Article

ਧਰਤੀ ਮਾਂ //ਜਸਕਰਨ ਲੰਡੇ

October 17, 2018 10:06 PM
General

ਕੁਝ ਦਿਨ ਲਗਤਾਰ ਮੀਂਹ ਪੈਣ ਬਾਅਦ ਅੱਜ  ਮੌਸਮ ਕੁਝ ਸਾਫ ਹੋਇਆ ਸੀ। ਨੇਕ ਸਿੰਘ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ ਆਪਣੀ ਕਣਕ ਵਿੱਚ ਗੋਡੇ ਗੋਡੇ ਪਾਣੀ ਦੇਖ ਉਸ ਨੂੰ ਜਿਵੇ ਚੱਕਰ ਆ ਗਿਆ ਸੀ। ਕਣਕ ਸੁੱਕਣੀ ਸ਼ੁਰੂ ਹੋ ਗਈ ਸੀ। ਪਰ ਪਾਣੀ ਕਿਸੇ ਪਾਸੇ ਨਿੱਕਲਣ ਦਾ ਨਾਂ ਨਹੀ ਸੀ ਲੈ ਰਿਹਾ। ਪਹਿਲਾ ਹੀ ਕਰਜੇ ਦੇ ਝੰਬੇ ਨੇਕ ਸਿੰਘ ਦਾ ਦਿਮਾਗ ਚਕਰਾ ਗਿਆ ਉਸ ਨੂੰ ਆਪਣੇ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਮਹਿਸੂਸ ਹੋਣ ਲੱਗੀ। ਕਿਉਕਿ ਉਹਨੇ ਦਸ ਏਕੜ ਜ਼ਮੀਨ ਠੇਕੇ ਤੇ ਲੈ ਕੇ ਉਸ ਵਿੱਚ ਕਣਕ ਬੀਜੀ ਸੀ। ਕਣਕ ਹੋਵੇ ਭਾਵੇ ਨਾ ਹੋਵੇ ਪਰ ਉਸ ਨੂੰ ਠੇਕਾ ਤਾਂ ਦੇਣਾ ਹੀ ਪੈਣਾ ਸੀ। ਉਸ ਨੇ ਇੱਕ ਦਿਨ ਪਹਿਲਾਂ ਗੁਵਾਢ ਪਿੰਡ ਦੇ ਕਿਸਾਨ ਦੀ ਖੁਦਕੂਸ਼ੀ ਬਾਰੇ ਸੁਣੀਆ ਸੀ ਕਿ ਉਹਦੇ ਮਰਨ ਬਾਅਦ ਸਰਕਾਰ ਨੇ ਉਹਦਾ ਸਾਰਾ ਕਰਜਾ ਮਾਫ ਕਰ ਦਿੱਤਾ ਹੈ। ਇਹ ਸੋਚ ਕੇ ਉਸ ਨੇ ਵੀ ਮੋਟਰ ਵਾਲੇ ਕਮਰੇ ਵਿੱਚੋ ਰੱਸਾ ਕੱਢ ਲਿਆਦਾ। ਪਰ ਉਸ ਨੂੰ ਮੋਟਰ ਤੇ ਖੜੇ ਇੱਕਲੋਤੇ ਦਰਖਤ ਸਫੈਦੇ ਨਾਲ ਰੱਸਾ ਬਨਣ ਨੂੰ ਥਾਂ ਨਾ ਲੱਭੀ ।ਰੱਸਾ ਹੱਥ ਵਿੱਚ ਫੜੀ ਉਹ ਇਕ ਵਾਰ ਫਿਰ ਕਣਕ ਕੋਲ ਗਿਆ ਰੱਸਾ ਭੁੱਜੇ ਰੱਖ ਕੇ ਹਿੱਕ ਤੇ ਹੱਥ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ ਰੋਦਾ ਹੋਇਆ ਕਹਿਣ ਲੱਗਾ,"ਧਰਤੀ ਤਾਂ ਕਿਸਾਨ ਦੀ ਮਾਂ ਹੁੰਦੀ ਐ ਮਾਂ.......ਮਾਂ ਤੂੰ ਮੈਨੂੰ ਮਰਨ ਲਈ ਮਜਬੂਰ ਕਰ ਰਹੀ ਐ ਜੇ ਤੂੰ ਇਹ ਸਾਰਾ ਪਾਣੀ ਪੀ ਜਾਂਦੀ ਤਾਂ ਮੇਰੀ ਕਣਕ ਵਧੀਆ ਹੋ ਜਾਣੀ ਸੀ। ਮੈ ਇਹ ਮਰਨ ਵਾਲਾ ਕਦਮ ਨਹੀਂ ਸੀ ਚੁੱਕਣਾ। ਪਿਛਲੇ ਤੋਂ ਪਿੱਛਲੇ ਸਾਲ ਵੀ ਤੂੰ ਪਾਣੀ ਨਹੀਂ ਸੀ ਪੀਤਾ ਤੇ ਮੇਰੀ ਅੱਧੀ ਕਣਕ ਉਸ ਟਾਇਮ ਵੀ ਮਰ ਗਈ ਸੀ। ਮੇਰੇ ਸਿਰ ਉਦੋ ਦੇ ਠੇਕੇ ਵਾਲੇ ਪੈਸੇ ਵੀ ਖੜੇ ਹਨ। ਜੋ ਵਿਆਜ ਪੈ ਕੇ ਕੋੜੀ ਵੇਲ ਵਾਗ ਹਰ ਰੋਜ਼ ਵਧ ਰਹੇ ਹਨ ਤੇ ਐਤਕੀ ਫਿਰ ਤੂੰ.........। ਤੂੰ ਹੁਣ ਕਿਸਾਨਾ ਦੀ ਮਾਂ ਨਹੀ ਰਹੀ ਤੂੰ ਡੈਣ ਬਣ ਗਈ ਏ ਡੈਣ? ਜੋ ਆਪਣੇ ਪੁੱਤਾ ਨੂੰ ਖਾ ਰਹੀ ਏ। ਤੂੰ ਹੁਣ ਧਰਤੀ ਮਾਂ ਨਹੀ ਡੈਣ ਏ ਡੈਣ।"
ਇਹ ਆਖ ਉਹ ਫਿਰ ਰੱਸੇ ਕੋਲ ਗਿਆ ਤਾਂ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇ ਕਿਸੇ ਆਵਾਜ ਮਾਰ ਕੇ ਉਸ ਕਹਿਣਾ ਸ਼ੁਰੂ ਕੀਤਾ, ਦੱਸ ਕਿਹੜੀ ਮਾਂ ਏ ਇਸ ਦੁਨੀਆ ਤੇ ਜੋ ਆਪਣੇ ਪੁੱਤਾ ਨੂੰ ਦੁੱਖੀ ਦੇਖਕੇ ਖੁੱਸ਼ ਹੁੰਦੀ ਹੈ। ਪੁੱਤ ਤਾਂ ਕਪੁੱਤ ਹੋ ਜਾਂਦੇ ਐ ਪਰ ਮਾਂ ,ਮਾਂ ਹੀ ਰਹਿੰਦੀ ਐ। ਕੋਈ ਵੀ ਮਾਂ ਆਪਣੇ ਪੁੱਤ ਦੀਆ ਅੱਖਾ 'ਚ ਅੱਧਰੂ ਨਹੀਂ ਦੇਖ ਸਕਦੀ। ਪੁੱਤਰਾ ਮਾਂ ਤਾਂ ਆਪਣੇ ਪੁੱਤ ਦੇ ਕੰਡਾ ਚੁੱਬਿਆ ਵੀ ਨਹੀਂ  ਜਰ ਸਕਦੀ। ਮੈ ਤੈਨੂੰ ਸੂਲੀ ਤੇ ਲਟਕਦੇ ਨੂੰ ਕਿਵੇ ਦੇਖ ਸਕਦੀ ਹਾਂ । ਪਰ ਇਹ ਸਾਰਾ ਕਸੂਰ ਤੇਰਾ ਤੇ ਤੇਰੀਆ ਸਰਕਾਰਾ ਦਾ ਏ।ਪੁੱਤਰਾਂ ਦੱਸ ਕਿਹੜੀ ਮਾਂ ਛੇ ਮਹੀਨੇ ਪਾਣੀ ਵਿੱਚ ਰਹਿ ਸਕਦੀ ਹੈ? ਜੀਹਦੇ ਤੂੰ ਰੋਮ ਝੋਨਾ ਲਾਉਣ ਲਈ ਕੱਦੂ ਕਰ ਕਰ ਬੰਦ ਕਰ ਦਿੱਤੇ। ਉਹ ਪਾਣੀ ਕਿਵੇ ਪੀਵੇ?