀ ਸਿੱਖਿਆ ਰਾਹੀਂ ਵਿਦਿਆਰਥੀ ਭਵਿੱਖ ਦੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਸਮਝਣ ਦੇ ਯੋਗ ਬਣਦੇ ਹਨ।ਪੰਜਾਬੀ ਭਾਸ਼ਾ ਵਿੱਚ ਇਕਾਂਗੀ ਅਤੇ ਨਾਟਕ ਦੀ ਸਿੱਖਿਆ ਲਈ ਹੇਠ ਲਿਖੀਆਂ ਵਿਧੀਆਂ ਦੀ ਵਰਤੋਂ ਕੀਤੀ ਜਾਦੀਂ ਹੈ:-
੧. ਜਮਾਤ ਐਕਟਿੰਗ ਵਿਧੀ :-  ਇਹ ਵਿਧੀ ਬਹੁਤ ਪ੍ਰਭਾਵਸ਼ਾਲੀ ਵਿਧੀ ਹੈ। ਇਸ ਵਿਧੀ ਰਾਹੀਂ ਇਕਾਂਗੀਂ ਜਾਂ ਨਾਟਕ ਰੰਗਮੰਚ ਦੀਆਂ ਜਰੂਰਤਾਂ ਦੀ ਪੂਰਤੀ ਕਰਦੇ ਹਨ, ਇਕਾਂਗੀਂ ਜਾਂ ਨਾਟਕ ਨੂੰ ਵਾਰਤਕ ਜਾਂ ਕਹਾਣੀਆਂ ਦਾ ਰੂਪ ਬਣਨ ਤੋਂ ਰੋਕਦੇ ਹਨ। ਇਸ ਵਿਧੀ ਵਿੱਚ ਅਧਿਆਪਕ ਜਮਾਤ ਦ ੇ ਵੱਖ ਵੱਖ ਵਿਦਿਆਰਥੀਆਂ ਨੂੰ ਇਕਾਂਗੀ ਜਾਂ ਨਾਟਕ ਦੇ ਪਾਤਰਾਂ ਦੀ ਸੰਖੇਪ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਵੱਖ ਵੱਖ ਪਾਤਰ ਬਣਾ ਦਿੰਦਾ ਹੈ ਅਤੇ ਵਿਦਿਆਰਥੀ ਅਪਣੇ ਰੋਲ ਨੂੰ ਹਾਵ ਭਾਵ, ਸਰਰਿਕ ਕ੍ਰਿਆਂਵਾਂ ਦੁਆਰਾ ਪਾਠ ਦਾ ਅਨੁਕਰਨ ਕਰਦੇ ਹਨ।
੨. ਵਿਆਖਿਆ ਵਿਧੀ :- ਇਹ ਦੋਸ਼ਪੂਰਨ ਵਿਧੀ ਹੈ। ਇਸ ਵਿਧੀ ਵਿੱਚ ਅਧਿਆਪਕ ਕਿਸੀ ਇੱਕ ਵਿਦਿਆਰਥੀ ਤੋਂ ਇਕਾਂਗੀ ਜਾਂ ਨਾਟਕ ਪੜ੍ਹਾaੁਂਦਾ ਹੈ,ਅਤੇ ਨਾਲ ਦੀ ਨਾਲ ਆਪ ਘਟਨਾਵਾਂ,ਵਿਸ਼ੇ ਅਤੇ ਪਾਤਰਾਂ ਸਬੰਧੀ ਵਿਆਖਿਆ ਕਰਦਾ ਹੈ। ਇਸ ਵਿਧੀ ਨਾਲ ਇਕਾਂਗੀ ਜਾਂ ਨਾਟਕ ਅਪਣਾ ਰੂਪ ਗਵਾ ਕੇ ਕਹਾਣੀ/ਵਾਰਤਕ ਦਾ ਰੂਪ ਧਾਰ ਲੈਂਦੀ ਹੈ।
