Article

“ਆਖਿਰ ਕਿਉਂ ਡਾਵਾ-ਡੋਲ ਹੈ ਭਾਰਤੀ ਅਰਥ-ਵਿਵਸਥਾ//ਇੰਦਰਜੀਤ ਸਿੰਘ ਕਠਾਰ

November 08, 2018 10:07 PM
General

ਅੱਜ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਭਾਰਤ ਦੁਨੀਆ ਦੇ ਨਕਸ਼ੇ ਤੇ ਬਣਿਆ ਉਹ ਦੇਸ਼ ਹੈ ਜੋ ਕਾਫੀ ਤੇਜੀ ਨਾਲ ਵਿਕਾਸ ਕਰ ਰਿਹਾ ਹੈ। ਸਮੇਂ ਦੀ ਤੇਜ਼ ਰਫਤਾਰ ਨਾਲ ਦੋੜਦੇ ਇਸ ਮੁਲਕ ਨੇ ਤਕਰੀਬਨ ਹਰ ਖੇਤਰ ਵਿੱਚ ਤਰੱਕੀ ਕਰ, ਸਮੁੱਚੇ ਵਿਸ਼ਵ ਨੂੰ ਆਪਣੀ ਹੋਣੀ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਤਾ ਵਿੱਚ ਮੋਜੂਦ ਮੋਦੀ ਸਰਕਾਰ ਇਸ ਮੁਲਕ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਪ੍ਰੰਤੂ ਇਹ ਕਹਿਣਾ ਵੀ ਕੋਈ ਗਲਤ ਨਹੀਂ ਹੋਵੇਗਾ ਕਿ ਅਜਾਦੀ ਦੇ ਕਈ ਦਹਾਕੇ ਬੀਤ ਜਾਣ ਬਾਅਦ ਅੱਜ ਵੀ ਇਸ ਦੇਸ਼ ਦੀ ਅਰਥ-ਵਿਵਸਥਾ ਕਾਫੀ ਡਾਵਾ-ਡੋਲ ਹੈ।
                                   ਜੇਕਰ ਭਾਰਤ  ਦੀ ਤੁਲਨਾ ਦੂਸਰੇ ਵਿਕਸਿਤ ਦੇਸ਼ਾ ਨਾਲ ਕਰੀਏ ਤਾਂ ਦੂਸਰੇ ਦੇਸ਼ ਭਾਰਤ ਨਾਲੋ ਕਈ ਕਦਮ ਅੱਗੇ ਚੱਲਦੇ ਨਜ਼ਰ ਆਉਣਗੇ। ਮੋਟੇ ਤੋਰ ਤੇ ਇਸਦਾ ਕਾਰਨ ਇਮਾਨਦਾਰੀ ਹੋ ਸਕਦਾ ਹੈ। ਉਥੋਂ ਦੇ ਲੋਕ ਕਾਫੀ ਇਮਾਨਦਾਰ ਹਨ। ਕਿਸੇ ਦੇਸ਼ ਦਾ ਵਿਕਾਸ ਉਸ ਵਿੱਚ ਵੱਸਦੇ ਲੋਕਾ ਤੇ ਨਿਰਭਰ ਕਰਦਾ ਹੈ। ਜੇਕਰ ਉਹ ਇਮਾਨਦਾਰ ਨਹੀਂ ਹਨ ਤਾਂ ਉਸ ਦੇਸ਼ ਦੀ ਤਰੱਕੀ ਬਾਰੇ ਕਹਿਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦੇਸ਼ ਦੇ ਲੋਕਾ ਦਾ ਇਮਾਨਦਾਰ ਨਾ ਹੋਣਾ ਵੀ ਕਾਫੀ ਸਾਰੀਆ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਜਿਵੇਂ ਭ੍ਰਿਸ਼ਟਾਚਾਰ,ਕਾਲਾ-ਧੰਨ, ਟੈਕਸ ਦੀ ਚੋਰੀ, ਗਰੀਬੀ, ਬੇਰੁਜਗਾਰੀ ਆਦਿ। ਅੱਜ ਭਾਰਤੀ ਅਰਥ-ਵਿਵਸਥਾ ਇਹਨਾਂ ਸਾਰੀਆ ਸਮੱਸਿਆਵਾਂ ਵਿੱਚ ਜਕੜੀ ਪਈ ਹੈ। ਇਹ ਸਮੱਸਿਆਵਾਂ ਭਾਰਤੀ ਅਰਥ-ਵਿਵਸਥਾ ਦੇ ਪੈਰਾਂ ਵਿੱਚ ਬੱਝੇ ਉਹਨਾਂ ਪੱਥਰਾ ਦੀ ਤਰ੍ਹਾ ਹਨ, ਜੋ ਇਸਨੂੰ ਅੱਗੇ ਨਹੀਂ ਵੱਧਣ ਦੇ ਰਹੇ ਅਰਥਾਂਤ ਲਗਾਤਾਰ ਪਿੱਛੇ ਵੱਲ ਨੂੰ ਧਕੇਲ ਰਹੇ ਹਨ।
                                 ਭਾਰਤ ਦੀ ਅਰਥ-ਵਿਵਸਥਾ ਦੇ ਡਾਵਾ-ਡੋਲ ਹੋਣ ਪਿੱਛੇ ਸਭ ਤੋਂ ਵੱਡਾ ਮੁੱਖ ਕਾਰਨ ਕਾਲਾ ਧੰਨ ਭਾਵ ਬਲੈਕ ਮਨੀ ਮੰਨਿਆ ਜਾ ਸਕਦਾ ਹੈ। ਦੇਸ਼ ਦੀ ਅਰਥ-ਵਿਵਸਥਾ ਨੂੰ ਪੈਸਾ ਹੀ ਚਲਾਉਂਦਾ ਹੈ। ਦੇਸ਼ ਵਿੱਚ ਪੈਸੇ ਦੇ ਸੰਚਾਰ ਭਾਵ ਮਨੀ ਸਰਕੁਲੇਸ਼ਨ ਦਾ ਹੋਣਾ ਬਹੁਤ ਜਰੂਰੀ ਹੈ। ਪਰ ਕੁੱਝ ਲੋਕਾਂ ਦੁਆਰਾ ਪੈਸਾ ਦੱਬ ਲਿਆ ਜਾਂਦਾ ਹੈ ਜਾਂ ਬਾਹਰਲੇ ਮੁਲਕਾਂ ਵਿੱਚ ਕਾਲੇ ਧੰਨ ਵਜੋਂ ਜਮਾਂ ਕਰਵਾ ਦਿੱਤਾ ਜਾਂਦਾ ਹੈ। ਜਿਸ ਨਾਲ ਪੈਸਾ ਬਲਾੱਕ ਹੋ ਜਾਂਦਾ ਹੈ, ਜੋ ਪੈਸੇ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਉਦਾਹਰਣ ਵਜੋਂ ਮੰਨ ਲਓ ਇੱਕ ਦੇਸ਼ ਦੀ ਜਨਸੰਖਿਆ ਇੱਕ ਹਜਾਰ ਹੈ। ਉਥੋਂ ਦੀ ਸੈਂਟਰਲ ਬੈਂਕ (ਜਿਵੇਂ ਭਾਰਤ ਵਿੱਚ ਰਿਜਰਵ ਬੈਂਕ ਆੱਫ ਇੰਡੀਆ) ਨੇ ਇੱਕ ਹਜਾਰ ਦੇ 100 ਨੋਟ ਭਾਵ ਇੱਕ ਲੱਖ ਰੁਪਏ ਦੇ ਨੋਟ ਜਾਰੀ ਕਰਦੀ ਹੈ। ਉਹਨਾਂ ਵਿੱਚੋਂ ਇੱਕ ਹਜਾਰ ਦੇ 50 ਨੋਟ ਭਾਵ ਪੰਜਾਹ ਹਜਾਰ ਰੁਪਏ ਨੂੰ ਕੁੱਝ ਲੋਕਾਂ ਵਲੋਂ ਦੱਬ ਲਿਆ ਜਾਂਦਾ ਹੈ ਜਾਂ ਬਾਹਰਲੇ ਮੁਲਕਾਂ ਵਿੱਚ ਕਾਲੇ ਧੰਨ ਵਜੋਂ ਰੱਖ ਲਿਆ ਜਾਂਦਾ ਹੈ। ਤੇ ਬਾਕੀ ਰਹਿੰਦੇ ਇੱਕ ਹਜਾਰ ਦੇ 50 ਨੋਟ ਭਾਵ ਪੰਜਾਹ ਹਜਾਰ ਰੁਪਏ, ਉਥੇ ਦੀ ਪੂਰੇ ਇੱਕ ਹਜਾਰ ਲੋਕ ਵਰਤਦੇ ਹਨ। ਭਾਵ ਬਲੈਕ ਮਨੀ ਸਿੱਧੇ ਤੋਰ ਤੇ ਪੈਸੇ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤ ਦਾ ਕਰੀਬ 1500 ਬਿਲੀਅਨ ਯੂ.ਐਸ. ਡਾੱਲਰ ਭਾਵ ਲਗ-ਪਗ 90 ਲੱਖ ਕਰੋੜ ਰੁਪਿਆ ਸਵਿੱਸ ਬੈਂਕ ਅਤੇ ਹੋਰ ਸ੍ਰੋਤਾਂ ਵਿੱਚ ਪਿਆ ਮੰਨਿਆ ਜਾ ਰਿਹਾ ਹੈ। ਕੁੱਝ ਲੋਕਾਂ ਵੱਲੋਂ ਭਾਰੀ ਰਕਮ ਕਰਜ ਦੇ ਰੂਪ ਵਿੱਚ ਲੈ ਲਈ ਜਾਂਦੀ ਹੈ। ਪਰ ਬਾਅਦ ਵਿੱਚ ਵਾਪਿਸ ਨਹੀਂ ਕੀਤੀ ਜਾਂਦੀ। ਜੋ ਬਾਅਦ ਵਿੱਚ ਐਨ.ਪੀ.ਏ.(ਨਾੱਨ ਪ੍ਰਫੋਮਿੰਗ ਐਸਿਟ) ਵਜੋਂ ਘੋਸ਼ਿਤ ਕਰ ਦਿੱਤੀ ਜਾਂਦੀ ਹੈ। ਇਸ ਨਾਲ ਵੀ ਪੈਸੇ ਦੇ ਸੰਚਾਰ 'ਤੇ ਅਸਰ ਪੈਂਦਾ ਹੈ। ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਡਾਵਾ ਡੋਲ ਹੋ ਜਾਂਦੀ ਹੈ।
                                   ਇੱਕ ਦੇਸ਼ ਦੀ ਅਰਥ-ਵਿਵਸਥਾ ਸਰਕਾਰ ਦੀ ਆਮਦਨੀ ਉੱਤੇ ਵੀ ਨਿਰਭਰ ਕਰਦੀ ਹੈ। ਸਰਕਾਰ ਨੂੰ ਆਮਦਨੀ ਸਿਰਫ਼ ਟੈਕਸ ਤੋਂ ਹੁੰਦੀ ਹੈ। ਵਿਕਸਿਤ ਦੇਸ਼ਾ ਵਿੱਚ ਹਰ ਵਿਆਕਤੀ, ਹਰ ਚੀਜ ਉੱਤੇ ਪੂਰੀ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ। ਪ੍ਰੰਤੂ ਭਾਰਤ ਵਿੱਚ ਟੈਕਸ ਦੇਣ ਦੀ ਬਜਾਏ ਟੈਕਸ ਚੋਰੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸੱਚ ਨੂੰ ਛੁਪਾ ਕੇ ਘੱਟ ਤੋਂ ਘੱਟ ਟੈਕਸ ਦੇਣਾ ਹਰੇਕ ਵਿਆਕਤੀ ਦੀ ਆਦਤ ਬਣ ਚੁੱਕਾ ਹੈ। ਜੋ ਸਰਕਾਰ ਦੀ ਆਮਦਨੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਆਮਦਨੀ ਦੇਸ਼ ਦੇ ਬਜਟ ਨੂੰ। ਬਜਟ ਸਰਕਾਰ ਦੇ ਕੁੱਲ ਖਰਚਿਆ ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਹੈ। ਜੇਕਰ ਸਰਕਾਰ ਨੂੰ ਆਮਦਨੀ ਹੀ ਨਹੀਂ ਹੋਵੇਗੀ ਤਾਂ ਸਰਕਾਰ ਦੇਸ਼ ਦੇ ਵਿਕਾਸ ਲਈ ਹੋਣ ਵਾਲੇ ਖਰਚ ਦਾ ਕਿਵੇਂ ਪ੍ਰਬੰਧ ਕਰੇਗੀ? ਇਮਾਨਦਾਰੀ ਨਾਲ ਟੈਕਸ ਦੇਣਾ ਤੇ ਇਮਾਨਦਾਰੀ ਨਾਲ ਉਸ ਇੱਕਠੇ ਕੀਤੇ ਟੈਕਸ ਨੂੰ ਵਰਤਣਾ, ਹੀ ਦੇਸ਼ ਦੀ ਤਰੱਕੀ ਤੇ ਭਵਿੱਖ ਦਾ ਫੈਸਲਾ ਕਰਦਾ ਹੈ।
                                    ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਹੋਣਾ ਵੀ ਕਾਫੀ ਵੱਡੀ ਸਮੱਸਿਆ ਹੈ। ਇਹ ਅੱਜ ਤਕਰੀਬਨ ਹਰ ਖੇਤਰ ਵਿੱਚ ਫੈਲ ਚੁੱਕਾ ਹੈ ਚਾਹੇ ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ। ਭ੍ਰਿਸ਼ਟਾਚਾਰ ਦੇ ਕਾਰਨ ਹੀ ਸਹੀ ਸਮੇਂ ਤੇ, ਸਹੀ ਪੈਸਾ, ਸਹੀ ਜਗ੍ਹਾ ਤੇ ਨਹੀਂ ਲੱਗ ਰਿਹਾ। ਜਿਸ ਕਾਰਨ ਵੀ ਦੇਸ਼ ਦੀ ਆਰਥਿਕਤਾ ਨੂੰ ਕਾਫੀ ਢਾਹ ਲੱਗ ਰਹੀ ਹੈ। ਦਿਨ ਪ੍ਰਤੀ ਦਿਨ ਵੱਧ ਰਹੀ ਜਨਸੰਖਿਆ ਵੀ ਦੇਸ਼ ਦੀ ਅਰਥ-ਵਿਵਸਥਾ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਦੁਨੀਆ ਦੀ ਕਰੀਬ 17 ਫੀਸਦੀ ਅਬਾਦੀ ਭਾਰਤ ਵਿੱਚ ਵੱਸਦੀ ਹੈ। ਜੇਕਰ ਜਮੀਨ ਦੀ ਗੱਲ ਕਰੀਏ ਤਾਂ ਵਿਸ਼ਵ ਦੀ ਕੇਵਲ 2.4 ਫੀਸਦੀ ਜਮੀਨ ਹੀ ਭਾਰਤ ਦੇ ਹਵਾਲੇ ਆਉਂਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਜਨਸੰਖਿਆ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਪਰ ਜਾਨਵਰ,ਪੰਛੀਆਂ ਦੇ ਨਾਲ-ਨਾਲ ਪਾਣੀ, ਰੁੱਖ, ਭੂਮੀ,ਆਦਿ ਹੋਰ ਸ੍ਰੋਤ ਲਗਾਤਾਰ ਘੱਟ ਰਹੇ ਹਨ। ਅਬਾਦੀ ਲਗਾਤਾਰ ਵੱਧ ਰਹੀ ਹੈ ਪਰ ਸ੍ਰੋਤ ਤਾਂ ਸੀਮਿਤ ਹੀ ਹਨ। ਵੱਧਦੀ ਜਨਸੰਖਿਆ , ਬੇਰੁਜਗਾਰੀ, ਗਰੀਬੀ, ਭੁੱਖਮਰੀ, ਕੁਪੋਸ਼ਣ ਆਦਿ ਹੋਰ ਕਈ ਸਾਰੀਆ ਸਮਸਿਆਵਾਂ ਨੂੰ ਜਨਮ ਦਿੰਦੀ ਹੈ। ਇਸਦਾ ਸਿੱਧਾ ਅਸਰ ਅਰਥ-ਵਿਵਸਥਾ ਤੇ ਪੈਂਦਾ ਹੈ।
