Article

ਦਿਨੋਂ ਦਿਨ ਬਦਲ ਰਹੇ ਤਿਉਹਾਰ//ਪ੍ਰਿੰਸ ਅਰੋੜਾ ਮਲੌਦ

November 08, 2018 10:17 PM
General

ਦੀਵਾਲੀ ਦੇਸ਼ ਦਾ ਸਭ ਤੋਂ ਵੱਡਾ ਅਤੇ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਇਸ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਾਫ ਸਫਾਈ ਕਰਦੇ ਹਨ । ਕਿਸੇ ਵੀ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ।ਦੀਵਾਲੀ ਦਾ ਤਿਉਹਾਰ ਮਨਾਉਣ ਪਿੱਛੇ ਕਾਰਨ ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਲੰਕਾ ਦੇ ਰਾਵਣ ਨੂੰ ਮਾਰ ਕੇ ਅਯੁੱਧਿਆ ਪਰਤੇ ਸਨ ਅਤੇ ਲੋਕਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਜਗਾਏ ਸਨ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਇਹ ਤਿਉਹਾਰ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਇਸ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ।ਇਸ ਤਿਉਹਾਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਣਾ ਇਹ ਸਿੱਧ ਕਰਦਾ ਹੈ ਕਿ ਸਾਰੇ ਭਾਰਤ ਵਾਸੀ ਇੱਕ ਹੀ ਹਨ ਅਤੇ ਸਾਰੇ ਤਿਉਹਾਰ ਸਾਡੀ ਸਾਂਝੀਵਾਲਤਾ ਦਾ ਪ੍ਰਤੀਕ ਹਨ।ਸਮੇਂ ਦੇ ਬਦਲਣ ਦੇ ਨਾਲ ਨਾਲ ਤਿਉਹਾਰਾਂ ਨੂੰ ਮਨਾਉਣ ਦੇ ਤਰੀਕੇ ਵੀ ਬਦਲ ਰਹੇ ਹਨ। ਪੁਰਾਤਨ ਸਮੇਂ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਬਿਲਕੁਲ ਸ਼ੁੁੱਧ ਹੁੰਦੀਆਂ ਸਨ ਅਤੇ ਲੋਕ ਬਿਨਾਂ ਰੋਕ ਟੋਕ ਅਤੇ ਬਿਨਾਂ ਕਿਸੇ ਡਰ ਭੈਅ ਤੋਂ ਇਹਨਾਂ ਦਾ ਸੇਵਨ ਕਰਦੇ ਸਨ ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇਨਸਾਨ ਹੀ ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਅਜਿਹੇ ਤਿਉਹਾਰਾਂ ਦੇ ਵੇਲੇ ਨੂੰ ਮਿਲਾਵਟ ਕਰਨ ਵਾਲੇ ਸਭ ਤੋਂ ਉੱਚਿਤ ਸਮਾਂ ਮੰਨਦੇ ਹਨ ਕਿਉਂਕਿ ਬਜਾਰ ਵਿੱਚ ਹਰ ਚੀਜ ਦੀ ਮੰਗ ਇਕਦਮ ਵੱਧ ਜਾਂਦੀ ਹੈ ਅਤੇ ਅਜਿਹੇ ਵੇਲੇ ਆਮ ਲੋਕ ਅਸਾਨੀ ਨਾਲ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੀਆਂ ਮਿਲਾਵਟ ਵਾਲੀਆਂ ਚੀਜਾਂ ਦਾ ਸੇਵਨ ਕਰਨ ਨਾਲ ਇਨਸਾਨ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਇਨਸਾਨ ਦੀਆਂ ਅੱਖਾਂ ਉੱਪਰ ਲਾਲਚ ਦੀ ਅਜਿਹੀ ਪੱਟੀ ਬੰਨੀ ਹੋਈ ਹੈ ਜੋ ਕਿ ਉਸਨੂੰ ਕੁੱਝ ਵੀ ਦੇਖਣ ਨਹੀਂ ਦੇ ਰਹੀ।ਪੁਰਾਤਨ ਵੇਲੇ ਤੋਂ ਹੀ ਦੀਵਾਲੀ ਦੇ ਤਿਉਹਾਰ ਤੇ ਸ਼ਾਮ ਵੇਲੇ ਆਤਿਸ਼ਬਾਜੀ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾਂਦੀ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਪਟਾਕਿਆਂ ਕਾਰਨ ਪ੍ਰਦੂਸ਼ਣ ਦੇ ਲੈਵਲ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ। ਇਸ ਦਿਨ ਖਾਸ ਤੋਰ ਤੇ ਬੱਚਿਆਂ, ਬਿਮਾਰਾਂ, ਬਜੁਰਗਾਂ ਅਤੇ ਮਰੀਜਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟਾਕਿਆਂ ਦੀ ਆਵਾਜ ਤੋਂ ਪਸ਼ੂ ਪੰਛੀ ਵੀ ਬੁਰੀ ਤਰਾਂ ਘਬਰਾ ਜਾਂਦੇ ਹਨ ਅਤੇ ਕਈ ਬੇਜੁਬਾਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।ਪਟਾਕਿਆਂ ਦੇ ਪ੍ਰਦੂਸ਼ਣ ਅਤੇ ਇਸ ਨਾਲ ਹੁੰਦੀ ਪਰੇਸ਼ਾਨੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਰਫ ਦੋ ਘੰਟਿਆਂ ਲਈ ਇਹਨਾਂ ਦੀ ਵਰਤੋਂ ਕਰਨ ਦੀ ਇਜਾਜਤ ਦਿੱਤੀ ਗਈ ਹੈ।ਪ੍ਰਸ਼ਾਸ਼ਨ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਤਿਉਹਾਰ ਦੇ ਦਿਨ ਉੱਤੇ ਕਈ ਲੋਕ ਨਸ਼ਿਆਂ ਦਾ ਸੇਵਨ ਕਰਦੇ ਹਨ ਅਤੇ ਇਹੀ ਨਸ਼ਾ ਬਾਅਦ ਵਿੱਚ ਕਿਸੇ ਨਾ ਕਿਸੇ ਲੜਾਈ ਦਾ ਕਾਰਨ ਬਣਦਾ ਹੈ ਸਾਨੂੰ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਓ ਇਸ ਦੀਵਾਲੀ ਆਪਾਂ ਸਾਰੇ ਬੁਰੀਆਂ ਆਦਤਾਂ ਤਿਆਗਣ ਦਾ ਪ੍ਰਣ ਕਰੀਏ ਅਤੇ ਆਪਣਾ ਆਲਾ ਦੁਆਲਾ ਖੁਸ਼ੀਆਂ ਨਾਲ ਮਹਿਕਾ ਦਈਏ।


ਪ੍ਰਿੰਸ ਅਰੋੜਾ ਮਲੌਦ

Have something to say? Post your comment