Poem

ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’ / ਪੰਜਾਬੀ ਗੀਤ//ਪਰਸ਼ੋਤਮ ਲਾਲ ਸਰੋਏ

November 08, 2018 10:19 PM
General

ਅਸੀਂ ਪਿੱਠ ਵਿਚ ਖਾਂਦੇ ਰਹੇ ਛੁਰੀਆ, ਪੰਗੇ ਲੈਂਦੀਆਂ ਸੀ ਆਤਮਾਵਾਂ ਬੁਰੀਆਂ,
ਸਾਡੀ ਆਤਮਾ ਵੀ ਲਹੂ ਤੇ ਲੁਹਾਨ ਸੀ, ਸਾਡੇ ਰਾਹਾਂ ਵਿੱਚ ਖੜਾ ਬੇਈਮਾਨ ਸੀ,
ਸਾਡੀ ਮਿਹਨਤਾਂ ‘ਤੇ ਡਾਕਾ ਰਿਹਾ ਪੈਂਦਾ, ਜ਼ਮਾਨਾ ਸਾਨੂੰ ਆਇਆ ਛਲਦਾ,
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਨਾ ਦੋਸ਼ ਸੀ ਕੋਈ ਸੰਬੂਕ ਰਿਸ਼ੀ ਦਾ, ਗੂੜ (ਗੁਰ) ਗਿਆਨ ਜੋ ਦਿੰਦਾ ਸੀ,
ਵੈਰੀ ਕਿਉਂ ਹੋਇਆ ਜ਼ਮਾਨਾ, ਸੱਚੀ ਆਤਮਾ ਨਾਲ ਕਿਉਂ ਖਹਿੰਦਾ ਸੀ,
ਸ੍ਰਿਸ਼ਟੀਕਰਤਾ ਕੋਈ ਭੇਦ ਨਾ ਜਾਣੇ, ਫਿਰ ਭੇਦ ਰਿਹਾ ਕਾਹਤੋਂ ਪਲਦਾ।
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਰਾਵਣ ਤਾਈਂ ਹੀ ਬੁਰਾ ਬਣਾ ਕੇ, ਸਾਰੇ ਨਫ਼ਰਤ ਉਸਨੂੰ ਕਰਦੇ ਰਹੇ,
ਗਿਆਨ ਵਿਹੂਣੀ ਭੇਡ ਚਾਲ ਵਿੱਚ, ਕਪਟ ਦਾ ਪੱਲਾ ਫੜਦੇ ਰਹੇ,
ਸਦੀਆਂ ਤੋਂ ਕਪਟੀ ਜ਼ਮਾਨਾ, ਰਿਹਾ ਥੁੱਕ ਨਾ’ ਪਕੌੜੇ ਤਲਦਾ,
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਮਾਲਕ-ਨੌਕਰ ਤੇ ਊਚ-ਨੀਚ ਦਾ, ਕਿਉਂ ਝਗੜਾ ਮੂਰਖ ਪਾ ਬੈਠੇ,
ਮਾਨਵਤਾ ਤਾਈਂ ਚਿਖਾ ਸਮਝ, ਇਸ ਨੂੰ ਉਹ ਲਾਬੂ ਲਾ ਬੈਠੇ,
ਗਧਿਆਂ ਦੀ ਟੋਲੀ ਜੁੜਦੀ, ਇਨਸਾਨ ਕਿਉਂ ਨਹੀਂ ਰਲਦਾ,
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਜ਼ੇਬਾਂ ਸਾਡੀਆਂ ‘ਤੇ ਡਾਕਾ ਮਾਰਦੇ, ਦੁਨੀਆਂ ਦੇ ਇਹ ਤਿਉਹਾਰ,
ਆਰਥਿਕ ਪੱਖੋਂ ਵੀ ਤਕੜੇ ਨਹੀਂ, ਖਾਧੀ ਮੂਲ – ਨਿਵਾਸੀਆਂ ਹਾਰ,
ਇੱਕ ਘੜੀ ਦਾ ਖੁੰਝਿਆ ਹੋਇਆ, ਦੱਸੋਂ ਕਿਵੇਂ ਅੱਗੇ ਜਾ ਰਲਦਾ।
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਇੱਕ ਪਿਤਾ ਦੇ ਦੋ ਪੁੱਤਰਾਂ ਵਿੱਚ, ਹੁੰਦਾ ਊਚ-ਨੀਚ ਦਾ ਫ਼ਰਕ ਨਹੀਂ,
ਚਤੁਰ ਹੈ ਜੋ ਮਾਲਕ ਬਣ ਬਹਿੰਦਾ, ਪਰ ਭੋਲਾ ਕਰੇ ਕੋਈ ਤਰਕ ਨਹੀਂ,
ਪਰਸ਼ੋਤਮ ਕਹਿੰਦਾ ਦੁਨੀਆਂ ਉੱਤੇ, ਰਿਹਾ ਜ਼ੋਰ ਹਮੇਸ਼ਾਂ ਕਲਿ ਦਾ,
ਸਾਡਾ ਕੋਈ ਵੀ ਸੰਬੰਧ ਨਾ ਦੀਵਾਲੀਆਂ ਨਾ’, ਜਿਹਦੇ ਵਿੱਚ ਸੱਚ ਬਲਦਾ।

ਪਰਸ਼ੋਤਮ ਲਾਲ ਸਰੋਏ

Have something to say? Post your comment