News

ਵਧੀਕ ਡਿਪਟੀ ਕਮਿਸ਼ਨਰ ਨੇ ਬਾਲ ਸੁਧਾਰ ਘਰ ,ਚਿਲਡਰਨ ਹੋਮ ਅਤੇ ਸਪੈਸ਼ਲ ਹੋਮ ਦਾ ਦੌਰਾ ਕੀਤਾ ।

August 09, 2018 10:28 PM
General

ਵਧੀਕ ਡਿਪਟੀ ਕਮਿਸ਼ਨਰ ਨੇ ਬਾਲ ਸੁਧਾਰ ਘਰ ,ਚਿਲਡਰਨ ਹੋਮ ਅਤੇ ਸਪੈਸ਼ਲ ਹੋਮ ਦਾ ਦੌਰਾ ਕੀਤਾ ।
ਹੋਸ਼ਿਆਰਪੁਰ ਕੁਲਜੀਤ ਸਿੰਘ


ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਰਾਮ ਕਲੋਨੀ ਕੈਂਪ ਸਥਿਤ ਬਾਲ ਸੁਧਾਰ ਘਰ, ਚਿਲਡਰਨ ਹੋਮ, ਸਪੈਸ਼ਲ ਹੋਮ ਦਾ ਦੌਰਾ ਕੀਤਾ। ਉਨਾਂ ਨਾਲ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਜਿਥੇ ਬਾਲ ਕੈਦੀਆਂ ਨਾਲ ਮੁਲਾਕਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਬਾਲ ਸੁਧਾਰ ਘਰ, ਚਿਲਡਰਨ ਹੋਮ ਅਤੇ ਸਪੈਸ਼ਲ ਹੋਮ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
         ਸ੍ਰੀਮਤੀ ਕਲੇਰ ਨੇ ਬਾਲ ਸੁਧਾਰ ਘਰ ਦੇ ਇੰਚਾਰਜ ਨਾਲ ਇਥੇ ਦਿਨ ਭਰ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਂਦੇ ਹੋਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨਾਂ ਨਿਰਦੇਸ਼ ਦਿੱਤੇ ਕਿ ਸੁਧਾਰ ਘਰ ਵਿੱਚ ਬੰਦ ਕਿਸੇ ਵੀ ਕੈਦੀ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਜੇਕਰ ਕੁਝ ਜ਼ਰੂਰਤ ਹੈ, ਤਾਂ ਉਹ ਜ਼ਿਲਾ ਪ੍ਰਸ਼ਾਸ਼ਨ ਜਾਂ ਸਬੰਧਤ ਵਿਭਾਗ ਨੂੰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਜਾਵੇ।
         ਇਸ ਦੌਰਾਨ ਉਨਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨਾਂ ਨੂੰ ਜ਼ਿਲਾ ਪ੍ਰਸ਼ਾਸ਼ਨ ਤੋਂ ਕਿਸੇ ਤਰਾਂ ਦੀ ਮਦਦ ਚਾਹੀਦੀ ਹੈ, ਤਾਂ ਲਿਖਤੀ ਰੂਪ ਵਿੱਚ ਪ੍ਰਸ਼ਾਸ਼ਨ ਜਾਂ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂ ਜੋ ਇਸ ਦੇ ਹੱਲ ਲਈ ਸੰਭਵ ਯਤਨ ਕੀਤੇ ਜਾ ਸਕਣ।
         ਉਨਾਂ ਰਸੋਈ ਘਰ ਵਿੱਚ ਜਾ ਕੇ ਖਾਣੇ ਦੀ ਕੁਆਲਟੀ ਚੈਕ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਖਾਣੇ ਦੀ ਪੌਸ਼ਟਿਕਤਾ ਜਾਂ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਉਨਾਂ ਕਿਹਾ ਕਿ ਇਹ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ ਕਿ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਪਾਣੀ ਸ਼ੁੱਧ ਹੋਵੇ।
         ਵਧੀਕ ਡਿਪਟੀ ਕਮਿਸ਼ਨਰ ਨੇ ਬਾਲ ਸੁਧਾਰ ਘਰ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਸੁਧਾਰ ਘਰ ਵਿੱਚ ਸਫਾਈ ਵਿਵਸਥਾ ਨੂੰ ਹੋਰ ਬੇਹਤਰ ਬਣਾਇਆ ਜਾਵੇ ਅਤੇ ਜਿਥੇ ਵੀ ਮੁਰੰਮਤ ਆਦਿ ਦੀ ਜ਼ਰੂਰਤ ਹੈ, ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ। ਉਨਾਂ ਕਿਹਾ ਕਿ ਜੋ ਬਾਲ ਕੈਦੀ ਕਿੱਤਾਮੁਖੀ ਕੋਰਸ ਕਰਨਾ ਚਾਹੁੰਦੇ ਹਨ, ਉਨਾਂ ਨੂੰ ਕੋਰਸ ਕਰਵਾਇਆ ਜਾਵੇ, ਤਾਂ ਜੋ ਉਹ ਆਪਣੀ ਸਜ਼ਾ ਪੂਰੀ ਹੋਣ 'ਤੇ ਪੈਰਾਂ 'ਤੇ ਖੜੇ ਹੋ ਸਕਣ। ਉਨਾਂ ਕਿਹਾ ਕਿ ਕੈਦੀਆਂ ਨੂੰ ਵੱਧ ਤੋਂ ਵੱਧ ਪੜਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਨਾਂ ਦੇ ਮਨੋਰੰਜਨ ਜਾਂ ਉਨਾਂ ਨੂੰ ਕੰਮਕਾਰ ਵਿੱਚ ਲਾਏ ਰੱਖਣ ਲਈ ਖੇਡਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੌਰਾਨ ਉਨਾਂ ਬਾਲ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਅਤੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਨੂੰ ਸਮੇਂ ਸਮੇਂ 'ਤੇ ਬਾਲ ਸੁਧਾਰ ਘਰ ਵਿੱਚ ਦਾ ਦੌਰਾ ਕਰਨ ਲਈ ਕਿਹਾ ਅਤੇ ਨਿਰਦੇਸ਼ ਦਿੱਤੇ ਕਿ ਜੇਕਰ ਇਥੇ ਕੁਝ ਹੋਰ ਵਧੇਰੇ ਸੁਧਾਰ ਦੀ ਜ਼ਰੂਰਤ ਹੋਵੇ, ਤਾਂ ਇਸ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਜਾਂ ਸਬੰਧਤ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।

Have something to say? Post your comment