Poem

ਘਰ : ਪਸ਼ੂਆਂ ਦਾ ਬਸੇਰਾ/ ਕਾਵਿ ਰਚਨਾ //ਪਰਸ਼ੋਤਮ ਲਾਲ ਸਰੋਏ

October 12, 2018 09:15 PM
General

ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ,
ਬੇਈਮਾਨਾਂ ਦੇ ਭਰੇ ਕਲਾਵੇ, ਈਮਾਨਦਾਰਾਂ 'ਤੇ ਡੰਗ ਚਲਾਵੇ,
ਚੰਗਿਆਂ ਤਾਈਂ ਮਾਰ ਠੋਕਰਾਂ, ਗਧੇ ਦੇ ਤਾਈਂ ਬਾਪ ਬਣਾਵੇ,
ਡੰਗਰ-ਪਸ਼ੂਆਂ ਦਾ ਬਸੇਰਾ, ਇਨਸਾਨਾਂ ਤਾਈਂ ਸਕੇ ਨਾ ਜਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਸਕਾ-ਸੰਬੰਧੀ ਏਥੇ ਕਿਹੜਾ, ਨਜ਼ਰੀ ਆਉਂਦੈ ਵੱਖਰਾ ਚਿਹਰਾ,
ਤੇਰੇ ਹੱਕਾਂ, 'ਤੇ ਹੱਕ ਮੇਰਾ, ਘਰ ਵਿੱਚ ਚੱਲਦੈ ਹੇਰਾ-ਫੇਰਾ,
ਨਾਢੂ ਖਾ ਦੇ ਸਾਲੇ ਬਣ ਗਏ, ਨੀਤਾਂ ਦੇ ਜੋ ਕਾਲੇ ਬਣ ਗਏ,
ਬਦਮਾਸ਼ਾਂ ਦੀ ਜੁੰਡਲੀ ਆਖੇ, ਨਹੀਂ ਹਟਣਾ ਕਰਨਾ ਜੋ ਕਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਘਰ ਦੀ ਜੋ ਜਿੰਦ-ਜਾਨ ਹੋ ਗਏ, ਗਧੇ ਏਥੇ ਭਗਵਾਨ ਹੋ ਗਏ,
ਰੱਬ ਨੂੰ ਇਹ ਰੱਬ ਨਾ ਮੰਨਣ, ਇਹ ਬਹੁਤੇ ਸ਼ੈਤਾਨ ਹੋ ਗਏ,
ਅਕਲਾਂ ਦੇ ਖੂਹ ਖਾਲੀ ਹੋਏ, ਮਾਨਵਤਾ ਅੱਥਰੂ ਭਰ ਰੋਏ,
ਘਰ ਦੇ ਇਨਾਂ ਡੰਗਰਾਂ ਦਾ ਤਾਂ, ਲੱਗਦੈ ਬੁੱਤਾ ਗਿਆ ਏ ਸਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਨਾ ਕੋਈ ਰਹਿ ਗੀ ਰਿਸ਼ਤੇਦਾਰੀ, ਲੱਗਦੈ ਮੱਤ ਗਈ ਏ ਮਾਰੀ,
ਰੋਗੀਆਂ ਦੇ ਨਾਲ ਭਰਿਆ ਵਿਹੜਾ, ਚੌਧਰ ਦੀ ਫ਼ੈਲੀ ਬਿਮਾਰੀ,
ਆਪਰੇਸ਼ਨ ਵੀ ਸਫ਼ਲ ਨਾ ਹੁੰਦਾ, ਅਕਲਾਂ ਨੂੰ ਵੀ ਲੱਗਾ ਜੰਦਾ,
ਇੰਨਜੈਕਸ਼ਨ ਵੀ ਨਾ ਲਗਾਵੇ, ਡਾਕਟਰ ਤਾਈਂ ਲੱਗਦੈ ਡਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਪਸ਼ੂਆਂ ਦਾ ਹੋਇਆ ਸੀਨਾ ਚੌੜਾ, ਐਸਾ ਮਚ ਗਿਆ ਏ ਲੋਹੜਾ,
ਇੱਕ-ਅੱਧ ਦੀ ਗੱਲ ਰਹੀ ਨਾ, ਜੋੜਿਆਂ ਦਾ ਘੁੰਮਦਾ ਏ ਜੋੜਾ,
ਘਰ ਆਪਣੇ ਨੂੰ ਲਾਂਬੂ ਲਾਉਂਦੇ, ਚੌਧਰ ਵਾਲਾ ਤੋਲ ਜੋ ਪਾਉਂਦੇ,
ਨਾਰੀ ਦੀ ਜਿੱਥੇ ਚੁਗਲੀ ਚੱਲੇ, ਓਥੇ ਕੀ ਕਰ ਸਕਦੈ ਨਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਇਹ ਘਰ ਹੈ ਪਸ਼ੂਆਂ ਦਾ ਵਾੜਾ, ਮੱਝਾਂ ਪੀਤਾ ਬਹੁਤਾ ਕਾਹੜਾ,
ਇਨਸਾਨ ਕੋਈ ਪ੍ਰਵੇਸ਼ ਜੇ ਕਰਦਾ, ਮੱਝਾਂ ਨੂੰ ਲੱਗਦਾ ਏ ਸਾੜਾ,
ਏਥੇ ਬਹੁਤੀ ਗਰਕਣ ਹੋਈ, ਇਨਸਾਨ ਨੇੜੇ ਢੁਕਦਾ ਨਾ ਕੋਈ,
ਪਰਸ਼ੋਤਮ ਇਹ ਘਰ ਗੋਹੇ ਭਰਿਆ, ਸਰੋਏ ਸਕਦਾ ਪੈਰ ਨਾ ਧਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

ਲੁੱਟ ਕੇ ਜੋ ਦੂਜੇ ਨੂੰ ਖਾਵੇ, ਚੋਰ ਪਿਆ ਇੱਥੇ ਸ਼ੋਰ ਮਚਾਵੇ,
ਧਾਲੀਵਾਲੀਆ ਏਸ ਗੱਲ 'ਤੇ, ਬੋਲੀ ਬਣਦੀ ਪਾਵੇ-ਪਾਵੇ,
ਕੁਝ ਵੀ ਨਾਲ ਨਾ ਲੈ ਕੇ ਜਾਣਾ, ਖਾਲੀ ਹੱਥੀਂ ਜਗ ਤੋਂ ਜਾਣਾ,
ਅਕਲਾਂ ਦਾ ਖਾਨਾ ਹੈ ਖਾਲੀ, ਘਾਹ ਲਿਆ ਹੈ ਇਸਨੇ ਚਰ।
ਕਿੰਝ ਆਖਾਂ ਇਹ ਮੇਰਾ ਘਰ, ਠੱਗ-ਲੁਟੇਰਿਆਂ ਦਾ ਜੋ ਦਰ।

Have something to say? Post your comment