Poem

ਗ਼ਜ਼ਲ // ਅਮਨ ਦਾਤੇਵਾਸੀਆ

October 08, 2018 07:23 PM
General

ਚੰਮ  ਦੀਆਂ ਚਲਾਈ ਜਾਂਦੇ ਨੇ।
ਅੱਖ ਚ ਧੂੜ ਪਾਈ   ਜਾਂਦੇ ਨੇ।
ਅਸਲੀ ਮੁੱਦੇ ਹਵਾ  ਨੇ ਹੋ ਗਏ,
ਬੱਸ ਖ਼ਬਰਾਂ ਸੁਣਾਈ  ਜਾਂਦੇ ਨੇ।
ਆਪ ਤਾਂ ਘੋਲ਼ ਨੂਰਾ ਦਾ ਲੜਦੇ,
ਲੋਕ ਸੱਚਿਉਂ ਲੜਾਈ ਜਾਂਦੇ ਨੇ।
ਰੰਗ ਦਸਤਾਰ ਦੇ  ਇਹ ਵਟਾ ਕੇ,
ਮਾਤ ਗਿਰਗਿਟ ਨੂੰ ਪਾਈ ਜਾਂਦੇ ਨੇ।
ਚੰਦ ਹੈ ਗੋਲ਼  ਉਵੇਂ ਗੋਲ਼ ਹੀ ਰੋਟੀ,
ਚੰਦ ਹੀ ਤਾਂ   ਦਿਖਾਈ  ਜਾਂਦੇ ਨੇ।
ਧਰਮ ਨੂੰ ਨਿੱਜ ਤੋਂ ਉੱਪਰ ਰੱਖ ਕੇ,
ਕਰਮ ਨੂੰ  ਹੀ  ਭੁਲਾਈ  ਜਾਂਦੇ  ਨੇ।
ਸਬਜ ਬਾਗ ਦਿਖਾ ਬੇਰੁਜਗਾਰਾਂ ਨੂੰ,
ਦੇਸ਼  ਤੋਂ ਹੀ  ਭਜਾਈ   ਜਾਂਦੇ  ਨੇ।
ਵੋਟ- ਤੰਤਰ ਦੀ  ਡੱਫਲੀ ਦੇ  ਉੱਤੇ,
ਨਾਚ - ਤਾਂਡਵ  ਨਚਾਈ  ਜਾਂਦੇ  ਨੇ।
"ਅਮਨ" ਇਹ ਖੋ ਕੇ ਲਾਲੋ ਦੀ ਰੋਟੀ,
ਮਲਿਕ ਭਾਗੋ ਨੂੰ  ਫੜਾਈ  ਜਾਂਦੇ ਨੇ।
       ਅਮਨ ਦਾਤੇਵਾਸੀਆ

Have something to say? Post your comment