Article

ਵੱਡਾ ਗੁਰਦੁਆਰਾ ਸਾਹਿਬ ਕੰਪਨ ਪਾਡੰਨ ਕੁਆਲਾਲੰਪੁਰ,ਮਲੇਸ਼ੀਆ

December 01, 2018 10:28 PM

ਵੱਡਾ ਗੁਰਦੁਆਰਾ ਸਾਹਿਬ ਕੰਪਨ ਪਾਡੰਨ ਕੁਆਲਾਲੰਪੁਰ,ਮਲੇਸ਼ੀਆ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਅਨਿਨ ਸਰਧਾਲੂਆਂ ਨੇ ਪੂਰੀ ਦੁਨੀਆਂ ਚ ਫੈਲਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ।ਗੁਰੂ ਸਾਹਿਬਾਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਆਪਣਾ ਪਾਵਨ ਪਵਿੱਤਰ ਸਰੂਪ ਸਾਨੂੰ ਸੌਂਪ ਕੇ ਗਏ ਹਨ।ਗੁਰਬਾਣੀ ਪੰਜਾਬੀਆਂ ਦੀ ਰੂਹਾਨੀਅਤ ਖੁਰਾਕ ਹੈ।ਗੁਰੂ ਸਾਹਿਬ ਦੇ ਸੇਵਕ ਦੁਨੀਆਂ ਚ ਜਿੱਥੇ ਵੀ ਗਏ ਹਨ,ਉੱਥੇ ਹੀ ਜਾਕੇ ਗੁਰਦੁਆਰਾ ਸਾਹਿਬ ਉਸਾਰ ਕੇ ਗੁਰੂ ਸਾਹਿਬ ਸੰਦੇਸ਼,ਸਿੱਖਿਆਵਾਂ ਅਤੇ ਗੁਰਬਾਣੀ ਦਾ ਪ੍ਰਵਾਹ ਸ਼ੂਰੁ ਕਰ ਦਿੱਤਾ ਹੈ।ਇਸੇ ਤਰ੍ਹਾਂ ਮਲੇਸ਼ੀਆ ਦੀ ਧਰਤੀ ਤੇ ਕੁਆਲਾਲੰਪੁਰ ਸ਼ਹਿਰ ਦੇ ਕਸਬੇ ਜਾਲਾਨ ਕੰਪਨ ਪਾਡੰਨ ਵਿਖੇ ਵੱਡਾ ਗੁਰਦੁਆਰਾ ਸਾਹਿਬ ਗੁਰਬਾਣੀ ਦਾ ਪ੍ਰਕਾਸ਼ ਵੰਡ ਰਿਹਾ ਹੈ।
ਸ੍ਰ. ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਦੀ ਰਹਿਨੁਮਾਈ ਹੇਠ ਗੁਰਬਾਣੀ, ਪੰਜਾਬੀ ਅਤੇ ਪੰਜਾਬੀਅਤ ਦੀਆਂ ਖੁਸ਼ਬੋਆਂ ਵੰਡ ਰਹੇ ਗੁਰਦੁਆਰਾ ਸਾਹਿਬ ਵਿਖੇ ਇਸ ਵਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਉਤਸਵ ਮੌਕੇ ਇਸ ਪਵਿੱਤਰ ਅਸਥਾਨ ਤੇ ਨਤਮਕ ਹੋਣ ਦਾ ਮੌਕਾ ਮਿਲਿਆ।ਆਜਾਦ ਪੰਜਾਬੀ ਮੰਚ ਦੇ ਪ੍ਰਧਾਨ ਮਨਦੀਪ ਸਿੰਘ, ਸਕੱਤਰ ਸੰਦੀਪ ਵਰਮਾ ਅਤੇ ਮੋਹਨ ਸਿੰਘ ਸੰਧੂ ਪੀਏ ਪੰਜਾਬੀ ਮਨਿਸਟਰ ਗੋਬਿੰਦ ਸਿੰਘ ਮਲੇਸ਼ੀਆ ਦੇ ਯਤਨਾਂ ਸਦਕਾ ਵਿਦੇਸ਼ੀ ਧਰਤੀ ਤੇ ਇਸ ਅਲੌਕਿਕ ਅਤੇ ਗੁਰਬਾਣੀ ਦਾ ਚਾਨਣ ਵੰਡਦੇ ਗੁਰੂ ਘਰ ਦੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