                                 ਇੱਕ ਮਹਾਨ ਵਿਆਕਤੀ ਦੇ ਲਫ਼ਜ ਹਨ,  “ਸਿੱਖਿਆ ਸਭ ਤੋਂ ਵਧੀਆ ਆਰਥਿਕ ਨੀਤੀ ਹੈ।“ ਸਿੱਖਿਆ ਉੱਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਪਰ ਅੱਜ ਭਾਰਤ ਦੇ ਸਿੱਖਿਆ ਢਾਂਚੇ ਤੋਂ ਆਪਾ ਸਾਰੇ ਜਾਣੂ ਹੀ ਹਾਂ। ਇਹ ਕੋਈ ਬਹੁਤਾ ਮਜਬੂਤ ਨਹੀਂ। ਇਸ ਕਰਕੇ ਇਸਦੇ ਆਉਣ ਵਾਲੇ ਭਵਿੱਖ ਬਾਰੇ ਅਨੁਮਾਨ ਲਗਾਉਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ। ਸਿੱਖਿਆ ਹੀ ਦੇਸ਼ ਵਿੱਚ ਨੇਤਾ, ਵਿਗਿਆਨੀ, ਅਰਥ-ਸ਼ਾਸਤਰੀ, ਬਿਜਨਸਮੈਨ ਆਦਿ ਪੈਦਾ ਕਰਦੀ ਹੈ। ਜਿਸ ਦੇਸ਼ ਦਾ ਸਿੱਖਿਆ ਢਾਂਚਾ ਮਜਬੂਤ ਨਹੀਂ ਉਥੇ ਚੰਗੇ, ਕਾਬਿਲ ਨੇਤਾ,ਵਿਗਿਆਨੀ, ਅਰਥ-ਸ਼ਾਸਤਰੀ,ਬਿਜਨਸਮੈਨ ਆਦਿ ਪੈਦਾ ਨਹੀਂ ਹੋ ਸਕਦੇ। ਸਿੱਖਿਆ ਹੀ ਸਾਡੇ ਵਿੱਚ ਨਵੇਂ-ਨਵੇਂ ਵਿਚਾਰ ਪੈਦਾ ਕਰਦੀ ਹੈ। ਨਵੇਂ ਵਿਚਾਰ ਵੀ ਅਰਥ-ਵਿਵਸਥਾ ਨੂੰ ਚਲਾਉਣ ਵਿੱਚ ਆਪਣਾ ਇੱਕ ਅਹਿਮ ਰੋਲ ਅਦਾ ਕਰਦੇ ਹਨ। ਕਮਜੋਰ ਅਰਥ-ਵਿਵਸਥਾ ਪਿੱਛੇ ਵੱਡਾ ਕਾਰਨ ਸਿੱਖਿਆ ਢਾਂਚੇ ਦਾ ਮਜਬੂਤ ਨਾ ਹੋਣਾ ਵੀ ਹੈ।
                                ਜੇਕਰ ਭਾਰਤ ਦੀ ਰਾਜਨੀਤੀ ਵੱਲ ਇੱਕ ਝਾਤ ਮਾਰੀਏ ਤਾਂ ਇਹ ਵੀ ਵੋਟਾਂ ਤੋਂ ਸ਼ੁਰੂ ਹੋ ਕੇ ਵੋਟਾਂ ਤੱਕ ਸਿਮਟਦੀ ਨਜ਼ਰ ਆ ਰਹੀ ਹੈ। ਹਰੇਕ ਰਾਜਨੀਤਿਕ ਪਾਰਟੀ ਨੂੰ ਵੋਟਾਂ ਨਾਲ ਹੀ ਮਤਲਬ ਲੱਗਦਾ ਜਾਪ ਰਿਹਾ ਹੈ। ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਕਾਫੀ ਢਾਹ ਲੱਗ ਰਹੀ ਹੈ। ਇੱਕ ਮਹਾਨ ਵਿਆਕਤੀ ਦਾ ਕਥਨ ਹੈ, “ਤੁਸੀ ਸਰਕਾਰੀ ਨੋਕਰੀਆ ਪੈਦਾ ਕਰਕੇ ਦੇਸ਼(ਅਕਾੱਨਮੀ) ਦੀਆ ਸਮੱਸਿਆਵਾ ਨੂੰ ਹੱਲ ਨਹੀਂ ਕਰ ਸਕਦੇ।“ ਭਾਵ ਦੇਸ਼ ਵਿੱਚ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦਾ ਹੋਣਾ ਬਹੁਤ ਜਰੂਰੀ ਹੈ। ਪ੍ਰਾਈਵੇਟ ਸੰਸਥਾਵਾਂ ਨੂੰ ਸਹਾਰਾ ਦੇਣ ਨਾਲ ਵੀ ਦੇਸ਼ ਦੀ ਅਰਥ-ਵਿਵਸਥਾ ਵਿੱਚ ਸੁਧਾਰ ਆਉਂਦਾ ਹੈ। ਇਸ ਨਾਲ ਰੁਜਗਾਰ ਪੈਦਾ ਹੁੰਦਾ ਹੈ,ਉਤਪਾਦ ਆਦਿ ਵਿੱਚ ਵਾਧਾ ਹੁੰਦਾ ਹੈ। ਜਿਸ ਨਾਲ ਆਯਾਤ-ਨਿਰਯਾਤ ਤੇ ਅਸਰ ਪੈਂਦਾ ਹੈ। ਇਹ ਡਾੱਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵੀ ਪ੍ਰਭਾਵਿਤ ਕਰਦਾ ਹੈ।
                                ਇਸ ਵਿੱਚ ਕੋਈ ਛੱਕ ਨਹੀਂ ਹੈ ਕਿ ਮੋਦੀ ਸਰਕਾਰ ਪ੍ਰਾਈਵੇਟ ਸੈਕਟਰ ਲਈ ਬਹੁਤ ਕੁੱਝ ਕਰ ਰਹੀ ਹੈ। ਪਰ ਅੱਜ ਪ੍ਰਾਈਵੇਟ ਸੈਕਟਰ ਦੇ ਨਾਲ-ਨਾਲ ਸਰਕਾਰੀ  ਸੈਕਟਰ  ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ ਸਰਕਾਰੀ ਖੇਤਰ ਵੱਲ ਕਾਫੀ ਕਮੀ ਨਜ਼ਰ ਆ ਰਹੀ ਹੈ।ਭਾਰਤ ਨੂੰ ਅੱਜ ਅਜਾਦ ਹੋਏ ਕਈ ਦਹਾਕੇ ਗੁਜ਼ਰ ਚੁੱਕੇ ਹਨ। ਪਰ ਫਿਰ ਵੀ ਇਸਦੇ ਮੋਢੇ ਤੇ ਇੱਕ ਵਿਕਾਸਸ਼ੀਲ ਨਾਮ ਦਾ ਫੀਤਾ ਲੱਗਿਆ ਹੋਇਆ ਹੈ। ਸੋ ਅੱਜ ਦੇਸ਼ ਨੂੰ ਕਈ ਹੋਰ ਠੋਸ ਨੀਤੀਆ, ਨਿਯਮਾਂ, ਕਾਨੂੰਨਾਂ ਦੀ ਜਰੂਰਤ ਹੈ ਤਾਂ ਜੋ ਦੇਸ਼ ਨੂੰ ਜਲਦ ਤੋਂ ਜਲਦ ਵਿਕਸਿਤ ਦੇਸ਼ਾ ਦੀ ਸੂਚੀ ਵਿੱਚ ਦੇਖਿਆ ਜਾ ਸਕੇ।

ਇੰਦਰਜੀਤ ਸਿੰਘ ਕਠਾਰ,
ਪਿੰਡ:- ਕੂ-ਪੁਰ,
(ਅੱਡਾ-ਕਠਾਰ),
ਜਲੰਧਰ।

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-