Article

ਮੇਰੀਏ ਪੰਜਾਬ ਸਰਕਾਰੇ, ਖਿਡਾਰੀ ਕਿੱਥੇ ਜਾਣ ਵਿਚਾਰੇ //ਜਗਰੂਪ ਸਿੰਘ ਜਰਖੜ

September 12, 2018 08:24 PM
General

ਮੇਰੀਏ ਪੰਜਾਬ ਸਰਕਾਰੇ, ਖਿਡਾਰੀ ਕਿੱਥੇ ਜਾਣ ਵਿਚਾਰੇ

ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਨਾ ਪੈਸਾ, ਨਾ ਨੌਕਰੀ ਨਾ ਸਨਮਾਨ - ਬੱਸ ਪੱਲੇ ਪਿਆ ਅਪਮਾਨ

ਪੰਜਾਬ ਸੂਬਾ ਭਾਰਤੀ ਖੇਡਾਂ ਦੀ ਇੱਕ ਨਰਸਰੀ ਹੈ। ਹੁਣ ਤੱਕ ਅੰਤਰ-ਰਾਸ਼ਟਰੀ ਪੱਧਰ 'ਤੇ ਭਾਰਤ ਨੇ ਜੋ ਵੀ ਖੱਟਿਆ ਹੈ ਉਸ ਵਿਚ ਪੰਜਾਬ ਦੇ ਖਿਡਾਰੀਆਂ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਰਿਹਾ ਹੈ। ਪਰ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੀਆਂ ਖੇਡਾਂ ਦੀ ਤਰੱਕੀ ਦੀ ਕਹਾਣੀ ਨਿਘਾਰ ਵੱਲ੍ਹ ਨੂੰ ਜਾ ਰਹੀ ਹੈ। ਹਾਲਾਂਕਿ ਸਹੂਲਤਾਂ ਨਾ ਮਿਲਣ ਦੇ ਬਾਵਜੂਦ ਵੀ ਪੰਜਾਬ ਦੇ ਖਿਡਾਰੀ ਪ੍ਰਾਪਤੀਆਂ ਕਰ ਰਹੇ ਹਨ। ਹੁਣੇ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੇ ਨਤੀਜੇ ਤਾਂ ਚੰਗੇ ਰਹੇ ਹਨ, ਪਰ ਜਦੋਂ ਤੱਕ ਪੰਜਾਬ ਦੇ ਤਿਆਰ ਕੀਤੇ ਖਿਡਾਰੀ ਦੂਸਰੇ ਸੂਬਿਆਂ ਜਾਂ ਵਿਭਾਗਾਂ ਵੱਲੋਂ ਭਾਰਤ ਦੀ ਨੁਮਾਇੰਦਗੀ ਕੀਤੀ। ਇਸਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਦਾ ਖੇਡਾਂ ਵੱਲ੍ਹ ਧਿਆਨ ਹੀ ਕੋਈ ਨਹੀਂ। ਪਿਛਲੀ ਅਕਾਲੀ ਸਰਕਾਰ ਨੇ ਖੇਡਾਂ ਦੇ ਖੇਤਰ 'ਚ ਕਬੱਡੀ ਦੇ ਨਾਮ 'ਤੇ ਵੋਟਾਂ ਦੀ ਰਾਜਨੀਤੀ ਖੇਡੀ। ਹੁਣ ਦੀ ਕੈਪਟਨ ਸਰਕਾਰ ਨੂੰ ਕੋਈ ਖਿਆਲ ਹੀ ਨਹੀਂ ਕਿ ਪੰਜਾਬ ਖੇਡਾਂ 'ਚ ਕਿੱਧਰ ਨੂੰ ਜਾ ਰਿਹਾ ਹੈ।

