News

ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ

January 17, 2019 08:49 PM
ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ : 

ਪੰਜਾਬ ਦੇ ਫੋਟੋਗ੍ਰਾਫਰਾਂ ਵੱਲੋਂ ਵਿਆਹ ਸਮਾਗਮ 'ਚ ਅਸਲਾ ਦੇਖਣ ਤੇ ਕੰਮ ਬੰਦ ਕਰਨ ਦਾ ਫੈਸਲਾ

ਸ਼ੇਰਪੁਰ, 16 ਜਨਵਰੀ (ਹਰਜੀਤ ਕਾਤਿਲ) - ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਇਕਾਈ ਸ਼ੇਰਪੁਰ ਦੀ ਇੱਕ ਵਿਸ਼ੇਸ ਮੀਟਿੰਗ ਇਕਾਈ ਪ੍ਰਧਾਨ ਜਸਪਾਲ ਸਿੰਘ ਬੀਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਨੇ ਸਮੂਲੀਅਤ ਕੀਤੀ। ਸਿੰਘ ਸ਼ੇਰਪੁਰ ਨੇ ਐਸੋਸੀਏਸ਼ਨ ਦੇ ਫੈਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਦੀ ਯੂਨੀਅਨ ਨੇ ਸਮੂਹਿਕ ਤੌਰ 'ਤੇ ਇਹ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਵਿਆਹ ਸਮਾਗਮ ਵਿੱਚ ਅਸਲੇ ਨਾਲ ਲੈਸ ਲੋਕ ਸਮੂਲੀਅਤ ਕਰਦੇ ਹਨ ਤਾਂ ਉਸ ਵਿਆਹ ਸਮਾਗਮ ਦੀ ਫੋਟੋਗ੍ਰਾਫੀ ਦਾ ਕੰਮ ਤਰੁੰਤ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਮੈਰਿਜ ਪੈਲਸਾਂ ਵਿੱਚ ਪਹਿਲਾਂ ਤੋਂ ਹੀ ਸਰਕਾਰ ਵੱਲੋਂ ਵਿਆਹ ਸਮਾਗਮਾਂ ਦੌਰਾਨ ਅਸਲਾ ਚੁੱਕਣ 'ਤੇ ਪਾਬੰਦੀ ਲਗਾਈ ਹੋਈ ਹੈ ਫਿਰ ਵੀ ਲੋਕ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ ਅਤੇ ਆਏ ਦਿਨ ਫੋਟੋਗ੍ਰਾਫਰ, ਡੀ.ਜੇ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਦੀ ਮੌਤ ਹੋਣ ਨਾਲ ਅਨੇਕਾਂ ਘਰਾਂ ਦੇ ਚਿਰਾਗ ਬੁੱਝ ਗਏ ਹਨ। ਬੀਤੇ ਦਿਨੀ ਦਸੂਹਾ ਵਿਖੇ ਇਕ ਸਮਾਗਮ ਵਿੱਚ ਜਸਵਿੰਦਰ ਸਿੰਘ ਜੱਸੀ ਦੀ ਗੋਲੀ ਨਾਲ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਜੱਸੀ ਜਿੱਥੇ ਮਾਪਿਆਂ ਦੀ ਬੁਢੇਪਾਂ ਦਾ ਸਹਾਰਾਂ ਸੀ ਉੱਥੇ ਹੀ ਦੋ ਭੈਣਾ ਦਾ ਇੱਕਲੌਤਾ ਭਰਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਮਾਜ ਵਿੱਚ ਹੋਰ ਪਤਾ ਨਹੀਂ ਕਿੰਨੇ ਘਰ ਉਜੜ ਗਏ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ ਅਤੇ ਜੇਕਰ ਕਿਸੇ ਮੈਰਿਜ ਪੈਲਸ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਮਾਲਕ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੇ ਜੁਰਮ ਕਰਨ ਵਾਲਿਆ ਨੂੰ ਖੁੱਲ ਨਾ ਦੇਵੇ। ਇਸ ਸਬੰਧੀ ਉਹਨਾਂ ਦੱਸਿਆ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਸਖਤ ਕਾਰਵਾਈ ਅਮਲ ' ਚ ਨਾ ਲਿਆਦੀ ਤਾਂ ਜਲਦ ਹੀ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਵੇਗਾ ਅਤੇ ਸੂਬਾ ਪੱਧਰ 'ਤੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਜਗਸੀਰ ਸਿੰਘ ਬਾਜਵਾ, ਯਾਦਵਿੰਦਰ ਸਿੰਘ ਕਲੇਰ, ਜਗਸੀਰ ਸਿੰਘ ਸੀਰਾ ਨੰਗਲ, ਲਖਵੀਰ ਸਿੰਘ ਕਾਲਾਬੂਲਾ, ਕੁਲਵਿੰਦਰ ਸਿੰਘ ਖੇੜੀ ਖੁਰਦ, ਕਰਮਾ ਔਜਲਾ, ਹਰਦੀਪ ਸਿੰਘ ਸ਼ੇਰਪੁਰ, ਕੁਲਵਿੰਦਰ ਸਿੰਘ ਹੇੜੀਕੇ, ਰਿੰਪੀ ਸ਼ੇਰਪੁਰ, ਰਾਮ ਲਾਲ ਆਦਿ ਫੋਟੋਗ੍ਰਾਫਰ ਹਾਜ਼ਰ ਸਨ।
Have something to say? Post your comment