Article

ਮਿਠੀਆਂਂ ਤੇ ਕੌੜੀਆਂ ਯਾਦਾਾਂ //ਪ੍ਰਭਜੋਤ ਕੌਰ ਢਿੱਲੋਂ

October 12, 2018 08:12 PM
General

ਮਿਠੀਆਂਂ ਤੇ ਕੌੌੌੜੀਆਂਂ ਯਾਦਾਾਂ

ਅੱਠ ਅਕਤੂਬਰ ਦਾ ਦਿਨ ਏਅਰਫੋਰਸ ਦਾ ਜਨਮ ਦਿਹਾੜਾ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ।ਆਕਾਸ਼ ਵਿੱਚ ਉਡਾਰਦੀਆਂ ਮਾਰਦੇ,ਏਹ ਸੈਨਿਕ ਇੱਕ ਵੱਖਰੀ ਦੁਨੀਆਂ ਵਿੱਚ ਰਹਿੰਦੇ ਹਨ।ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਅਤੇ ਮੌਤ ਨਾਲ ਮਖੌਲਾਂ ਕਰਦੇ,ਹਰ ਵੇਲੇ ਦੇਸ਼ ਲਈ ਕੁਝ ਕਰਨ ਲਈ ਤਿਆਰ।ਨਾ ਥਕਾਵਟ,ਨਾ ਸ਼ਿਕਨ।ਵਕਤ ਦੇ ਪਾਬੰਦ ਅਤੇ ਅਨੁਸ਼ਾਸਨ ਦੇ ਪੱਕੇ।ਇਹ ਹਰ ਸੈਨਿਕ ਵਿੱਚ ਕੁੱਟ ਕੁੱਟ ਕੇ ਭਰੇ ਮਿਲ ਜਾਣਗੇ।ਖੈਰ ਮੈਂ ਤਾਂ ਗੱਲ ਕਰਨ ਜਾ ਰਹੀ ਸੀ ਆਪਣੀਆਂ ਯਾਦਾਂ ਬਾਰੇ ਜੋ ਆਸਮਾਨ ਵਿੱਚ ਉੱਡਦੇ ਜਹਾਜ਼ਾਂ ਨੂੰ ਵੇਖਕੇ ਤਾਜ਼ਾ ਹੋ ਗਈਆਂ।ਅਸਲ ਵਿੱਚ ਮੈਂ ਵੀ ਏਅਰਫੋਰਸ ਪਰਿਵਾਰ ਦਾ ਹਿੱਸਾ ਹਾਂ।ਇਸ ਕਰਕੇ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਹਨ।ਬਹੁਤ ਸਾਰੇ ਤੁਜਰਬੇ ਹਨ ਜਿੰਨਾ ਨੇ ਜ਼ਿੰਦਗੀ ਜਿਉਣ ਲਈ ਬਹੁਤ ਕੁਝ ਸਿਖਾਇਆ।
ਇਹ ਸੱਚ ਹੈ ਕਿ ਜਿਵੇਂ ਦੀ ਜ਼ਿੰਦਗੀ ਸਿਵਲ ਵਿੱਚ ਅਸੀਂ ਜਿਉਂਦੇ ਹਾਂ, ਉਸ ਵਰਗੀ ਜ਼ਿੰਦਗੀ ਸੈਨਿਕਾਂ ਦੀ ਨਹੀਂ ਹੁੰਦੀ।ਇੰਨਾ ਦੀ ਇੱਕ ਵੱਖਰੀ ਹੀ ਦੁਨੀਆ ਹੁੰਦੀ ਹੈ।ਜਿਸ ਤਰ੍ਹਾਂ ਇਹ ਮੌਤ ਨੂੰ ਮਾਖੌਲ ਕਰਦੇ ਨੇ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ।
ਮੈਂ ਏਅਰਫੋਰਸ ਪਰਿਵਾਰ ਵਿੱਚ 1982 ਵਿੱਚ ਗਈ ਸੀ।ਬੜਾ ਹੀ ਨਿੱਘਾ ਸਵਾਗਤ।ਸੀਨੀਅਰ ਅਫਸਰਾਂ ਦੇ ਪਰਿਵਾਰਾਂ ਨੇ ਬਹੁਤ ਪਿਆਰ ਨਾਲ ਮੈਨੂੰ ਉਸ ਪਰਿਵਾਰ ਵਿੱਚ ਜੀ ਆਇਆਂ ਕਿਹਾ।ਹੌਲੀ ਹੌਲੀ ਉਸ ਮਾਹੌਲ ਨੂੰ ਸਮਝਣਾ ਸ਼ੁਰੂ ਕੀਤਾ।ਹਰ ਕੋਈ ਜ਼ਿੰਦਗੀ ਜਿਉਣਾ ਜਾਣਦਾ ਸੀ।ਸ਼ਹਿਰ ਤੋਂ ਦੂਰ ਏਅਰਫੋਰਸ ਸਟੇਸ਼ਨ ਅਤੇ ਇੱਕ ਵੱਖਰੀ ਦੁਨੀਆ।ਬਹੁਤ ਕੁਝ ਵੱਖਰਾ ਸੀ।ਇਹ ਸੱਚ ਹੈ ਕਿ ਇੱਕ ਫੌਜੀ ਦੇ ਨਾਲ ਉਸਦਾ ਸਾਰਾ ਪਰਿਵਾਰ ਉਵੇਂ ਦੀ ਸਖਤ ਜ਼ਿੰਦਗੀ ਜਿਉਂਦਾ ਹੈ।ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਕਿਹਾ ਕਿ ਟੀ ਵੀ ਤੇ ਜਹਾਜ਼ ਉਡਦੇ ਵੇਖ ਯਾਦਾਂ ਤਾਜ਼ਾ ਹੋ ਗਈਆਂ,ਹਾਂ ਇਹ ਜਹਾਜ਼ਾਂ ਦੀ ਗੂੰਜ ਆਪਣੀ ਲੱਗਦੀ ਸੀ।ਮੈਂ ਪਹਿਲੀ ਵਾਰ ਲੜਾਕੂ ਜਹਾਜ਼ ਨੂੰ ਕਲਾ ਬਾਜ਼ੀਆਂ ਲਗਾਉਂਦੇ ਵੇਖਿਆ।ਮੇਰਾ ਉਪਰਲਾ ਸਾਹ ਉਪਰ ਅਤੇ ਹੇਠਲਾ ਸਾਹ ਹੇਠਾਂ।ਮੇਰੇ ਪਤੀ ਤੋਂ ਬਹੁਤ ਸੀਨੀਅਰ ਅਫ਼ਸਰ ਸਨ ਜੋ ਫਲਾਇੰਗ ਕਰ ਰਹੇ ਸਨ।ਉਹ ਕੌਤਕ ਵੇਖਕੇ ਸੱਭ ਜੋਸ਼ ਨਾਲ ਤਾੜੀਆਂ ਮਾਰ ਰਹੇ ਸਨ ਅਤੇ ਉਨ੍ਹਾਂ ਦੀ ਪਤਨੀ ਵੀ ਉਵੇਂ ਹੀ ਜੋਸ਼ ਨਾਲ ਤਾੜੀਆਂ ਮਾਰ ਰਹੀ ਸੀ ਅਤੇ ਖੁਸ਼ ਹੋ ਰਹੀ ਸੀ।ਹਰ ਕੋਈ ਜੋਸ਼ ਅਤੇ ਜਜ਼ਬੇ ਨਾਲ ਨੱਕੋ ਨੱਕ ਭਰਿਆ ਹੋਇਆ ਸੀ।ਹੌਲੀ ਹੌਲੀ ਮੈਂ ਵੀ ਉਸ ਸੱਭ ਨੂੰ ਸਹਿਜ ਲੈਣਾ ਸ਼ੁਰੂ ਕਰ ਦਿੱਤਾ ਜਾਂ ਕਹਿ ਲਵੋ ਕਿ ਉਹ ਜ਼ਿੰਦਗੀ ਦਾ ਇੱਕ ਹਿੱਸਾ ਬਣਦਾ ਜਾ ਰਿਹਾ ਸੀ।ਛੋਟੀ ਛੋਟੀ ਗੱਲ ਤੇ ਪਾਰਟੀਆਂ ਆਮ ਹੀ ਕਰਦੇ।ਜਿਵੇਂ ਜ਼ਿੰਦਗੀ ਦਾ ਹਰ ਪਲ ਉਹ ਜਿਉਣਾ ਚਾਹੁੰਦੇ ਸੀ।ਹਾਂ, ਇਥੇ ਨਾ ਕੋਈ ਧਰਮ ਸੀ ਤੇ ਨਾ ਕੋਈ ਜਾਤ।ਸਾਰੇ ਸੈਨਿਕ ਸਨ,ਸ਼ਾਇਦ ਇਸੇ ਕਰਕੇ ਖੁਸ਼ ਸਨ।ਮੈਨੂੰ ਯਾਦ ਹੈ ਜਦੋਂ ਮੈਂ ਨਵੀਂ ਨਵੀ ਹੀ ਸੀ ਤਾਂ ਮੇਰੇ ਪਤੀ ਜਹਾਜ਼ ਲੈਣ ਵਾਸਤੇ ਕਿਸੇ ਹੋਰ ਏਅਰਫੋਰਸ ਸਟੇਸ਼ਨ ਗਏ।ਇੱਕ ਰਾਤ ਦੇ ਕਪੜੇ,ਅਗਲੇ ਦਿਨ ਆ ਜਾਣਾ ਸੀ।ਨਵੇਂ ਸਾਲ ਦੀ ਪਾਰਟੀ ਸੀ।ਪਰ ਮੌਸਮ ਅਜਿਹਾ ਖਰਾਬ ਹੋਇਆ ਕਿ ਤਕਰੀਬਨ ਇੱਕ ਮਹੀਨੇ ਬਾਦ ਵਾਪਿਸ ਆਏ।ਨਵਾਂ ਨਵਾਂ ਮਾਹੌਲ ਸੀ ਪਰ ਹਰ ਰੋਜ਼ ਯੂਨਿਟ ਵਿੱਚੋਂ ਕਿਸੇ ਅਫਸਰ ਨੇ ਕੁਝ ਚਾਹੀਦਾ ਹੈ ਜਾਂ ਕੋਈ ਸਮਸਿਆ ਹੈ ਪੁੱਛਣ ਆਉਣਾ।ਉਸ ਸਮੇਂ ਫੋਨ ਦੀ ਸੁਵਿਧਾ ਨਹੀਂ ਸੀ।ਸ਼ਾਮ ਵੇਲੇ ਕਿਸੇ ਪਰਿਵਾਰ ਨੇ ਮੇਰੇ ਕੋਲ ਆ ਜਾਣਾ।ਇਸ ਨਾਲ ਮੈਂ ਸੱਭ ਦੇ ਨਜ਼ਦੀਕ ਹੋ ਗਈ ਅਤੇ ਮਾਹੌਲ ਨੂੰ ਸਮਝਣ ਦਾ ਤੁਜ਼ਰਬਾ ਵੀ ਹੋ ਗਿਆ।
ਮੈਨੂੰ ਇਵੇਂ ਲੱਗਾ ਜਿਵੇਂ ਮੈਂ ਆਪਣੇ ਪਰਿਵਾਰ ਵਿੱਚ ਹੀ ਹੋਵਾਂ।
ਜਦੋਂ ਪੂਰੀ ਯੂਨਿਟ ਨੇ ਫਲਾਇੰਗ ਵਾਸਤੇ ਦੂਸਰੇ ਏਅਰਫੋਰਸ ਸਟੇਸ਼ਨ ਤੇ ਲੰਮੇ ਸਮੇਂ ਲਈ ਚਲੇ ਜਾਣਾ ਤਾਂ ਪਿੱਛੋਂ ਵੀ ਸੱਭ ਨੇ ਇੱਕ ਥਾਂ ਇਕੱਠੇ ਹੋ ਜਾਣਾ।ਉਥੇ ਹੀ ਖਾਣਾ ਖਾ ਲੈਣਾ।ਅਗਲੇ ਦਿਨ ਕਿਸਦੇ ਘਰ ਜਾਣਾ, ਉਥੇ ਹੀ ਫੈਸਲਾ ਹੋ ਜਾਂਦਾ।
ਇਸਦੇ ਨਾਲ ਕੁਝ ਇਵੇਂ ਦੀਆਂ ਵੀ ਯਾਦਾਂ ਹਨ ਜੋ ਬਹੁਤ ਦੁਖਦਾਇਕ ਸਨ।ਏਅਰ ਕਰੈਸ਼ ਹੋਏ ਤੇ ਉਹ ਸਾਰਾ ਹੱਸਦਾ ਪਰਿਵਾਰ ਉਸ ਦੁੱਖ ਦੀ ਘੜੀ ਵੀ ਇੱਕ ਹੋ ਜਾਂਦਾ।ਹਾਂ, ਉਸ ਦੁੱਖ ਦੀ ਘੜੀ ਨੂੰ ਵੀ ਯੂਨੀਫਾਰਮ ਪਾਈ ਬੜੇ ਗਰਵ ਨਾਲ ਲੈਂਦੇ।ਇੰਜ ਲੱਗਦਾ ਜਿਵੇਂ ਪਰਿਵਾਰ ਦਾ ਮੈਂਬਰ ਗਿਆ ਹੋਵੇ ਅਤੇ ਦੇਸ਼ ਲਈ ਜਾਨ ਦੇਕੇ ਸਿਰ ਉੱਚਾ ਕਰ ਗਿਆ ਹੋਵੇ।