ਏਸ਼ੀਅਨ ਖੇਡਾਂ 'ਚ ਭਾਰਤ ਨੇ 69 ਸੋਨੇ ਦੇ ਤਗਮੇ ਜਿੱਤੇ, ਜੋ ਕਿ ਇੱਕ ਰਿਕਾਰਡ ਹੈ। ਸਭ ਤੋਂ ਵੱਧ ਤਗਮੇ ਹਰਿਆਣੇ ਦੇ ਹਿੱਸੇ ਵਿਚ ਆਏ। ਜਿਸ ਨੇ 5 ਸੋਨੇ, 5 ਚਾਂਦੀ ਤੇ 8 ਕਾਂਸੀ ਦੇ ਤਗਮਿਆਂ ਤੋਂ ਇਲਾਵਾ ਟੀਮ ਗੇਮਾਂ 'ਚ 25 ਦੇ ਕਰੀਬ ਤਗਮੇ ਹਾਸਲ ਕੀਤੇ। ਪੰਜਾਬ ਦੇ ਖਿਡਾਰੀਆਂ ਦਾ ਜੇਤੂ ਦਬਦਬਾ ਤਾਂ ਕਾਫੀ ਰਿਹਾ ਪਰ ਦੇ ਬਹੁਤੇ ਖਿਡਾਰੀ ਹਰਿਆਣਾ ਅਤੇ ਦੂਸਰੇ ਸੂਬਿਆਂ ਵੱਲੋਂ ਖੇਡੇ। ਜਿਸ ਤਰ੍ਹਾਂ ਸੋਨ ਤਗਮਾ ਜੇਤੂ ਅਥਲੀਟ ਅਰਪਿੰਦਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਖੇਡ ਨੀਤੀਆਂ ਤੋਂ ਦੁਖੀ ਹੋ ਕੇ ਹਰਿਆਣਾ ਦੀ ਨੁਮਾਇੰਦਗੀ ਕੀਤੀ। ਹਾਕੀ ਸਟਾਰ ਰੁਪਿੰਦਰਪਾਲ ਸਿੰਘ ਤਾਮਿਲਨਾਡੂ ਦੇ ਹਿੱਸੇ ਆਇਆ। ਕਬੱਡੀ ਵਾਲੀ ਮਨਪ੍ਰੀਤ ਕੌਰ ਹਰਿਆਣੇ ਵੱਲੋਂ ਖੇਡੀ। ਸਵਰਨ ਸਿੰਘ, ਸੁਖਮੀਤ ਸਿੰਘ, ਭਗਵਾਨ ਸਿੰਘ ਰੋਇੰਗ ਵਾਲੇ ਵੀ ਆਰਮੀ ਦੇ ਹਿੱਸੇ ਆਏ। ਅਥਲੀਟ ਮਨਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਨੇ ਪੰਜਾਬ ਸਰਕਾਰ ਦੀ ਖੇਡ ਨੀਤੀ ਤੋਂ ਦੁਖੀ ਹੁੰਦਿਆਂ ਦੂਸਰੇ ਰਾਜਾਂ ਵੱਲੋਂ ਨੁਮਾਇੰਦਗੀ ਕੀਤੀ। ਸਿਰਫ ਤੇਜਿੰਦਰ ਸਿੰਘ ਤੂਰ ਦਾ ਸੋਨ ਤਗਮਾ ਹੀ ਪੰਜਾਬ ਦੇ ਹਿੱਸੇ ਆਇਆ। ਤੇਜਿੰਦਰ ਸਿੰਘ ਤੂਰ ਨੂੰ ਕੋਈ ਇਨਾਮ ਤਾਂ ਕੀ ਦੇਣਾ ਸੀ, ਕੋਈ ਸਰਕਾਰੀ ਅਧਿਕਾਰੀ, ਰਾਜਨੀਤਿਕ ਨੇਤਾ ਉਸਦੇ ਪਿਤਾ ਦੀ ਬੇਵਕਤੀ ਮੌਤ 'ਤੇ ਅਫਸੋਸ ਕਰਨ ਵੀ ਨਹੀਂ ਗਿਆ।

