Sunday, March 24, 2019
FOLLOW US ON

Article

ਭ੍ਰਿਸ਼ਟਾਚਾਰ,ਇਸਦਾ ਪਿਛੋਕੜ ਤੇ ਇਸ ਨੂੰ ਨੱਥ ਪਾਉਣੀ ਹੋਈ ਜ਼ਰੂਰੀ //ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

August 10, 2018 09:42 PM
General

ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

ਪਰ ਕੋਈ ਵੀ ਕਰਨ ਤੋਂ ਬਾਦ ਮੰਨਦਾ ਨਹੀਂ ਤੇ ਦੂਸਰੇ ਵੱਲ ਉਂਗਲ ਕਰ ਦਿੰਦਾ ਹੈ।ਅਸਲ ਵਿੱਚ ਭ੍ਰਿਸ਼ਟਾਚਾਰ ਹੈ ਕੀ,ਇਸ ਬਾਰੇ ਗੱਲ ਕਰਾਂਗੇ ਤਾਂ ਕਿ ਜਿੰਨਾ ਨੂੰ ਸਮਝ ਨਹੀਂ ਆਉਂਦੀ,ਉਹ ਸਮਝ ਜਾਣ।ਭ੍ਰਿਸ਼ਟਾਚਾਰ ਦੋ ਸ਼ਬਦਾ ਦਾ ਸੁਮੇਲ ਹੈ,ਭ੍ਰਿਸ਼ਟ ਅਤੇ ਆਚਾਰ,ਇਸ ਦਾ ਸਧਾਰਨ ਮਤਲਬ ਹੈ,ਭ੍ਰਿਸ਼ਟ ਹੋ ਚੁੱਕਿਆ ਆਚਾਰ।ਭ੍ਰਿਸ਼ਟਾਚਾਰ ਤੋਂ ਮਤਲਬ ਹੈ--ਨਜਾਇਜ਼ ਢੰਗ ਨਾਲ ਪੈਸੇ ਕਮਾਉਣਾ,ਦੂਸਰੇ ਦੀ ਕਮਾਈ ਚੋਂ ਪੈਸੇ ਤਾਕਤ ਦੇ ਜ਼ੋਰ ਤੇ ਲੈਣਾ,


ਲੋਕਾਂ ਦਾ ਲਹੂ ਚੂਸਣਾ।ਗਲਤ ਕੰਮ ਛਪਾਉਣ,ਦੋਸ਼ੀ ਨੂੰ ਛਡਾਉਣ,ਬੇਗੁਨਾਹ ਨੂੰ ਫਸਾਉਣ ਲਈ ਲੈਣੀਆਂ ਰਕਮਾਂ।ਭ੍ਰਿਸ਼ਟਾਚਾਰ ਸਮਾਜ ਵਿੱਚ ਪ੍ਰਧਾਨ ਹੋ ਗਿਆ ਹੈ।ਕੁਝ ਇੱਕ ਨੂੰ ਛੱਡਕੇ,ਹਰ ਕੋਈ ਵਿਕਣ ਵਾਸਤੇ ਬੈਠਾ ਹੈ।ਇਨਸਾਨੀਅਤ ਖਤਮ ਹੋ ਗਈ, ਈਮਾਨ ਤੇ ਜ਼ਮੀਰ ਮਰ ਗਈ।ਪੈਸਾ ਬੰਦੇ ਨੂੰ ਗਲਤ ਰਾਹੇ ਇੱਕ ਵਾਰ ਪਾ ਲਵੇ ਫੇਰ ਉਹ ਲੱਖ ਪਤੀ ਤੇ ਫੇਰ ਕਰੋੜਪਤੀ ਹੋਕੇ ਵੀ ਸੰਤੁਸ਼ਟ ਨਹੀਂ ਹੁੰਦਾ।ਉਹ ਬੇਸ਼ਰਮ ਹੋਕੇ ਪੈਸੇ ਮੰਗਣ ਲੱਗ ਜਾਂਦਾ ਹੈ।ਉਸ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਲੋਕ ਉਸਨੂੰ ਕਮੀਨਾ ਕਹਿਣ ਲੱਗ ਜਾਣ।