੩. ਰੰਗਮੰਚ ਅਭਿਨੈ ਵਿਧੀ :- ਇਹ ਵਿਧੀ ਅਸਲ ਵਿੱਚ ਇਕਾਂਗੀ ਤੇ ਨਾਟਕ ਦੀ ਸਿੱਖਿਆ ਦੇਣ ਦੀ ਵਿਧੀ ਹੈ।ਇਸ ਵਿਧੀ ਵਿੱਚ ਸਟੇਜ ਤੇ ਇਕਾਂਗੀ ਜਾਂ ਨਾਟਕ ਅਸਲ ਰੂਪ ਵਿੱਚ ਪਾਤਰਾਂ ਦੇ  ਸੁਭਾਅ ਅਨੁਸਾਰ ਪਹਿਰਾਵਾ ਪਹਿਨ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਵਿਧੀ ਉੱਚ ਜਮਾਤਾਂ 'ਚ ਠੀਕ ਹੈ ਪਰ ਮੁੱਢਲੀਆਂ ਜਮਾਤਾਂ ਲਈ ਅਸਰਦਾਰ ਨਹੀਂ। ਇਸ ਵਿਧੀ ਵਿੱਚ ਵਿਦਿਆਰਥੀ ਸਿਰਫ ਨਾਟਕ ਜਾਂ ਇਕਾਗੀਂ ਖੇਡਣ ਤੱਕ ਸੀਮਿਤ ਹੋ ਜਾਂਦੇ ਹਨ।ਬਾਕੀ ਵਿਸ਼ੇ ਜਾਂ ਹੋਰ ਸਿੱਖਿਆ ਪਹਿਲੂਆਂ ਨੂੰ ਅਣਗੌਲਿਆ ਕਰ ਦਿੰਦੇ ਹਨ।ਇਹ ਵਿਧੀ ਜਿੱਥੇ ਜਿਆਦਾ ਖਰਚ ਕਰਨ ਵਾਲੀ ਹੈ,ਉਥੇ ਇਸ ਵਿਧੀ ਵਿੱਚ ਸਾਹਿਤ ਪੱਖ ਤੋਂ ਪੜਚੋਲ ਅਧੂਰੀ ਰਹਿ ਜਾਦੀਂ ਹੈ।
੪. ਆਦਰਸ਼ ਵਿਧੀ :-  ਇਸ ਵਿਧੀ ਵਿੱਚ ਅਧਿਆਪਕ ਆਪ ਅਪਣੀਆਂ ਸਰੀਰਕ ਕਿਰਿਆਂਵਾਂ ਕਰਦੇ ਹੋਏ,ਬੋਲੀ ਦੇ ਹਾਵ ਭਾਵ ਬਦਲਦੇ ਹੋਏ ਨਾਟਕ ਜਾਂ ਇਕਾਂਗੀ ਦੀ ਆਪ ਐਕਟਿੰਗ ਕਰਦਾ ਹੈ, ਨਾਲੋਂ ਨਾਲ ਪਾਤਰਾਂ,ਵਿਸ਼ੇ ਅਤੇ ਸਾਹਿਤਕ ਪੱਖ ਤੋਂ ਪੜਚੋਲ ਅਤੇ ਵਿਆਖਿਆ ਵੀ ਕਰਦਾ ਹੈ ਅਤੇ ਪ੍ਰਸ਼ਨ ਉੱਤਰ ਵੀ ਕੀਤੇ ਜਾਂਦੇ ਹਨ।ਇਹ ਵਿਧੀ ਪ੍ਰੀਖਿਆ ਉਦੇਸ਼ ਤੋਂ ਤਾਂ ਠੀਕ ਹੈ ਪਰ ਸਿਰਫ ਅਧਿਆਪਕ ਕੇਂਦਰਿਤ ਹੋ ਕੇ ਰਹਿ ਜਾਂਦੀ ਹੈ ਅਤੇ ਵਿਦਿਆਰਥੀਆਂ ਦੀ ਸਮੂਲੀਅਤ ਨਾ ਦੇ ਬਰਾਬਰ ਹੋਣ ਕਾਰਨ ਸਿੱੱਖਿਆ ਦੇ ਅਸਲੀ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਕਰਦੀ।
੫. ਸੰਯੁਕਤ ਵਿਧੀ :- ਇਸ ਵਿਧੀ ਵਿੱਚ ਉਪਰੋਕਤ ਵਰਨਣ ਸਾਰੀਆਂ ਵਿਧੀਆਂ ਨੂੰ ਵਰਤ ਲਿਆ ਜਾਦਾਂ ਹੈ।ਉਕਤ ਵਿਧੀਆਂ ਦੇ ਦੋਸ਼ਾਂ ਨੂੰ ਖਤਮ ਕਰਨ ਲਈ ਲੋੜ ਅਨੁਸਾਰ ਵਰਤ ਲਿਆ ਜਾਦਾਂ ਹੈ।ਇਹ ਨਾਟਕ/ਇਕਾਂਗੀ ਪੜਾਉਣ ਦੀ ਸੰਪੂਰਨ ਵਿਧੀ ਮੰਨੀ ਜਾਂਦੀ ਹੈ।