ਹਰਿਆਣਾ ਪੰਜਾਬ ਤੋਂ ਕਿਉਂ ਅੱਗੇ ?
ਏਸ਼ੀਅਨ ਖੇਡਾਂ ਦੇ ਜਿਉਂ ਜਿਉਂ ਜੇਤੂ ਨਤੀਜੇ ਆ ਰਹੇ ਸਨ, ਹਰਿਆਣਾ ਸਰਕਾਰ ਸੋਨ ਤਗਮਾ ਜੇਤੂ ਨੂੰ 3 ਕਰੋੜ, ਚਾਂਦੀ ਤਗਮਾ ਜੇਤੂ ਨੂੰ 2 ਕਰੋੜ, ਕਾਂਸੀ ਤਗਮਾ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਦੇ ਰਹੀ ਸੀ। ਦਿੱਲੀ, ਉੜੀਸਾ ਤੇ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਨੇ ਵੀ ਇਸੇ ਤਰ੍ਹਾਂ ਹੀ ਆਪਣੇ ਜੇਤੂ ਖਿਡਾਰੀਆਂ ਨਾਲ ਵੱਡੀ ਜੇਤੂ ਇਨਾਮੀ ਰਾਸ਼ੀ ਵਾਲਾ ਵਿਹਾਰ ਕੀਤਾ। ਇਸੇ ਕਰਕੇ ਹਰਿਆਣਾ ਦੇ ਸੋਨ ਤਗਮਾ ਜੇਤੂ ਨੀਰਜ ਚੋਪੜਾ, ਬਜਰੰਗ ਪੁਨੀਆ, ਪਹਿਲਵਾਨ ਵਿਨੇਸ਼ ਫੋਗਟ, ਅਰਪਿੰਦਰ ਸਿੰਘ ਆਪਣੀ ਪ੍ਰਾਪਤੀ ਕਰਕੇ ਇਨਾਮੀ ਰਾਸ਼ੀ ਲੈ ਕੇ ਬਾਗੋ-ਬਾਗ ਸਨ। ਹਰਿਆਣਾ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ ਗਜਟਡ ਨੌਕਰੀਆਂ ਵੀ ਦੇ ਦਿੱਤੀਆਂ। ਦੂਸਰੇ ਪਾਸੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਖੁਦ ਜਕਾਰਤਾ ਵਿਖੇ ਖਿਡਾਰੀਆਂ ਦੀ ਕਾਰਗੁਜ਼ਰੀ ਦੇਖਣ ਗਏ ਸਨ। ਇਸਤੋਂ ਇਲਾਵਾ ਖੇਡ ਮੰਤਰੀ ਰਾਣਾ ਸੋਢੀ ਅਤੇ ਡਾਇਰੈਕਟਰ ਸਪੋਰਟਸ ਸ਼੍ਰੀਮਤੀ ਅੰਮ੍ਰਿਤਾ ਗਿੱਲ ਖੁਦ ਵੀ ਵਧੀਆ ਖਿਡਾਰੀ ਰਹੇ ਹਨ। ਰਾਣਾ ਸੋਢੀ ਪੰਜਾਬ ਦੇ ਜੇਤੂ ਖਿਡਾਰੀਆਂ ਨੂੰ ਝੂਠੀ ਜਿਹੀ ਸ਼ਾਬਾਸ਼ ਦੇਣ ਤੋਂ ਬਜਾਏ ਹੋਰ ਕੁਝ ਨਹੀਂ ਦਿੱਤਾ। ਵੈਸੇ ਵੀ ਪੰਜਾਬ ਦੀ ਮੌਜੂਦਾ ਖੇਡ ਨੀਤੀ ਮੁਤਾਬਕ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ 'ਚ ਸੋਨ ਤਗਮਾ ਜੇਤੂ ਖਿਡਾਰੀ ਨੂੰ 26 ਲੱਖ, ਚਾਂਦੀ ਤਗਮਾ ਜੇਤੂ ਨੂੰ 16 ਲੱਖ, ਕਾਂਸੀ ਤਗਮਾ ਜੇਤੂ ਨੂੰ 11 ਲੱਖ ਰੁਪਏ ਦਾ ਇਨਾਮ ਮਿਲਦਾ ਹੈ। ਹਰਿਆਣਾ ਅਤੇ ਪੰਜਾਬ ਦੀ ਇਨਾਮੀ ਖੇਡ ਨੀਤੀ ਦਾ ਇੰਨਾ ਫਰਕ ਹੋਏਗਾ ਤਾਂ ਕਿਹੜਾ ਖਿਡਾਰੀ ਪੰਜਾਬ ਵੱਲੋਂ ਖੇਡੇਗਾ ?

ਪੰਜਾਬ ਤੋਂ ਕਿਉਂ ਭੱਜ ਰਹੇ ਖਿਡਾਰੀ ?
ਏਸ਼ੀਅਨ ਖੇਡਾਂ 'ਚ ਪੰਜਾਬ ਦੀ ਇੱਕੋ-ਇੱਕ ਖਿਡਾਰਣ ਗੁਰਜੀਤ ਕੌਰ ਟੌਪ ਸਕੋਰਰ ਰਹੀ, ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਕਦੇ ਵੀ ਪੰਜਾਬ ਵੱਲੋਂ ਨਹੀਂ ਖੇਡੇਗੀ। ਗੁਰਜੀਤ ਕੌਰ ਰੇਲਵੇ ਇਲਾਹਾਬਾਦ ਵਿਖੇ ਨੌਕਰੀ ਕਰ ਰਹੀ ਹੈ। ਹਾਕੀ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਰੁਪਿੰਦਰਪਾਲ ਸਿੰਘ ਚੇਨਈ ਵਿਖੇ ਬੈਂਕ 'ਚ ਨੌਕਰੀ ਕਰ ਰਿਹਾ ਹੈ। ਹੋਰ ਬਹੁਤ ਸਾਰੇ ਜੇਤੂ ਨਾਮੀ ਖਿਡਾਰੀ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ 'ਚ ਨੌਕਰੀਆਂ ਕਰ ਰਹੇ ਹਨ। ਹਾਲਾਂਕਿ ਇਸ ਸਾਰੇ ਖਿਡਾਰੀ ਤਿਆਰ ਪੰਜਾਬ ਦੀ ਸਰਜਮੀਂ 'ਤੇ ਹੋਏ ਹਨ। ਪਰ ਪੰਜਾਬ ਸਰਕਾਰ ਵੱਲੋਂ ਨਾ ਕੋਈ ਜੇਤੂਆਂ ਪੈਸਾ, ਨਾ ਕੋਈ ਨੌਕਰੀ, ਨਾ ਕੋਈ ਸਨਮਾਨ ਮਿਲਣ ਕਰਕੇ ਬਹੁਤੇ ਖਿਡਾਰੀ ਦੂਸਰੇ ਸੂਬਿਆਂ ਵੱਲ੍ਹ ਜਾ ਰਹੇ ਹਨ।

ਸਾਲ 2013 ਤੋਂ ਬਾਅਦ ਖਿਡਾਰੀਆਂ ਨੂੰ ਕੋਈ ਸਟੇਟ ਐਵਾਰਡ ਨਹੀਂ ਮਿਲਿਆ
ਭਾਵੇਂ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਹਰਿਆਣਾ ਨਾਲੋਂ ਬਿਹਤਰ ਖੇਡ ਨੀਤੀ ਬਣਾ ਰਹੇ ਹਾਂ। ਏਸ਼ੀਅਨ ਖੇਡਾਂ ਦੇ ਸਨਮਾਨ ਦੀ ਤਾਂ ਗੱਲ ਛੱਡੋ, 2013 ਤੋਂ ਅਜੇ ਤੱਕ ਖਿਡਾਰਿਆਂ ਨੂੰ ਸਟੇਟ ਐਵਾਰਡ ਨਹੀਂ ਮਿਲਿਆ। ਜੋ ਸਰਕਾਰ ਆਪਣੇ ਖਿਡਾਰਆਂ ਨੂੰ ਸਟੇਟ ਐਵਾਰਡ ਨਹੀਂ ਦੇ ਸਕਦੀ, ਉਹ ਹੋਰ ਕੀ ਕਰ ਸਕਦੀ ਹੈ। ਜਿੰਨਾ ਮਰਜੀ ਪਾਣੀ ਪੀ-ਪੀ ਪੰਜਾਬ ਸਰਕਾਰ ਨੂੰ ਕੋਸ ਲਵੋ, ਜਿੰਨਾ ਮਰਜੀ ਸਰਕਾਰ ਦੀ ਅਲੋਚਨਾ ਕਰ ਦੇਵੋ, ਜਿੰਨਾ ਸਮਾਂ ਕੋਈ ਅਹਿਮ ਉਪਰਾਲਾ ਨਹੀਂ ਹੋਵੇਗਾ ਪੰਜਾਬ ਖੇਡਾਂ ਵਿਚ ਤਰੱਕੀ ਨਹੀਂ ਕਰ ਸਕੇਗਾ। ਪੰਜਾਬ ਦੇ ਖੇਡ ਮੰਤਰੀ ਨੂੰ ਜਦੋਂ ਖਿਡਾਰੀਆਂ ਦੀ ਹੋ ਰਹੀ ਬੇਕਦਰੀ ਬਾਰੇ ਮੀਡੀਆ ਨੇ ਸਵਾਲ ਕੀਤਾ ਤਾਂ ਉਨ੍ਹਾਂ ਦਾ ਜਵਾਬ ਹੀ ਬੜਾ ਹਾਸੋ ਹੀਣਾ ਸੀ ਕਿ, ''ਸਰਕਾਰ ਦਾ ਖਜ਼ਾਨਾ ਖਾਲੀ ਹੈ, ਸਾਡੇ ਕੋਲ ਕੋਈ ਪੈਸਾ ਹੀ ਨਹੀਂ ਹੈ। ਅਸੀਂ ਕਿੱਥੋਂ ਖਿਡਾਰੀਆਂ ਦੀ ਮਦਦ ਕਰੀਏ।'' ਪਰ ਕਹਿੰਦੇ ਫਿਰ ਵੀ ਕੁਝ ਨਾ ਕੁਝ ਕਰਾਂਗੇ। ਪੰਜਾਬ ਸਰਕਾਰ ਦਾ ਤਾਂ ਉਹ ਕੰਮ ਹੋਇਆ ਕਿ, ''ਪੱਲੇ ਨੀ ਧੇਲਾ, ਕਰਦੀ ਮੇਲਾ-ਮੇਲਾ।'' ਖੇਡ ਮੰਤਰੀ ਸਾਬ੍ਹ ਖਿਡਾਰੀਆਂ ਪਾਸੇ ਤੋਂ ਇਹੀ ਅਪੀਲ ਆ ਕਿ, ''ਇਹ ਮੇਰੀਏ ਸਰਕਾਰੇ, ਇਹ ਕਿੱਧਰ ਜਾਣ ਵਿਚਾਰੇ?'' ਬੱਸ ਪੰਜਾਬ ਦੇ ਖਿਡਾਰੀਆਂ ਦਾ ਤਾਂ ਰੱਬ ਹੀ ਰਾਖਾ।

ਜਗਰੂਪ ਸਿੰਘ ਜਰਖੜ
9814300722

Have something to say? Post your comment