News

ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇ

September 19, 2018 09:21 PM
General

ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇ


ਸਵੇਰ ਸਮੇਂ ਵੋਟਰਾਂ ’ਚ ਵੋਟਾਂ ਪਾਉਣ ਨੂੰ ਲੈ ਕੇ ਦੇਖਿਆ ਗਿਆ ਉਤਸ਼ਾਹ


ਬਲਾਕ ਸ਼ਾਹਕੋਟ ’ਚ ਹੋਈ 57.40 ਫੀਸਦੀ ਪੋਲਿੰਗ
ਬਲਾਕ ਦੇ 92 ਪਿੰਡਾਂ ਵਿੱਚ ਬਣਾਏ ਗਏ 104 ਪੋਲਿੰਗ ਬੂਥ
ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਰੱਖੀ ਪੋਲਿੰਗ ਬੂਥਾਂ ’ਤੇ ਬਾਜ਼ ਨਜ਼ਰ
ਸ਼ਾਹਕੋਟ/ਮਲਸੀਆਂ, 19 ਸਤੰਬਰ (ਏ.ਐੱਸ. ਸਚਦੇਵਾ) ਪੰਜਾਬ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸ਼ਾਹਕੋਟ ਵਿੱਚ ਬੁੱਧਵਾਰ ਨੂੰ ਬਲਾਕ ਸ਼ਾਹਕੋਟ ਦੇ 15 ਅਤੇ ਜਿਲ੍ਹਾਂ ਪ੍ਰੀਸ਼ਦ ਦੇ 2 ਜ਼ੋਨਾਂ ’ਤੇ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਹੋਈਆਂ ਚੋਣਾਂ ਅਮਨ-ਅਮਾਨ ਨਾਲ ਨੇਪੜ੍ਹੇ ਚੜ੍ਹ ਗਈਆਂ, ਜਿਸ ਦੌਰਾਨ ਬਲਾਕ ਦੇ 92 ਪਿੰਡਾਂ ’ਚ ਬਣਾਏ ਗਏ 104 ਬੂਥਾਂ ’ਤੇ 57.40 ਫੀਸਦੀ ਪੋਲਿੰਗ ਦਰਜ਼ ਕੀਤੀ ਗਈ। ਚੋਣਾਂ ਦੌਰਾਨ ਸਵੇਰੇ 8 ਵਜੇ ਬਲਾਕ ਸ਼ਾਹਕੋਟ ਦੇ 92 ਪਿੰਡਾਂ ਵਿੱਚ ਬਣਾਏ ਗਏ 104 ਪੋਲਿੰਗ ਬੂਥਾਂ ’ਤੇ ਸਮੇਂ ਸਿਰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ, ਇਸ ਦੌਰਾਨ ਸਵੇਰ ਸਮੇਂ ਵੋਟਰਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਘਰ ਤੋਂ ਲਿਆਉਣ ਤੇ ਛੱਡਣ ਲਈ ਵਾਹਨਾਂ ਦੀ ਵੀ ਪ੍ਰਬੰਧ ਕੀਤਾ ਗਿਆ। ਬਲਾਕ ਸ਼ਾਹਕੋਟ ਦੇ 104 ਬੂਥਾਂ ਵਿੱਚ ਪਹਿਲੇ ਦੋ ਘੰਟਿਆ ਦੌਰਾਨ 12.87 ਫੀਸਦੀ ਵੋਟਾਂ ਪੋਲ ਹੋਈਆ, ਜਦਕਿ ਦੁਪਹਿਰ ਸਮੇਂ ਵੋਟਰਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਘੱਟ ਗਿਆ ਅਤੇ ਦੁਪਹਿਰ 12 ਵਜੇ ਤੱਕ 20.43 ਫੀਸਦੀ ਵੋਟਾਂ ਹੀ ਪੋਲ ਹੋਈਆਂ। ਇਸ ਦੋਰਾਨ ਕੁੱਝ ਪੋਲਿੰਗ ਬੂਥ ’ਤੇ ਕਾਫੀ ਲੰਮੀਆਂ ਕਤਾਰਾਂ ਵੀ ਵੇਖਣ ਨੂੰ ਮਿਲੀਆਂ ਅਤੇ ਵੋਟਰਾਂ ਨੇ ਬੜ੍ਹੇ ਹੀ ਉਤਸ਼ਾਹ ਨਾਲ ਸਾਰਾ ਦਿਨ ਵੋਟਾਂ ਪਾਈਆਂ। ਬਾਅਦ ਦੁਪਹਿਰ 2 ਵਜੇ ਤੱਕ 38.19 ਫੀਸਦੀ ਪੋਲਿੰਗ ਹੋਈ, ਜਦਕਿ ਸ਼ਾਮ 4 ਵਜੇ ਤੱਕ ਬਲਾਕ ਸ਼ਾਹਕੋਟ ’ਚ 57.40 ਫੀਸਦੀ ਪੋਲਿੰਗ ਦਰਜ਼ ਕੀਤੀ ਗਈ। ਚੋਣਾਂ ਦੌਰਾਨ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਪੋਲਿੰਗ ਬੂਥਾਂ ’ਤੇ ਬਾਜ਼ ਨਜ਼ਰ ਰੱਖੀ ਗਈ ਤੇ ਪ੍ਰਸਾਸ਼ਨ ਵੱਲੋਂ ਤਾਇਨਾਤ ਕੀਤੇ ਗਏ ਸੁਪਰਵਾਈਜ਼ਰ ਸਟਾਫ਼ ਵੱਲੋਂ ਹਰ ਦੋ ਘੰਟੇ ਬਾਅਦ ਚੋਣਾਂ ਸਬੰਧੀ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ ਦੀ ਸਥੀਤੀ ਅਤੇ ਪੋਲ ਹੋਈਆਂ ਵੋਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਨਵਨੀਤ ਕੌਰ ਬੱਲ ਨੇ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀ ਘਟਨਾ ਤੋਂ ਬਚਾਅ ਰਿਹਾ ਅਤੇ ਚੋਣ ਅਮਲੇ ਤੇ ਵੋਟਰਾਂ ਨੇ ਪ੍ਰਸਾਸ਼ਨ ਦਾ ਹਰ ਤਰਾਂ ਨਾਲ ਸਾਥ ਦਿੱਤਾ ਗਿਆ। ਉਨਾਂ ਕਿਹਾ ਕਿ ਚੋਣਾਂ ਸਬੰਧੀ 22 ਸਤੰਬਰ ਨੂੰ ਸਵੇਰੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ, ਜਿਸ ਸਬੰਧੀ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Have something to say? Post your comment