Thursday, April 25, 2019
FOLLOW US ON

Article

ਦਰਦ ਦੇਣ ਵਾਲੇ ਦਾ ਧੰਨਵਾਦ ਕਰੀਏ //ਪ੍ਰਭਜੋਤ ਕੌਰ ਢਿੱਲੋਂ

September 12, 2018 08:47 PM
General

       ਦਰਦ ਦੇਣ ਵਾਲੇ ਦਾ ਧੰਨਵਾਦ ਕਰੀਏ


ਬਿਲਕੁੱਲ ਇਹ ਕਹਿਣ ਨੂੰ ਅਤੇ ਪੜ੍ਹਨ ਲੱਗਿਆ ਕੁਝ ਔਖਾ ਅਤੇ ਅਜੀਬ ਲੱਗਦਾ ਹੈ।ਅਸੀਂ ਸਾਰੇ ਸਮਾਜ ਵਿੱਚ ਵਿਚਰਦਿਆਂ ਬਹੁਤ ਸਾਰੀਆਂ ਸਮਸਿਆਵਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ।ਜਦੋਂ ਮੁਸੀਬਤ ਆਉਂਦੀ ਹੈ ਤਾਂ ਹਰ ਕੋਈ ਹਿਲ ਜਾਂਦਾ ਹੈ।ਸਿਆਣੇ ਕਹਿੰਦੇ ਨੇ ਜਿਸ ਨੇ ਮੁਸੀਬਤ ਪਾਈ ਹੈ ਉਸਨੂੰ ਆਪ ਹੀ ਨਜਿੱਠੇਗਾ ਜਾਂ ਸਹਿਣ ਦੀ ਹਿੰਮਤ ਦੇਵੇਗਾ।ਇਸਦਾ ਮਤਲਬ ਹੈ ਕਿ ਇਹ ਕੁਦਰਤ ਦੇ ਹੀ ਕੌਤਕ ਨੇ ਪਰ ਉਹ ਦਰਦ ਦੇਣ ਲੱਗਿਆ ਵੀ ਅਤੇ ਉਸਨੂੰ ਖਤਮ ਕਰਨ ਲੱਗਿਆ ਵੀ ਕੋਈ ਜ਼ਰੀਆ ਜ਼ਰੂਰ ਬਣਾਉਂਦਾ ਹੈ।ਵਧੇਰੇ ਕਰਕੇ ਸਾਨੂੰ ਦਰਦ ਸਾਡੇ ਆਪਣੇ ਹੀ ਦਿੰਦੇ ਹਨ।ਇਹ ਦਰਦ ਮਾਨਸਿਕ ਹੋਏਗਾ ਜਾਂ ਆਰਥਿਕ ਹੋਏਗਾ।ਇਹ ਵੀ ਸੱਚ ਹੈ ਕਿ ਆਪਣਿਆਂ ਵੱਲੋਂ ਦਿੱਤੇ ਜ਼ਖਮਾਂ ਦਾ ਦਰਦ ਸਹਿਣਾ ਔਖਾ ਹੁੰਦਾ ਹੈ।ਉਸਦੇ ਜ਼ਖਮ ਬਹੁਤ ਗਹਿਰੇ ਹੁੰਦੇ ਹਨ।ਉਹ ਵਾਰ ਵਾਰ ਰਿਸਦੇ ਰਹਿੰਦੇ ਹਨ।ਦਰਦ ਦੇਣ ਵਾਲਾ ਕਈ ਤਰੀਕੇ ਵਰਤਦਾ ਹੈ।ਜਿਵੇਂ ਝੂਠੀਆਂ ਗੱਲਾਂ ਕਰਨੀਆਂ, ਦੂਸਰਿਆਂ ਸਾਹਮਣੇ ਤੁਹਾਨੂੰ ਨੀਵਾਂ ਵਿਖਾਉ,ਗੱਲ ਗੱਲ ਤੇ ਤੁਹਾਡੀ ਬੇਇਜ਼ਤੀ ਕਰਨੀ, ਹਰ ਕੰਮ ਵਿੱਚ ਨੁਕਸ ਕੱਢਣਾ ਅਤੇ ਤੋਹਮਤਾਂ ਲਗਾਉਣ ਹੁੰਦਾ ਹੈ।ਇਸ ਨੂੰ ਹਕੀਕਤ ਵਿੱਚ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ।ਅਸਲ ਵਿੱਚ ਜੋ ਅਜਿਹਾ ਕਰਦਾ ਹੈ ਉਹ ਤੁਹਾਡੇ ਨਾਲ ਈਰਖਾ ਕਰਦਾ ਹੋਏਗਾ, ਸਫ਼ਲਤਾ ਅਤੇ ਖੁਸ਼ੀ ਹਜ਼ਮ ਨਹੀਂ ਹੋ ਰਹੀ ਹੋਏਗੀ।ਅਸਲ ਵਿੱਚ ਅਜਿਹੇ ਲੋਕ ਆਪਣੀਆਂ ਕਮੀਆਂ ਅਤੇ ਘਾਟਾਂ ਛਪਾਉਣ ਲਈ ਅਜਿਹਾ ਕਰਦੇ ਹਨ।ਅਜਿਹੇ ਲੋਕਾਂ ਦੀ ਆਪਣੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ।ਉਨ੍ਹਾਂ ਦੀ ਸੋਚ ਹੇਠਾਂ ਦਰਜੇ ਦੀ ਹੁੰਦੀ ਹੈ।ਕਈ ਵਾਰ ਏਹ ਭਾਵਨਾਵਾਂ ਦਾ ਵੀ ਲਾਭ ਚੁੱਕ ਲੈਂਦੇ ਹਨ।ਇਹ ਅਜਿਹੇ ਲੋਕ ਹੁੰਦੇ ਹਨ ਜੋ ਦੂਸਰੇ ਨੂੰ ਦੁੱਖ ਅਤੇ ਦਰਦ ਵਿੱਚ ਵੇਖਕੇ ਖੁਸ਼ ਹੁੰਦੇ ਹਨ।ਇੰਨ੍ਹਾਂ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੁੰਦੀ ਹੈ।ਅਜਿਹੇ ਲੋਕਾਂ ਬਾਰੇ ਜੇਕਰ ਇਹ ਕਹਿ ਲਿਆ ਜਾਵੇ ਕਿ ਨਾ ਇਹ ਆਪ ਖੁਸ਼ ਰਹਿੰਦੇ ਹਨ ਅਤੇ ਨਾ ਦੂਸਰਿਆਂ ਨੂੰ ਖੁਸ਼ ਰਹਿਣ ਦਿੰਦੇ ਹਨ ਤਾਂ ਗਲਤ ਨਹੀਂ ਹੋਏਗਾ।ਹਮੇਸ਼ਾ ਚੰਗੇ ਬੰਦੇ ਇਕੱਲੇ ਰਹਿ ਜਾਣਗੇ,ਬੁਰਿਆਂ ਦੀ ਤਾਂ ਭੀੜ ਹੁੰਦੀ ਹੈ।ਕਦੇ ਵੀ ਵੇਖਣਾ ਚੰਗੇ ਫ਼ਲ ਇਕੱਠੇ ਰੱਖੋਗੇ ਤਾਂ ਉਹ ਸਾਰੇ ਉਵੇਂ ਹੀ ਰਹਿਣਗੇ।ਚੰਗੇ ਫਲਾਂ ਵਿੱਚ ਇੱਕ ਦੋ ਗੰਦੇ ਰੱਖ ਦਿਉ ਤਾਂ ਉਹ ਦੂਸਰੇ ਫਲਾਂ ਨੂੰ ਵੀ ਖਰਾਬ ਕਰ ਦਿੰਦੇ ਹਨ।ਇਵੇਂ ਹੀ ਬੁਰੀ ਸੋਚ ਵਾਲੇ ਲੋਕਾਂ ਦਾ ਹਾਲ ਹੁੰਦਾ ਹੈ ਉਹ ਚੰਗੇ ਭਲੇ ਮਾਹੌਲ ਵਿੱਚ ਤਰਥੱਲੀ ਮਚਾ ਦਿੰਦੇ ਹਨ।
ਜਦੋਂ ਵੀ ਅਸੀਂ ਅਜਿਹੇ ਲੋਕਾਂ ਵੱਲੋਂ ਦਿੱਤੇ ਦਰਦ ਕਾਰਨ ਤੰਗ ਹੁੰਦੇ ਹਾਂ,ਪ੍ਰੇਸ਼ਾਨ ਹੁੰਦੇ ਹਾਂ,ਅਸੀਂ ਰਸਤਾ ਲੱਭਦੇ ਹਾਂ,ਅਸੀਂ ਉਸ ਸਮਸਿਆ ਦਾ ਸਾਹਮਣਾ ਕਰਨ ਲਈ ਹੌਲੀ ਹੌਲੀ ਖੜੇ ਹੋ ਜਾਂਦੇ ਹਾਂ।ਜਦੋਂ ਇਹ ਵਾਰ ਵਾਰ ਹੁੰਦਾ ਹੈ ਤਾਂ ਅਸੀਂ ਮਜ਼ਬੂਤ ਹੋਣ ਲੱਗ ਜਾਂਦੇ ਹਨ।ਅਜਿਹੇ ਲੋਕਾਂ ਵੱਲ ਫੇਰ ਧਿਆਨ ਦੇਣਾਂ ਬੰਦ ਕਰ ਦਿੰਦੇ ਹਾਂ।ਕਈ ਵਾਰ ਅਜਿਹਾ ਮੋੜ ਆਉਂਦਾ ਹੈ ਕਿ ਅਸੀਂ ਪਾਠ ਕਰਨ ਜਾਂ ਧਾਰਮਿਕ ਸਥਾਨ ਦਾ ਸਹਾਰਾ ਲੈਣ ਲੱਗ ਜਾਂਦੇ ਹਾਂ।ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਮੋੜ ਆ ਜਾਂਦਾ ਹੈ।ਸਾਡੀ ਸੋਚ ਹੋਰ ਉਪਰ ਵੱਲ ਤੁਰ ਪੈਂਦੀ ਹੈ ਅਤੇ ਹਾਥੀ ਦੀ ਮਸਤ ਚਾਲ ਚੱਲਣ ਲੱਗ ਜਾਂਦੇ ਹਾਂ।ਜ਼ਿੰਦਗੀ ਸਹੀ ਰਸਤੇ ਤੁਰ ਪੈਂਦੀ ਹੈ।ਸੱਚ ਜਾਣਿਉ ਜਿਸਨੇ ਦਰਦ ਦਿੱਤਾ, ਉਸਨੂੰ ਕੁਝ ਸਮੇਂ ਲਈ ਖੁਸ਼ੀ ਮਿਲੀ ਹੋਏਗੀ ਪਰ ਸਾਡੀ ਮਜ਼ਬੂਤੀ ਨੇ ਉਸਨੂੰ ਦੁੱਖੀ ਜ਼ਰੂਰ ਕੀਤਾ ਹੋਏਗਾ।ਸੋਨਾ ਹਮੇਸ਼ਾਂ ਭੱਠੀ ਵਿੱਚ ਤੱਪਦਾ ਹੈ।ਪੱਥਰ ਹਮੇਸ਼ਾ ਫਲ ਲੱਗੇ ਹੋਏ ਰੁੱਖਾਂ ਨੂੰ ਲੋਕ ਮਾਰਦੇ ਹਨ।ਕਿੱਕਰਾਂ ਤੋਂ ਬਚਕੇ ਲੋਕ ਨਿਕਲ ਜਾਂਦੇ ਹਨ।ਜੋ ਦਰਦ ਦਿੰਦੇ ਹਨ,ਉਹ ਸ਼ਾਇਦ ਨਾ ਚਾਹੁੰਦੇ ਹੋਏ ਸਾਡਾ ਭਲਾ ਕਰ ਜਾਂਦੇ ਹਨ।ਆਉ ਦਰਦ ਦੇਣ ਵਾਲਿਆਂ ਦਾ ਧੰਨਵਾਦ ਕਰੀਏ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment