Thursday, April 25, 2019
FOLLOW US ON

News

ਪੰਜਾਬੀ ਵਿਰਸੇ ਦਾ ਕੋਸ਼: ਗਿਆਨੀ ਗੁਰਦਿੱਤ ਸਿੰਘ// ਪ੍ਰੋ. ਨਵ ਸੰਗੀਤ ਸਿੰਘ

January 17, 2019 08:23 PM
ਆਧੁਨਿਕ ਪੰਜਾਬੀ ਵਾਰਤਕ ਦਾ ਮੂੰਹ- ਮੱਥਾ ਸ਼ਿੰਗਾਰਨ, ਸੰਵਾਰਨ ਤੇ ਨਿਖਾਰਨ ਵਿੱਚ 'ਮੇਰਾ ਪਿੰਡ' ਵਾਲੇ ਗਿਆਨੀ ਗੁਰਦਿੱਤ ਸਿੰਘ ਦੀ ਬੜੀ ਸਰਗਰਮ ਭੂਮਿਕਾ ਰਹੀ ਹੈ। ਉਨ੍ਹਾਂ ਨੂੰ ਇੱਕ ਸਫ਼ਲ ਵਾਰਤਕਕਾਰ ਦੇ ਨਾਲ- ਨਾਲ ਜੀਵਨੀਕਾਰ, ਸਿੱਖ ਇਤਿਹਾਸ ਦੇ ਸਕਾਲਰ, ਗੁਰਬਾਣੀ ਦੇ ਵਿਆਖਿਆਕਾਰ ਅਤੇ ਸਫ਼ਲ ਸੰਪਾਦਕ ਹੋਣ ਦਾ ਵੀ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ 24 ਫਰਵਰੀ 1923 ਈ. ਨੂੰ ਸਰਦਾਰ ਹੀਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਮਿੱਠੇਵਾਲ, ਰਿਆਸਤ ਮਲੇਰਕੋਟਲਾ ਵਿਖੇ ਹੋਇਆ। 
 
            ਗਿਆਨੀ ਗੁਰਦਿੱਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ ਪੇਂਡੂ ਘਰੋਗੀ ਕੰਮ- ਧੰਦਿਆਂ ਦੇ ਨਾਲ- ਨਾਲ ਸਾਧੂਆਂ, ਸੰਤਾਂ, ਵਿਦਵਾਨਾਂ ਤੋਂ ਨੀਤੀ- ਸ਼ਾਸਤਰ, ਪਿੰਗਲ, ਕਾਵਿ ਨਾਲ ਸਬੰਧਤ ਗ੍ਰੰਥਾਂ ਦਾ ਅਧਿਐਨ ਕੀਤਾ; ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਰਥਾਂ ਅਤੇ ਵਿਆਖਿਆ ਨੂੰ ਸਮਝਿਆ। ਲਾਹੌਰ ਤੋਂ 1944-45 ਵਿੱਚ ਗਿਆਨੀ ਪਾਸ ਕਰਨ ਪਿੱਛੋਂ ਹੋਰ ਜਾਨਣ ਦੀ ਜਗਿਆਸਾ ਹਿਤ 1943 ਤੋਂ 1947 ਤੱਕ ਪੰਜਾ ਸਾਹਿਬ ਤੋਂ ਪਟਨਾ ਅਤੇ ਬਨਾਰਸ ਤੱਕ ਦੀ ਯਾਤਰਾ ਕੀਤੀ। ਇਸ ਦੌਰਾਨ ਧਾਰਮਿਕ ਅਸਥਾਨਾਂ, ਲਾਹੌਰ, ਅੰਮ੍ਰਿਤਸਰ, ਪਟਿਆਲਾ ਦੀਆਂ ਲਾਇਬਰੇਰੀਆਂ ਅਤੇ ਕਾਸ਼ੀ ਦੀ ਨਾਗਰੀ ਪ੍ਰਚਾਰਿਣੀ ਸਭਾ ਲਾਇਬ੍ਰੇਰੀ ਵਿੱਚੋਂ ਪੁਰਾਤਨ ਹੱਥ ਲਿਖਤਾਂ, ਬੀੜਾਂ ਅਤੇ ਦੁਰਲੱਭ ਗ੍ਰੰਥਾਂ ਦੀ ਖੋਜ ਕੀਤੀ।