ਮਲੇਸ਼ੀਆ ਵਸਦੇ ਪੰਜਾਬੀ ਗੁਰਦੁਆਰਾ ਸਾਹਿਬ ਵਿਚ ਬੈਠੇ ਇਸ ਪਵਿੱਤਰ ਦਿਹਾੜੇ ਤੇ "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣੁ ਹੋਆ" ਸ਼ਬਦ ਨਾਲ ਗੁਰਬਾਣੀ ਦੇ ਰੰਗ ਵਿੱਚ ਰੰਗੇ,ਮਸਤ ਅਤੇ ਖੁਸ਼ ਨਜਰ ਆਏ।ਅਰਦਾਸ ਤੋਂ ਬਾਅਦ ਮਰਿਆਦਾ ਮੁਤਾਬਿਕ ਕੜਾਹ ਪ੍ਰਸ਼ਾਦ ਵਰਤਾਇਆ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵੀਰ ਸਿੰਘ ਨੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਗਏ ਅਤੇ ਗੁਰੂ ਘਰ ਨਤਮਸਤਕ ਹੋਏ ਡੈਲੀਗੇਟਾਂ ਨੂੰ ਸੰਗਤਾਂ ਦੇ ਰੂਬਰੂ ਕਰਵਾਇਆ।ਉਹਨਾਂ ਸਾਰੀ ਕਰਵਾਈ ਸ਼ੁੱਧ ਪੰਜਾਬੀ ਚ ਸੰਪੂਰਨ ਕੀਤੀ।ਪ੍ਰਧਾਨ ਜੀ ਨੇ ਦੱਸਿਆ ਕਿ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਜਸਵੀਨ ਕੌਰ ਵੱਲੋਂ ਇੱਥੇ ਪੰਜਾਬੀ ਭਾਸ਼ਾ ਅਤੇ ਸੰਗੀਤ ਅਕੈਡਮੀ ਚਲਾਈ ਜਾ ਰਹੀ ਹੈ।ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਪੰਜਾਬੀ ਸਕੂਲ ਚਲਾਇਆ ਜਾ ਰਿਹਾ ਹੈ,ਜਿਸ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀ ਮੁਹਾਰਨੀ ਅਤੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ।ਅਜੇਪਾਲ ਸਿੰਘ, ਜਸਕੀਰਤ ਕੌਰ,ਬਬਨੀਤ ਕੌਰ ਸਮੇਤ ਕਾਫੀ ਬੱਚੇ ਗੁਰਬਾਣੀ ਅਤੇ ਰਾਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਉਹਨਾਂ ਦੱਸਿਆ ਕਿ ਸਕੂਲ ਵਿੱਚ ਕੁੱਲ 89 ਬੱਚੇ ਪੰਜਾਬੀ ਬੋਲੀ ਸਿੱਖ ਰਹੇ ਹਨ।ਬੀਬੀ ਜਸਵੀਨ ਕੌਰ ਇਸ ਸਕੂਲ ਚ ਮੁਫਤ ਪੜਾਉਂਦੇ ਹਨ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਵਿਦੇਸ਼ੀ ਧਰਤੀ ਤੇ ਫੈਲਾਅ ਰਹੇ ਹਨ।ਗੁਰੂ ਸਾਹਿਬਾਨ ਦੇ ਫਲਸਫੇ ਤੋਂ ਅਜੋਕੇ ਪੀੜ੍ਹੀ ਨੂੰ ਜਾਣੂ ਕਰਵਾ ਕੇ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ।