ਮੇਰੇ ਰੋਮ ਖੋਲਣ ਵਾਲੇ ਕੀੜੇ, ਗਡੋਏ ਆਦਿ ਤੂੰ ਜ਼ਹਿਰਾ ਪਾ ਪਾ ਮਾਰ ਦਿੱਤੇ, ਤੂੰ ਹੀ ਦੱਸ ਮੈ ਪਾਣੀ ਕਿਵੇ ਪੀਵਾ?ਰਹਿੰਦੇ ਕੀਟ ਪਤੰਗ ਪੁੱਤਰਾਂ ਤੂੰ ਛੇ ਮਹੀਨੇ ਬਾਅਦ ਫ਼ਸਲ ਦੀ ਰਹਿੰਦ ਖੁੰਦ ਨੂੰ ਅੱਗ ਲਾ ਕੇ ਮਚਾ ਦਿੰਦਾ ਏ। ਤੂੰ ਤਾਂ ਮੇਰੇ ਤੇ ਭੋਰਾ ਵੀ ਤਰਸ ਨਹੀ ਕਰਦਾ ਹਰ ਫ਼ਸਲ ਬਾਅਦ ਮੈਨੂੰ ਅੱਗ ਵਿੱਚ ਭੁੰਨ ਦਿੰਦਾ ਏ, ਮੇਰੀ ਉਪਰਲੀ ਸਤਾਂ ਤਾਂ ਤੂੰ ਅੱਗ ਲਾ ਲਾ ਕੇ ਪੱਥਰ ਵਰਗੀ ਕਰ ਦਿੱਤੀ ਹੈ। ਉਲਟਾ ਭਾਲਦਾ ਏ ਮੈ ਪਾਣੀ ਪੀਵਾ?ਪੀਣ ਨੂੰ ਤਾਂ ਮੇਰਾ ਬਹੁਤ ਦਿਲ ਕਰਦਾ ਪਰ ਪੀਵਾ ਕਿਵੇ ਤੂੰ ਹੀ ਦੱਸ? ਪੁੱਤਰਾ ਪਹਿਲਾ ਤੇਰਾ ਪਿਉ ਨਰਮਾ ਬੀਜਦਾ ਸੀ ਮੇਰੀਆ ਚਾਰੇ ਗੁੱਠਾ ਤੇ ਨਿੰਮ, ਟਹਾਲੀ, ਤੂਤ, ਆਦਿ ਦਰਖਤ ਸੀ। ਮੇਰੇ ਉਹ ਪੁੱਤ ਆਪਣੀ ਹਿੱਕ ਤੇ ਕਈ ਤਰ੍ਹਾਂ ਦੇ ਕੀਟ ਪਤਾਂਗ, ਪੰਛੀ ਪਾਲਦੇ ਸੀ। ਜੋ ਤੇਰੀ ਫ਼ਸਲ ਤੋਂ ਸੁੰਡੀ, ਤੇਲਾ ਆਦਿ ਖਾ ਜਾਂਦੇ ਸਨ, ਨਾਲੇ ਉਹ ਮੈਨੂੰ ਪੋਲੀ ਰੱਖਦੇ ਸੀ। ਮੈ ਵਾਧੂ ਪਾਣੀ ਪੀਣ ਯੋਗ ਰਹਿੰਦੀ ਸੀ। ਤੂੰ ਸਾਰੇ ਦਰਖਤ ਵੀ ਪੁੱਟ ਦਿੱਤੇ। ਦੱਸ ਮੈ ਪਾਣੀ ਕਿਵੇ ਪੀਵਾ? ਹੁਣ ਤੈਨੂੰ ਫਾਹਾ ਲੈਣ ਲਈ ਵੀ ਕੋਈ ਟਹਾਣਾ ਨਹੀਂ ਲੱਭਦਾ। ਤੂੰ ਮੇਰਾ ਪੁੱਤ ਏ ਆਹ ਦੋ ਏਕੜ ਤੇਰੀ ਮਾਲਕੀ ਵਾਲੀ ਜ਼ਮੀਨ ਹੀ ਤੇਰੀ ਅਸਲ ਮਾਂ ਹੈ। ਆਹ ਜਿਹੜੀ ਠੇਕੇ ਤੇ ਲੈ ਰੱਖੀ ਐ ਨਾ ਇਹ ਤੇਰੀ ਮਤੇਰ ਮਾਂ ਹੈ। ਜਦੋ ਦਾ ਤੂੰ ਅਸਲ ਮਾਂ ਛੱਡ ਕੇ ਮਤੇਰ ਵੱਲ ਹੋਇਆ ਏ ਉਦੋ ਦਾ ਹੀ ਤੇਰਾ ਇਹ ਹਾਲ ਹੋਇਆ ਹੈ। ਇਤਹਾਸ ਗਵਾਹ ਹੈ ਮਤੇਰ ਤਾਂ ਹੱਥ ਪੈਰ ਵੱਢ ਕੇ ਖੂਹ ਵਿੱਚ ਸੁੱਟ ਦਿੰਦੀ ਹੈ।