Wednesday, May 22, 2019
FOLLOW US ON

Poem

ਧਰਤੀ ਤੋਂ ਮੁੱਕਦੇ ਜੀਵਨ ਨੂੰ/ ਪੰਜਾਬੀ ਡਿਊਟ ਗੀਤ

November 20, 2018 11:14 PM
General

ਪਾਣੀ:- ਕੀਤੀ ਬੇ-ਇਨਸਾਫ਼ ਲੋਕਾਂ ਨੇ, ਮੈਂ ਸੁੱਕ ਚੱਲਿਆ ਤੇ ਮੁੱਕ ਚੱਲਿਆ,
ਹਵਾ:- ਕੱਟ ਦਿੱਤੇ ਰੁੱਖ ਵੀ ਲੋਕਾਂ ਨੇ, ਮੇਰਾ ਬੁੱਲਾ ਆਉਂਣਾ ਰੁਕ ਚੱਲਿਆ।  (ਨੋਟ:-
ਬੁੱਲਾ=ਝੌਂਕਾ)

ਪਾਣੀ:- ਕੀ ਕਰੀਏ? ਦੱਸ ਕੀ ਕਰੀਏ? ਇਸ ਦੁਨੀਆਂ ਦਾ ਦੱਸ ਕੀ ਕਰੀਏ?
ਹਵਾ:- ਲੱਗੇ ਮੱਤ ਗੁਆਚੀ ਦੁਨੀਆਂ ਦੀ, ਦੱਸ ਕਿੱਦਾ ਕਿਹਦੇ ਨਾ' ਲੜੀਏ।

ਪਾਣੀ:- ਮੈਨੂੰ ਗੰਧਲਾ ਕਰ 'ਤਾ ਦੁਨੀਆਂ ਨੇ, ਕਰ ਆਪਸ ਵਿੱਚ ਸਲਾਹ,
ਹਵਾ:- ਇੰਡਸਟਰੀਅਲ ਧੂਏਂ, ਗੈਸਾਂ ਨੇ, ਦਿੱਤਾ ਜ਼ਹਿਰ ਮੇਰੇ ਵਿੱਚ ਪਾ।

ਪਾਣੀ:- ਮੈਂ ਕੁਦਰਤ ਦੀ ਹਾਂ ਦਾਤ ਮੁਫ਼ਤ, ਲੋਕਾਂ ਮੈਨੂੰ ਵਿਕਣੇ ਲਾ ਦਿੱਤਾ।
ਹਵਾ:- ਮੇਰਾ ਵੀ ਇਹੀਓ ਰੋਣਾ ਏ,    ਮੈਨੂੰ ਵਿਕਰੀ ਉੱਤੇ ਲਗਾ ਦਿੱਤਾ।

ਪਾਣੀ:- ਹੈ ਮੌਤ ਕਿਨਾਰੇ ਜੀਵਨ ਕਰ ਲਿਆ, ਅੱਜ ਦੇ ਅਧੁਨਿਕ ਲੋਕਾਂ ਨੇ।
ਹਵਾ:- ਮੈਨੂੰ ਨਾਲ ਪ੍ਰਦੂਸ਼ਨ ਭਰ ਦਿੱਤਾ, ਤੇ ਡੰਗਿਆਂ ਕਲਿਯੁਗੀ ਜੋਕਾਂ ਨੇ।

ਪਾਣੀ:- ਮੈਥੋਂ ਜੀਵਨ ਦਾਨ ਹੀ ਮਿਲਦਾ ਹੈ, ਲੋਕਾਂ ਦੀ ਪਿਆਸ ਬੁਝਾਉਂਦਾ ਹੈ।
ਹਵਾ:- ਜਦ ਚੱਲਦੀ ਹਾਂ ਮੈਂ ਲੋਕਾਂ ਨੂੰ, ਸਾਹ ਆਕਸੀਜਨ ਦਾ ਆਉਂਦਾ ਹੈ।

ਪਾਣੀ:- ਨਲਕਿਆਂ ਤੇ ਖੂੰਹ ਦੀ ਟਿੰਡਾਂ ਵਿੱਚੋਂ, ਮੈਂ ਗੀਤ ਖੁਸ਼ੀ ਦੇ ਗਾਉਦਾ ਸੀ।
ਹਵਾ:- ਰੁੱਖਾਂ ਦੀ ਛਾਵੇਂ ਬਹਿ ਰਾਹੀ, ਥਕਾਵਟ ਵੀ ਆਪਣੀ ਲਾਹੁੰਦਾ ਸੀ।

ਪਾਣੀ:- ਲੋਕੀ ਕੂੜਾ, ਕਰਕਟ 'ਕੱਠਾ ਕਰ, ਮੇਰੇ ਵਿੱਚ ਦਿੰਦੇ ਪਾ।
ਹਵਾ:- ਤਾਹੀਂ ਤਾਂ ਇਨਾਂ ਦੇ ਜੀਵਨ ਵਿੱਚ, ਸੁੱਖ ਦੀ ਵਗੇ 'ਵਾ।

ਪਾਣੀ:- ਭਾਵੇਂ ਵਾਤਾਵਰਣ ਸੁਰੱਖਿਅਤ ਦਾ, ਲੋਕੀਂ ਰੌਲਾ ਪਾਈ ਜਾਂਦੇ ਨੇ,
ਹਵਾ:- ਕਈ ਮੂਰਖ਼ ਵਾਤਾਵਰਣ ਅੰਦਰ, ਬਸ ਜ਼ਹਿਰ ਮਿਲਾਈ ਜਾਂਦੇ ਨੇ।

ਪਾਣੀ:- ਮੇਰੀ ਦੁਰਵਰਤੋਂ ਬੜੀ ਹੋਈ ਏ, ਮੈਨੂੰ ਡੂੰਘੇ ਵਹਿਣ ਵਿੱਚ ਪਾ ਦਿੱਤਾ।
ਹਵਾ:- ਕਿਵੇਂ ਚੱਲਾਂ ਮੈਂ ਮੂਰਖ਼ ਲੋਕਾਂ ਨੇ,  ਮੇਰੇ ਘਰ ਨੂੰ ਲਾਂਬੂ ਲਾ ਦਿੱਤਾ।
  (ਚੱਲਾਂ=ਵਗਾਂ, ਵਗਣਾ)

ਪਾਣੀ:- ਕੁਦਰਤ ਮਾਨਵ ਕੇਂਦਰ ਲੋਕ ਲਹਿਰ, ਲੱਗੇ ਨਾਲ ਸਾਡੇ ਹੁਣ ਖੜ ਗਈ ਏ।
ਹਵਾ:- ਪਰਸ਼ੋਤਮ ਇਹ ਕਰੂ ਉਪਰਾਲਾ ਤਾਂ, ਲੱਗੂ ਝੰਡੀ ਅਸਾਂ ਦੀ ਚੜ ਗਈ ਏ।

ਪਾਣੀ:- ਜੇ ਸਾਥ ਮਿਲੇ ਇਹਨੂੰ ਲੋਕਾਂ ਦਾ, ਤਾਹੀਂ ਇਹ ਜੀਵਨ ਬਚ ਸਕਦਾ।
ਹਵਾ:- ਏਕੇ ਵਿੱਚ ਹੀ ਤਾਂ ਬਲ ਹੁੰਦਾ, 'ਕੱਲਾ ਕੋਈ ਕੁਝ ਨੀਂ ਕਰ ਸਕਦਾ।

ਪਾਣੀ:- ਸਭ ਬੱਚੇ, ਬੁੱਢੇ, ਨੌਜ਼ਵਾਨ, ਮਿਲ ਜਾਵਣ ਜੇ ਭੈਣ-ਭਰਾ।
ਹਵਾ:- ਧਰਤੀ ਤੋਂ ਮੁੱਕ ਰਹੇ ਜੀਵਨ ਨੂੰ, ਸਕਦੇ ਹਾਂ ਅਸੀਂ ਬਚਾ। 2।

ਪਰਸ਼ੋਤਮ ਲਾਲ ਸਰੋਏ,

Have something to say? Post your comment