ਪ੍ਰਿੰਸੀਪਲ ਅਵਤਾਰ ਸਿੰਘ, ਚਰਨਜੀਤ ਸਿੰਘ ਚੰਨੀ ਸਕੱਤਰ, ਜਸਵੀਨ ਕੌਰ,ਜਗਪਾਲ ਸਿੰਘ ਸੰਧੂ, ਸੰਦੀਪ ਵਰਮਾ, ਮਨਦੀਪ ਸਿੰਘ, ਤਰਲੋਚਨ ਸਿੰਘ ਧਾਲੀਵਾਲ ਅਡਵਾਇਜਰ,ਗੁਰਵਿੰਦਰ ਸਿੰਘ ਚਾਹਲ,ਗੁਰਦੇਵ ਸਿੰਘ ਬੱਬੂ, ਗੁਰਜੀਤ ਸਿੰਘ ਪੱਡਾ, ਗੁਰਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਨਿੱਕੂ,ਕੁਲਵੰਤ ਸਿੰਘ ਜੌਹਲ,ਸਰਬਜੀਤ ਸਿੰਘ ਚੀਮਾ, ਪ੍ਰੀਤ ਛੀਨਾ ਆਦਿ ਸ਼ਖਸ਼ੀਅਤਾਂ ਦੀ ਕਮੇਟੀ ਇਸ ਗੁਰੂ ਘਰ ਦੀ ਚੜ੍ਹਦੀ ਕਲ੍ਹਾ ਲਈ ਉੱਦਮ ਚ ਜੁਟੀ ਰਹਿੰਦੀ ਹੈ।
ਉਹਨਾਂ ਦੱਸਿਆ ਤਿੰਨ ਦਿਨ ਚੱਲਦੇ ਆਖੰਡ ਪਾਠ ਸਾਹਿਬ ਨੂੰ ਬੱਚੇ ਬਹੁਤ ਧਿਆਨ ਪੂਰਵਕ ਪੂਰਵਕ ਸੁਣਦੇ ਹਨ। ਅਖੀਰਲੇ ਦਿਨ ਉਹਨਾਂ ਤੋਂ ਟੈਸਟ ਲਿਆ ਜਾਂਂਦਾ ਹੈ।ਅਤੇ ਉਤਸ਼ਾਹਿਤ ਕਰਨ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ।ਉਹਨਾਂ ਬੱਚਿਆਂ ਤੋਂ ਟੈਸਟ ਲਈ ਤਿਆਰ ਕੀਤੀਆਂ ਉੱਤਰ ਕਾਪੀਆਂ ਵੀ ਦਿਖਾਈਆਂ। ਗੁਰਬਾਣੀ ਸਿਖਾਉਣ ਅਤੇ ਬੱਚਿਆਂ ਚ ਮਾਨਸਿਕ ਅਤੇ ਧਾਰਮਿਕ ਰੁਚੀ ਪੈਦਾ ਕਰਨ ਅਤੇ ਪੰਜਾਬੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਦਾ ਇਹ ਨਿਵੇਕਲਾ ਢੰਗ ਬਹੁਤ ਹੀ ਸਲਾਘਾਯੋਗ ਉੱਦਮ ਹੈ।
ਗੁਰਦੁਆਰਾ ਸਾਹਿਬ ਦੇ ਹਾਲ ਦੀ ਖ਼ਾਸੀਅਤ ਇਹ ਹੈ ਇਸ ਵਿਚਕਾਰ ਕੋਈ ਵੀ ਥੰਮ ਜਾਂ ਬੀਮ ਨਹੀਂ ਹੈ। 800 ਸੰਗਤਾਂ ਦੇ ਬੈਠਣ ਦਾ ਪ੍ਰਬੰਧ ਹੈ।ਲੰਗਰ ਹਾਲ ਬਿਲਡਿੰਗ ਅਤੇ ਗ੍ਰੰਥੀ ਦੀ ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ।ਪੰਜਾਬੀ ਸਕੂਲ ਗੁਰਦੁਆਰਾ ਸਾਹਿਬ ਦੇ ਇੱਕ ਨੁੱਕਰੇ ਹੀ ਚਲਾਇਆ ਜਾਂਦਾ ਹੈ।ਜਿਸ ਵਿੱਚ ਚਾਰ ਕਮਰੇ ਹਨ।ਪੜਾਉਣ ਵਾਲਾ ਸਾਰਾ ਸਮਾਨ ਭਾਵ ਸਟੱਡੀ ਮਟੀਰੀਅਲ ਕਮਰਿਆਂ ਚ ਉੱਪਲਬਧ ਹੈ।
ਲੰਗਰ ਹਾਲ ਚ ਸੰਗਤਾਂ ਦੀਆਂ ਕਤਾਰਾਂ ਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ।ਗੁਰਦੁਆਰਾ ਸਾਹਿਬ ਦੇ ਬਾਹਰ ਮੇਨ ਗੇਟ ਤੇ ਵੀ  ਗੁਰਦੁਆਰਾ ਸਾਹਿਬ ਦਾ ਨਾਮ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਜੋ ਪੰਜਾਬੀਆਂ ਅਤੇ ਪੰਜਾਬੀ ਲਈ ਮਾਣ ਦੀ ਗੱਲ ਹੈ।


ਇੰਜੀ.ਸਤਨਾਮ ਸਿੰਘ ਮੱਟੂ 
ਬੀਂਬੜ੍ਹ, ਸੰਗਰੂਰ।
9779708257
Have something to say? Post your comment