           ਬੀਬੀ ਇੰਦਰਜੀਤ ਕੌਰ ਸੰਧੂ ਨਾਲ ਸ਼ਾਦੀ ਹੋਣ ਪਿੱਛੋਂ ਉਨ੍ਹਾਂ ਦੇ ਘਰ ਦੋ ਲੜਕੇ ਰੂਪਇੰਦਰ ਸਿੰਘ (1960) ਅਤੇ ਰਵੀਇੰਦਰ ਸਿੰਘ (1961) ਪੈਦਾ ਹੋਏ। ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਾ ਹੋਵੇ ਕਿ ਸ੍ਰੀਮਤੀ ਸੰਧੂ 1975 ਤੋਂ 1977 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਰਹਿ ਚੁੱਕੇ ਹਨ ਅਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਸਮੇਤ ਪੰਜਾਬ ਦੀਆਂ ਹੋਰਨਾਂ ਯੂਨੀਵਰਸਿਟੀਆਂ ਵਿੱਚ ਹੁਣ ਤੱਕ ਦੇ ਪਹਿਲੇ ਅਤੇ ਇਕਲੌਤੇ ਇਸਤਰੀ ਵੀ. ਸੀ. ਹੋ ਗੁਜ਼ਰੇ ਹਨ।ਸ੍ਰੀਮਤੀ ਸੰਧੂ ਭਾਰਤ ਸਰਕਾਰ ਦੇ ਸਿਲੈਕਸ਼ਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ। 
           ਉਚੇਰੀ ਸਿੱਖਿਆ ਹਾਸਲ ਨਾ ਕਰਨ ਦੇ ਬਾਵਜੂਦ ਗਿਆਨੀ ਜੀ ਨੇ ਪੰਜਾਬੀ ਸਾਹਿਤ ਅਤੇ ਗੁਰਬਾਣੀ/ ਸਿੱਖ-ਸਾਹਿਤ ਨਾਲ ਸਬੰਧਤ ਨਿੱਗਰ ਅਤੇ ਉੱਚ- ਪੱਧਰੀ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਦਾ ਮੁਕੰਮਲ ਵੇਰਵਾ ਇਸ ਪ੍ਰਕਾਰ ਹੈ:
   * ਕਵਿਤਾ: ਅਛੋਹ ਸਿਖਰਾਂ (1950), ਭਾਵਾਂ ਦੇ ਦੇਸ਼(1952)।
   * ਖੋਜ ਅਤੇ ਆਲੋਚਨਾ: ਰਾਗ ਮਾਲਾ ਦੀ ਅਸਲੀਅਤ(1946), ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ, ਭੱਟ ਅਤੇ ਉਨ੍ਹਾਂ ਦੀ ਰਚਨਾ(1960), ਮੁੰਦਾਵਣੀ(2003)। 
   * ਵਾਰਤਕ: ਮੇਰਾ ਪਿੰਡ (ਪਹਿਲੀ ਛਾਪ 1961, ਬਾਰ੍ਹਵੀਂ ਛਾਪ 2014)। ਇਸ ਪੁਸਤਕ ਦਾ ਹਿੰਦੀ ਅਨੁਵਾਦ ਵੀ ਛਪ ਚੁੱਕਾ ਹੈ। ਤਿੱਥ ਤਿਉਹਾਰ, ਮੇਰੇ ਪਿੰਡ ਦਾ ਜੀਵਨ।
    * ਜੀਵਨੀ:  ਭਾਈ ਲਾਲੋ ਦਰਸ਼ਨ(1987),ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ( ਭਾਈ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲਾ, ਸ. ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ)।
      * ਸੱਭਿਆਚਾਰ ਤੇ ਇਤਿਹਾਸ: ਸਿੰਘ ਸਭਾ ਲਹਿਰ ਦੀ ਦੇਣ, ਪੰਜਾਬ ਦੇ ਤਖ਼ਤਾਂ ਦਾ ਇਤਿਹਾਸ(1965), ਪੰਜਾਬੀ ਸੱਭਿਆਚਾਰ (1987)।
       * ਧਰਮ ਤੇ ਫ਼ਲਸਫ਼ਾ: ਜੀਵਨ ਦਾ ਉਸਰੱਈਆ- ਸ੍ਰੀ ਗੁਰੂ ਨਾਨਕ ਦੇਵ ਜੀ(1947), ਸਿੱਖ ਧਾਮ ਤੇ ਸਿੱਖ ਗੁਰਦੁਆਰੇ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ(1990)। 
       * ਸੰਪਾਦਨ: ਅਮਰਨਾਮਾ(1950), ਲੋਕ ਕਹਾਣੀਆਂ(ਤਿੰਨ ਜਿਲਦਾਂ 1977; ਤਿੰਨੇ ਜਿਲਦਾਂ ਸੰਯੁਕਤ ਰੂਪ ਵਿੱਚ-1987)। 
            'ਮੇਰਾ ਪਿੰਡ' ਪੁਸਤਕ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੋਸ਼ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਇਹ ਪੁਸਤਕ 'ਕਲਾਸਿਕ' ਹੋਣ ਦਾ ਦਰਜਾ ਰੱਖਦੀ ਹੈ। ਪੰਜਾਬੀ ਸੱਭਿਅਤਾ, ਸੰਸਕ੍ਰਿਤੀ ਤੇ ਵਿਰਸੇ ਦਾ ਜੋ ਭਰਪੂਰ ਚਿੱਤਰ ਇਸ ਵਿੱਚ ਮਿਲਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਇਹ ਕਿਤਾਬ ਮੁਹਾਵਰਿਆਂ, ਅਖੌਤਾਂ ਦਾ ਵਿਸ਼ਾਲ ਖ਼ਜ਼ਾਨਾ ਹੈ। ਲੇਖਕ ਨੇ ਆਪਣੀ ਵਿਲੱਖਣ ਸ਼ੈਲੀ ਰਾਹੀਂ ਪੇਂਡੂ ਲੋਕਾਂ ਦੀਆਂ ਮਨੌਤਾਂ, ਆਰਥਕ ਮੁਸ਼ਕਲਾਂ, ਵਹਿਮਾਂ- ਭਰਮਾਂ ਤੇ ਅਲੋਪ ਹੋ ਰਹੇ ਪੱਖਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਚਿਤਰਿਆ ਹੈ।
           2003 ਵਿੱਚ 'ਮੇਰਾ ਪਿੰਡ' ਦੀ ਐਡੀਸ਼ਨ ਵਿੱਚ ਲੇਖਕ ਨੇ ਪੁਸਤਕ ਦਾ ਆਕਾਰ ਵੱਡਾ(24  15 ਸੈ.ਮੀ.)ਕਰ ਦਿੱਤਾ ਅਤੇ ਇਸ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰ ਦਿੱਤਾ। ਇਹ ਪੁਸਤਕ ਲੇਖਕ ਦੇ ਆਪਣੇ 'ਸਾਹਿਤ ਪ੍ਰਕਾਸ਼ਨ' ਚੰਡੀਗੜ੍ਹ ਤੋਂ ਹੀ ਛਪਦੀ ਰਹੀ ਹੈ ਅਤੇ 2014 ਵਿੱਚ ਇਸ ਦਾ ਬਾਰਵਾਂ ਅੈਡੀਸ਼ਨ ਪ੍ਰਕਾਸ਼ਿਤ ਹੋਇਆ ਸੀ। ਵੱਡੇ ਆਕਾਰ ਵਿੱਚ ਪ੍ਰਕਾਸ਼ਿਤ ਇਸ ਪੁਸਤਕ ਦੇ ਕੁੱਲ 480 ਪੰਨੇ ਹਨ, ਜਿਸ ਵਿੱਚ ਪ੍ਰਵੇਸ਼, ਭੂਮਿਕਾ, ਪ੍ਰਸੰਸਾ, ਸਵਾਗਤ ਆਦਿ ਦੇ 18 ਪੰਨੇ ਵੱਖਰੇ ਹਨ।
         ਪੁਸਤਕ ਵਿੱਚ ਪ੍ਰਕਾਸ਼ਿਤ ਲੇਖ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਮੇਰੇ ਪਿੰਡ ਦਾ ਮੂੰਹ ਮੱਥਾ, ਮੇਰੇ ਵੱਡੇ ਵਡੇਰੇ, ਮੇਰਾ ਬਚਪਨ, ਮੇਰੇ ਪਿੰਡ ਦਾ ਆਂਢ ਗੁਆਂਢ, ਕੰਮ ਧੰਦੇ ਤੇ ਆਹਰ ਪਾਹਰ, ਮੇਰੇ ਪਿੰਡ ਦੇ ਇਸ਼ਟ, ਸੰਤਾਂ ਸਾਧਾਂ ਲਈ ਸ਼ਰਧਾ, ਹਾੜ੍ਹਾਂ ਦੇ ਦੁਪਹਿਰੇ, ਸਿਆਲਾਂ ਦੀਆਂ ਧੂਣੀਆਂ, ਮੇਰੇ ਪਿੰਡ ਦੇ ਗਾਲੜੀ, ਭਾਂਤ ਸੁਭਾਂਤੀ ਦੁਨੀਆਂ, ਵਹਿਮ ਭਰਮ, ਤਿਥ ਤਿਉਹਾਰ, ਤੀਆਂ, ਵੰਗਾਂ ਤੇ ਮਹਿੰਦੀ, ਤੀਆਂ ਦਾ ਗਿੱਧਾ ਤੇ ਤ੍ਰਿੰਞਣ ਸਿਰਲੇਖ ਹੇਠ ਕੁੱਲ 17 ਲੇਖ ਹਨ; ਜਦਕਿ ਦੂਜੇ ਭਾਗ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਰੀਤਾਂ ਨਾਲ ਸਬੰਧਿਤ ਕੁੱਲ 12 ਲੇਖ ਸੰਕਲਿਤ ਹਨ । ਅੰਤਿਕਾ ਵਿੱਚ (ਪੰਨੇ 463 ਤੋਂ 479 ਤੱਕ) ਗਿਆਰਾਂ ਪ੍ਰਸਿੱਧ ਲੇਖਕਾਂ (ਈਸ਼ਵਰ ਚਿੱਤਰਕਾਰ, ਦੇਵਿੰਦਰ ਸਤਿਆਰਥੀ, ਖੁਸ਼ਵੰਤ ਸਿੰਘ,ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਜੈ ਚੰਦਰ ਵਿਦਿਆਲੰਕਾਰ, ਡਾ. ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ, ਨਾਨਕ ਸਿੰਘ, ਬਲਰਾਜ ਸਾਹਨੀ, ਗੁਰਬਚਨ ਸਿੰਘ ਤਾਲਿਬ ਅਤੇ ਡਾ. ਜਸਪਾਲ ਸਿੰਘ) ਵੱਲੋਂ ਪੁਸਤਕ ਬਾਰੇ (ਕ੍ਰਮਵਾਰ ਵਾਰਤਕ ਦੇ ਮੈਦਾਨ ਵਿੱਚ ਝੰਡਾ, ਲੋਕ ਪਰੰਪਰਾ ਦਾ ਨਵਾਂ ਜਨਮ, ਡਿਲਾਈਟਫੁੱਲ ਐੱਸੇ, ਆਊਟਸਟੈਂਡਿੰਗ ਨਾਵਲ, ਇਤਿਹਾਸਕ ਮਹੱਤਵ, ਧੜਕਦਾ ਸੋਹਜ ਮਲੂਕ ਕਲਾ ਦ੍ਰਿਸ਼, ਇੱਕ ਵਿਅੰਗਭਰੀ ਵੰਗਾਰ, ਸੰਦਲੀ ਸ਼ਰਬਤ ਦਾ ਗਲਾਸ, ਅਜੋਕੇ ਭਾਰਤੀ ਸਾਹਿਤ ਭੰਡਾਰ ਦਾ ਅਦੁੱਤੀ ਸ਼ਾਹਕਾਰ, ਪੰਜਾਬੀ ਬੈਲੇ ਲੈਟਰ, ਲਾਈਫ ਅੈਜ਼ ਕਲਚਰਲ ਹਿਸਟਰੀ ਆਫ਼  ਪੰਜਾਬ) ਵਿਚਾਰ ਪ੍ਰਗਟ ਕੀਤੇ ਗਏ ਹਨ। 
          1958-59 ਵਿੱਚ ਗਿਆਨੀ ਜੀ ਨੇ 'ਮੇਰਾ ਪਿੰਡ' ਦਾ ਪਹਿਲਾ ਭਾਗ ਲਿਖਿਆ ਅਤੇ ਪੁਸਤਕ ਛਪਦੇ- ਛਪਦੇ 1961ਵਿੱਚ 'ਤਿੱਥ ਤਿਉਹਾਰ' ਤੇ 'ਮੇਰੇ ਪਿੰਡ ਦਾ ਜੀਵਨ' ਨੂੰ ਯੂਨੈਸਕੋ ਅਵਾਰਡ ਪ੍ਰਾਪਤ ਹੋਏ। ਉਨ੍ਹਾਂ ਨੂੰ ਮਿਲੇ ਹੋਰ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਮੇਰਾ ਪਿੰਡ' ਨੂੰ ਪੁਰਸਕਾਰ (1961), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ : ਭਗਤ ਬਾਣੀ ਭਾਗ' ਤੇ ਪੰਦਰਾਂ ਹਜ਼ਾਰ ਰੁਪਏ ਦਾ ਪੁਰਸਕਾਰ ਅਤੇ 'ਗੁਰਮਤਿ ਆਚਾਰੀਆ' ਦੀ ਉਪਾਧੀ(1991), ਗੁਰਦੁਆਰਾ ਐਸੋਸੀਏਸ਼ਨ ਵੂਲਰ, ਲੰਡਨ; ਸਿੱਖ ਕਲਚਰਲ ਸੋਸਾਇਟੀ ਵੈਨਕੂਵਰ, ਕੈਨੇਡਾ; ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਅਮਰੀਕਾ ਵੱਲੋਂ ਸਨਮਾਨ(1990), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਨਰੇਰੀ ਫੈਲੋਸ਼ਿਪ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ 1998 ਲਈ 'ਕਰਤਾਰ ਸਿੰਘ ਧਾਲੀਵਾਲ ਅਵਾਰਡ'(2002), ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ(2006) ਆਦਿ ਉਲੇਖਯੋਗ ਹਨ।
            ਗਿਆਨੀ ਗੁਰਦਿੱਤ ਸਿੰਘ ਵੱਲੋਂ ਕੀਤੇ ਹੋਰ ਜ਼ਿਕਰਯੋਗ  ਕਾਰਜਾਂ ਵਿੱਚ ਪੱਤਰ- ਪੱਤ੍ਰਿਕਾਵਾਂ ਦਾ ਸੰਪਾਦਨ ਵੀ ਸ਼ਾਮਿਲ ਹੈ।1948 ਵਿੱਚ ਉਨ੍ਹਾਂ ਨੇ ਸਪਤਾਹਿਕ ਅਖ਼ਬਾਰ 'ਪ੍ਰਕਾਸ਼' ਪਟਿਆਲੇ  ਤੋਂ ਸ਼ੁਰੂ ਕੀਤਾ, ਜੋ ਪਿੱਛੋਂ ਰੋਜ਼ਾਨਾ ਕਰ ਦਿੱਤਾ ਗਿਆ ਅਤੇ ਇਹ 1956 ਤੱਕ ਪਟਿਆਲੇ ਤੋਂ ਛਪਦਾ ਰਿਹਾ। 1956 ਤੋਂ 1964 ਤੱਕ ਇਹ ਚੰਡੀਗੜ੍ਹ ਤੋਂ ਛਪਣ ਲੱਗਾ; 1970 ਤੋਂ 1979 ਤੱਕ ਫਿਰ ਪਟਿਆਲੇ ਤੋਂ ਸਪਤਾਹਿਕ ਵਜੋਂ ਛਪਣ ਲੱਗਿਆ। ਪਟਿਆਲੇ ਤੋਂ ਹੀ ਉਨ੍ਹਾਂ ਨੇ ਇਕ ਮਾਸਿਕ ਪੱਤ੍ਰਿਕਾ 'ਜੀਵਨ ਸੰਦੇਸ਼' ਸ਼ੁਰੂ ਕੀਤੀ, ਜੋ 1950 ਤੋਂ 1953 ਤੱਕ ਜਾਰੀ ਰਹੀ। ਚੰਡੀਗੜ੍ਹ ਤੋਂ ਉਨ੍ਹਾਂ ਨੇ ਮਾਸਿਕ ਪੱਤਰ 'ਸਿੰਘ ਸਭਾ ਪੱਤ੍ਰਿਕਾ' ਸ਼ੁਰੂ ਕੀਤਾ, ਜਿਸ ਦੇ ਕਈ ਵਿਸ਼ੇਸ਼ ਅੰਕਾਂ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। 
         1973 ਵਿੱਚ ਗਿਆਨੀ ਜੀ ਨੇ ਸਿੰਘ ਸਭਾ ਲਹਿਰ ਦੀ ਯਾਦ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਸ਼ਤਾਬਦੀ ਕਮੇਟੀ ਦਾ ਕੰਮ ਆਪਣੇ ਜ਼ਿੰਮੇ ਲੈ ਕੇ ਅੰਮ੍ਰਿਤਸਰ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਇਹਦੇ ਜਨਰਲ ਸਕੱਤਰ ਰਹੇ,ਫਿਰ1983 ਤੋਂ 1992 ਤੱਕ ਕੇਂਦਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਰੂਪ ਵਿੱਚ ਕਾਰਜ ਕੀਤਾ। ਉਨ੍ਹਾਂ ਨੇ ਦਰਜਨਾਂ ਸਮਾਗਮ, ਵਿਚਾਰ ਸੰਮੇਲਨ, ਪਾਠਬੋਧ ਸਮਾਗਮ ਭਾਰਤ- ਭਰ ਦੇ ਵੱਡੇ ਸ਼ਹਿਰਾਂ ਅਤੇ ਸਿੱਖਾਂ ਦੇ ਮੁੱਖ ਕੇਂਦਰਾਂ ਤੇ ਆਯੋਜਿਤ ਕਰਵਾਏ। ਅਜਿਹੇ ਕਾਰਜਾਂ ਲਈ ਉਨ੍ਹਾਂ ਨੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੀ ਸਥਾਪਨਾ ਕੀਤੀ, ਜੋ ਅੱਜ ਤੱਕ ਵੀ ਨਿਰੰਤਰ ਕਾਰਜ- ਸ਼ੀਲ ਹਨ।
          ਗਿਆਨੀ ਜੀ ਪੰਜਾਬ ਵਿਧਾਨ ਪਰਿਸ਼ਦ ਦੇ 1958 ਤੋਂ  1961 ਤੱਕ ਮੈਂਬਰ ਰਹੇ। ਇੱਥੇ ਰਹਿੰਦਿਆਂ ਉਨ੍ਹਾਂ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਲਈ ਦੋ ਪ੍ਰਸਤਾਵ ਪੇਸ਼ ਕੀਤੇ ਅਤੇ ਇਨ੍ਹਾਂ ਦੀ ਕਾਇਮੀ ਲਈ ਸਾਰਥਕ ਉਪਰਾਲੇ ਕੀਤੇ।
          ਗਿਆਨੀ ਜੀ ਵੱਲੋਂ ਲਿਖੀ ਕਲਾਸਿਕ ਪੁਸਤਕ 'ਮੇਰਾ ਪਿੰਡ' ਪੰਜਾਬ ਦੇ ਸਕੂਲਾਂ ਲਈ ਸਪਲੀਮੈਂਟਰੀ ਰੀਡਰਾਂ(ਪੰਜਵੀਂ ਤੋਂ ਅੱਠਵੀਂ ਤੱਕ) ਪੁਸਤਕਾਂ ਦੇ ਰੂਪ ਵਿੱਚ ਨਿਸ਼ਚਿਤ ਕੀਤੀ ਗਈ।ਇਹ ਪੁਸਤਕ ਯੂਨੀਵਰਸਿਟੀਆਂ ਵਿੱਚ ਗਿਆਨੀ ਦੇ ਕੋਰਸ ਲਈ ਅਤੇ ਪੰਜਾਬ ਤੇ ਦਿੱਲੀ ਵਿੱਚ ਐਮ.ਏ. ਦੀਆਂ ਜਮਾਤਾਂ ਵਿੱਚ ਪੜ੍ਹੀ ਤੇ ਪੜ੍ਹਾਈ ਜਾ ਰਹੀ ਹੈ। ਐਮ.ਫਿਲ. ਅਤੇ ਪੀ-ਐਚ.ਡੀ. ਪੱਧਰ ਦਾ ਖੋਜ- ਕਾਰਜ ਵੀ ਇਸ ਸਬੰਧ ਵਿੱਚ ਹੋ ਚੁੱਕਾ ਹੈ। ਸੋਸ਼ਿਆਲੋਜੀ ਤੇ ਖੋਜ ਕਰਨ ਵਾਲੇ ਵਿਦੇਸ਼ੀ ਵਿਦਵਾਨਾਂ ਨੇ ਵੀ ਇਸ ਕਿਤਾਬ ਨੂੰ ਆਪਣੇ ਪੱਖਾਂ ਤੋਂ ਪੜ੍ਹਿਆ ਅਤੇ ਵਿਚਾਰਿਆ ਹੈ। 
          ਗਿਆਨੀ ਜੀ ਜੀਵਨ- ਭਰ ਖੋਜ-ਕਾਰਜਾਂ ਵਿੱਚ ਰੁੱਝੇ ਰਹੇ ਅਤੇ ਅੰਤ 17 ਜਨਵਰੀ 2007 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਸ਼ਖ਼ਸੀਅਤ,ਧਰਮ, ਸਾਹਿਤ, ਸਿਆਸਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ, ਉਨ੍ਹਾਂ ਦੀ ਬਰਸੀ ਉੱਤੇ ਵਿਦਵਾਨਾਂ, ਪੱਤਰਕਾਰਾਂ ਅਤੇ ਉੱਘੀਆਂ ਸ਼ਖਸੀਅਤਾਂ ਦੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਲੇਖਾਂ ਅਤੇ ਤਸਵੀਰਾਂ ਨਾਲ ਸੁਸੱਜਿਤ 230 ਪੰਨਿਆਂ ਦੀ ਯਾਦਗਾਰੀ ਪੁਸਤਕ 'ਗਿਆਨੀ ਗੁਰਦਿੱਤ ਸਿੰਘ 1923-2007' ਰਾਹੀਂ ਗਿਆਨੀ ਜੀ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
 
Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-