ਇੰਨਾ ਲੋਕਾਂ ਦੇ ਕੋਲ ਪੈਸਾ ਤਾਂ ਹੁੰਦਾ ਹੈ ਪਰ ਜ਼ਮੀਰ ਨਹੀਂ ਹੁੰਦੀ ਤੇ ਜਿਸਦੀ ਜ਼ਮੀਰ ਮਰ ਜਾਵੇ,ਉਹ ਧਰਤੀ ਤੇ ਬੋਝ ਹੈ।ਭ੍ਰਿਸ਼ਟਾਚਾਰ, ਭ੍ਰਿਸ਼ਟ ਬੁੱਧੀ ਤੇ ਲਾਲਚ ਦੀ ਦੇਣ ਹੈ।ਹਰਾਮ ਦੇ ਪੈਸੇ ਨਾਲ ਬੱਚਿਆਂ ਦੀ ਪ੍ਰਵਰਿਸ਼ ਹੋ ਰਹੀ ਹੈ।ਉਸ ਪੈਸੇ ਨਾਲ ਖਰੀਦੇ ਖਾਣੇ ਖਾਧੇ ਜਾਂਦੇ ਹਨ।ਸੱਚ ਹੈ,"ਜੈਸਾ ਅੰਨ,ਵੈਸਾ ਮੰਨ"।ਗੁਰੂ ਨਾਨਕ ਦੇਵ ਜੀ ਨੇ ਹਰਾਮ ਦੀ ਕਮਾਈ ਵਿੱਚੋਂ ਖੂਨ ਤੇ ਮਿਹਨਤ ਦੀ ਕਮਾਈ ਵਿੱਚੋਂ ਦੁੱਧ ਵਿਖਾਕੇ,ਮਿਹਨਤ ਦੀ ਰੋਟੀ ਖਾਣ ਲਈ ਕਿਹਾ।ਦੂਸਰਿਆਂ ਦਾ ਖੂਨ ਪੀਣ ਵਾਲਾ ਭਲਾ ਬੰਦਾ ਹੋ ਹੀ ਨਹੀਂ ਸਕਦਾ।ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਹੈ ਉਹ ਕੋਈ ਵਧੀਆ ਨਹੀਂ ਹੈ।ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ,"ਸਰਮ ਧਰਮ ਦੋਇ ਛਪ ਖਲੋਏ,ਕੂੜ ਫਿਰੈ ਪ੍ਰਧਾਨ ਵੇ ਲਾਲੋ।"।

 


ਪੈਸਾ ਸਮਾਜ ਵਿੱਚ ਪ੍ਰਧਾਨ ਹੋ ਗਿਆ ਹੈ।ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੱਦੋਂ ਵੱਧ ਬੇਨਿਯਮੀਆਂ ਹਨ।ਰਿਸ਼ਵਤ ਦਾ ਬੋਲਬਾਲਾ ਹੈ।ਕੁਝ ਇੱਕ ਨੂੰ ਛੱਡਕੇ,ਚਪੜਾਸੀ ਤੋਂ ਲੈਕੇ ਉਪਰ ਤੱਕ ਰਿਸ਼ਵਤ ਲੈਕੇ ਹੀ ਲੋਕਾਂ ਦੇ ਕੰਮ ਕਰਦੇ ਹਨ।ਘਪਲੇ ਹੋ ਰਹੇ ਨੇ,ਰੋਜ਼ ਨਵਾਂ ਸਕੈਂਡਲ ਹੋ ਜਾਂਦਾ ਹੈ,ਬੈਂਕਾਂ ਵਿੱਚ ਧੜਾ ਧੜ ਗੜਬੜਾਂ ਸਾਹਮਣੇ ਆ ਰਹੀਆਂ ਹਨ,ਰੀਅਲ ਅਸਟੇਟ ਵਿੱਚ ਬੁਰੀ ਹਾਲਤ ਹੈ,ਲੋਕਾਂ ਨੂੰ ਕੁਝ ਵਿਖਾਇਆ ਜਾਂਦਾ ਹੈ ਤੇ ਦਿੱਤਾ ਕੁਝ ਹੋਰ ਜਾਂਦਾ ਹੈ,ਬਿਲਡਰ ਤੇ ਪ੍ਰਾਪਰਟੀ ਸੰਬੰਧਿਤ ਵਿਭਾਗ ਨਾਲ ਮਿਲਕੇ ਲੋਕਾਂ ਨਾਲ ਸ਼ਰੇਆਮ ਧੋਖਾ ਕਰ ਰਹੇ ਹਨ।ਬਿਲਡਰਾਂ ਕੋਲ ਦੋ ਦੋ ਨਕਸ਼ੇ ਨੇ,ਵੇਚਣ ਵਕਤ ਗਾਹਕਾਂ ਨੂੰ ਕੁਝ ਹੋਰ ਵਿਖਾਉਂਦੇ ਹਨ ਤੇ ਬਾਦ ਵਿੱਚ ਕੁਝ ਹੋਰ ਬਣ ਜਾਂਦਾ ਹੈ,ਉਦਾਹਰਣ ਦੇ ਤੌਰ ਤੇ ਲੋਕਾਂ ਨੂੰ ਫਲੈਟ ਵੇਚਣ ਵੇਲੇ ਵੱਡੇ ਪਾਰਕ ਵਿਖਾਏ ਜਾਂਦੇ ਹਨ,ਜਦੋਂ ਲੋਕ ਖਰੀਦ ਲੈਂਦੇ ਨੇ ਤੇ ਪਰਿਵਾਰ ਰਹਿਣ ਲੱਗ ਜਾਂਦੇ ਹਨ ਤਾਂ ਪਾਰਕਾਂ ਦੀ ਥਾਂ ਫਲੈਟ ਬਣਾ ਦਿੱਤੇ ਜਾਂਦੇ ਹਨ,ਘੱਟ ਆਮਦਨ ਵਾਲੇ ਲੋਕਾਂ ਦੇ ਫਲੈਟ ਪਹਿਲਾਂ ਨਕਸ਼ੇ ਵਿੱਚ ਵਿਖਾਏ ਨਹੀਂ ਜਾਂਦੇ,ਬਾਦ ਵਿੱਚ ਵਿੱਚ ਵਿਚਕਾਰ ਬਣਾ ਦਿੰਦੇ ਹਨ,ਕਲੋਨੀ ਵੇਚਣ ਵੇਲੇ ਨੈਸ਼ਨਲ ਹਾਈਵੇ ਤੋਂ ਸੜਕ ਵਿਖਾਕੇ,ਮਹਿੰਗੇ ਪਲਾਟ ਵੇਚੇ ਜਾਂਦੇ ਹਨ ਪਰ ਬਾਦ ਵਿੱਚ ਸੜਕਾਂ ਗਾਇਬ ਹੋ ਜਾਂਦੀਆਂ ਹਨ।ਲੋਕਾਂ ਦੇ ਹੱਥਾਂ ਵਿੱਚ ਜੋ ਸਬੂਤ ਹੁੰਦੇ ਹਨ,ਉਹ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ।ਇਥੇ ਸਵਾਲ ਏਹ ਉੱਠਦਾ ਹੈ ਕਿ ਲੋਕ ਕਿਧਰ ਜਾਣ?ਜੇਕਰ ਵਿਭਾਗ ਆਪਣੇ ਪਾਸ ਨਕਸ਼ਿਆਂ ਉਪਰ ਵਿਖਾਈ ਸੜਕ,ਜਿਸ ਨਕਸ਼ੇ ਤੇ ਅਫਸਰਾਂ ਅਧਿਕਾਰੀਆਂ ਦੀਆਂ ਮੋਹਰਾਂ ਤੇ ਦਸਤਖ਼ਤ ਹਨ,ਉਹ ਮੰਨਣ ਨੂੰ ਤਿਆਰ ਨਹੀਂ ਤਾਂ ਲੋਕ ਹੋਰ ਸਬੂਤ ਕੀ ਦੇਣ?ਲੋਕਾਂ ਨਾਲ ਧੋਖੇ ਹੋ ਰਹੇ ਨੇ,ਲੋਕਾਂ ਨੂੰ ਸ਼ਰੇਆਮ ਖੱਜਲ ਕੀਤਾ ਜਾ ਰਿਹਾ ਹੈ।ਲੋਕਾਂ ਦਾ ਸੁੱਖ ਚੈਨ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਰਿਹਾ ਹੈ।ਜੇਕਰ ਵਿਭਾਗ,ਬਿਲਡਰ ਨੂੰ ਗਲਤ ਕੰਮ ਕਰਨ ਦਿੰਦੇ ਹਨ ਤਾਂ ਹੀ ਸੱਭ ਹੁੰਦਾ ਹੈ।ਜਦੋਂ ਬੇਨਿਯਮੀਆਂ ਹੋ ਰਹੀਆਂ ਹੁੰਦੀਆਂ ਹਨ ਉਦੋਂ ਵਿਭਾਗਾਂ ਦੀ ਸਹਿਮਤੀ ਪੂਰੀ ਤਰ੍ਹਾਂ ਹੁੰਦੀ ਹੈ।ਜਿਹੜੇ ਨਕਸ਼ੇ ਜਾਂ ਬਰੋਸ਼ਰ ਬਾਦ ਵਿੱਚ ਬਿਲਡਰ ਜਾਂ ਵਿਭਾਗ ਨੂੰ ਵਿਖਾਉ ਤਾਂ ਉਹ ਉਸ ਬਾਰੇ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ।ਲੋਕ ਜ਼ਿੰਦਗੀ ਭਰ ਦੀ ਕਮਾਈ ਲਗਾਕੇ ਅਦਾਲਤਾਂ ਦੇ ਚੱਕਰ ਲਗਾਉਣ ਲਈ ਮਜ਼ਬੂਰ ਨੇ।ਸੀਨੀਅਰ ਸਿਟੀਜ਼ਨ ਧੱਕੇ ਖਾ ਰਹੇ ਨੇ।ਇਹ ਸੱਭ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਹੋ ਰਿਹਾ ਹੈ।ਹਰ ਪਾਸੇ ਹੇਰਾਫੇਰੀਆਂ,ਵਧੀਕੀਆਂ ਤੇ ਨਜ਼ਾਇਜ ਕੰਮ ਹੋ ਰਹੇ ਨੇ।ਆਮ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਗਈ ਹੈ।ਬਲਰਾਜ ਸਾਹਨੀ ਨੇ ਠੀਕ ਹੀ ਲਿਖਿਆ ਹੈ,"ਚੰਦ ਲੋਕਾਂ ਦੀਆਂ ਜੇਬਾਂ ਭਰਨ ਲਈ, ਬਹੁਗਿਣਤੀ ਦੀਆਂ ਜੇਬਾਂ ਖਾਲੀ ਕੀਤੀਆਂ ਜਾਂਦੀਆਂ ਹਨ।"
ਇਮਾਨਦਾਰੀ ਨਾਲ ਕੰਮ ਕਰਨ ਜਾਂ ਕਰਵਾਉਣ ਵਾਲੇ ਦਾ ਮਜ਼ਾਕ ਉਡਾਇਆ ਜਾਂਦਾ ਹੈ।ਪੁਲਿਸ ਸਟੇਸ਼ਨ ਜਾਉ,ਇੱਕ ਕਾਂਸਟੇਬਲ ਸਿੱਧੇ ਮੂੰਹ ਗੱਲ ਨਹੀਂ ਕਰੇਗਾ, ਠਾਣੇਦਾਰ ਦੇ ਦਫ਼ਤਰ ਵਿੱਚ ਵੜਨਾ ਔਖਾ ਹੁੰਦਾ ਹੈ।ਜਿਸ ਤਰ੍ਹਾਂ ਦਾ ਲਹਿਜ਼ਾ ਹੁੰਦਾ ਹੈ ਗੱਲ ਕਰਨ ਦਾ,ਕਈ ਵਾਰ ਆਪਣੇ ਆਪ ਨੂੰ ਸ਼ਰਮ ਆਉਣ ਲੱਗ ਜਾਂਦੀ ਹੈ।ਕਿਸੇ ਦਫ਼ਤਰ ਵਿੱਚ ਚਲੇ ਜਾਉ,ਚਪੜਾਸੀ ਸਾਹਿਬ ਹੀ ਅੰਦਰ ਜਾਣ ਲਈ ਕੁਝ ਭਾਲ ਰਹੇ ਹੁੰਦੇ ਹਨ।ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਨ ਵੇਲੇ ਪੈਸੇ ਮੰਗੇ ਜਾਂਦੇ ਹਨ ਜਾਂ ਮੌਤ ਦਾ ਸਰਟੀਫਿਕੇਟ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਹੈ।ਰਿਸ਼ਵਤ ਲੈਣ ਵਾਲਾ ਹੱਕ ਨਾਲ ਰਿਸ਼ਵਤ ਮੰਗਦਾ ਹੈ ਤੇ ਦੇਣ ਵਾਲਾ ਮਜ਼ਬੂਰੀ ਵੱਸ ਦੇ ਰਿਹਾ ਹੁੰਦਾ ਹੈ ਤੇ ਘਰੋਂ ਉਸਦੇ ਪੈਸੇ ਲੈਕੇ ਤੁਰਦਾ ਹੈ।ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤੇ ਰਿਸ਼ਵਤ ਦੇਕੇ ਛੁੱਟ ਜਾਂਦੇ ਹਨ।ਇਸ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੈ।ਅਦਾਲਤਾਂ ਵਿੱਚ ਜਾਣਾ ਵੀ ਲੋਕਾਂ ਦੇ ਵੱਸ ਦਾ ਕੰਮ ਨਹੀਂ।ਵਿਭਾਗਾਂ ਦੀ ਮਨਮਾਨੀਆਂ ਤੇ ਕੁਤਾਹੀਆਂ ਕਰਕੇ, ਲੋਕਾਂ ਦੀ ਕਿਧਰੇ ਸੁਣਵਾਈ ਨਾ ਹੋਣ ਕਰਕੇ ਅਦਾਲਤਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਅਦਾਲਤਾਂ ਵਿੱਚ ਵੀ ਕੇਸਾਂ ਦੀ ਭਰਮਾਰ ਹੈ।
ਆਜ਼ਾਦੀ ਤੋਂ ਬਾਦ ਹੀ ਭ੍ਰਿਸ਼ਟਾਚਾਰ ਦੀ ਜੜ੍ਹ ਲੱਗ ਗਈ ਸੀ।ਇਸ ਉਪਰ ਕੰਟਰੋਲ ਹੋਇਆ ਹੀ ਨਹੀਂ ਤੇ ਏਹ ਕੈਂਸਰ ਦੀ ਤਰ੍ਹਾਂ ਫੈਲਦਾ ਰਿਹਾ ਤੇ ਹੁਣ ਏਹ ਬੀਮਾਰੀ ਆਖਰੀ ਸਟੇਜ ਤੇ ਪਹੁੰਚ ਚੁੱਕੀ ਹੈ,ਹਰ ਜਗ੍ਹਾ ਫੈਲ ਚੁੱਕਾ ਹੈ।ਉਪਰੰਤ ਨਰਸਿੰਮ੍ਹਾ ਰਾਓ ਦੇ ਕਾਲ ਵਿੱਚ ਕਈ ਰਾਜਸੀ ਨੇਤਾ ਕਰੋੜਾਂ ਰੁਪਿਆਂ ਦੇ ਸਕੈਂਡਲਾਂ ਵਿੱਚ ਫਸੇ ਤੇ ਅਦਾਲਤਾਂ ਵਿੱਚ ਕੇਸ ਪਹੁੰਚ ਗਏ।
 ਕਈਆਂ ਨੂੰ ਸਜ਼ਾਵਾਂ ਵੀ ਹੋੋਈਆਂ ਪਰ ਜਿਵੇਂ ਦੇ ਕਦਮ ਚੁੱਕਣੇ ਚਾਹੀਦੇ ਸਨ ਉਹ ਚੁੁੱਕੇ ਨਹੀਂ ਗਏ।ਇਸ ਕਰਕੇ ਇਹ ਧੜੱਲੇ ਨਾਲ ਵੱਧਦਾ ਫੁੱੱਲਦਾ ਰਿਹਾ।ਹੁਣ ਚੋਣਾਂ ਵੇਲੇ ਲੋਕਾਂ ਨੂੰ ਵੀ ਰਿਸ਼ਵਤ ਦੇਣ ਕੰਮ ਸ਼ੁੁਰੂ ਹੋ ਗਿਆ ਜੋ ਦੇਸ਼ ਤੇ ਸਮਾਜ ਲਈ ਬੇਹੱਦ ਘਾਤਕ ਸਿਧ ਹੋੋ ਰਿਹਾ ਹੈ।ਹਰ ਸਿਆਸੀ ਪਾਰਟੀ ਸੱਤਾ ਵਿੱਚ ਆਉਣ ਵਾਸਤੇ ਕਈ ਤਰ੍ਹਾਂ ਦੀਆਂ ਹੇਰਾ
ਫੇਰੀਆਂ ਕਰਦੇ ਹਨ।ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਸਿਆਸੀ ਪਾਰਟੀਆਂ ਦੀ ਸ਼ਹਿ ਹੁੰਦੀ ਹੈ।ਇਸ ਦਾ ਨਤੀਜਾ ਏਹ ਹੈ ਕਿ ਲੋਕਾਂ ਨੂੰ ਦੋਨੋਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਸੁਧਾਰ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ।
ਕੋਈ ਵੀ ਵਿਭਾਗ ਭ੍ਰਿਸ਼ਟਾਚਾਰ ਤੋਂ ਬਚਿਆ ਨਹੀਂ।ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਬੀਜ ਨਕਲੀ ਆ ਰਹੇ ਨੇ,ਸਪਰੇ ਨਕਲੀ ਬਜ਼ਾਰ ਵਿੱਚ ਵਿਕ ਰਹੇ ਹਨ,ਖਾਦਾਂ ਦਾ ਵੀ ਹਾਲ ਬਹੁਤ ਵਧੀਆ ਨਹੀਂ ਹੈ।ਪਿੰਡਾਂ ਵਿੱਚ ਜਾਣ ਵਾਲੀਆਂ ਗਰਾਂਟਾਂ ਵਿੱਚ ਚੂੰਡੀਆਂ ਲੱਗ ਜਾਂਦੀਆਂ ਹਨ,ਇਸ ਵਿੱਚ ਸੰਬੰਧਿਤ ਵਿਭਾਗਾਂ ਦੇ ਲੋਕਾਂ ਦੀ ਮਿਲੀ ਭੁਗਤ ਹੁੰਦੀ ਹੈ।ਬਿਜਲੀ ਦੀ ਚੋਰੀ ਵਿਭਾਗ ਦੇ ਕਰਮਚਾਰੀਆਂ ਨਾਲ ਮਿਲਕੇ ਹੀ ਹੁੰਦੀ ਹੈ ਤੇ ਕੀਤੀ ਜਾ ਸਕਦੀ ਹੈ।ਬੱਸਾਂ ਵਿੱਚ ਸਵਾਰੀਆਂ ਕੋਲੋਂ ਤਾਂ ਪੈਸੇ ਲੈ ਲਏ ਜਾਂਦੇ ਹਨ ਪਰ ਉਸ ਵਿੱਚ ਵੀ ਗੜਬੜ ਹੋ ਜਾਂਦੀ ਹੈ ਤੇ ਸਰਕਾਰੀ ਬੱਸਾਂ ਘਾਟੇ ਵਿੱਚ ਚਲੀਆਂ ਜਾਂਦੀਆਂ ਹਨ।ਸਰਕਾਰੀ ਹਸਪਤਾਲਾਂ ਦੀਆਂ ਦਿਵਾਈਆਂ ਕਿਧਰ ਚਲੀਆਂ ਜਾਂਦੀਆਂ ਹਨ,ਸੱਭ ਜਾਣਦੇ ਹਨ।ਪੁਲਿਸ ਵਿਭਾਗ ਵਿੱਚ ਤਾਂ ਐੱਫ ਆਰ ਆਈ ਦਰਜ ਕਰਵਾਉਣਾ ਹੀ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਇਥੋਂ ਹੀ ਰਿਸ਼ਵਤ ਤੇ ਭ੍ਰਿਸ਼ਟਾਚਾਰ ਸ਼ੁਰੂ ਹੋ ਜਾਂਦਾ ਹੈ।ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਇਆ ਸੀ,ਇਹ ਵੀ ਇਸ ਬੀਮਾਰੀ ਤੋਂ ਨਹੀਂ ਬਚ ਸਕਿਆ।ਸਕੂਲਾਂ ਵਿੱਚ ਦਾਖਿਲੇ ਦੇ ਵਕਤ ਡੂਨੇਸ਼ਨ ਦੇ ਨਾਮ ਤੇ ਰਿਸ਼ਵਤ ਮੰਗੀ ਜਾਂਦੀ ਹੈ।ਬੜੀ ਸ਼ਰਮ ਆਉਂਦੀ ਹੈ ਤੇ ਦੁੱਖ ਹੁੰਦਾ ਹੈ ਜਦੋਂ ਬੱਚਿਆਂ ਦੀਆਂ ਕਿਤਾਬਾਂ, ਕਾਪੀਆਂ ਤੇ ਮਿੱਡ ਡੇ ਮੀਲ ਵਿੱਚ ਘਪਲੇ ਹੋ ਜਾਂਦੇ ਹਨ।ਨਿਰਮਾਣ ਵਿਭਾਗ ਵਿੱਚ ਜੋ ਭ੍ਰਿਸ਼ਟਾਚਾਰ ਵੇਖਣ ਨੂੰ ਮਿਲਦਾ ਹੈ ਉਸਦਾ ਪ੍ਰਭਾਵ ਸਾਡੀ ਸੱਭ ਦੀ ਜ਼ਿੰਦਗੀ ਤੇ ਹਰ ਰੋਜ਼ ਪੈਂਦਾ ਹੈ।ਕਮਿਸ਼ਨ ਦਾ ਬੋਲਬਾਲਾ ਹੈ ਸੜਕਾਂ ਉਪਰ ਪੂਰਾ ਮਟੀਰੀਅਲ ਨਾ ਹੋਣ ਕਰਕੇ ਸੜਕਾਂ ਟੁੱਟੀਆਂ ਹੀ ਰਹਿੰਦੀਆਂ ਹਨ।ਸਰਕਾਰੀ ਬਿਲਡੰਗਾ ਕੁਝ ਸਮੇਂ ਬਾਦ ਹੀ ਖੰਡਰ ਵਿਖਾਈ ਦੇਣ ਲੱਗ ਜਾਂਦੀਆਂ ਹਨ।ਕਈ ਵਾਰ ਪੁੱਲ ਬਣਦੇ ਬਣਦੇ ਡਿੱਗ ਪੈਂਦੇ ਹਨ।ਲੋਕ ਟੋਲ ਵੀ ਦਿੰਦੇ ਹਨ ਤੇ ਰੋਡ ਟੈਕਸ ਵੀ ਦਿੰਦੇ ਹਨ ਪਰ ਉਸਦੇ ਬਾਵਜੂਦ ਟੁੱਟੀਆਂ ਸੜਕਾਂ ਤੇ ਗੱਡੀਆਂ ਚਲਾਉਣ ਲਈ ਮਜ਼ਬੂਰ ਹਨ ਤੇ ਕਈ ਵਾਰ ਇੰਨਾ ਟੁੱਟੀਆਂ ਸੜਕਾਂ ਕਰਕੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ।ਪਾਣੀ ਦੇ ਸਾਰੇ ਸਰੋਤ ਗੰਧਲੇ ਹੋ ਗਏ ਕਿਉਂਕਿ ਸੀਵਰੇਜ ਦਾ ਸਾਰਾ ਗੰਦ,ਫੈਕਟਰੀਆਂ ਦਾ ਕੈਮੀਕਲ ਇੰਨਾ ਵਿੱਚ ਪਾ ਦਿੱਤਾ ਜਾਂਦਾ ਹੈ।ਟਰੀਟਮੈਂਟ ਪਲਾਂਟ ਸਿਰਫ਼ ਵਿਖਾਉਣ ਲਈ ਤੇ ਖਾਨਾਪੂਰਤੀ ਲਈ ਹਨ।ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੇ ਕੰਮ ਨੂੰ ਠੀਕ ਤਰੀਕੇ ਨਾਲ ਨਹੀਂ ਨਿਭਾਇਆ ਤੇ ਲੈਣ ਦੇਣ ਦੀ ਭੇਂਟ ਚੜ੍ਹ ਗਿਆ ਹਰ ਨਦੀ ਨਾਲਾ ਤੇ ਭ੍ਰਿਸ਼ਟਾਚਾਰ ਨੇ ਨੰਗਾ ਨਾਚ ਕੀਤਾ ਹਰ ਸਤਰ ਤੇ।ਖਾਣ ਪੀਣ ਵਾਲੀ ਕੋਈ ਚੀਜ਼ ਸ਼ੁਧ ਨਹੀਂ ਰਹੀ।ਮੁਆਫ਼ ਕਰਨਾ ਹੁਣ ਤਾਂ ਧਾਰਮਿਕ ਸਥਾਨ ਵੀ ਇਸ ਤੋਂ ਨਹੀਂ ਬਚੇ।ਮੀਡੀਆ ਤੇ ਵੀ ਲੋਕ ਉਂਗਲੀਆਂ ਚੁੱਕਦੇ ਹਨ।ਗੱਲ ਕੀ ਕੋਈ ਵੀ ਵਿਭਾਗ ਤੇ ਕੋਈ ਵੀ ਸੰਸਥਾ ਇਸ ਭ੍ਰਿਸ਼ਟਾਚਾਰ ਰੂਪੀ ਕੈਂਸਰ ਤੋਂ ਨਹੀਂ  ਬਚੀ।
ਜੇਕਰ ਅਸੀਂ ਏਹ ਕਹਿ ਲਈਏ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤਾਂ ਗਲਤ ਹੋਏਗਾ।ਇਸ ਤੋਂ ਜੇਕਰ ਬਚਣਾ ਹੈ ਤਾਂ ਦੇਸ਼ ਨੂੰ ਬਚਾਉਣਾ ਹੈ ਤਾਂ ਚੋਣਾਂ ਵੇਲੇ, ਉਮੀਦਵਾਰਾਂ ਕੋਲੋਂ ਕਿਸੇ ਵੀ ਤਰ੍ਹਾਂ ਦੇ ਤੋਹਫ਼ੇ,ਸ਼ਰਾਬ ਤੇ ਨਸ਼ੇ ਨਾ ਲਵੋ,ਸਿਆਣੇ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੇਤਾ ਨੂੰ ਵੋਟ ਦਿਉ।ਚੋਣਾਂ ਵਿੱਚ ਵੱਧ ਰਹੇ ਖਰਚਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੋ ਰਿਹਾ ਹੈ।ਹਰ ਵਿਭਾਗ ਦੇ ਹਰ ਕਰਮਚਾਰੀ ਦੀ ਜਵਾਬਦੇਹੀ ਤਹਿ ਹੋਵੇ।ਹਰ ਕਿਸੇ ਦੀ ਜਾਇਦਾਦ ਨੂੰ ਵੇਖਣਾ ਚਾਹੀਦਾ ਹੈ ਕਿ ਆਮਦਨ ਅਤੇ ਜਾਇਦਾਦ ਮੇਲ ਖਾ ਰਹੇ ਹਨ।ਇਸ ਵਕਤ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ,ਦੇਸ਼ ਦੀ ਸਰਕਾਰ ਨੂੰ ਭ੍ਰਿਸ਼ਟਾਚਾਰ ਖਿਲਾਫ਼ ਕਦਮ ਚੁੱਕਣੇ ਚਾਹੀਦੇ ਨੇ,ਹੁਣ ਸੱਭ ਹੱਦ ਬੰਨੇ ਟੱਪ ਲਏ ਨੇ ਭ੍ਰਿਸ਼ਟਾਚਾਰ ਨੇ,ਇਸ ਤੇ ਨੱਥ ਪਾਉਣੀ ਜ਼ਰੂਰੀ ਹੋ ਗਈ ਹੈ।


ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment