Poem

ਗ਼ਜ਼ਲ//ਬਿਸ਼ੰਬਰ ਅਵਾਂਖੀਆ,

October 28, 2018 11:17 PM
General


ਭਲਾ ਹੋਸ਼ ਮੁਰਦੇ ਨੂੰ ਆਈ ਕਦੋਂ ਏ।
ਕਿ ਵਿਹਲੜ ਨੇ ਕਿਸਮਤ ਬਣਾਈ ਕਦੋਂ ਏ।

ਸਹੀ ਤੇ ਗਲਤ ਵਿਚ ਜੋ ਅੰਤਰ ਸਿਖਾਏ,
ਅਸਾਨੂੰ ਉਹ ਯੁਕਤੀ ਸਿਖਾਈ ਕਦੋਂ ਏ।

ਸ਼ਕਲ ਵੇਖ ਕੇ ਹੀ ਤੁਸੀਂ ਰੋਣ ਲੱਗੇ,
ਅਜੇ ਆਪ ਬੀਤੀ ਸੁਣਾਈ ਕਦੋਂ ਏ।

ਅਸੀਂ ਦੂਜਿਆਂ ਦੇ ਜਲਾਉਂਦੇ ਰਹੇ ਘਰ,
ਇਹ ਅੱਗ ਮਜ਼ਹਬੀ ਦੱਸ ਬੁਝਾਈ ਕਦੋਂ ਏ।

ਨਾ ਇਲਜ਼ਾਮ ਲਾਵੋ ਕਿ ਚੇਤੇ ਤੁਸੀਂ ਨ੍ਹੀਂ,
ਤੁਹਾਡੀ ਇਹ ਸੂਰਤ ਭੁਲਾਈ ਕਦੋਂ ਏ।

ਦਿਲਾਂ ਵਿਚ ਅਸਾਨੂੰ ਕੋਈ ਜੋ ਵਸਾਏ?
ਕਿ ਸ਼ੋਹਰਤ ਅਜੇਹੀ ਕਮਾਈ ਕਦੋਂ ਏ।

ਜਿਨ੍ਹਾਂ ਨਾਲ ਦਿਲ ਤੋਂ ਨਿਭਾਉਂਦੇ ਰਹੇ ਹਾਂ,
ਉਨ੍ਹਾਂ ਨੇ ਰਤਾ ਵੀ  ਨਿਭਾਈ ਕਦੋਂ ਏ।


ਬਿਸ਼ੰਬਰ ਅਵਾਂਖੀਆ

Have something to say? Post your comment