Article

ਸਾਨੂੰ ਵੀ ਤਾ ਜਾਲਮਾ ਅੰਮੜੀ ਨੇ ਜਾਇਆ // ਜਸਪ੍ਰੀਤ ਕੌਰ ਸੰਘਾ

September 09, 2018 09:28 PM
General

  ਪੁਰਾਣੇ ਰੀਤੀ ਰਿਵਾਜ ਸਾਡੇ ਸਭਿਆਚਾਰ ਦੀ ਜਿੰਦ ਜਾਨ ਹਨ , ਪਰ ਜਦੋ ਇਨ੍ਹਾ ਰੀਤੀ ਰਿਵਾਜਾ ਦੇ ਸਹੀ ਉਦੇਸ਼ਾ ਨੂੰ ਭੁੱਲ ਕੇ ਇਨ੍ਹਾ ਦੀ ਗਲਤ ਵਰਤੋ ਹੁੰਦੀ ਹੈ ਤਾਂ ਇਹੀ ਰੀਤੀ ਰਿਵਾਜ ਸਾਡੇ ਲਈ ਸ਼ਰਾਪ ਬਣ ਜਾਂਦੇ ਹਨ। ਅਜਿਹੀ ਹੀ ਇੱਕ ਪ੍ਰਥਾ ਹੈ- ਦਹੇਜ ਪ੍ਰਥਾ । ਇਹ ਪ੍ਰਥਾ ਪੁਰਾਤਨ ਸਮੇ ਤੋ ਹੀ ਸਾਡੇ ਸਮਾਜ ਵਿੱਚ ਚੱਲੀ ਆ ਰਹੀ ਹੈ।ਪੁਰਾਣੇ ਸਮੇ ਵਿੱਚ ਇਹ ਪ੍ਰਥਾ ਉੱਚ ਉਦੇਸ਼ਾ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਸੀ ।

 

ਦਾਜ ਦਾ ਅਰਥ ਹੈ ਵਿਆਹ ਸਮੇ ਦਿੱਤੀਆਂ ਜਾਣ ਵਾਲੀਆਂ ਜਰੂਰੀ ਵਸਤਾਂ। ਦਹੇਜ ਪ੍ਰਥਾ ਦਾ ਵਰਨਣ ਸਾਡੀਆਂ ਪੁਰਾਤਨ ਲੋਕ ਕਥਾਂਵਾ ਤੇ ਸਾਹਿਤ ਵਿੱਚ ਵੀ ਮਿਲਦਾ ਹੈ।ਮਾਤਾ - ਪਿਤਾ ਲੜਕੀ ਨੂੰ ਉਸਦੇ ਵਿਆਹ ਸਮੇ ਘਰ ਦਾ ਸਮਾਨ ਤੇ ਪਹਿਰਾਵੇ ਨਾਲ ਸਬੰਧਿਤ ਵਸਤਾ ਦਿੰਦੇ ਸਨ।ਪੁਰਾਣੇ ਸਮਿਆਂ ਵਿੱਚ ਲੜਕੀ ਦਾ ਪਤੀ ਦੇ ਘਰ ਖਾਲੀ ਹੱਥ ਜਾਣਾ ਚੰਗਾ ਸ਼ਗਨ ਨਹੀ ਸਮਝਿਆ ਜਾਂਦਾ ਸੀ ਅਤੇ ਮਾਂ - ਬਾਪ ਵੀ ਧੀ ਨੂੰ ਸ਼ਗਨ ਦੇ ਰੂਪ ਵਿੱਚ ਕੁੱਝ ਨਾ ਕੁੱਝ ਦੇਣਾ ਆਪਣਾ ਫਰਜ ਸਮਝਦੇ ਸਨ। ਜਿਸ ਕੋਲੋ ਜਿੰਨਾ ਸਰਦਾ ਸੀ ਉਹ ਆਪਣੀ ਧੀ ਦੀ ਝੋਲੀ ਪਾ ਦਿੰਦਾ ਸੀ ,ਪਰ ਪੁਰਾਣੇ ਸਮਿਆਂ ਵਿੱਚ ਇੱਕ ਚੰਗੇ ਉਦੇਸ਼ ਨੂੰ ਲੈ ਕੇ ਬਣਾਈ ਇਹ ਪ੍ਰਥਾ ਅੱਜ ਕੁਪ੍ਰਥਾ ਬਣ ਚੁੱਕੀ ਹੈ । ਅੱਜ ਤਾ ਦਹੇਜ ਦੇ ਨਾਮ ਤੇ ਧੀਆਂ ਦੀ ਬਲੀ ਲਈ ਜਾ ਰਹੀ ਹੈ। aੁਨ੍ਹਾ ਨੂੰ ਜਿਉਂਦਿਆਂ ਅੱਗ ਵਿੱਚ ਸਾੜਿਆ ਜਾ ਰਿਹਾ ਹੈ ,ਕਿਤੇ ਜਹਿਰ ਦੇ ਕੇ ਮਾਰਿਆ ਜਾਂਦਾ ਹੈ , ਕਿਤੇ ਸਟੋਵ ਫਟਦਾ ਹੈ ,ਕਿਤੇ ਫਾਹਾ ਦੇ ਕੇ ਮਾਰਿਆ ਜਾ ਰਿਹਾ ਹੈ।ਰੋਜਾਨਾ ਅਖਬਾਰਾ ਅਜਿਹੀਆਂ ਖਬਰਾ ਨਾਲ ਭਰੀਆਂ ਹੀ ਮਿਲਦੀਆਂ ਹਨ । ਅਸਲ ਵਿੱਚ ਦਹੇਜ ਪ੍ਰਥਾ ਨੂੰ ਸਾਡੇ ਲਾਲਚੀ ਸਮਾਜ ਨੇ ਆਪਣੇ ਲਾਲਚ ਨੂੰ ਪੂਰਾ ਕਰਣ ਦਾ ਸਾਧਨ ਬਣਾ ਲਿਆ ਹੈ।


