Article

ਆਲੋਚਨਾ ਅਤੇ ਆਲੋਚਕ //ਪ੍ਰਭਜੋਤ ਕੌਰ ਢਿੱਲੋਂ

October 09, 2018 08:59 PM
General

ਆਲੋਚਨਾ ਮਤਲਬ ਕਿਸੇ ਬਾਰੇ ਆਪਣੇ ਵਿਚਾਰ ਦੇਣੇ ਪਰ ਉਹ ਇੰਨੇ ਨਾਂਹਪੱਖੁ ਹੋਣ ਕਿ ਉਸ ਵਿੱਚੋਂ ਨਫ਼ਰਤ ਦੀ ਬਦਬੂ ਆਵੇ।ਦੂਸਰਾ ਕਿਸੇ ਬਾਰੇ ਕੁਝ ਕਿਹਾ ਜਾਵੇ ਚਾਹੇ ਨੁਕਸ ਕੱਢਿਆ ਹੋਵੇ ਪਰ ਉਹ ਨਾ ਸੁਣਨ ਵਾਲੇ ਨੂੰ ਬੁਰਾ ਲੱਗੇ ਅਤੇ ਨਾ ਜਿਸ ਬਾਰੇ ਕਿਹਾ ਗਿਆ ਹੋਵੇ।ਉਸ ਨਾਲ ਉਹ ਬੰਦਾ ਆਪਣੇ ਆਪ ਨੂੰ ਸੁਧਾਰਨ ਦੀ ਸੋਚ ਲਵੇ।ਆਲੋਚਨਾ ਸਿਰਫ਼ ਦੂਸਰੇ ਨੂੰ ਨੀਵਾਂ ਵਿਖਾਉਣ ਵਾਲੀ ਕਰਨੀ ਕਿਸੇ ਪੱਖੋਂ ਵੀ ਵਧੀਆ ਸੁਨੇਹਾ ਨਹੀਂ ਦਿੰਦੀ।ਇਹ ਰਿਸ਼ਤਿਆਂ ਅਤੇ ਮਾਹੌਲ ਵਿੱਚ ਜ਼ਹਿਰ ਘੋਲਦੀ ਹੈ।ਇਥੇ ਆਲੋਚਕ ਬਾਰੇ ਗੱਲ ਕਰਨੀ ਵਧੇਰੇ ਮਹੱਤਵ ਰੱਖਦੀ ਹੈ।ਆਲੋਚਨਾ ਕਰਨ ਵਾਲਾ ਮਾਨਸਿਕ ਤੌਰ ਤੇ ਬੀਮਾਰ ਕਿਹਾ ਜਾ ਸਕਦਾ ਹੈ।ਉਹ ਆਪ ਅਸਫਲ ਬੰਦਾ ਹੁੰਦਾ ਹੈ।ਜੋ ਦੂਸਰੇ ਦੀ ਆਲੋਚਨਾ ਕਰਕੇ ਉਸਨੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ,ਹਕੀਕਤ ਵਿੱਚ ਉਸਦੀ ਸੋਚ,ਸਮਝ ਅਤੇ ਅਕਲ ਦਾ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਹੈ।ਅਜਿਹੇ ਬੰਦੇ ਨੂੰ ਸਫ਼ਾਈ ਦੇਣੀ ਜਾਂ ਦੱਸਣਾ,ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੁੰਦੀ ਹੈ।
ਆਲੋਚਕਾਂ ਦੀ ਗੱਲ ਸੁਣਨ ਜਾਂ ਉਸ ਤੇ ਪ੍ਰਤੀਕਰਮ ਕਰਨ ਦੀ ਜ਼ਰੂਰਤ ਨਹੀਂ।ਉਸਨੂੰ ਵਧੇਰੇ ਮਹੱਤਵ ਦੇਣ ਦੀ ਜ਼ਰੂਰਤ ਨਹੀਂ।ਜੀਨ ਸਿਬੀਲਿਅਸ ਅਨੁਸਾਰ,"ਆਲੋਚਕਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ।ਕਿਸੇ ਆਲੋਚਕ ਦੇ ਆਦਰ ਮਾਣ ਵਿੱਚ ਕੋਈ ਬੁੱਤ ਸਥਾਪਤ ਕੀਤਾ ਨਹੀਂ ਮਿਲਦਾ।"