              ਹਰ ਵਿਧੀਆਂ ਦੇ ਅਪਣੇ ਗੁਣ / ਦੋਸ਼ ਹਨ ਪਰ ਅਧਿਆਪਕ ਅਪਣੀ ਸੂਝ ਬੂਝ ਨਾਲ ਦੋਸ਼ਾਂ ਨੂੰ ਖਤਮ ਜਾਂ ਘੱਟ ਕਰ ਸਕਦਾ ਹੈ ਅਤੇ ਇਕਾਂਗੀ / ਨਾਟਕ ਦੀ ਸਿੱਖਿਆ ਨੂੰ ਉਦੇਸ਼ਪੂਰਨ ਬਣਾਉਣ ਲਈ ਕੁਝ ਨੁਕਤੇ ਹੇਠ ਅਨੁਸਾਰ ਦਿੱਤੇ ਗਏ ਹਨ :-
੧. ਨਾਟਕ / ਇਕਾਂਗੀ ਵਿਦਿਅਰਥੀਆਂ ਦੀ ਮਨੋਅਵਸਥਾ ਅਨੁਸਾਰ ਹੋਣੇ ਚਾਹੀਦੇ ਹਨ।
੨. ਨਾਟਕਾਂ / ਇਕਾਂਗੀ ਦੇ ਵਿਸ਼ੇ ਨਸ਼ਿਆਂ ਖਿਲਾਫ, ਸਮਾਜਿਕ ਕੁਰੀਤੀਆਂ ਖਿਲਾਫ,ਵਾਤਾਵਰਨ ਸੰਭਾਲ ਅਤੇ ਰਾਸ਼ਟਰੀ ਏਕਤਾ ਵਧਾਉਣ ਵਾਲੇ ਹੋਣੇ ਚਾਹੀਦੇ ਹਨ।
੩. ਭਾਸ਼ਾ ਸੌਖੀ ਅਤੇ ਵਿਅੰਗਮਈ ਹੋਣੀ ਚਾਹੀਦੀ ਹੈ,ਜਿਸ ਵਿੱਚ ਉੱਪ ਭਾਸ਼ਾਵਾਂ ਅਤੇ ਮੁਹਾਵਰਿਆਂ ਤੇ ਅਖਾਣਾਂ ਦੀ ਵਰਤੋ ਹੋਣੀ ਚਾਹੀਦੀ ਹੈ।
੪. ਪਾਤਰਾਂ ਦੀ ਗਿਣਤੀ/ਪਹਿਰਾਵਾ/ਸੁਭਾਅ ਵਿਸ਼ੇ ਦੇ ਅਨੁਸਾਰ ਹੋਣੇ ਚਾਹੀਦੇ ਹਨ।
੫. ਨਾਟਕ / ਇਕਾਂਗੀ ਸਿੱਖਿਆਦਾਇਕ ਹੋਣੇ ਚਾਹੀਦੇ ਹਨ।
੬. ਨਾਟਕ / ਇਕਾਂਗੀ ਵਿਦਿਆਰਥੀਆਂ ਦੇ ਮੰਨੋਰੰਜਨ ਦੇ ਨਾਲ ਨਾਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨ ਵਾਲੀ ਹੋਣੇ ਚਾਹੀਦੇ ਹਨ।
                                                                   
        ਚਰਨਜੀਤ ਸਿੰਘ ਲੈਕਚਰਾਰ ਪੰਜਾਬੀ
        ਸ.ਸ.ਸ.ਸਕੂਲ ਬਾਸੋਵਾਲ(ਅਨੰਦਪੁਰ ਸਾਹਿਬ)

Have something to say? Post your comment