Article

ਤੇ ਰੱਬ ਬਹੁੜ ਪਿਆ //ਪਵਿੱਤਰਪਾਲ ਸਿੰਘ

September 23, 2018 08:14 PM
General

ਬਾਬਲ ਦੇ ਵਿਹੜੇ ਵਿੱਚ ਗੁੱਡੀਆਂ-ਪਟੋਲੇ ਖੇਡਦੀ ਸਿਮਰਨ ਕਦੋਂ ਲਾਲ ਸੂਹਾ ਚੂੜਾ ਪਾ ਸਹੁਰੇ ਘਰ ਪਹੁੰਚ ਗਈ ਸੀ, ਉਸ ਨੂੰ ਪਤਾ ਹੀ ਨਹੀਂ ਸੀ ਲੱਗਿਆ। ਖੁਸ਼ੀਆਂ ਤੇ ਖੇੜਿਆਂ ਨੇ ਆ ਉਸ ਵੇਲੇ ਵਿਹੜੇ ਵਿੱਚ ਡੇਰਾ ਲਾਇਆ ਸੀ ਜਦੋਂ ਉਸ ਨੂੰ ਇੱਕ ਨੱਨੇ-ਮੁੰਨੇ ਬੱਚੇ ਦੀ ਆਮਦ ਬਾਰੇ ਪਤਾ ਲੱਗਿਆ ਸੀ। ਉਸ ਦਾ ਜੀਅ ਤਾਂ ਗਿੱਧੇ ਦੀ ਬੋਲੀਆਂ ਪਾ ਧਮਾਲਾਂ ਪਾਉਣ ਨੂੰ ਕਰਦਾ ਸੀ ਪਰ ਡਾਕਟਰ ਨੇ ਨੱਚਣ-ਟੱਪਣ ਦੀ ਸਖਤ ਮਨਾਹੀ ਕੀਤੀ ਸੀ।


        ਸਿਮਰਨ ਦਾ ਵਿਆਹ ਬਹੁਤ ਚੰਗੇ ਪਰਿਵਾਰ ਵਿੱਚ ਹੋਇਆ ਸੀ।ਉਹ ਸਹੁਰੇ ਘਰ ਵਿੱਚ ਬਹੁਤ ਖੁਸ਼ ਸੀ।ਆਪਣੇ ਸੱਸ-ਸਹੁਰੇ ਦੀ ਬਹੁਤ ਹੀ ਜਿਆਦਾ ਇੱਜ਼ਤ ਅਤੇ ਸੇਵਾ ਕਰਦੀ ਸੀ।ਉਸ ਦਾ ਪਤੀ ਆਧੁਨਿਕ ਵਿਚਾਰਾਂ ਦਾ ਮਾਲਿਕ ਸੀ।ਉਸ ਦੇ ਅਨੁਸਾਰ ਔਲਾਦ ਸੋਹਣੀ ਅਤੇ ਨੇਕ ਹੋਣੀ ਚਾਹੀਦੀ ਹੈ,ਫਿਰ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ।ਉਹ ਸਿਮਰਨ ਦਾ ਬਹੁਤ ਖਿਆਲ ਰੱਖਦਾ ਅਤੇ ਉਸ ਦੀ ਸਿਹਤ ਸੰਭਾਲ ਪ੍ਰਤੀ ਗੰਭੀਰ ਸੀ ਪਰ ਸਿਮਰਨ ਦੀ ਸੱਸ ਨੂੰ ਤਾਂ ਆਪਣੇ ਪੋਤੇ ਦਾ ਇੰਤਜ਼ਾਰ ਸੀ।
           ਸਿਮਰਨ ਦੀ ਸੱਸ ਉਸ ਨੂੰ ਚੈੱਕ-ਅੱਪ ਕਰਵਾਉਣ ਲਈ ਡਾਕਟਰ ਕੋਲ ਲੈ ਗਈ ਸੀ ਅਤੇ ਉਸ ਨੇ ਚੁੱਪ-ਚੁਪੀਤੇ ਡਾਕਟਰ ਦੀ ਮੁੱਠੀ ਗਰਮ ਕਰ ਉਸ ਕੋਲੋਂ ਲਿੰਗ ਦਾ ਪਤਾ ਕਰਵਾ ਲਿਆ ਸੀ।
          ਡਾਕਟਰ ਦੇ ਇਹ ਦੱਸਣ ਤੇ ਕਿ ਬੇਟੀ ਹੈ ਤਾਂ ਉਸਦੀ ਸੱਸ ਨੂੰ ਤਾਂ ਜਿਵੇਂ ਇਕਦਮ ਸੱਪ ਸੁੰਘ ਗਿਆ ਸੀ।ਉਸਦੀ ਸੱਸ ਡਾਕਟਰ ਨਾਲ ਗੱਲਬਾਤ ਕਰਕੇ ਵਾਪਸ ਆ ਗਈ ਅਤੇ ਕੁੱਝ ਦਿਨ ਬਾਅਦ ਫਿਰ ਡਾਕਟਰ ਕੋਲ ਜਾਣ ਲਈ ਕਿਹਾ। ਸਿਮਰਨ ਇਸ ਗੱਲ ਤੋਂ ਅਣਜਾਣ ਸੀ ਕਿ ਉਸਦੀ ਸੱਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ।ਅਗਲੀ ਵਾਰ ਜਦੋਂ ਡਾਕਟਰ ਕੋਲ ਗਏ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੀ ਸੱਸ ਅਤੇ ਡਾਕਟਰ ਉਸ ਦੇ ਬੱਚੇ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨਾ ਚਾਹੁੰਦੇ ਸਨ।ਸਿਮਰਨ ਨੇ ਆਪਣੀ ਸੱਸ ਅਤੇ ਡਾਕਟਰ ਨੂੰ ਬਹੁਤ ਤਰਲੇ ਪਾਏ ਕਿ ਉਸਦੇ ਬੱਚੇ ਨੂੰ ਸੰਸਾਰ ਵਿੱਚ ਆਉਣ ਦਿਓੁ ਪਰ ਉਹਨਾਂ ਉਸਦੀ ਇੱਕ ਨਾ ਸੁਣੀ । ਅਚਾਨਕ ਹੀ ਪੁਲਿਸ ਉੱਥੇ ਪਹੁੰਚ ਗਈ ਅਤੇ ਉਸਦੀ ਸੱਸ ਅਤੇ ਡਾਕਟਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।ਬਾਅਦ ਵਿੱਚ ਸਿਮਰਨ ਨੂੰ ਪਤਾ ਲੱਗਾ ਕਿ ਇੱਕ ਆਦਮੀ ਜੋ ਕਿ ਆਪਣੇ ਇਲਾਜ ਲਈ ਬਾਹਰ ਵਾਰੀ ਦੀ ਉਡੀਕ ਕਰ ਰਿਹਾ ਸੀ, ਨੇ ਸਿਮਰਨ ਤੇ ਉਸਦੀ ਸੱਸ ਦੀ ਸਾਰੀ ਗੱਲਬਾਤ ਸੁਣ ਲਈ ਸੀ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ। ਸਿਮਰਨ ਨੇ ਆਪਣੇ ਪਤੀ ਨੂੰ ਫੋਨ ਤੇ ਸੂਚਨਾ ਦਿੱਤੀ ਅਤੇ ਉਹ aੁੱਸੇ ਸਮੇਂ ਹਸਪਤਾਲ  ਪਹੁੰਚ ਗਿਆ। ਸਿਮਰਨ ਅਤੇ ਉਸਦੇ ਪਤੀ ਨੇ ਉਸ ਆਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਤਾਂ ਜਿਵੇਂ ਰੱਬ ਆਪ ਹੀ ਬਹੁੜਿਆ ਹੈ!

ਪਵਿੱਤਰਪਾਲ ਸਿੰਘ
ਅਲੀਵਾਲ ਚੌਂਕ ਬਟਾਲਾ ਜਿਲਾ ਗੁਰਦਾਸਪੁਰ ਪੰਜਾਬ (ਭਾਰਤ)

Have something to say? Post your comment