News

ਫਤਹਿਗੜ੍ਹ ਸਾਹਿਬ ਹਲਕੇ ਦੇ ਸਾਂਸਦ ਸ. ਹਰਿੰਦਰ ਸਿੰਘ ਖਾਲਸਾ ਨਿਊਜ਼ੀਲੈਂਡ ਪਹੁੰਚੇ-ਅੰਬੇਡਕਰ ਸਪੋਰਟਸ ਕਲੱਬ ਵੱਲੋਂ ਸਵਾਗਤ

October 11, 2018 08:14 PM

ਫਤਹਿਗੜ੍ਹ ਸਾਹਿਬ ਹਲਕੇ ਦੇ ਸਾਂਸਦ ਸ. ਹਰਿੰਦਰ ਸਿੰਘ ਖਾਲਸਾ ਨਿਊਜ਼ੀਲੈਂਡ ਪਹੁੰਚੇ-ਅੰਬੇਡਕਰ ਸਪੋਰਟਸ ਕਲੱਬ ਵੱਲੋਂ ਸਵਾਗਤ
-13 ਦੇ ਸਭਿਆਚਾਰਕ ਅਤੇ 21 ਦੇ ਖੇਡ ਟੂਰਨਾਮੈਂਟ ਵਿਚ ਹੋਣਗੇ ਮੁੱਖ ਮਹਿਮਾਨ
ਆਕਲੈਂਡ 12 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) -ਹਲਕਾ ਫਤਹਿਗੜ੍ਹ ਸਾਹਿਬ ਤੋਂ ਭਾਰਤੀ ਲੋਕ ਸਭਾ ਦੇ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਵੀਰਵਾਰ ਆਕਲੈਂਡ ਹਵਾਈ ਅੱਡੇ ਉਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਮੇਟੀ ਦੇ ਅਹੁਦੇਦਾਰ ਪਹੁੰਚੇ ਹੋਏ ਸਨ। ਇਨ੍ਹਾਂ ਵਿਚ ਕਲੱਬ ਦੇ ਪ੍ਰਧਾਨ ਜਸਵਿੰਦਰ ਸੰਧੂ, ਸਕੱਤਰ ਸ. ਨਰਿੰਦਰ ਸਿੰਘ ਸਹੋਤਾ, ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਤੋਂ ਸ. ਰਵਿੰਦਰ ਸਿੰਘ ਝੱਮਟ, ਚੇਅਰਮੈਨ ਸ. ਨਿਰਮਲਜੀਤ ਸਿੰਘ ਭੱਟੀ, ਸ਼ਿੰਦਰ ਮਾਹੀ ਤੇ ਹੋਰ ਮੈਂਬਰ ਪਹੁੰਚੇ ਸਨ। ਸ. ਹਰਿੰਦਰ ਸਿੰਘ ਖਾਲਸਾ ਦੀ ਭੈਣ ਸ੍ਰੀਮਤੀ ਦਵਿੰਦਰ ਕੌਰ ਖਾਲਸਾ ਹਮਿਲਟਨ ਵਿਖੇ ਰਹਿੰਦੇ ਹਨ ਅਤੇ ਉਹ ਵੀ ਉਨ੍ਹਾਂ ਨੂੰ ਲੈਣ ਪਹੁੰਚੇ ਸਨ। ਸ. ਖਾਲਸਾ 13 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਕਲੱਬ ਵੱਲੋਂ ਹੋ ਰਹੇ ਪੁੱਕੀਕੋਹੀ ਵਿਖੇ ਹੋ ਰਹੇ ਸਭਿਆਚਾਰਕ ਸਮਾਗਮ ਅਤੇ 21 ਅਕਤੂਬਰ ਨੂੰ ਹੋਣ ਵਾਲੇ ਖੇਡ ਮੇਲੇ ਵਿਚ ਵੀ ਸ਼ਿਰਕਤ ਕਰਨਗੇ।
ਵਰਨਣਯੋਗ ਹੈ ਕਿ ਸ. ਖਾਲਸਾ 1996 ਤੋਂ 1998 ਤੱਕ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫ ਤੋਂ ਸਾਂਸਦ ਬਣੇ ਸਨ ਅਤੇ ਫਿਰ 2014 ਦੇ ਵਿਚ ਆਮ ਆਦਮੀ ਪਾਰਟੀ ਤੋਂ ਸਾਂਸਦ ਬਣੇ ਹਨ। ਉਨ੍ਹਾਂ ਸੁਖਦੇਵ ਸਿੰਘ ਲਿਬੜਾ ਨੂੰ 55,000 ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ ਸੀ।  ਪਰ ਅੱਜਕੱਲ੍ਹ ਇਨ੍ਹਾਂ ਦੇ ਸਬੰਧ ਆਮ ਪਾਰਟੀ ਦੇ ਨਾਲ ਠੀਕ ਨਹੀਂ ਹਨ। ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਅਗਸਤ 2015 ਦੇ ਵਿਚ ਬਰਖਾਸਤ ਕਰ ਦਿੱਤਾ ਸੀ।
ਐਮ. ਏ. ਇੰਗਲਿਸ਼, ਦੋ ਕਿਤਾਬਾਂ ਦੇ ਰਚੇਤਾ ਅਤੇ ਲੈਕਚਰਾਰ ਰਹੇ ਸ. ਖਾਲਸਾ ਨੇ 1974 ਦੇ ਵਿਚ ਪੰਜਾਬ ਸਿਵਲ ਸਰਵਿਸ ਤੇ ਫਿਰ ਇੰਡੀਅਨ ਫੌਰਨ ਸਰਵਿਸ ਨੂੰ ਅਪਣਾ ਲਿਆ ਸੀ। ਜਕਾਰਤਾ ਵਿਖੇ ਇਹ ਸੈਕਿੰਡ ਸੈਕਰੇਟਰੀ ਰਹੇ ਜਦ ਕਿ ਬੈਂਕਾਕ ਅਤੇ ਨਾਰਵੇ ਵਿਖੇ ਉਹ ਫਸਟ ਸੈਕਟਰੀ ਰਹੇ। 1984 ਦੇ ਬਲੂ ਸਟਾਰ ਅਪ੍ਰੇਸ਼ਨ ਦੇ ਰੋਸ ਵਜੋਂ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ, ਸਰਕਾਰ ਨੇ ਕਈ ਸਾਲ ਕੇਸ ਵੀ ਚਲਾਇਆ ਅਤੇ ਉਹ 1990 'ਚ ਨਾਰਵੇ ਤੋਂ ਵਾਪਿਸ ਇੰਡੀਆ ਚਲੇ ਗਏ।

Have something to say? Post your comment