 ਅੱਜ ਆਮ ਇਨਸਾਨ ਲਈ ਧੀ ਦਾ ਵਿਆਹ ਕਰਨਾ ਤੇ ਧੀ ਦੇ ਸੁਹਰਿਆਂ ਦੀਆਂ ਮੋਟੀਆਂ- ਮੋਟੀਆਂ ਮੰਗਾ ਨੂੰ ਪੂਰਾ ਕਰਨਾ ਇੱਕ ਚੁਣੌਤੀ ਬਣਿਆ ਹੋਇਆ ਹੈ।ਵੱਧ ਰਹੇ ਦਾਜ ਦੇ ਲਾਲਚ ਕਾਰਣ ਹੀ ਅੱਜ ਮਾਪੇ ਧੀਆਂ ਜੰਮਣ ਤੋ ਡਰਦੇ ਹਨ। ਭਰੂਣ ਹੱਤਿਆ ਦਾ ਇੱਕ ਵੱਡਾ ਕਾਰਣ ਇਹ ਦਹੇਜ ਪ੍ਰਥਾ ਵੀ ਹੈ। ਮਾਪੇ ਅਸਲ ਵਿੱਚ ਧੀਆਂ ਤੋ ਨਹੀ ਬਲਕਿ ਧੀਆਂ ਦੇ ਕਰਮਾ ਤੋ ਡਰਦੇ ਹਨ।

