News

ਕੁਲਵਿੰਦਰ ਬਿੱਲਾ ਦੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਨੇ ਜਿੱਤਿਆ ਦਰਸ਼ਕਾਂ ਦਾ ਦਿਲ

October 09, 2018 09:22 PM
General

ਕੁਲਵਿੰਦਰ ਬਿੱਲਾ ਦੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਬਾਕਸ ਆਫਿਸ 'ਤੇ ਮਚਾਈਆਂ ਧੁੰਮਾਂ - ਬਿਕਰਮ ਸਿੰਘ ਵਿੱਕੀ

ਬਠਿੰਡਾ (ਗੁਰਬਾਜ ਗਿੱਲ) –28 ਸਤੰਬਰ ਨੂੰ ਸਿਨੇਮਾ ਘਰਾਂ 'ਚ ਪਰਦਾਪੇਸ਼ ਹੋਈ ਕੁਲਵਿੰਦਰ ਬਿੱਲਾ 'ਤੇ ਵਾਮਿਕਾ ਗਾਬੀ ਦੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਇਨੀਂ ਦਿਨੀਂ ਬਾਕਸ ਆਫਿਸ 'ਤੇ  ਖੂਬ ਧੁੰਮਾਂ ਮਚਾ ਰਹੀ ਹੈ। ਸੰਗੀਤਕ ਪੱਤਰਕਾਰ ਬਿਕਰਮ ਸਿੰਘ ਵਿੱਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਪੁਰਾਤਨ ਸੱਭਿਆਚਾਰ, ਪੁਰਾਣੇ ਵਿਆਹਾਂ ਦੀਆਂ ਰਸਮਾਂ, ਪਿਆਰ ਦੇ ਰੰਗਾਂ ਅਤੇ ਜਵਾਈਆਂ ਦੇ ਕਿੱਸਿਆਂ ਨੂੰ  ਦਰਸਾਉਂਦੀ ਇਸ ਪਰਿਵਾਰਕ ਕਾਮੇਡੀ  ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਫ਼ਿਲਮ 'ਪ੍ਰਾਹੁਣਾ' ਨੇ ਰਿਲੀਜ਼ਿੰਗ ਦੇ ਪਹਿਲੇ ਦਿਨ ਹੀ ਭਾਰਤ 'ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਬਿਜ਼ਨਸ ਕਰਦੇ ਹੋਏ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ ਅਤੇ ਹੁਣ ਤਿੰਨ ਦਿਨਾਂ 'ਚ  5.63 ਕਰੋੜ ਦਾ ਬਿਜ਼ਨਸ ਕਰ ਲਿਆ ਹੈ।ਸੁਖਰਾਜ ਸਿੰਘ ਦੀ ਲਿਖੀ ਅਤੇ ਅਮਿਤ ਰਾਜ ਚੱਢਾ 'ਤੇ ਮੋਹਿਤ ਬਨਵੈਤ ਵੱਲੋਂ ਨਿਰਦੇਸ਼ਤ ਇਸ ਫ਼ਿਲਮ 'ਚ ਪਿਆਰ, ਪਹਿਰਾਵਾ, ਆਪਸੀ ਸਾਂਝ, ਰੀਤੀ-ਰਿਵਾਜ਼ਾਂ, ਪੁਰਾਣੇ ਸਮੇਂ ਦੇ ਵਿਆਹ ਅਤੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਇਹ ਫ਼ਿਲਮ 1970-75 ਦੇ ਸਮਿਆਂ ਵਿੱਚ ਸਹੁਰੇ ਘਰ ਹੁੰਦੀ ਜਵਾਈਆਂ ਦੀ ਪੁੱਛ ਗਿੱਛ, ਰੋਹਬ, ਮਾਣ ਇੱਜਤ ਦੇ ਰੁਤਬੇ ਨੂੰ ਪੇਸ਼ ਕਰਦੀ ਹੈ।ਫ਼ਿਲਮ ਵਿੱਚ ਦਰਸ਼ਕਾਂ ਨੂੰ ਪ੍ਰਾਹੁਣਿਆਂ ਦੇ ਕਈ ਰੰਗ ਵੇਖਣ ਨੂੰ ਮਿਲ ਰਹੇ ਹਨ। ਕਰਮਜੀਤ ਅਨਮੋਲ, ਹਾਰਬੀ ਸੰਘਾਂ ਤੇ ਸਰਦਾਰ ਸੋਹੀ ਇਸ ਫ਼ਿਲਮ 'ਚ ਜਵਾਈ ਭਾਈ ਦੇ ਕਿਰਦਾਰ ਨਿਭਾਅ ਰਹੇ ਹਨ।ਫ਼ਿਲਮ ਦਾ ਹੀਰੋ ਕੁਲਵਿੰਦਰ ਬਿੱਲਾ (ਜੰਟਾ) ਹੈ  ਜੋ ਚੜ•ਦੀ ਜਵਾਨੀ ਵਿੱਚ ਉਹ ਬਿੱਲੀਆਂ ਅੱਖਾਂ ਵਾਲੀ ਐਕਟਰਨੀ ਪ੍ਰੀਤੀ ਸਪਰੂ ਦੇ ਸੁਪਨੇ ਵੇਖਦਾ ਹੈ। ਉਹ ਪ੍ਰੀਤੀ ਸਪਰੂ ਵਰਗੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਸ ਦੀ ਭਾਲ ਮਾਣੋ ਯਾਨੀ ਕਿ ਵਾਮਿਕਾ ਗਾਬੀ 'ਤੇ ਆ ਕੇ ਮੁੱਕਦੀ ਹੈ। ਫ਼ਿਲਮ ਵਿੱਚ ਇਨਾਂ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਮੀਤ, ਰੁਪਿੰਦਰ ਰੂਪੀ, ਰਾਜ ਧਾਲੀਵਾਲ, ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਅਕਸ਼ਿਤਾ, ਨਵਦੀਪ ਕਲੇਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਗੀਤ ਸੰਗੀਤ ਬਹੁਤ ਵਧੀਆ ਬਣਿਆ ਹੈ। ਪਰਿਵਾਰਕ ਕਾਮੇਡੀ ਦੇ ਫੁੱਲ ਪੈਕੇਜ  ਇਸ ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ।

Have something to say? Post your comment