ਧਨ ਜਿਗਰੇ ਨੇ ਇੰਨਾ ਦੇ।ਪਰ ਹੌਲੀ ਹੌਲੀ ਇਹ ਚੀਜ਼ਾਂ ਪਰਿਵਾਰਾਂ ਵਿੱਚ ਵੀ ਆ ਜਾਂਦੀਆਂ ਹਨ।ਇਹ ਵੀ ਕਹਿ ਸਕਦੇ ਹਾਂ ਕਿ ਇਵੇਂ ਦਾ ਹੋਣਾ ਜ਼ਰੂਰੀ ਹੈ ਜਾਂ ਮਾਹੌਲ ਆਪਣੇ ਆਪ ਉਵੇਂ ਦਾ ਕਰ ਦਿੰਦਾ ਹੈ।
ਜਿੰਨੇ ਵੀ ਸੀਨੀਅਰ ਹੁੰਦੇ ਹਨ ਉਹ ਆਪਣੇ ਯੂਨੀਅਰਜ਼ ਨੂੰ ਬੱਚਿਆਂ ਵਾਂਗ ਹੀ ਵੇਖਦੇ ਹਨ।ਇੱਕ ਯੂਨਿਟ ਜਾਂ ਸੂਕੈਰਡਨ ਨੂੰ ਕਮਾਂਡ ਕਰਨ ਦਾ ਮਤਲਬ ਹੈ ਤੁਸੀਂ ਸਭ ਦੇ ਮਾਂ ਬਾਪ ਹੋ।ਹਰ ਇਕ ਦੀ ਤਕਲੀਫ਼ ਸੁਣਨਾ ਤੁਹਾਡਾ ਫਰਜ਼ ਹੈ।ਇਸ ਵਿੱਚ ਲੇਡੀਜ਼ ਨੂੰ ਵੀ ਸਮਾਂ ਦੇਣਾ ਪੈਂਦਾ ਹੈ।ਮੈਨੂੰ ਖੁੱਲੇ ਮਾਹੌਲ ਵਿੱਚ ਜਿਉਣਾ ਹੀ ਪਸੰਦ ਸੀ ਅਤੇ ਮੈਨੂੰ ਉਹ ਮਿਲਿਆ।ਹਰ ਤਰ੍ਹਾਂ ਦੀ ਤਕਲੀਫ਼ ਵੀ ਹੱਸਕੇ ਝੱਲਣ ਦਾ ਤਰੀਕਾ ਵੀ ਆ ਗਿਆ।ਦੂਸਰਿਆਂ ਦੀ ਮਦਦ ਕਰਨ ਦੀ ਸੋਝੀ ਵੀ ਆ ਗਈ।
ਜਹਾਜ਼ਾਂ ਦਾ ਉਡਣਾ,ਉਨ੍ਹਾਂ ਦੀ ਆਵਾਜ਼ ਦੀ ਪਹਿਚਾਣ ਇੰਜ ਸੀ ਜਿਵੇਂ ਆਪਣੇ ਬੱਚੇ ਦੇ ਰੋਣ ਜਾਂ ਹੱਸਣ ਦੀ ਆਵਾਜ਼ ਦਾ ਪਤਾ ਲੱਗ ਜਾਂਦਾ ਹੈ।ਹਾਂਜੀ, ਰਿਟਾਇਰ ਤਾਂ ਹੋ ਗਏ ਪਰ ਆਪਣੇ ਏਅਰਫੋਰਸ ਪਰਿਵਾਰ ਦੀ ਯਾਦ ਉਵੇਂ ਹੀ ਆਉਂਦੀ ਹੈ ਜਿਵੇਂ ਆਪਣੇ ਦੂਸਰੇ ਪਰਿਵਾਰ ਦੀ ਯਾਦ ਆਉਂਦੀ ਹੈ।
ਜ਼ਿੰਦਗੀ ਸੌਖੀ ਤਾਂ ਨਹੀਂ ਸੀ ਪਰ ਸੌਖੀ ਤਰ੍ਹਾਂ ਜਿਉਣ ਦੀ ਜਾਚ ਆ ਗਈ ਸੀ।ਅੱੱਠ ਅਕਤੂਬਰ ਨੂੰ ਆਸਮਾਨ ਵਿੱਚ ਉੱਡਦੇ ਵੱਖ ਵੱਖ ਜਹਾਜ਼ਾ ਨੂੰ ਵੇਖਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ,ਇਹ ਯਾਦਾਂ ਮਿੱਠੀਆਂ ਅਤੇ ਕੌੜੀਆਂ ਹਨ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment