Article

ਐਕਸ਼ਨ ਹੀਰੋ ਦੀਪ ਸਿੱਧੂ ਦੀ 'ਰੰਗ ਪੰਜਾਬ' ਨਾਲ ਮੁੜ ਵਾਪਸੀ// ਸੁਰਜੀਤ ਜੱਸਲ

November 09, 2018 10:18 PM
General

ਵਿਆਹ ਕਲਚਰ ਦੀਆਂ ਹਾਸਰਸ ਫ਼ਿਲਮਾਂ ਦੇ ਦੌਰ ਤੋਂ ਬਿਲਕੁੱਲ ਅਲੱਗ ਵਿਸ਼ੇ ਦੀ ਐਕਸ਼ਨ ਫ਼ਿਲਮ 'ਰੰਗ ਪੰਜਾਬ' ਦਾ ਟਰੇਲਰ ਵੇਖਦਿਆਂ ਭਵਿੱਖ ਵਿੱਚ ਇੱਕ ਵੱਖਰੇ ਸਿਨਮੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੋ ਦਰਸ਼ਕਾਂ  ਦੇ ਮਨੋਰੰਜਨ ਨੂੰ ਇੱਕ ਨਵਾਂ ਟੇਸਟ ਦੇਵੇਗਾ। ਇਸ ਤਰਾਂ ਹੋਣਾ ਜਰੂਰੀ ਵੀ ਹੈ। 'ਰੰਗ ਪੰਜਾਬ' ਤੋਂ ਬਾਅਦ ਜਿਹੜੀਆਂ ਫ਼ਿਲਮਾਂ ਆ ਰਹੀਆਂ ਹਨ ਉਨਾਂ ਦਾ ਵੀ ਕਾਮੇਡੀ ਜਾਂ ਵਿਆਹ ਕਲਚਰ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਲੱਗਦਾ। 23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ 'ਰੰਗ ਪੰਜਾਬ' ਫ਼ਿਲਮ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਦੀ ਇਹ ਫ਼ਿਲਮ ਪੰਜਾਬ ਦੇ ਮੌਜੂਦਾ ਦੌਰ ਦੀਆਂ ਰਾਜਨੀਤਿਕ ਤੇ ਸਮਾਜਿਕ ਸਰਗਰਮੀਆਂ ਨਾਲ ਜੁੜੀ ਕਹਾਣੀ ਹੈ। 'ਜ਼ੋਰਾ ਦਸ ਨੰਬਰੀਆਂ' ਫ਼ਿਲਮ ਨਾਲ ਇੱਕ ਖ਼ਾਸ ਪਹਿਚਾਣ ਸਥਾਪਤ ਕਰਨ ਵਾਲਾ ਦੀਪ ਸਿੱਧੁ ਇਸ ਫ਼ਿਲਮ ਵਿੱਚ ਮੁੜ ਐਕਸ਼ਨ ਹੀਰੋ ਬਣ ਕੇ ਆਇਆ ਹੈ। ਪੁਲਸ ਅਤੇ ਗੈਂਗਸਟਰ ਵਿਸ਼ੇ ਅਧਾਰਤ ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਇੱਕ ਜਾਂਬਾਜ਼ ਪੁਲਸ ਅਫ਼ਸਰ ਦੇ ਕਿਰਦਾਰ ਵਿੱਚ ਵੇਖਣਗੇ। ਆਮ ਫ਼ਿਲਮਾਂ ਤੋਂ ਹਟਵੇਂ ਸਿਨਮੇ ਨੂੰ ਪੇਸ਼ ਕਰਦੀ 'ਰੰਗ ਪੰਜਾਬ' ਮੌਜੂਦਾ ਪੰਜਾਬ ਦੇ ਸਿਆਸੀ-ਗੈਰ ਸਿਆਸੀ ਰੰਗਾਂ ਦੀ ਪੇਸ਼ਕਾਰੀ ਕਰੇਗੀ। ਨਿਰਦੇਸ਼ਕ ਰਾਕੇਸ ਮਹਿਤਾ ਨੇ ਫ਼ਿਲਮ ਰਾਹੀਂ ਕਾਲਜੀ ਜੀਵਨ ਦੇ ਨੌਜਵਾਨਾਂ ਵਿੱਚ ਵੱਧਦਾ ਗੈਂਗਵਾਰ, ਨਸ਼ਿਆਂ ਦਾ ਰੁਝਾਨ ਤੇ ਹਥਿਆਰਾਂ ਦੀ ਦਹਿਸ਼ਤ ਨੂੰ ਵੀ ਪਰਦੇ ਪੇਸ਼ ਕੀਤਾ ਹੈ। ਦੀਪ ਸਿੱਧੂ ਤੇ ਰੀਨਾ ਰਾਏ ਦੀ ਰੁਮਾਂਟਿਕ ਜੋੜੀ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ।
'ਬਠਿੰਡੇ ਵਾਲੇ ਬਾਈ' ਤੇ ਸਿਨੇ ਮੋਸ਼ਨ ਮੀਡੀਆ ਪ੍ਰਾ: ਲਿਮ: ਦੇ ਬੈਨਰ ਹੇਠ ਨਿਰਮਾਤਾ ਮਨਦੀਪ ਸਿੰਘ ਸਿੱਧੂ ਦੀ ਇਸ ਫ਼ਿਲਮ ਦਾ ਨਾਇਕ ਇੱਕ ਗਰੀਬ ਪਰਿਵਾਰ ਦਾ ਮੁੰਡਾ ਹੈ ਜੋ  ਦਿਨ ਰਾਤ ਪੜਾਈਆਂ ਕਰਕੇ  ਪੁਲਸ 'ਚ ਐੇੱਸ ਪੀ ਭਰਤੀ ਹੋ ਜਾਂਦਾ ਹੈ। ਜਦ ਇਮਾਨਦਾਰ ਅਤੇ ਕਾਨੂੰਨ ਦਾ ਪਾਬੰਦ ਹੋਣ ਕਰਕੇ ਇਲਾਕੇ 'ਚ ਉਸਦਾ ਪ੍ਰਭਾਵ ਬਣਦਾ ਹੈ ਤਾਂ ਕੁਝ ਅਸਰ ਰਸੂਖ ਲੋਕਾਂ ਦੀ ਅੱਖ ਵਿੱਚ ਰੜਕਣ ਲੱਗਦਾ ਹੈ। ਐਕਸ਼ਨ ਤੇ ਰੁਮਾਂਸ ਦਾ ਸੰਗੀਤਕ ਸੁਮੇਲ 'ਰੰਗ ਪੰਜਾਬ' ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ। ਆਪਣੇ ਕਿਰਦਾਰ ਬਾਰੇ ਦੀਪ ਸਿੱਧੂ ਨੇ ਦੱਸਿਆ ਕਿ ਉਹ ਕਿਸੇ ਇੱਕ ਕਿਰਦਾਰ 'ਚ ਹੀ ਨਹੀਂ ਬੱਝਣਾ ਚਾਹੁੰਦਾ ਬਲਕਿ ਹਰ ਤਰਾਂ ਦੇ ਦਮਦਾਰ ਕਿਰਦਾਰ ਨਿਭਾਉਣ ਦਾ ਇਛੁੱਕ ਹੈ। ਆਸ ਹੈ ਕਿ ਦਰਸ਼ਕਾਂ ਨੂੰ ਪਸੰਦ ਆਵੇਗਾ। ਇਸ ਫ਼ਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ ਤੇ ਡਾਇਲਾਗ ਅਮਰਦੀਪ ਗਿੱਲ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਕ ਰਾਕੇਸ਼ ਮਹਿਤਾ ਹੈ। ਦੀਪ ਸਿੱਧੂ, ਰੀਨਾ ਰਾਏ, ਕਰਤਾਰ ਚੀਮਾ, ਕਮਲ ਵਿਰਕ, ਆਸ਼ੀਸ ਦੁੱਗਲ, ਹੌਬੀ ਧਾਲੀਵਾਲ, ਬਨਿੰਦਰ ਬਨੀ, ਗੁਰਜੀਤ ਸਿੰਘ, ਮਹਾਂਬੀਰ ਭੁੱਲਰ, ਜਗਜੀਤ ਸਿੱਧੂ,ਧੀਰਜ ਕੁਮਾਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਕਾਮੇਡੀ ਤੇ ਵਿਆਹ ਕਲਚਰ ਦੇ ਮਾਹੌਲ ਵਾਲੀਆਂ ਫ਼ਿਲਮਾਂ ਵੇਖ ਅੱਕ ਚੁੱਕੇ ਦਰਸ਼ਕਾਂ ਨੂੰ ਨਵੇਂ ਤੇ ਤਾਜ਼ੇ ਮਨੋਰੰਜਨ ਦੀ ਸੌਗਾਤ ਹੋਵੇਗੀ। ਦਰਸ਼ਕਾਂ 'ਚ ਇਸ ਫ਼ਿਲਮ ਪ੍ਰਤੀ ਉਤਸ਼ਾਹ ਨਜ਼ਰ ਆ ਰਿਹਾ ਹੈ। 

Have something to say? Post your comment