ਆਲੋਚਕ ਆਪਣੀਆਂ ਕਮੀਆਂ ਅਤੇ ਘਾਟਾਂ ਨੂੰ ਛੁਪਾਉਣਾ ਚਾਹੁੰਦਾ ਹੈ।ਜੋ ਉਸ ਵਿੱਚ ਘਾਟਾ ਹੁੰਦੀਆਂ ਹਨ ਉਹ ਦੂਸਰਿਆਂ ਵਿੱਚ ਵੇਖਦਾ ਹੈ।ਜਿਹੜੇ ਸਿਰਫ਼ ਦੂਸਰਿਆਂ ਨੂੰ ਨੀਵਾਂ ਵਿਖਾਉਣ ਲਈ ਆਲੋਚਨਾ ਕਰਦੇ ਹਨ ਉਹ ਸਮਾਜ ਵਾਸਤੇ ਸਿਉਂਕ ਹੁੰਦੇ ਹਨ।ਜਿਹੜਾ ਬੰਦਾ ਆਪ ਕੁਝ ਨਹੀਂ ਕਰ ਸਕਦਾ ਉਹ ਦੂਸਰਿਆਂ ਦਾ ਮਾਖੌਲ ਉਡਾਉਂਦਾ ਹੈ,ਆਲੋਚਨਾ ਕਰਦਾ ਹੈ।ਇੱਕ ਕਹਾਵਤ ਹੈ,"ਪਿੱਛੇ ਰਹਿ ਗਿਆ ਬਾਂਦਰ ਹੋਰਾਂ ਦੀਆਂ ਪੂਛਾਂ ਦਾ ਮਾਖੌਲ ਉਡਾਉਂਦਾ ਹੈ।"
ਕਈ ਵਾਰ ਆਲੋਚਕ ਅਜਿਹੀ ਆਲੋਚਨਾ ਕਰਦੇ ਹਨ,ਅਜਿਹੀ ਗੱਲ ਕਰਦੇ ਹਨ ਕਿ ਉਨ੍ਹਾਂ ਨੂੰ ਭਾਰੀ ਵੀ ਪੈ ਜਾਂਦੀ ਹੈ।ਆਪਣੇ ਆਪਨੂੰ ਸਭ ਤੋਂ ਸਿਆਣਾ ਸਮਝਦੇ ਹਨ ਅਜਿਹੇ ਲੋਕ।ਕਿਸੇ ਨੇ ਗੱਲ ਸੁਣਾਈ ਕਿ ਇੱਕ ਦਿਨ ਇੱਕ ਅਜਿਹੇ ਸਿਆਣੇ ਆਲੋਚਕ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਆਲੋਚਨਾ ਕੀਤੀ।ਉਸ ਵਿੱਚ ਨੁਕਸਾਂ ਦੀ ਲਿਸਟ ਲੰਮੀ ਚੌੜੀ ਬਣਾਕੇ ਦੱਸਣੀ ਸ਼ੁਰੂ ਕੀਤੀ।ਪਰ ਰੱਬ ਦੇ ਰੰਗ ਨਿਆਰੇ ਉਸ ਬੰਦੇ ਨੂੰ ਵਧੀਆ ਪ੍ਰਵਕਤਾ ਮੰਨਿਆ ਗਿਆ।ਪਰ ਉਸ ਨੇ ਉਸ ਆਲੋਚਕ ਨੂੰ ਕੁਝ ਕਹਿਣ ਦੀ ਬਜਾਏ ਆਪਣੇ ਕੰਮ ਤੇ ਧਿਆਨ ਦਿੱਤਾ।ਕੁਦਰਤ ਅਜਿਹੇ ਘਟੀਆ ਲੋਕਾਂ ਦੇ ਮੂੰਹ ਤੇ ਚਪੇੜ ਜ਼ਰੂਰ ਮਾਰਦਾ ਹੈ।ਸਿਆਣੇ ਇਸੇ ਕਰਕੇ ਕਹਿੰਦੇ ਹਨ,"ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।"
ਕਈਆਂ ਨੂੰ ਦੂਸਰੇ ਦੇ ਕਪੜੇ ਪਾਉਣ ਵਿੱਚ ਖਾਮੀਆਂ ਲੱਭਣ ਦੀ ਆਦਤ ਹੁੰਦੀ ਹੈ।ਜੇਕਰ ਕੋਈ ਸਾਦਾ ਹੈ ਤਾਂ ਉਸਨੂੰ ਬੇਅਕਲ ਦੱਸਣਗੇ।ਉਸ ਵਿੱਚ ਕੁਦਰਤ ਨੇ ਕੀ ਖਾਸ ਦਿੱਤਾ ਹੈ ਅਜਿਹੇ ਲੋਕਾਂ ਦੀ ਸਮਝ ਤੋਂ ਬਹੁਤ ਦੂਰ ਦੀ ਗੱਲ ਹੁੰਦੀ ਹੈ।