Article

ਮਿੰਨੀ ਕਹਾਣੀ ਸਿਸਕੀਆਂ //ਵਰਿੰਦਰ ਕੌਰ ਰੰਧਾਵਾ

August 08, 2018 08:52 PM
General

ਪੋਹ ਦੇ ਮਹੀਨੇ ਦਿਨ ਢਲੇ, ਕਿਸੇ ਜਿੰਮੀਦਾਰ ਦੇ ਖੇਤਾਂ ਵਿਚ ਕੰਮ ਕਰਦਾ ਭਜਨ ਸਿੰਘ ਪਿੰਡ ਵੱਲ ਮੁੜ ਰਿਹਾ ਸੀ।  ਦਿਨ ਢਲ ਕੇ ਖਮੋਸ਼ ਜਿਹਾ ਹੋ ਗਿਆ ਸੀ।  ਨਿੱਕੀ-ਨਿੱਕੀ ਆਹਟ ਵੀ ਸਾਫ਼ ਸੁਣਾਈ ਦੇ ਰਹੀ ਸੀ।   ਕਾਹਲ਼ੇ-ਕਾਹਲ਼ੇ ਕਦਮੀ ਤੁਰਦਾ ਭਜਨ ਰੱਬ ਨੂੰ ਉਲਾਂਭੇ ਦਿੰਦਾ ਜਾ ਰਿਹਾ ਸੀ ਕਿ ਕਿੱਧਰੇ ਮੇਰੇ ਘਰੇ ਵੀ ਜੁਆਕ ਦਾ ਮੂੰਹ ਦਿਖਾ ਦੇ ਰੱਬਾ !  ਸ਼ਾਇਦ ਉਸ ਦੀ ਫ਼ਰਿਆਦ ਰੱਬ ਦੀ ਦਰਗਾਹ 'ਚ ਜਾ ਪਹੁੰਚੀ ਸੀ ਜੋ ਅਗਲੇ ਹੀ ਪੱਲ ਭਜਨ ਸਿੰਘ ਦੇ ਕੰਨੀ ਕਿਸੇ ਨੰਨੇ-ਮੁੰਨੇ ਦੀ ਅਵਾਜ਼ ਸਿਸਕੀਆਂ ਦੇ ਰੂਪ ਵਿਚ ਪੈਣੀ ਸ਼ੁਰੂ ਹੋ ਗਈ ਸੀ।   ਉਸ ਨੇ ਨਜਰ-ਅੰਦਾਜ ਜਿਹਾ ਕਰ ਦਿੱਤਾ ਸੀ ਕਿ ਸ਼ਾਇਦ ਭੁਲੇਖਾ ਲੱਗ ਰਿਹਾ ਹੈ, ਉਸ ਦੇ ਕੰਨਾਂ ਨੂੰ।   ਪਰ, ਫਿਰ ਜਦਂ ਦੋਬਾਰਾ ਅਵਾਜ਼ ਆਈ ਤਾਂ ਉਸ ਨੇ ਗੌਰ ਨਾਲ ਸੁਣਨ ਦੀ ਕੋਸ਼ਿਸ਼ ਕੀਤੀ।  ਉਸ ਨੂੰ ਇੰਝ ਲੱਗਿਆ ਜਿਵੇਂ ਕੋਈ ਠੰਢ ਦਾ ਮਾਰਿਆ ਸਿਸਕ ਰਿਹਾ ਹੋਵੇ।  ਉਹ ਵਾਪਿਸ ਮੁੜਿਆ ਤਾਂ ਸਿਸਕੀਆਂ ਦੀ ਅਵਾਜ਼ ਹੋਰ ਉਚੀ ਹੋ ਗਈ।   ਉਸ ਨੇ ਕੱਖਾਂ ਦੇ ਸੱਥਰ ਵੱਲ ਨੂੰ ਝੁਕ ਕੇ ਗਹੁ ਨਾਲ ਦੇਖਿਆ ਤਾਂ ਉਹ ਹੈਰਾਨ ਹੀ ਰਹਿ ਗਿਆ ਕਿ ਪਤਲੇ ਜਿਹੇ ਕੱਪੜੇ 'ਚ ਨੰਗੇ ਬਦਨ ਲਪੇਟੀ ਇਕ ਜੁਆਕੜੀ ਠੰਡ ਨਾਲ ਨੀਲੀ ਹੋਈ ਪਈ ਸਿਸਕ ਰਹੀ ਸੀ।  