Article

ਕਦੋਂ ਤੱਕ ਲੋਕਾਂ ਨੂੰ ਜ਼ਹਿਰ ਖਲਾਇਆ ਜਾਏਗਾ//ਪ੍ਰਭਜੋਤ ਕੌਰ ਢਿੱਲੋਂ

October 31, 2018 09:06 PM
General

ਇਹ ਸਵਾਲ ਹਰ ਇੱਕ ਦੇ ਜ਼ਿਹਨ ਵਿੱਚ ਹੈ ਕਿ ਸਾਨੂੰ ਹਰ ਰੋਜ਼ ਜ਼ਹਿਰ ਖਾਣਾ ਪੈ ਰਿਹਾ ਹੈ ਅਤੇ ਇਹ ਸਾਡੀ ਮਜ਼ਬੂਰੀ ਬਣ ਗਿਆ ਹੈ।ਸੋਚ ਇਸ ਹੱਦ ਤੱਕ ਗਰਕ ਗਈ ਹੈ ਕਿ ਗਲਤ ਕੰਮ ਕਰਨ ਲੱਗਿਆ ਕੋਈ ਸੋਚਦਾ ਹੀ ਨਹੀਂ।ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਅਤੇ ਨਕਲੀ ਚੀਜ਼ਾਂ ਸ਼ਰੇਆਮ ਬਾਜ਼ਾਰ ਵਿੱਚ ਵਿੱਕ ਰਹੀਆਂ ਹਨ।ਲੋਕਾਂ ਦੀ ਜ਼ਿੰਦਗੀ ਨਾਲ ਖੇਲਿਆ ਜਾ ਰਿਹਾ ਹੈ।
ਦੁੱਧ ਦਾ ਉਤਪਾਦਨ ਘੱਟ ਹੈ ਪਰ ਬਾਜ਼ਾਰ ਵਿੱਚ ਉਸਤੋਂ ਕਿਤੇ ਵੱਧ ਵਿੱੱਕ ਰਿਹਾ ਹੈ।ਸੰਥੈਟਿਕ ਦੁੱਧ,ਨਕਲੀ ਖੋਆ,ਨਕਲੀ ਪਨੀਰੀ ਅਤੇ ਨਕਲੀ ਦੁੱਧ ਦੀਆਂ ਮਿਠਾਈਆਂ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕਦੀ।ਕੁਝ ਦਹਾਕੇ ਪਹਿਲਾਂ ਤੱਕ ਵਿਭਾਗ ਦੁੱਧ ਦੇ ਸੈਂਪਲ ਭਰਦਾ ਸੀ,ਮਿਠਾਈ ਵਾਲਿਆਂ ਤੇ ਵੀ ਨਜ਼ਰ ਰੱਖਦਾ ਸੀ ਪਰ ਹੌਲੀ ਹੌਲੀ ਇਸ ਵਿੱਚ ਲਾਪ੍ਰਵਾਹੀ ਹੋਣ ਲੱਗ ਗਈ।ਇਸ ਲਾਪ੍ਰਵਾਹੀ ਦਾ ਸਿੱਧਾ ਸੰਬੰਧ ਰਿਸ਼ਵਤ ਨਾਲ ਜਾ ਜੁੜਦਾ ਹੈ।ਇੰਜ ਲੱਗਦਾ ਹੈ ਜਿਵੇਂ ਲੋਕਾਂ ਦੀ ਮੌਤ ਦੇ ਸੌਦੇ ਹੋ ਰਹੇ ਹਨ।ਦੁੱਧ ਹਰ ਘਰ ਵਿੱਚ ਜਾਂਦਾ ਹੈ ਅਤੇ ਸਿੱਧੇ ਅਸਿੱਧੇ ਢੰਗ ਨਾਲ ਹਰ ਕੋਈ ਇਸਦਾ ਸੇਵਨ ਕਰਦਾ ਹੈ।ਇੱਕ ਮਾਂ ਬਣਨ ਵਾਲੀ ਔਰਤ ਨੂੰ ਪੌਸ਼ਟਿਕ ਆਹਾਰ ਚਾਹੀਦਾ ਹੈ ਉਸਨੂੰ ਦੁੱਧ ਦਹੀਂ ਆਦਿ ਲੈਣ ਦੀ ਜ਼ਰੂਰਤ ਹੁੰਦੀ ਹੈ ਪਰ ਉਹ ਪੇਟ ਅੰਦਰ ਪਲ ਰਹੇ ਬੱਚੇ ਨੂੰ ਅਤੇ ਆਪ ਜ਼ਹਿਰ ਹੀ ਲੈ ਰਹੀ ਹੈ।ਬੱਚੇ ਬਹੁਤ ਸਾਰੀਆਂ ਬੀਮਾਰੀਆਂ ਪੇਟ ਦੇ ਅੰਦਰੋਂ ਹੀ ਲੈਕੇ ਜੰਮਦੇ ਹਨ।ਜਨਮ ਤੋਂ ਬਾਦ ਵੀ ਉਸਨੂੰ ਉਵੇਂ ਦੀ ਹੀ ਜ਼ਹਿਰ ਵਾਲੀ ਖੁਰਾਕ ਮਿਲਦੀ ਹੈ।
ਸਬਜ਼ੀਆਂ ਦੀ ਗੱਲ ਕਰੀਏ ਤਾਂ ਇੰਨਾ ਨੂੰ ਵੀ ਸਪਰੇ ਅਤੇ ਟੀਕੇ ਲਗਾਏ ਜਾਂਦੇ ਹਨ।ਹੋਰ ਗੱਲ ਕਰੀਏ ਤਾਂ ਵਧੇਰੇ ਕਰਕੇ ਸਬਜ਼ੀਆਂ ਪਾਣੀ ਦੇ ਕੁਦਰਤੀ ਸਰੋਤਾਂ ਦੇ ਕੰਡਿਆਂ ਤੇ ਬੀਜੀਆਂ ਜਾਂਦੀਆਂ ਹਨ।ਉਨ੍ਹਾਂ ਵਿੱਚ ਸ਼ਹਿਰ ਦਾ ਸੀਵਰੇਜ਼ ਬਿੰਨਾ ਟਰੀਟ ਕੀਤੇ ਸੁੱਟਿਆ ਜਾਂਦਾ ਹੈ।ਫੈਕਟਰੀਆਂ ਵਿੱਚੋਂ ਕੈਮੀਕਲ ਸੁੱਟਿਆ ਜਾਂਦਾ ਹੈ।ਪੂਰੀ ਤਰ੍ਹਾਂ ਜ਼ਹਿਰ ਨਾਲ ਸਬਜ਼ੀਆਂ ਪਾਲੀਆਂ ਜਾਂਦੀਆਂ ਹਨ ਅਤੇ ਇਹ ਲੋਕਾਂ ਦੀਆਂ ਥਾਲੀਆਂ ਵਿੱਚ ਜਾਂਦੀਆਂ ਹਨ।ਸੰਬੰਧਿਤ ਵਿਭਾਗ ਨੂੰ ਕੋਈ ਪ੍ਰਵਾਹ ਨਹੀਂ ਹੈ।ਸਰਕਾਰਾਂ ਦੀ ਜ਼ੁਮੇਵਾਰੀ ਹੈ ਲੋਕਾਂ ਨੂੰ ਖਾਣ ਦੀਆਂ ਚੀਜ਼ਾਂ ਸਾਫ਼ ਸੁਥਰੀਆਂ ਮਿਲਣ ਪਰ ਇਵੇਂ ਹੋ ਨਹੀਂ ਰਿਹਾ।ਸਾਰੇ ਫਲ ਕੈਮੀਕਲ ਨਾਲ ਪਕਾਏ ਜਾ ਰਹੇ ਹਨ।ਇੱਕ ਜਾਂ ਦੋ ਦਿਨ ਬਾਦ ਫਲ ਸੜ ਜਾਂਦੇ ਹਨ ਇੰਜ ਹੀ ਇਹ ਫਲ ਸਾਡੇ ਅੰਦਰ ਜਾਕੇ ਨੁਕਸਾਨ ਕਰਦੇ ਹਨ।
ਪਹਿਲਾਂ ਵਿਭਾਗ ਵਾਲੇ ਚੈਕ ਕਰਦੇ ਸੀ, ਦੁਕਾਨਦਾਰਾਂ ਵੀ ਡਰ ਹੁੰਦਾ ਸੀ ਪਰ ਹੁਣ ਸੱਭ ਕੁਝ ਲੈ ਦੇਕੇ ਖਤਮ ਹੋ ਜਾਂਦਾ ਹੈ।ਕਿਧਰੇ ਵੀ ਕਿਸੇ ਨੂੰ ਸਜ਼ਾ ਨਹੀਂ ਮਿਲਦੀ ਅਤੇ ਇਸ ਕਰਕੇ ਸ਼ਰੇਆਮ ਮਿਲਾਵਟ ਹੋ ਰਹੀ ਹੈ।ਹਰ ਘਰ ਵਿੱਚ ਹਰ ਕਿਸੇ ਦੀ ਥਾਲੀ ਵਿੱਚ ਜ਼ਹਿਰ ਹੀ ਪਰੋਸਿਆ ਜਾ ਰਿਹਾ ਹੈ।ਆਮ ਕਰਕੇ ਕਿਹਾ ਜਾਂਦਾ ਹੈ ਕਿ ਬਾਹਰ ਖਾਣਾ ਨਾ ਖਾਉ,ਘਰ ਦਾ ਖਾਣਾ ਖਾਉ ਪਰ ਘਰਦੇ ਖਾਣੇ ਵਿੱਚ ਵੀ ਸਿਹਤ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ।
ਇਥੋਂ ਤੱਕ ਲੋਕ ਡਿੱਗ ਗਏ ਹਨ ਕਿ ਦਵਾਈਆਂ ਵੀ ਨਕਲੀ ਬਣਾ ਰਹੇ ਹਨ।ਜਿਹੜੀਆਂ ਦਵਾਈਆਂ ਬੀਮਾਰ ਬੰਦੇ ਨੂੰ ਠੀਕ ਹੋਣ ਲਈ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਨਾਲ ਮੌਤ ਹੋ ਜਾਂਦੀ ਹੈ।ਲੋਕਾਂ ਕਿਹੜੀ ਕਿਹੜੀ ਚੀਜ਼ ਤੋਂ ਪ੍ਰਹੇਜ਼ ਕਰਨ।ਸਰਕਾਰਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਖ਼ਤੀ ਵਰਤਣੀ ਚਾਹੀਦੀ ਹੈ।ਹਕੀਕਤ ਇਹ ਹੈ ਕਿ ਇਹ ਸੱਭ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੀ ਆੜ ਵਿੱਚ ਹੀ ਹੁੰਦਾ ਹੈ ਅਤੇ ਹੋ ਰਿਹਾ ਹੈ।ਸਰਕਾਰ,ਪ੍ਰਸ਼ਾਸਨ ਜਾਂ ਸੰਬੰਧਿਤ ਵਿਭਾਗ ਦੱਸ ਸਕਦਾ ਹੈ ਕਿ ਕਦੋਂ ਤੱਕ ਲੋਕਾਂ ਨੂੰ ਜ਼ਹਿਰ ਖਿਲਾਇਆ ਜਾਏਗਾ।

ਪ੍ਰਭਜੋਤ ਕੌਰ ਢਿੱਲੋਂ,
 ਮੁਹਾਲੀ

Have something to say? Post your comment