Thursday, April 25, 2019
FOLLOW US ON

Article

ਪਰਲੇ ਪਾਰ ਦਾ ਦਰਦ // ਕਹਾਣੀ/ ਬੇਅੰਤ ਸਿੰਘ ਬਾਜਵਾ

September 14, 2018 09:09 PM
General

  ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ।ਗਰਮੀ ਦੇ ਦਿਨ ਸੀ।ਤੇਜੋ ਓਟੇ ਕੋਲ ਬੈਠੀ ਚੁੱਲੇ ਨੂੰ ਪਾਂਡੂ ਦਾ ਪੋਚਾ ਫੇਰ ਸੀ।

ਚੁੱਲੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ।ਤੇਜੋ ਦੀ ਉਮਰ ਪੰਜਾਹਾਂ ਸਾਲਾਂ ਤੋਂ ਟੱਪ ਚੱਲੀ ਸੀ।ਇਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ।ਭੂਰੋ ਬਰਾਂਡੇ ਕੋਲ ਖੜੇ ਮੰਜੇ ਨੂੰ ਡਾਹਉਂਦੇ ਹੋਈ ਤੇਜੋ ਨੂੰ ਬੋਲੀ।ਕੁੜੇ ਅਜੇ ਤਾਂ ਪਹੁ ਫੁੱਟਦੀ ਲੱਗ ਗਈ ਚੁੱਲਾ ਸੰਵਾਰਨ।ਦਿਨ ਤਾਂ ਚੜ ਲੈਣ ਦਿੰਦੀ।


ਤੇਜੋ ਨੇ ਭੂਰੋ ਦੀਆਂ ਗੱਲਾਂ ਦਾ ਜਵਾਬ ਦਿੰਦਿਆ ਆਖਿਆ ਕਿ ਨੀਂ ਤੈਨੂੰ ਤਾਂ ਪਤਾ ਹੈ ਲੋੜੇ ਦੀ ਗਰਮੀ ਪੈਂਦੀ ਆ।ਨਾਲੇ ਆਹ ਚੁੱਲੇ ਨੂੰ ਮਿੱਟੀ ਤਾਂ ਕਿੱਦੇ ਦੀ ਲਾਈ ਆ।ਆਹ ਚੰਦਰਾ ਪਾਂਡੂ ਫੇਰਨ ਦਾ ਟਾਈਮ ਨੀਂ ਲੱਗਾ।ਮੈਂ ਸੋਚਿਆ ਅੱਜ ਨਿਬੇੜ ਹੀ ਦੇਵਾਂ।ਚੱਲ ਵਧੀਆ ਕੰਮਾਂ ਧੰਦਿਆਂ ਵਿਚ ਟਾਈਮ ਜਾਂਦੇ ਦਾ ਪਤਾ ਨੀਂ ਲੱਗਦਾ।ਤੇਜੋ ਘਰ ਵਿਚ ਇੱਕਲੀ ਤੀਵੀਂਮਾਨੀ ਸੀ।ਤੇਜੋ ਦਾ ਪਿਛੋਕੜ ਰਾਵਲਪਿੰਡੀ ਪਾਕਿਸਤਾਨ ਦਾ ਸੀ।


ਉਹ ਵੀਹ ਕੁ ਸਾਲਾਂ ਦੀ ਸੀ।ਜਦੋਂ ਉਸ ਦਾ ਵਿਆਹ ਭਾਗ ਸਿੰਘ ਨਾਲ ਹੋਇਆ ਸੀ।ਵਿਆਹ ਤੋਂ ਦੋ ਸਾਲ ਬਾਅਦ ਦੇਸਾਂ ਦਾ ਬਟਵਾਰਾ ਹੋ ਗਿਆ।ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਲੋਕ ਆਪਣੀਆਂ ਜਾਨਾਂ ਬਚਾ ਕੇ ਇੱਧਰੋ ਉਧਰ ਤੇ ਉਧਰੋ ਇੱਧਰ ਨੂੰ ਭੱਜੇ।ਉਨਾਂ ਪਰਿਵਾਰਾਂ ਵਿਚ ਤੇਜੋ ਵੀ ਸ਼ਾਮਲ ਸੀ।ਤੇਜੋ ਦਾ ਘਰਵਾਲਾ ਭਾਗ ਉਧਰ ਹੀ ਰਹਿ ਗਏ ਜਾਂ ਮਰ ਗਿਆ।ਉਸ ਦਾ ਕੋਈ ਥਹੁ ਪਤਾ ਨਾ ਲੱਗਾ।ਜਦੋਂ ਤੇਜੋ ਚੜਦੇ ਪੰਜਾਬ ਆ ਕੇ ਵਸੀ ਤਾਂ ਉਸ ਦਾ ਮੁੰਡਾ ਇੱਕ ਸਾਲ ਦਾ ਸੀ।ਤੰਗੀਆਂ ਤੁਰਸ਼ੀਆਂ ਕੱਟਦੀਆਂ ਨੇ ਉਸ ਨੂੰ ਪਾਲਿਆ।ਪਹਿਲਾਂ ਪਿੰਡ ਦੇ ਸਕੂਲੇ ਪਾਇਆ।


ਫੇਰ ਸ਼ਹਿਰ ਕਾਲਜ਼ 'ਚ ਪੜਾਇਆ।ਫਿਰ ਤੇਜੋ ਨਾਲ ਜਿੱਦ ਕਰਕੇ ਬਾਹਰਲੇ ਮੁਲਕ ਚਲਾ ਗਿਆ ਪੜਾਈ ਕਰਨ ਵਾਸਤੇ।ਮੁੰਡਾ ਉਥੇ ਪੜ ਕੇ ਨੌਕਰੀ ਲੱਗ ਗਿਆ।ਕਈ ਸਾਲ ਹੋ ਗਏ ਸੀ।ਪਰ ਉਹ ਪਿੰਡ ਨਾ ਮੁੜਿਆ।ਤੇਜੋ ਉਹ ਨੂੰ ਫੋਨ ਬਥੇਰਾ ਕਹਿੰਦੀ ਵੀ ਬਹੁਤ ਕਮਾਈਆਂ ਹੋ ਗਈਆਂ ਪੁੱਤ ਘਰ ਮੁੜ ਆ।ਆਵਦੀਆਂ ਬੁੱਢੀਆਂ ਹੱਡੀਆਂ ਦਾ ਵਾਸਤਾ ਪਾਉਂਦੀ।ਪਰ ਉਹ ਨੂੰ ਉਸ ਮੁਲਕ ਨਾਲ ਮੋਹ ਪੈ ਗਿਆ ਸੀ।ਤੇਜੋ ਦਿਨ ਰਾਤ ਆਵਦੇ ਘਰ ਵਾਲੇ ਭਾਗ ਸਿਹੁੰ ਅਤੇ ਮੁੰਡੇ ਨੂੰ ਯਾਦ ਕਰਦੀ ਰਹਿੰਦੀ।ਆਪੇ ਰੋ ਕੇ ਚੁੱਪ ਕਰ ਜਾਂਦੀ।ਆਸ ਗੁਆਂਢ ਕੋਲ ਆਪਣਾ ਦੁੱਖ ਫੋਲਦੀ।


ਭੂਰੋ ਕੋਲ ਮੁਲਕ ਦੇ ਪਰਲੇ ਪਾਰ ਬੈਠੇ ਭਾਗ ਸਿਹੁੰ ਅਤੇ ਮੁੰਡੇ ਬਾਰੇ ਗੱਲਾਂ ਕਰ ਕਰ ਆਪਣਾ ਦਰਦ ਘੱਟ ਕਰਨ ਦੀ ਕੋਸ਼ਿਸ ਕਰਦੀ।ਆਖਰ ਇੱਕ ਦਿਨ ਤੇਜੋ ਮੁਲਕ ਦੇ ਪਰਲੇ ਪਾਰ ਵਾਲਾ ਦਰਦ ਆਪਣੇ ਜਹਿਨ ਲੈ ਕੇ ਜਹਾਨੋਂ ਰੁਖਸਤ ਹੋ ਗਈ।

ਬੇਅੰਤ ਸਿੰਘ ਬਾਜਵਾ

Have something to say? Post your comment