ਭਜਨ ਸਿੰਘ ਦੇ ਕੋਈ ਔਲਾਦ ਨਹੀ ਸੀ।  ਉਸ ਨੇ ਡਰਦੇ-ਡਰਦਿਆਂ ਕੰਬਦੇ ਹੱਥਾਂ ਨਾਲ ਜੁਆਕੜੀ ਚੁੱਕ ਆਪਣੀ ਕੰਬਲ ਦੀ ਬੁੱਕਲ ਵਿਚ ਲੈ ਲਈ।   ਉਸ ਦੀਆਂ ਅੱਖਾਂ 'ਚ ਆਪ-ਮੁਹਾਰੇ ਤ੍ਰਿਪ-ਤ੍ਰਿਪ ਕਰਦੇ ਹੰਝੂ ਵਹਿ ਤੁਰੇ।   ਘਰ ਵੱਲ ਮੁੜਦਾ ਉਹ ਇਹੀ ਸੋਚੀ ਜਾ ਰਿਹਾ ਸੀ ਕਿ ਕਿਸ ਜ਼ਾਲਮ ਨੇ ਇਹ ਨਵ-ਜੰਮੀ ਜੁਆਕੜੀ ਇੰਨੀ ਠੰਡ 'ਚ ਬਾਹਰ ਸੁੱਟੀ ਹੋਵੇਗੀ।   ਪਰ, ਦੂਜੇ ਪਾਸੇ ਉਸ ਸੱਚੇ ਰੱਬ ਦੇ ਸ਼ੁਕਰਾਨੇ ਵੀ ਕਰੀ ਜਾ ਰਿਹਾ ਸੀ, ਉਹ।  ਉਹ ਘਰ ਪਹੁੰਚਾ ਤਾਂ ਉਸ ਦੀ ਘਰ ਵਾਲੀ ਰਸੋਈ 'ਚ ਬੈਠੀ ਰੋਟੀ ਪਕਾ ਰਹੀ ਸੀ।
    ਬਲਦੇ ਚੁੱਲੇ ਦੇ ਕੋਲ ਜਾ ਕੇ ਭਜਨ ਨੇ ਆਪਣੀ ਬੁੱਕਲ 'ਚੋਂ ਨੰਨੀ ਜੁਆਕੜੀ ਬਾਹਰ ਕੱਢੀ, ਜਿਹੜੀ ਕਿ ਉਸ ਦੀ ਹਿੱਕ ਨਾਲ ਲੱਗਕੇ ਹੁਣ ਨਿੱਘੀ ਜਿਹੀ ਹੋ ਗਈ ਸੀ।   ਦੇਖਦੇ ਸਾਰ ਹੀ ਭਜਨ ਦੀ ਘਰ ਵਾਲੀ ਹੈਰਾਨ-ਪ੍ਰੇਸ਼ਾਨ ਹੋ ਕੇ ਬੋਲੀ, 'ਆਹ ਕਿਸਦਾ ਜੁਆਕ ਚੁੱਕ ਲੈ ਆਏ?' ਭਜਨ ਨੇ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਤਾਂ ਘਰ ਵਾਲੀ ਗੁੱਸੇ 'ਚ ਬੋਲੀ, 'ਲੈ ਸਾਨੂੰ ਕੀ ਪਤਾ ਕਿਸ ਦਾ ਗੰਦਾ ਲਹੂ ਹੈ!  ਕਿਸ ਦੇ ਮਾੜੇ ਕੰਮਾਂ ਦੀ ਕਰਤੂਤ ਹੈ, ਇਹ ਜੁਆਕੜੀ!   ਤੂੰ ਕਿਉ ਚੁੱਕ ਲਿਆਇਆ ਇਸ ਨੂੰ?'
ਲਗਾਤਾਰ ਬੋਲੀ ਜਾ ਰਹੀ ਦੇਖ ਕੇ ਭਜਨ ਘਰ ਵਾਲੀ ਨੂੰ ਕਹਿਣ ਲੱਗਾ, 'ਰਤਾ ਸ਼ਰਮ ਕਰ!  ਕਿਉੁਂ ਇੰਨਾ ਮਾੜਾ ਬੋਲਦੀ ਏਂ, ਮਾਸੂਮ ਜੁਆਕੜੀ ਨੂੰ!  ਰੱਬ ਦਾ ਖੌਫ ਕਰ!  ਇਹ ਤਾਂ ਰੱਬ ਦਾ ਜੀਵ ਹੈ ਜਿਹੜਾ ਸਾਡੀ ਉਜੜੀ ਹੋਈ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਲਈ ਦਿੱਤਾ ਹੈ, ਉਸ ਰੱਬ ਨੇ।  ਇਸ ਦੀ ਕੀਮਤ ਉਹ ਨਹੀ ਜਾਣ ਸਕੇ ਜੋ ਇਸ ਨੂੰ ਸੁੱਟ ਗਏ।'  ਭਜਨ ਨੇ ਜੁਆਕੜੀ ਦੇ ਮੂੰਹ ਨੂੰ ਕੋਸਾ ਜਿਹਾ ਦੁੱਧ ਲਾਉਦੇ ਹੋਏ ਕਿਹਾ, 'ਹੈ ਨਾ ਮੇਰੀ ਕੀਮਤੋ!'
   ਭਜਨ ਨੇ ਜੁਆਕੜੀ ਨੂੰ ਰੂਹ ਨਾਲ ਪਾਲਣਾ ਸ਼ੁਰੂ ਕਰ ਦਿੱਤਾ।  ਉਹ ਸਦਾ ਉਸ ਨੂੰ ਕੀਮਤੋ ਕੀਮਤੋ ਆਖਦਾ ਨਾ ਥੱਕਦਾ।   ਉਸ ਦੇ ਉਜੜੇ ਜਿਹੇ ਘਰ ਦੀ ਰੌਣਕ ਬਣ ਗਈ ਸੀ ਹੁਣ ਕੀਮਤੋ।  ਪਰ, ਭਜਨ ਦੇ ਘਰ ਵਾਲੀ ਸਵਰਨੀ ਕਦੀ ਵੀ ਮੋਹ-ਤੇਹ ਨਾ ਕਰਦੀ ਕੀਮਤੋ ਦਾ।  ਜਦੋਂ ਕਦੀ ਭਜਨ ਢਿੱਲਾ-ਮੱਠਾ ਹੋ ਜਾਂਦਾ ਤਾਂ ਕੀਮਤੋ ਦੀ ਜਾਨ ਨੂੰ ਬਣ ਜਾਂਦੀ।  ਉਸ ਦੀਆਂ ਸਿਸਕੀਆਂ ਜਿਉੁਂ ਭਜਨ ਨੂੰ ਠੀਕ ਕਰ ਦਿੰਦੀਆਂ ਸਨ।  ਉਹ ਆਖਦਾ, 'ਨਾ ਮੇਰਾ ਪੁੱਤ!  ਬਾਪੂ ਤੇਰੇ ਨਾਲ ਹੈ!  ਤੂੰ ਕਿਉੁਂ ਘਬਰਾਂਉੁਂਦਾ ਪੁੱਤ!  ਬਸ, ਬਸ ਇੰਝ ਸਿਸਕੀਆਂ ਨਾ ਲਿਆ ਕਰ ਮੇਰੇ ਕੋਲ!  ਮੇਰਾ ਕਾਲਜਾ ਫਟਦਾ, ਤੇਰੀਆਂ ਸਿਸਕੀਆਂ ਸੁਣ ਕੇ!'

ਵਰਿੰਦਰ ਕੌਰ ਰੰਧਾਵਾ, ਜੈਤੋ ਸਰਜਾ,

Have something to say? Post your comment