ਇਹਨੇ ਹੀ ਤੈਨੂੰ ਐਨਾ ਘਾਟਾ ਪਾਇਆ ਹੈ। ਪਰ ਤੂੰ ਆਪਣੀ ਮਾਂ ਦੇ ਆਖੇ ਲੱਗ ਜੇ ਤੂੰ ਮਾਂ ਮੰਨਦਾ ਹੀ ਐ ਤਾਂ ਮੈ ਦੋ ਏਕੜ ਜ਼ਮੀਨ ਹੀ ਤੇਰਾ ਢਿੱਡ ਭਰ ਦੇਵਾਗੀ ਤੂੰ ਹਿੱਮਤ ਨਾ ਹਾਰ ਆਹ ਚਿੱਟੇ ਕੱਪੜੇ ਤੇ ਝੋਨੇ ਦਾ ਖਹਿੜਾ ਛੱਡ, ਮੇਰੇ ਕੋਲ ਰਿਹਾ ਕਰ ਆਪਣੇ ਪਿਉ ਦਾਦੇ ਵਾਂਗ, ਤੂੰ ਤਾਂ ਭਈਆ ਤੋਂ ਝੋਨਾ ਲਵਾ ਕੇ ਮੋਟਰ ਦਾ ਬਟਨ ਦੱਬ ਘਰੇ ਭੱਜ ਜਾਂਦਾਂ ਏ। ਮੇਰੇ ਕੋਲ ਗੇੜਾ ਵੀ ਮੋਟਰ ਸਾਈਕਲ ਤੇ ਮਾਰਨ ਆਉਦਾ ਹੈ। ਪਿੰਡਾ ਵਿੱਚ ਥਾਂ ਥਾਂ ਤਖਤ ਪੋਸ਼ ਬਣਾ ਲਏ ਤੁਸੀਂ ਤਾਸ ਖੇਡਣ ਲਈ। ਸਾਰੀ ਦਿਹਾੜੀ ਬੈਠ ਉਥੇ ਗੱਪਾ ਮਾਰ ਛੱਡਦੇ ਐ। ਸਾਰੇ ਪਿੰਡ ਦੀਆ ਚੁਗਲੀਆ ਕਰੀ ਜਾਂਦੇ ਹੋ ਥੋਡੇ ਪਿਉ ਦਾਦੇ ਸਾਰੀ ਦਿਹਾੜੀ ਮੇਰੀ ਗੋਦ ਦਾ ਨਿੱਗ ਮਾਣਦੇ ਸੀ। ਤੇਰੇ ਪਿਉ ਦਾਦੇ ਦਾ ਮੁੜਕਾ ਮੇਰੇ ਰੋਮ ਰੋਮ ਵਿੱਚ ਐ। ਮੇਰੇ ਚ ਕੰਮ ਕਰਦੇ ਸੀ ਤੇ ਉਹਨਾਂ ਨੂੰ ਕੰਮ ਦਾ ਨਸ਼ਾ ਹੋਰ ਕਿਸੇ ਨਸ਼ੇ ਵੱਲ ਮੁੰਹ ਨਹੀਂ ਸੀ ਕਰਨ ਦਿੰਦਾ। ਤੁਸੀਂ ਸਾਰੀ ਦਿਹਾੜੀ ਵਿਹਲੇ ਸ਼ਾਮ ਨੂੰ ਨੀਂਦ ਨਾ ਆਉਂਣ ਕਰਕੇ ਸੋਣ ਲਈ ਨਸ਼ਾ ਕਰਦਾ ਐ।ਕੰਮ ਦੇ ਨਸ਼ੇ ਅੱਗੇ ਸਾਰੇ ਨਸ਼ੇ ਫਿੱਕੇ ਪੈ ਜਾਂਦੇ ਐ ਕਰਕੇ ਦੇਖਿਆ ਕਰ। ਤੂੰ ਆਪਣੇ ਪਿੰਡ ਵਾਲੇ ਭਜਨ ਤੇਜਾ,ਗੇਦਾ ਆਦਿ ਬੋਰੀਏ ਸਿੱਖਾ ਨੂੰ ਜਾਣਦਾ ਹੀ ਹੋਵੇਗਾ ਉਹ ਦੋ ਦੋ ਏਕੜ ਜਮੀਨ ਠੇਕੇ ਤੇ ਲੈ ਸਾਰੀ ਦਿਹਾੜੀ ਸਾਰਾ ਟੱਬਰ ਮੇਰੀ ਹਿੱਕ ਤੇ ਖੇਡਦੇ ਹਨ। ਤਾਂ ਕਿਤੇ ਜਾ ਕੇ ਸਾਰਾ ਟੱਬਰ ਪਾਲਦੇ ਹਨ। ਉਹ ਜੱਗੀ ਇੱਕ ਏਕੜ ਜ਼ਮੀਨ ਚ ਕਮਾਦ ਲਾ ਕੇ ਰੇੜੀ ਤੇ ਆਪ ਰੌਹ ਕੱਢ ਕੇ ਵੇਚਦਾ ਏ ਇਹਨੇ ਨਾਲ ਹੀ ਘਰ ਦਾ ਤੋਰੀ ਫੁਲਕਾ ਚੰਗਾ ਤੋਰੀ ਜਾਂਦਾ ਹੈ। ਤੇਰੇ ਸਾਰੇ ਦੁੱਖਾ ਦਾ ਕਾਰਨ ਆਹ ਝੋਨਾ ਹੈ। ਇਹਦਾ ਖਹਿੜਾ ਛੱਡ ਇਹ ਤਾਂ ਕਿਸੇ ਪੰਜਾਬ ਦੇ ਦੂਸ਼ਮਣ ਨੇ ਪੰਜਾਬ ਵਿੱਚ ਹੋਣ ਲਾ ਦਿੱਤਾ। ਇਹਨੇ ਤਾਂ ਮੇਰਾ ਸਾਰਾ ਪਾਣੀ ਚੂਸ ਲਿਆ ਹੈ ਜੇ ਤੂੰ ਇਹਦਾ ਖਹਿੜਾ ਨਾ ਛੱਡੀਆ ਤਾਂ ਹੋਰ ਕੁਝ ਚਿਰ ਨੂੰ ਤੇਰੇ ਧੀਆ ਪੁੱਤ ਪੰਜ ਆਬ ਦੀ ਧਰਤੀ ਤੇ ਹੀ ਪਾਣੀ ਖੁਣੋ ਹੀ ਮਰ ਜਾਣਗੇ। ਸਿਆਣੇ ਆਖਦੇ ਹਨ ਕਿ ਤੀਜਾ ਵਿਸ਼ਵ ਯੁੱਧ ਪਾਣੀ ਖਾਤਰ ਹੀ ਹੋਣ ਵਾਲਾ ਹੈ। ਪੰਜਾਬ ਕੋਲ ਇਕੋ ਇੱਕ ਅਨਮੋਲ ਖਜਾਨਾ ਸੀ ਪਾਣੀ ਜੋ ਤੁਸੀ ਝੋਨਾ ਲਾ ਲਾ ਕੇ ਖਤਮ ਕਰ ਦੇਣਾ ਹੈ। ਤੇਰੀ ਇਸ ਬੰਜਰ ਗ਼ਲਤੀ ਕਰਕੇ ਤੇਰੀਆ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਕਦੇ ਮਾਫ ਨਹੀਂ ਕਰਨਗੀਆ। ਪੰਜ ਆਬ ਦੀ ਧਰਤੀ ਰੇਗਸਤਾਨ ਬਣ ਜਾਵੇਗੀ। ਇਹ ਸੁਨ ਨੇਕ ਦੀਆ ਅੱਖਾ ਅੱਗੇ ਵੱਡਾ ਸਾਰਾ ਰੇਗਸਥਾਨ ਉਹਦੀ ਜਮੀਨ ਤੇ ਦਿਖਾਈ ਦਿੰਦਾ ਹੈ। ਨਾਹੀਂ  ਦੀ ਚੀਕ ਅਸਮਾਨ ਵਿਚ ਗਵਾਚ ਜਾਂਦੀ ਹੈ। ਇੱਕ ਦਮ ਜਿਵੇ ਨੀਂਦ ਚ ਉੱਠਿਆ ਨੇਕ ਕਹਿੰਦਾ ਹੈ,"ਮੈ ਹੁਣ ਜਮੀਨ ਠੇਕੇ ਤੇ ਨਹੀ ਲੈਣੀ ਇਕ ਸਾਲ ਭਜਨ ਬੋਰੀਏ ਨਾਲ ਸਾਂਝੀ ਸਬਜੀ ਬੀਜਾਗਾ ਰੱਸਾ ਸੁੱਟ ਭਜਨ ਓਏ ਭਜਨ ਓਏ ਕਹਿੰਦਾ ਪਿੰਡ ਵੱਲ ਭੱਜ ਲੈਦਾ ਹੈ।
ਜਸਕਰਨ ਲੰਡੇ

Have something to say? Post your comment