 ਅੱਜ ਲੜਕੀ ਦੀ ਸ੍ਰੇਸ਼ਟਤਾ ਉਸਦੀ ਪੜਾਈ ਲਿਖਾਈ ,ਉਸਦੀ ਸੁੰਦਰਤਾ, ਉਸਦੀ ਸੁਸ਼ੀਲਤਾ ਤੋ ਨਹੀ ਮਾਪੀ ਜਾਂਦੀ ਬਲਕਿ ਦਾਜ ਨਾਲ ਮਾਪੀ ਜਾਂਦੀ ਹੈ। ਦਹੇਜ ਪ੍ਰਥਾ ਦੇ ਵਿਗੜੇ ਰੂਪ ਲਈ ਸਿਰਫ ਮੁੰਡੇ ਵਾਲੇ ਇਕੱਲੇ ਹੀ ਜਿੰਮੇਵਾਰ ਨਹੀ ਹਨ ਬਲਕਿ ਕਈ ਕੁੜੀ ਵਾਲੇ ਵੀ ਦਾਜ ਵਿੱਚ ਕਾਰਾ , ਜਮੀਨਾ ,ਗਹਿਣੇ , ਪੈਸੇ ਆਦਿ ਦੇਣ ਨੂੰ ਆਪਣਾ ਵਡੱਪਣ ਸਮਝਦੇ ਹਨ । ਅਮੀਰਾ ਲਈ ਤਾਂ ਇਹ ਵਡੱਪਣ ਜਾਂ ਦਿਲ ਪਰਚਾਵਾ ਹੋ ਸਕਦਾ ਹੈ ਪਰ ਇਸ ਨਾਲ ਗਰੀਬ ਪਿਸਦਾ ਹੈ ਕਿਉਕਿ ਦੇਖੋ ਦੇਖੀ ਸਾਰੇ ਦਹੇਜ ਲਈ ਮੂੰਹ ਅੱਡਦੇ ਹਨ । ਗਰੀਬ ਲਈ ਤਾਂ ਇਸ ਮਹਿੰਗਾਈ ਵਿੱਚ ਧੀ ਦਾ ਵਿਆਹ ਕਰਨਾ ਹੀ ਇੱਕ ਵੱਡੀ ਸਮੱਸਿਆ ਹੈ ਫਿਰ ਉਹ ਦਾਜ ਦੀਆਂ ਵੱਡੀਆਂ - ਵੱਡੀਆਂ ਮੰਗਾ ਕਿਵੇ ਪੂਰੀਆਂ ਕਰੇ ? ਫਿਰ ਇਸਦਾ ਖਾਮਿਆਜਾ ਭੁਗਤਣਾ ਪੈਂਦਾ ਹੈ ਮਾਸੂਮ ਧੀਆਂ ਨੂੰ ਜੋ ਦਾਜ ਦੀ ਅੱਗ ਵਿੱਚ ਜਿਉਂਦੀਆਂ ਸਾੜੀਆਂ ਜਾ ਰਹੀਆਂ ਹਨ।
                             ਅੱਜ ਰਿਸ਼ਤਾ ਲੜਕੀ ਨਾਲ ਨਹੀ ਚੈਕ ਬੁੱਕ ਨਾਲ ਤੈਅ ਹੁੰਦਾ ਹੈ। ਵਰਾ ਦੀ ਨਿਲਾਮੀ ਹੁੰਦੀ ਹੈ ਜੋ ਜਿੰਨੀ ਵੱਡੀ ਬੋਲੀ ਲਗਾਏਗਾ ਮੁੰਡਾ ਉਨ੍ਹਾ ਦਾ । ਜਿੰਨੀ ਵੱਡੀ ਲੜਕੇ ਦੀ ਡਿਗਰੀ ਦਹੇਜ ਦੀ ਰਕਮ ਵੀ ਉਨੀ ਹੀ ਵੱਡੀ । ਹੁਣ ਕੋਈ ਦੱਸੇ ਕਿ ਜੇਕਰ ਲੜਕਾ ਵੱਧ ਪੜਿਆ ਲਿਖਿਆ ਹੈ ,ਚੰਗਾ ਕਮਾਉਂਦਾ ਹੈ ਤਾਂ ਲੜਕੀ ਦੇ ਪਰਿਵਾਰ ਨੂੰ ਉਸਦਾ ਕੀ ਸੁੱਖ ? ਕੀ ਉਸਨੇ ਆਪਣੀ ਕਮਾਈ ਲੜਕੀ ਦੇ ਮਾਂ -ਪਿਉ ਨੂੰ ਦੇਣੀ ਹੈ ਜੋ ਉਸਦੀ ਕੀਮਤ ਲੜਕੀ ਦਾ ਪਰਿਵਾਰ ਚੁਕਾਵੇ। ਜਿਸ ਵਿਅਕਤੀ ਨੇ ਆਪਣੀ ਪਲੀ -ਪਲਾਈ  ਧੀ ,ਆਪਣੇ ਜਿਗਰ ਦਾ ਟੋਟਾ ਦੇ ਦਿੱਤਾ ਉਸ ਤੋ ਵੱਧ ਉਹ ਹੋਰ ਕੀ ਦੇ ਸਕਦਾ ਹੈ ।
                            ਮਾਂ - ਬਾਪ ਆਪਣੀ ਧੀ ਦਾ ਪਾਲਣ ਪੋਸ਼ਣ ਕਿੰਨੇ ਚਾਂਵਾਂ ਨਾਲ ਕਰਦੇ ਹਨ, ਫਿਰ ਉਸਦੀ ਪੜਾਈ ਤੇ ਕਿੰਨਾ ਖਰਚ ਕਰਦੇ ਹਨ ਫਿਰ ਲੜਕੇ ਵਾਲੇ ਆਖਿਰ ਕਿਸ ਗੱਲ ਦੀ ਕੀਮਤ ਮੰਗਦੇ ਹਨ ? ਲੜਕੇ ਪਰਿਵਾਰ ਤੋ ਇਹ ਕੀਮਤ ਤਾ ਸਗੋ ਲੜਕੀ ਪਰਿਵਾਰ ਨੂੰ ਮੰਗਣੀ ਚਾਹੀਦੀ ਹੈ । ਜਿਨ੍ਹਾ ਆਪਣੀ ਪਲੀ - ਪਲਾਈ ਧੀ ਬੇਗਾਨੇ ਹੱਥੀ ਸੌਪਣੀ ਹੈ । ਇਕ ਧੀ ਆਪਣੀ ਵਸੀ ਵਸਾਈ ਦੁਨੀਆ ਇੱਕ ਪਰਾਏ ਇਨਸਾਨ ਲਈ ਛੱਡ ਕੇ ਉਸਨੂੰ,ਉਸਦੇ ਘਰ ਨੂੰ , ਉਸਦੇ ਹਰ ਰਿਸ਼ਤੇ ਨੂੰ ਅਪਣਾਉਂਦੀ ਹੈ ਪਰ ਬਦਲੇ ਵਿੱਚ ਉਸਨੂੰ ਕੀ ਮਿਲਦਾ ਹੈ - ਦਰਦ , ਜਿੱਲਤ ਤੇ ਦਾਜ ਦੀ ਅੱਗ ਦਾ ਸੇਕ । ਜੇਕਰ ਉਹ ਜਿਉਂਦੀ ਹੈ ਤਾ ਰੋਜ ਮਰ-ਮਰ ਕੇ ਜਿਉਂਦੀ ਹੈ ਨਹੀ ਤਾ ਇੱਕ ਸਟੋਵ ਫਟਣ ਜਾ ਇੱਕ ਜਹਿਰ ਦਾ ਪਿਆਲਾ ਦੇ ਕੇ ਖਤਮ ਕਰ ਦਿੱਤੀ ਜਾਂਦੀ ਹੈ ਸਾਰੀ ਕਹਾਣੀ। ਆਖਿਰ ਉਸ ਮਾਸੂਮ ਦਾ ਦੋਸ਼ ਕੀ ਹੁੰਦਾ ਹੈ ?
                             ਅੱਜ ਲੋੜ ਹੈ ਕਿ ਨੋਜਵਾਨ ਪੀੜੀ ਇਸ ਕਰੀਤੀ ਦੇ ਵਿਰੋਧ ਵਿੱਚ ਅੱਗੇ ਆਵੇ । ਲੜਕੀ ਨੂੰ ਖੁਦ ਉਸ ਘਰ ਵਿਆਹ ਕਰਵਾਉਣ ਤੋ ਮਨ੍ਹਾ ਕਰ ਦੇਣਾ ਚਾਹੀਦਾ ਹੈ ਜਿਥੇ ਦਹੇਜ ਦੀ ਮੰਗ ਕੀਤੀ ਜਾਵੇ । ਮਾਪਿਆਂ ਨੂੰ ਵੀ ਧੀ ਲਈ ਰਿਸ਼ਤਾ ਲੱਭਣ ਸਮੇ ਲੜਕੇ ਦੇ ਪਰਿਵਾਰ ਦੀ ਪੂਰੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ।ਜਲਦਬਾਜੀ ਵਿੱਚ ਕੀਤੇ ਰਿਸ਼ਤਿਆਂ ਵਿੱਚ ਅਕਸਰ ਧੀਆਂ ਦੇ ਸੁੱਖਾਂ ਦੀ ਆਸ ਲਾਈ ਬੈਠੇ ਮਾਪੇ ਧੀਆਂ ਦੇ ਵਿਨਾਸ਼ ਦਾ ਕਾਰਣ ਆਪ ਹੀ ਬਣ ਜਾਂਦੇ ਹਨ।
                              ਨੌਜਵਾਨ ਮੁਡਿੰਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜਿੰਦਗੀ ਦੀ ਗੱਡੀ ਤੋਰਣ ਲਈ ਇੱਕ ਚੰਗੀ ਜੀਵਨ ਸਾਥਣ ਦਾ ਹੋਣਾ ਜਰੂਰੀ ਹੈ ਨਾ ਕਿ ਦਹੇਜ ਵਿੱਚ ਮਿਲੇ ਤੋਹਫਿਆਂ ਦਾ । ਜਿੱਥੇ ਨੂੰਹਾ ਨੂੰ ਪਿਆਰ ਦੀ ਜਗਾ ਅੱਗ ਦਾ ਸੇਕ ,ਜਹਿਰ ,ਫਾਹਾ ਮਿਲੇ ਉਸ ਸਮਾਜ ਨੂੰ ਅਸੀ ਸਭਿਅਕ ਸਮਾਜ ਕਿਵੇ ਆਖ ਸਕਦੇ ਹਾਂ ? ਆਓ ਇਸ ਸਮਾਜ ਨੂੰ ਸਭਿਅਕ ਬਣਾਉਣ ਲਈ ਸਾਰੇ ਮਿਲ ਕੇ ਹੰਭਲਾ ਮਾਰੀਏ ਤੇ ਖਤਮ ਕਰ ਦਈਏ ਇਸ ਦਹੇਜ ਪ੍ਰਥਾ ਦੇ ਕੋਹੜ ਨੂੰ ਤਾਂ ਕਿ ਕੋਈ ਵੀ ਧੀ ਦੇ ਕਰਮਾਂ ਤੋ ਨਾ ਡਰੇ ਅਤੇ ਧੀ ਨੂੰ ਕੁੱਖ ਵਿੱਚ ਨਾ ਮਾਰੇ । ਧੀਆਂ ਨੂੰ ਵੀ ਉਡਣ ਲਈ ਉਹ ਖੁੱਲਾ ਆਸਮਾਨ ਦਈਏ ਜਿਸਦੀਆਂ ਉਹ ਹੱਕਦਾਰ ਹਨ ।ਆਓ ਬੁਲੰਦ ਕਰੀਏ ਇਸ ਆਵਾਜ ਨੂੰ ਕਿ ਦਹੇਜ ਪ੍ਰਥਾ ਇੱਕ ਕਲੰਕ ਹੈ ਤਾ ਕਿ ਕਿਸੇ ਹੋਰ ਧੀ ਨੂੰ ਦਾਜ ਦੀ ਅੱਗ ਵਿੱਚ ਨਾ ਸੜਨਾ ਪਵੇ । ਸ਼ਾਲਾ ਹੱਸਦੀਆਂ - ਵੱਸਦੀਆਂ ਰਹਿਣ ਇਹ ਧੀਆਂ ਜੋ ਲੱਖਾ ਦਰਦ ਖੁਦ ਜਰ ਕੇ ਵੀ ਹਰ ਰਿਸ਼ਤੇ ਲਈ ਸੁੱਖ ਮੰਗਦੀਆਂ ਹਨ -;


                             ਸਾਨੂੰ ਵੀ ਤਾ ਜਾਲਮਾ ਅੰਮੜੀ ਨੇ ਜਾਇਆ
                             ਸਾਨੂੰ ਵੀ ਤਾ ਬਾਬੁਲ ਨੇ ਸੀ ਲ਼ਾਡ ਲਡਾਇਆ
                             ਫਿਰ ਤੂੰ ਕਿਉ ਦਾਜ ਦੀ ਖਾਤਿਰ ਜਾਲਮਾ
                             ਸਾਨੂੰ ਬਲਦੀ ਅੱਗ ਵਿੱਚ ਪਾਇਆ ।


                                                ਜਸਪ੍ਰੀਤ ਕੌਰ ਸੰਘਾ
                                                ਪਿੰਡ - ਤਨੂੰਲੀ
                                                ਜਿਲ੍ਹਾ - ਹੁਸ਼ਿਆਰਪੁਰ

Have something to say? Post your comment