ਅਜਿਹੇ ਲੋਕਾਂ ਦੀ ਸੋਚ ਇਥੋਂ ਤੱਕ ਹੁੰਦੀ ਹੈ ਕਿ ਜਿਸਨੇ ਫੈਸ਼ਨ ਕੀਤਾ ਹੋਵੇ,ਉਲਟੇ ਸਿੱਧੇ ਕੱਪੜੇ ਪਾਏ ਹੋਣ,ਉਹ ਹੀ ਸਮਾਜ ਵਿੱਚ ਵਧੇਰੇ ਇੱਜ਼ਤ ਰੱਖਦਾ ਹੈ।ਅਫਰੀਕਾ ਦੀ ਕਹਾਵਤ ਹੈ,"ਮਿੱਟੀ ਨਾਲ ਲਿਬੜੇ ਖੰਭਾਂ ਵਾਲੇ ਕੁੱਕੜ ਨੂੰ ਮਜ਼ਾਕ ਕਦੇ ਨਾ ਕਰੋ,ਹੋ ਸਕਦਾ ਹੈ ਉਹ ਲੜਾਈ ਜਿੱਤਕੇ ਆਇਆ ਹੋਵੇ।"ਜਿਹੜੇ ਦੂਸਰਿਆਂ ਦੀ ਆਲੋਚਨਾ ਕਰਦੇ ਹਨ,ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,ਉਹ ਆਪਣੀ ਅਕਲ ਦਾ ਸਬੂਤ ਦੇ ਰਹੇ ਹੁੰਦੇ ਹਨ।ਇੰਨਾ ਨੂੰ ਮਾਨਸਿਕ ਰੋਗ ਦਾ ਇਲਾਜ ਕਰਨ ਵਾਲੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੁੰਦੀ ਹੈ।ਅਜਿਹੇ ਲੋਕਾਂ ਦੀ ਆਲੋਚਨਾ ਵੱਲ ਧਿਆਨ ਨਾ ਦਿਉ,ਉਸ ਨੂੰ ਗੱਲਬਾਤ ਰਾਹੀਂ ਉਨ੍ਹਾਂ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨੀ ਵੀ ਆਪਣੀ ਸ਼ਕਤੀ ਖਰਾਬ ਕਰਨ ਬਰਾਬਰ ਹੁੰਦੀ ਹੈ।ਬੈਂਜਾਮਿਨ ਫਰੈਕੇਲਿਨ ਨੇ ਬਹੁਤ ਵਧੀਆ ਲਿਖਿਆ ਹੈ,"ਆਲੋਚਨਾ ਮੇਰੇ ਉਪਰ ਡਿੱਗੀਆਂ ਚਿੱਕੜ ਦੀਆਂ ਉਹ ਛਿੱਟਾਂ ਹਨ ਜਿਨ੍ਹਾਂ ਨੂੰ ਜੇ ਮੈਂ ਉਸ ਵੇਲੇ ਹਟਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਹੋਰ ਫੈਲ ਜਾਣਗੀਆਂ ਪਰ ਮੈਂ ਸਬਰ ਕਰਦਾ ਤਾਂ ਜੋ ਉਹ ਸਮੇਂ ਨਾਲ ਸੁੱਕ ਕੇ ਆਪੇ ਝੜ ਜਾਣ।"ਆਲੋਚਨਾ ਕਰਨੀ ਹੈ ਤਾਂ ਉਸ ਦਾ ਤਰੀਕਾ ਅਜਿਹਾ ਹੋਵੇ ਕਿ ਮਾਹੌਲ ਸੁਖਦ ਹੋਵੇ ਅਤੇ ਕਿਸੇ ਦੀ ਤੌਹੀਨ ਨਾ ਹੋਵੇ।ਜਿਹੜੇ ਆਲੋਚਕ ਸਿਰਫ਼ ਆਲੋਚਨਾ ਦੂਸਰਿਆਂ ਨੂੰ ਨੀਵਾਂ ਵਿਖਾਉਣ ਲਈ ਹੀ ਕਰਦੇ ਹਨ,ਉਹ ਆਲੋਚਕ ਨਹੀਂ ਸਗੋਂ ਮਾਨਸਿਕ ਰੋਗੀ ਹੁੰਦੇ ਹਨ।

 ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment