Wednesday, March 27, 2019
FOLLOW US ON

Article

ਘਰ ਵੱਸਦੇ ਰੱਖਣੇ ਹਨ ਤਾਂ ----ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

September 13, 2018 09:46 PM
General

ਬਿਲਕੁੱਲ ਜੇਕਰ ਘਰਾਂ ਨੂੰ ਵੱਸਦੇ ਰੱਖਣਾ ਹੈ ਤਾਂ ਬਹੁਤ ਪਾਪੜ ਵੇਲਣੇ ਪੈਂਦੇ ਹਨ।ਅੱਜ ਹਰ ਕੋਈ ਆਪਣੇ ਆਪ ਨੂੰ ਅਗਾਂਹਵਧੂ ਵਿਚਾਰਾਂ ਵਾਲਾ ਦੱਸਦਾ ਹੈ।


ਆਪਣੇ ਅਧਿਕਾਰਾਂ ਦੀ ਗੱਲ ਕਰਦਾ ਹੈ।ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਸੇ ਨੂੰ ਦਖਲ ਨਾ ਦੇਣ ਦੀ ਗੱਲ ਕਰਦਾ ਹੈ।ਆਜ਼ਾਦੀ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ।ਆਪਣੀ ਹਰ ਚੀਜ਼ ਉਪਰ ਆਪਣੇ ਹੱਕ ਦੀ ਗੱਲ ਕਰਦਾ ਹੈ।ਇਥੇ ਹਰ ਕੋਈ ਇਹ ਭੁੱਲ ਜਾਂਦਾ ਹੈ ਕਿ ਇਹ ਸਾਰੇ ਹੱਕ ਦੂਸਰੇ ਦੇ ਵੀ ਹਨ।ਤੁਸੀਂ ਦੂਸਰੇ ਦੀ ਜ਼ਿੰਦਗੀ ਵਿੱਚ ਦਖਲ ਕਿਵੇਂ ਦੇ ਰਹੇ ਹੋ ਅਤੇ ਦੂਸਰੇ ਕੋਲੋਂ ਆਸ ਕਿਵੇਂ ਰੱਖਦੇ ਹੋ।ਅੱਜ ਪਰਿਵਾਰ ਕੱਚੇ ਭਾਂਡੇ ਵਾਂਗ ਟੁੱਟ ਰਹੇ ਹਨ।ਸਹਿਣਸ਼ੀਲਤਾ ਦੀ ਕਮੀ ਹੈ।ਇਥੇ ਆਪਾਂ ਗੱਲ ਕਰਾਂਗੇ ਤਲਾਕਾਂ ਦੀ ਵੱਧ ਰਹੀ ਗਿਣਤੀ ਬਾਰੇ ਅਤੇ ਮਾਪਿਆਂ
ਦੀ ਹੋ ਰਹੀ ਦੁਰਦਸ਼ਾ ਬਾਰੇ।


ਪਰਿਵਾਰ ਸਮਾਜ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ।ਇਸ ਵਿੱਚ ਮਾਪੇ ਆਪਣੇ ਬੱਚਿਆਂ ਵਾਸਤੇ ਸਾਰੀ ਉਮਰ ਮਿਹਨਤ ਕਰਦੇ ਹਨ,ਆਪਣੀ ਹਰ ਖਾਹਿਸ਼ ਅਤੇ ਜ਼ਰੂਰਤ ਦਾ ਗਲਾ ਘੁੱਟ ਲੈਂਦੇ ਹਨ।ਉਹ ਬੱਚਿਆਂ ਨੂੰ ਆਪਣੇ ਤੋਂ ਬਹੁਤ ਅੱਗੇ ਜਾਂਦਾ ਵੇਖਣਾ ਚਾਹੁੰਦੇ ਹਨ।ਅਫ਼ਸੋਸ ਦੀ ਗੱਲ ਇਹ ਹੈ ਕਿ ਪੁੱਤ ਅੱਗੇ ਚਲੇ ਜਾਂਦੇ ਹਨ। ਮਾਪੇ ਹੱਥ ਮਲਦੇ ਅਤੇ ਅੱਖਾਂ ਵਿੱਚ ਹੰਝੂ ਲਈ ਪੁੱਤ ਨੂੰ ਉਡੀਕਦੇ ਰਹਿੰਦੇ ਹਨ।ਕਈ ਤਾਂ ਉਡੀਕ ਵਿੱਚ ਅਤੇ ਇਸ ਤਕਲੀਫ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਡਾਕਟਰ ਮੋਹਨ ਸਿੰਘ ਨੇ ਸਤਰਾਂ ਲਿਖੀਆਂ ਹਨ,"ਕਈ ਉਡੀਕਦੇ ਬਰੂਹਾਂ ਚ ਸੁਆਹ ਹੋ ਗਏ, ਕਈ ਚਿੱਟੀ ਹੋ ਗਈ ਰੱਤ ਦੇ ਗਵਾਹ ਹੋ ਗਏ।"ਮੇਰੇ ਕੁਝ ਲੇਖਾ ਤੋਂ ਬਾਦ ਜਿੰਨਾ ਨੇ ਫੋਨ ਕਰਕੇ ਦੱਸਿਆ ਉਹ ਰੌਂਗਟੇ ਖੜੇ ਕਰਨ ਵਾਲਾ ਸੀ।ਇਹ ਉਹ ਮਾਪੇ ਸਨ ਜਿੰਨਾ ਨੇ ਜਾਇਦਾਦ ਬਣਾਈ,ਪੁੱਤਾਂ ਨੂੰ ਪੜ੍ਹਾਇਆ ਪਰ ਅੱਜ ਨੂੰਹ ਪੁੱਤ ਉਨ੍ਹਾਂ ਨਾਲ ਗੱਲ ਕਰਨੀ ਹੀ ਨਹੀਂ ਚਾਹੁੰਦੇ।ਜੇਕਰ ਗੱਲ ਕਰਦੇ ਹਨ ਤਾਂ ਜੋ ਲਹਿਜ਼ਾ ਹੁੰਦਾ ਹੈ ਉਹ ਬਹੁਤ ਹੀ ਨਫ਼ਰਤ ਭਰਿਆ ਹੁੰਦਾ ਹੈ।

 


ਜਿਸ ਮਾਂ ਨੇ ਪੁੱਤ ਦਾ ਮਲ ਮੂਤਰ ਚੁੱਕਿਆ,ਉਸਨੂੰ ਚੱਲਣਾ ਸਿਖਾਇਆ, ਬੋਲਣਾ ਸਿਖਾਇਆ, ਉਸ ਮਾਂ ਨੂੰ ਪੁੱਤ ਦੱਸਦਾ ਹੈ ਕਿ ਉਸਨੂੰ ਅਕਲ ਨਹੀਂ ਉਸਨੂੰ ਬੋਲਣਾ ਨਹੀਂ ਆਉਂਦਾ।ਉਸ ਵਾਸਤੇ ਸਭ ਤੋਂ ਬੁਰੀ ਔਰਤ ਉਸਦੀ ਮਾਂ ਹੋ ਜਾਂਦੀ ਹੈ।ਬੇਸ਼ਰਮੀ ਦੀ ਹੱਦ ਉਸ ਵਕਤ ਹੋ ਜਾਂਦੀ ਹੈ ਜਦੋਂ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਨ।ਇਥੇ ਪੁੱਤ ਦੀ ਜ਼ੁਮੇਵਾਰੀ ਹੈ ਮਾਪਿਆਂ ਨੂੰ ਹਰ ਖੁਸ਼ੀ ਦੇਣੀ,ਉਨ੍ਹਾਂ ਦਾ ਬੱਚਿਆਂ ਵਾਂਗ ਧਿਆਨ ਰੱਖਣਾ, ਉਨ੍ਹਾਂ ਦੀ ਹਰ ਜ਼ਰੂਰਤ ਦਾ ਉਵੇਂ ਧਿਆਨ ਰੱਖੇ ਜਿਸ ਤਰ੍ਹਾਂ ਉਹ ਉਸਦਾ ਰੱਖਦੇ ਸੀ।ਜਿਵੇਂ ਉਹ ਤੁਹਾਨੂੰ ਘੁਮਾਉਣ ਲੈਕੇ ਜਾਂਦੇ ਸੀ ਉਨ੍ਹਾਂ ਨੂੰ ਵੀ ਲੈਕੇ ਜਾਉ।ਅੱਜ ਜੋ ਜ਼ਿੰਦਗੀ ਜਿਉ ਰਹੇ ਹੋ ਉਹ ਸਿਰਫ਼ ਮਾਪਿਆਂ ਦੀ ਬਦੌਲਤ ਹੋ।ਨੂੰਹ ਪੁੱਤਰ ਸਿਰਫ਼ ਜਾਇਦਾਦ ਵੱਲ ਵੇਖਦੇ ਹਨ,ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ।

 


ਇੰਜ ਹੀ ਕੁਝ ਲੜਕਿਆਂ ਨੇ ਵੀ ਫੋਨ ਕੀਤੇ।ਜਿੰਨਾ ਨੇ ਦੱਸਿਆ ਕਿ ਉਨ੍ਹਾਂ ਤੇ ਮਾਪਿਆਂ ਨੂੰ ਅਤੇ ਭੈਣ ਭਰਾਵਾਂ ਨੂੰ ਛੱਡਣ ਦਾ ਦਬਾਅ ਪਾਇਆ ਜਾਂਦਾ ਹੈ।ਲੜਕੀ ਦੇ ਮਾਪਿਆਂ ਦਾ ਘਰ ਬਹੁਤ ਦਖ਼ਲ ਹੈ।ਕਾਨੂੰਨ ਦੀ ਗਲਤ ਵਰਤੋਂ ਕੀਤੀ ਅਤੇ ਕੇਸ ਪਾ ਦਿੱਤਾ।ਮੋਟੀ ਰਕਮ ਸਮਝੌਤਾ ਕਰਨ ਵੇਲੇ ਮੰਗਣੀ ਸ਼ੁਰੂ ਕਰ ਦਿੱਤੀ।ਇਵੇਂ ਦੇ ਕੇਸਾਂ ਦੀ ਗਿਣਤੀ ਵਧਣ ਕਰਕੇ ਮਾਣਯੋਗ ਸਰਵ ਉੱਚ ਅਦਾਲਤ ਨੇ ਲੜਕਿਆਂ ਦੇ ਹੱਕ ਵਿੱਚ ਕੁਝ ਕਦਮ ਚੁੱਕੇ ਹਨ।ਇਥੇ ਕਾਨੂੰਨ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਹੋ ਰਹੀ ਕਾਨੂੰਨ ਕਹਿੰਦਾ ਹੈ ਕਿ ਦਹੇਜ ਲੈਣ ਵਾਲਾ ਅਤੇ ਦੇਣ ਵਾਲਾ ਦੋਨੋਂ ਗੁਨਾਹਗਾਰ ਹਨ ਪਰ ਕਾਰਵਾਈ ਸਿਰਫ਼ ਲੜਕੇ ਅਤੇ ਉਸਦੇ ਪਰਿਵਾਰ ਤੇ ਹੁੰਦੀ ਹੈ।ਜੇਕਰ ਘਰ ਵੱਸਦੇ ਰੱਖਣੇ ਹਨ ਤਾਂ ਦੋਨਾਂ ਪਰਿਵਾਰ ਤੇ ਕਾਰਵਾਈ ਕਰੋ ਤਾਂ ਕਿ ਕੋਈ ਕਿਸੇ ਨੂੰ ਝੂਠਾ ਨਾ ਫਸਾਵੇ।ਜਿਸ ਤਰ੍ਹਾਂ ਵਿਆਹ ਦਾ ਸਰਟੀਫਿਕੇਟ ਜ਼ਰੂਰੀ ਕੀਤਾ ਗਿਆ ਹੈ ਇਵੇਂ ਹੀ ਵਿਆਹ ਵਿੱਚ ਮੁੰਡੇ ਅਤੇ ਕੁੜੀ ਦੇ ਪਰਿਵਾਰ ਵੱਲੋਂ ਦਿੱਤੇ ਗਏ ਸਮਾਨ ਦੀ ਲਿਸਟ ਅਤੇ ਜੋ ਕੁਝ ਵੀ ਜਿਵੇਂ ਤਹਿ ਹੋਇਆ ਉਸਨੂੰ ਲਿਖਤੀ ਰੂਪ ਵਿੱਚ ਰੱਖਿਆ ਜਾਵੇ।ਜੇਕਰ ਕਿਸੇ ਤਰ੍ਹਾਂ ਦੀ ਵਿਆਹ ਵਿੱਚ ਸਮਸਿਆ ਹੁੰਦੀ ਹੈ ਤਾਂ ਦੋਵੇਂ ਧਿਰਾਂ ਸਮਾਨ ਵਾਪਿਸ ਕਰ ਦੇਣ।ਸਿਰਫ਼ ਨੂੰਹ ਹੀ ਔਰਤ ਨਹੀਂ,ਲੜਕੇ ਦੀ ਮਾਂ,ਭੈਣ ਅਤੇ ਭਾਬੀ ਵੀ ਔਰਤਾਂ ਹਨ।ਹਰ ਜਗ੍ਹਾ ਪਤਾ ਹੈ ਕਿ 498ਏ ਦੀ ਦੁਰਵਰਤੋਂ ਹੋ ਰਹੀ ਹੈ ਇਸਦੇ ਬਾਵਜੂਦ ਪੁਲਿਸ ਜਾਂ ਪ੍ਰਸ਼ਾਸਨ ਖੁੱਲਕੇ ਇਸ ਦਾ ਵਿਰੋਧ ਕਰਨ ਲਈ ਤਿਆਰ ਨਹੀਂ।ਇਸਨੇ ਪਰਿਵਾਰਾਂ ਅਤੇ ਸਮਾਜ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ।ਇਥੇ ਲੜਕੀ ਦੇ ਮਾਪਿਆਂ ਨੂੰ ਦਹੇਜ ਦੀ ਗਾਥਾ ਦੀ ਥਾਂ ਉਸਦਾ ਹਰ ਕਾਨੂੰਨੀ ਹੱਕ ਲੜਕੇ ਦੇ ਬਰਾਬਰ ਦਿਉ।ਲੜਕੀ ਦੇ ਸੁਹਰੇ ਪਰਿਵਾਰ ਵਿੱਚ ਤੁਹਾਡਾ ਦਖ਼ਲ ਤਬਾਹੀ ਮਚਾਉਂਦਾ ਹੈ।ਲੜਕੇ ਨੂੰ ਉਸਦੇ ਮਾਪਿਆਂ ਨਾਲ ਬੋਲਣ ਤੋਂ ਰੋਕਣਾ ਜਾਂ ਮਾਪਿਆਂ ਦੇ ਖਿਲਾਫ਼ ਭੜਕਾਉਣਾ,ਇੱਕ ਦਿਨ ਤੁਹਾਨੂੰ ਵੀ ਮਹਿੰਗਾ ਪੈ ਸਕਦਾ ਹੈ।ਯਾਦ ਰੱਖੋ ਜਿਸ ਮਾਂ ਨੇ ਨੌ ਮਹੀਨੇ ਆਪਣੇ ਖੂਨ ਨਾਲ ਪਾਲਿਆ ਉਹ ਉਸਦਾ ਨਹੀਂ ਬਣਿਆ ਤਾਂ ਤੁਹਾਡਾ ਕਿਵੇਂ ਬਣ ਸਕਦਾ ਹੈ।ਮਾਪਿਆਂ ਦਾ ਕਰਜ਼ ਤਾਂ ਕੋਈ ਪੁੱਤ ਉਤਾਰ ਨਹੀਂ ਸਕਦਾ।ਜੇਕਰ ਘਰ ਵੱਸਦੇ ਰੱਖਣੇ ਹਨ ਤਾਂ ਸਿਰਫ਼ ਆਪਣੇ ਹੱਕਾਂ,ਅਧਿਕਾਰਾਂ ਦੀ ਦੁਹਾਈ ਨਾ ਪਾਉ।ਸੱਭ ਤੇ ਉਹ ਹੀ ਗੱਲ ਲਾਗੂ ਹੁੰਦੀ ਹੈ।ਮਾਪਿਆਂ ਨੂੰ ਜਿਉਂਦੇ ਜੀ ਜਾਇਦਾਦ ਔਲਾਦ ਦੇ ਨਾਮ ਬਿਲਕੁੱਲ ਨਹੀਂ ਕਰਨੀ ਚਾਹੀਦੀ।ਜੇਕਰ ਨੂੰਹ ਪੁੱਤ ਨੇ ਤੁਹਾਡਾ ਖਿਆਲ ਰੱਖਣਾ ਹੈ ਤਾਂ ਉਹ ਇਸ ਤੋਂ ਬਗੈਰ ਵੀ ਰੱਖਣਗੇ।ਜੇਕਰ ਨਹੀਂ ਰੱਖ ਰਹੇ ਤਾਂ ਸਮਝ ਜਾਉ ਕਿ ਇੰਨਾ ਤਿਲਾਂ ਵਿੱਚ ਤੇਲ ਨਹੀਂ।ਘਰ ਵੱਸਦੇ ਰੱਖਣੇ ਹਨ ਤਾਂ ਸਵਾਰਥ ਤੋਂ ਉਪਰ ਉੱਠ ਕੇ ਸੋਚੋ।ਇਹ ਕਿਵੇਂ ਹੋ ਸਕਦਾ ਹੈ ਕਿ ਲੜਕੀ ਦੇ ਮਾਪੇ ਹੀ ਧੀ ਜਵਾਈ ਦਾ ਚੰਗਾ ਸੋਚ ਸਕਦੇ ਹਨ,ਲੜਕੇ ਦੇ ਮਾਪੇ ਨਹੀਂ ਸੋਚਦੇ।ਜਾਇਦਾਦ ਲੜਕੇ ਦੇ ਮਾਪਿਆਂ ਦੀ ਅਤੇ ਬੱਲੇ ਬੱਲੇ ਲੜਕੀ ਦੇ ਮਾਪਿਆਂ ਦੀ।ਜੇਕਰ ਬਦਲਾਅ ਹੈ ਤਾਂ ਫਿਰ ਹਰ ਤਰ੍ਹਾਂ ਦਾ ਬਦਲਾ ਸਵੀਕਾਰ ਕਰੋ।


ਪ੍ਰਭਜੋਤ ਕੌਰ ਢਿੱਲੋਂ,

ਮੁਹਾਲੀ

Have something to say? Post your comment

More Article News

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ ਭੁੱਖ ਕਰਕੇ ਰੋਲ ਦਿੱਤਾ // ਉਜਾਗਰ ਸਿੰਘ ਲੋਕਾਂ ਦੀ ਸੋਚ ਅਤੇ ਸਮਝ ਦਾ ਨਤੀਜਾ ਸਰਕਾਰ//ਪ੍ਰਭਜੋਤ ਕੌਰ ਢਿੱਲੋਂ ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ//ਸੁਰਜੀਤ ਸਿੰਘ ਭੁੱਲਰ- ਪੁਸਤਕ ਚਰਚਾ-ਨਵੀਂ ਮੰਜਿਲ ਵੱਲ ਸੇਧਿਤ ਹਨ ਨਾਰੀ ਵਿਸ਼ੇਸ਼ ਪੁਸਤਕ “ਸੰਦਲੀ ਪੈੜਾਂ” -ਜਸਵਿੰਦਰ ਸਿੰਘ ‘ਰੁਪਾਲ’ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ 'ਤਾਸ਼ ਦੀ ਬਾਜੀ' //ਲੇਖਕ:-ਡਾ.ਸਾਧੂ ਰਾਮ ਲੰਗੇਆਣਾ ਖੱਤ(ਵੋਟਾਂ ਅਤੇ ਵੋਟਰ) ਧੀਆਂ ਲਈ ਪਿਆਰ ਤੇ ਸਤਿਕਾਰ //ਪ੍ਰਿੰਸ ਅਰੋੜਾ ਨਿਊਰੋ-ਮਸਕੁਲਰ ਡਿਸਆਰਡਰ - ਮਿਆਸਥੀਨਿਆ ਗਰੇਵਿਸ ਰੋਗ ਕਿਲ੍ਹਾ ਰਾਏਪੁਰ ਖੇਡਾਂ ਨੂੰ ਐਤਕੀਂ ਫੇਰ ਕਿਹੜੀ ਭੈੜੀ ਨਜ਼ਰ ਲੱਗ ਗਈ ? ਪੰਜਾਬੀ ਫਿਲਮ "ਬੰਦ ਬੂਹੇ" ਰਿਲੀਜ਼ ਕੀਤੀ ਗਈ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
-
-
-