News

ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ

January 17, 2019 08:52 PM
ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ

ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਗੁਰੂ ਦਾ ਜਨਮ ਦਿਹਾੜਾ

ਸ਼ੇਰਪੁਰ 16 ਜਨਵਰੀ-(ਹਰਜੀਤ ਕਾਤਿਲ) ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਪੰਜਾਬ ਵੱਲੋਂ ਸਮਾਜ ਸੇਵੀ ਸ:ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਧੂਰੀ ਦੀਆਂ ਝੁੱਗੀਆਂ ਵਿਚ ਰਹਿੰਦੇ ਗ਼ਰੀਬ ਬੱਚਿਆਂ ਲਈ ਚਲਾਏ ਜਾ ਰਹੇ ਮੁਫ਼ਤ ਈਵਨਿੰਗ ਵਿਦਿਅਕ ਕੇਂਦਰ ਵਿੱਚ ਕੀਤੇ ਗਏ ਸਮਾਗਮ ਦੌਰਾਨ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗਿਆ। 
ਇਸ ਮੌਕੇ ਬੋਲਦਿਆਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ) ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਜਬਰ ਜੁਲਮ ਦੇ ਖ਼ਿਲਾਫ਼ ਇਨਸਾਫ ਲਈ ਸਿੱਧਮ ਸਿੱਧੀ ਲੜਾਈ ਲੜੀ ਉਥੇ ਉਨ੍ਹਾਂ  ਨੇ ਸ਼ਾਤਰ ਲੋਕਾਂ ਵੱਲੋਂ ਪੈਦਾ ਕੀਤੇ ਜਾਤਪਾਤੀ ਪ੍ਰਬੰਧ ਨੂੰ ਚਣੌਤੀ ਦੇ ਕੇ ਅਤੇ ਦੱਬੇ ਕੁਚਲੇ ਗ਼ਰੀਬ ਲੋਕਾਂ ਵਿਚ ਇਨਕਲਾਬੀ ਜਜਬਾ ਪੈਦਾ ਕਰਕੇ ਮਾਨਵਤਾ ਦੇ ਇਤਿਹਾਸ ਨੂੰ ਜਬਰਦਸਤ ਤਾਕਤ ਪ੍ਰਦਾਨ ਕੀਤੀ ਸੀ। ਸ਼੍ਰੀ ਭਾਨ ਸਿੰਘ ਜੱਸੀ ਨੇ ਦੁੱਖ ਪ੍ਰਗਟ ਕੀਤਾ ਕਿ ਸਾਡੇ ਗੁਰੂਆਂ ਵੱਲੋਂ ਜਾਤਪਾਤੀ ਸਿਸਟਮ ਨੂੰ ਖ਼ਤਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਵੀ ਅਸੀਂ ਅਜੇ ਵੀ ਜਾਤਪਾਤ ਦੀਆਂ ਭਾਰੀ-ਭਾਰੀ ਪੰਡਾਂ ਆਪਣੇ ਸਿਰਤੇ ਚੁੱਕੀ ਫਿਰ ਰਹੇ ਹਾਂ। ਅੰਤ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਈਰਖਾਵਾਦ ਅਤੇ ਜਾਤਪਾਤ ਦੀ ਗੰਦੀ ਦਲਦਲ ਵਿੱਚੋਂ ਬਾਹਰ ਨਿਕਲਦੇ ਹੋਏ ਸਿਸਟਮ ਦੇ ਸਤਾਏ ਦੱਬੇ ਕੁਚਲੇ ਅਤੇ ਗ਼ਰੀਬ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਤਾਂ ਕਿ ਮਨੁੱਖਤਾਵਾਦੀ ਅਤੇ ਧਰਮ ਦੀ ਕੜੀ ਨੂੰ ਮਜਬੂਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ: ਅਮਨਿੰਦਰ ਸਿੰਘ, ਬਲਵੰਤ ਸਿੰਘ ਭੂਪਾ ਅਤੇ ਜਸਵੀਰ ਸਿੰਘ ਆਦਿ ਸਖ਼ਸੀਅਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Have something to say? Post your comment