Thursday, May 23, 2019
FOLLOW US ON

Poem

ਖਿੜਦੀ ਆਉਂਦੀ ਕਪਾਹ ਨੀਂ -ਪ੍ਰਵੀਨ ਸ਼ਰਮਾ

October 10, 2018 10:02 PM
General

ਛੇਤੀ ਕਰ ਅੜੀਏ ਚੁਗੀਏ ਨਰਮਾ
ਪਿੱਛੇ ਖਿੜਦੀ ਆਉਂਦੀ ਕਪਾਹ ਨੀਂ ,
ਲੱਕ ਨਾਲ ਬੰਨ੍ਹ ਲੈ ਝੋਲੀ ਕੱਸ ਕੇ
ਦੋਹੇਂ ਹੱਥੀਂ ਚੁਗ-ਚੁਗ ਪਾ ਨੀਂ ।।

ਕਿੰਨਾ ਸੋਹਣਾ ਖਿੜਿਆ ਨਰਮਾ
ਨਹੀਂ ਘੱਟ ਕਪਾਹ ਦੀਆਂ ਫੁੱਟੀਆਂ ,
ਚੁਗ ਲਵਾਂਗੀਆਂ ਦੋਹੇਂ ਰੱਲਕੇ
ਕੁੱਝ ਦਿਨ ਲਾਕੇ ਪੁਰੀਆਂ ਝੁੱਟੀਆਂ ।।

ਚੋਗੇ ਤਾਂ ਪੈਸੇ ਵਾਹਲੇ ਮੰਗਦੇ
ਉੱਤੋ ਚਾਰ ਟਾਈਮ ਦੀ ਚਾਹ ਨੀਂ ,
ਲੈ ਕੇ , ਛੱਡਕੇ ਵੀ ਆਪਾਂ ਆਉਣਾਂ
ਉੱਤੋਂ ਡੀਜ਼ਲ ਦਾ ਆ ਭਾਅ ਨੀਂ  ।।

ਬਸ ਰੱਬ ਕਿਤੇ ਹੁਣ ਮੇਹਰ ਕਰੇ ਜੇ
ਫਲ ਖਿੜਿਆ ਰਹਿ ਜੇ ਚੰਗਾ ,
ਪਿਛਲੀ ਕਣਕ-ਸਰੋਂ ਤਾਂ ਬੱਦਲ ਖਾ ਗਿਆ
ਇਹ ਤਾਂ ਸਾਲ ਬੜਾ ਹੀ ਮੰਦਾ ।।

ਉਂਜ ਜ਼ਿਮੀਂਦਾਰੇ ਦਾ ਹਾਲ ਕੋਈ ਨਾਂ
ਮੇਹਨਤ ਕਰਕੇ ਵੀ ਪੈਸੇ ਦੇ ਟੋਟੇ ,
ਖਿੜਿਆ ਚੁਗਲੋ, ਟਿਂਡੇ ਤੋੜ ਸੁੱਕਾਲੋ
ਸਿਕਰਿਆਂ ਖਾ ਜਾਦੀਆਂ ਪੋਟੇ ।।

ਚੱਲ ਰੱਬ ਨਹੀਂ ਸਰਕਾਰ ਹੀ ਸੁਣ ਲੇ
ਚੰਗਾ ਦਿੰਦੀ ਰਹੇ ਜੇ ਭਾਅ ਨੀਂ ,
ਜੱਟ ਨੂੰ ਮੇਹਨਤ ਦਾ ਮੁੱਲ ਮਿਲ ਜੇ
ਉਹਨੂੰ ਚੜ੍ਹਿਆ ਰਹਿੰਦਾ ਚਾਅ ਨੀਂ ।।

ਦੱਸ ਕਿੰਨਾ ਕੂ ਭਲਾ ਟਾਈਮ ਹੋ ਗਿਆ
ਛੱਕ ਨਾਂ ਲਈਏ ਦੋ-ਦੋ ਮੰਨੀਆਂ ,
ਹੁਣ ਨਹੀਂ ਨਰਮੇ ਦੇ ਫੁੱਟ ਦਿਸਦੇ
ਅੱਖਾਂ ਹੋ ਗਈਆਂ ਜਿਵੇਂ ਅੰਨ੍ਹੀਆਂ ।।

ਚੁਗਦੀਆਂ ਨਰਮਾ ਕਰਦੀਆਂ ਗੱਲਾਂ
ਖੇਤੀ ਕਰਮਾਂ ਸੇਤੀ ਦੇ ਦੁੱਖੜੇ ,
ਫਿਕਰਾਂ ਵਿੱਚ ਨਾ ਡੋਲਣ ਜੱਟੀਆਂ
ਹਾਸੇ ਹੱਸਦੇ ਸੋਹਣੇ ਮੁੱਖੜੇ ।।

ਹਾਸੇ ਹੱਸਦੇ ਸੋਹਣੇ ਮੁੱਖੜੇ -2 ।।
 
ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
 ਏਲਨਾਬਾਦ, ਜਿਲਾ -- ਸਿਰਸਾ
 ਮੋਬਾ.. -- 94161-68044

Have something to say? Post your comment