News

ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ

January 20, 2019 10:13 PM

ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ
 

ਸ਼ਾਹਕੋਟ (ਲਖਵੀਰ ਸਾਬੀ) :-  ਸਿੱਖਿਆ ਵਿਭਾਗ ਪੰਜਾਬ ਵੱਲੋਂ ਆਏ ਦਿਨ ਅਧਿਆਪਕਾਂ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਇਕਾਂਈ ਸ਼ਾਹਕੋਟ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਇਕਾਂਈ ਸ਼ਾਹਕੋਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਸਾਂਝਾ ਰੋਸ ਪ੍ਰਗਟ ਕਰਦਿਆ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾਂ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਕੋਟਲੀ ਦੀ ਅਗਵਾਈ ’ਚ ਪੁਰਾਣੀ ਤਹਿਸੀਲ ਸ਼ਾਹਕੋਟ ਵਿਖੇ ਇਕੱਤਰ ਹੋਏ ਅਤੇ ਸ਼ਹਿਰ ਵਿੱਚ ਰੋਸ ਪ੍ਰਗਟ ਕਰਦਿਆ ਬਸ ਸਟੈਂਡ ਸ਼ਾਹਕੋਟ ਸਾਹਮਣੇ ਪਹੁੰਚੇ, ਜਿਥੇ ਉਨਾਂ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਆਗੂ ਜਸਵੀਰ ਸਿੰਘ ਸ਼ੀਰਾ ਅਤੇ ਗੁਰਮੀਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਲ 3 ਅਕਤੂਬਰ ਨੂੰ 8886 ਐਸ.ਐਸ.ਏ./ਰਮਸਾ/ਆਦਰਸ/ਮਾਡਲ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਨਾਦਰਸਾਹੀ ਫੁਰਮਾਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਏ ਇਤਿਹਾਸਕ ਸੰਘਰਸ਼ ਕਾਰਨ ਬੁਖਲਾਹਟ ਵਿੱਚ ਆਈ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਪੰਜ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਮੁਲਾਜਮਾਂ ਅਤੇ ਸਰਕਾਰ ਦਰਮਿਆਨ ਚੱਲ ਰਹੀ ਜੱਦੋਂ ਜਹਿਦ ਅੰਦਰ ਸਰਕਾਰ ਦੀ ਤਾਕਤ ਅਫਸਰਸਾਹੀ, ਪੁਲਿਸ, ਕਾਨੂੰਨ ਆਦਿ ਦੀ ਵਰਤੋਂ ਕਰਕੇ, ਮੁਲਾਜਮਾਂ ਨੂੰ ਡਰਾਉਣ, ਧਮਕਾਉਣ ਅਤੇ ਤਰਾਂ-ਤਰਾਂ ਦੇ ਲਾਲਚ ਤੇ ਝਾਂਸੇ ਦੇ ਕੇ ਵੀ ਅਧਿਆਪਕਾਂ ਤੋਂ ਕਲਿੱਕ ਨਹੀਂ ਕਰਵਾ ਸਕੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਡਰਾਵੇ, ਧਮਕੀਆਂ, ਫਿਰ ਬਦਲੀਆਂ, ਮੁਅੱਤਲੀਆਂ ਆਦਿ ਹੱਥਕੰਡੇ ਵਰਤੇ ਗਏ, ਜਿਸਦੇ ਬਾਵਜੂਦ ਜੁਝਾਰੂ ਅਧਿਆਪਕ ਡਟੇ ਰਹੇ ਹਨ। ਉਨਾਂ ਕਿਹਾ ਕਿ ਅੰਤ ਸਰਕਾਰ ਨੇ ਆਪਣਾ ਆਖਰੀ ਹਥਿਆਰ ਵਰਤਦਿਆ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਨੂੰ ਖ਼ਤਮ ਕਰਕੇ ਆਪਣੀ ਮਾੜੀ ਸੋਚ ਦਾ ਸਬੂਤ ਦਿੱਤਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਿੱਛਲੇ 40 ਸਾਲਾਂ ਵਿੱਚ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਹੱਕ ਮੰਗਦੇ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਹੱਦ ਦਰਜੇ ਦਾ ਧੱਕੜ ਤੇ ਜਾਬਰ ਫੈਸਲਾ ਲਿਆ ਹੈ। ਪੰਜ ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰਕੇ ਖੌਫ ਅਤੇ ਡਰ ਨੂੰ ਚਰਮ ਸੀਮਾਂ ਤੇ ਲਿਜਾਣ ਦੀ ਕੋਸਿਸ ਕੀਤੀ ਗਈ ਹੈ। ਉਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ, ਸਾਰਾ ਅਧਿਆਪਕ ਵਰਗ, ਆਮ ਲੋਕ ਸਰਕਾਰ ਦੇ ਇਸ ਤੁਗਲਕੀ ਫੁਰਮਾਨ ਦਾ ਮੂੰਹ ਤੋੜਵਾਂ ਜਵਾਬ ਦੇਣਗੇ ਅਤੇ ਜਦੋਂ ਤੱਕ 8886 ਐਸ.ਐਸ.ਏ./ਰਮਸਾ/ਆਦਰਸ/ਮਾਡਲ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਅਧਿਆਪਕ ਵਰਗ ਦੀਆਂ ਸਾਰੀਆਂ ਮੰਗਾਂ ਦਾ ਪੁਖਤਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਰੁੜਕਾ, ਮੀਤ ਪ੍ਰਧਾਨ ਸੁੱਚਾ ਸਿੰਘ, ਵਿੱਤ ਸਕੱਤਰ ਰੇਸ਼ਮ ਸਿੰਘ ਭੋਇਪੁਰ, ਜਗਦੀਪ ਸਿੰਘ ਪ੍ਰਧਾਨ ਇਕਾਂਈ ਫਿਲੋਰ, ਸੰਤੋਸ਼ ਕੁਮਾਰ ਪਾਸਲਾ, ਸਾਂਝਾ ਅਧਿਆਪਕ ਮੋਰਚਾ ਦੇ ਆਗੂ ਰਾਜਵਿੰਦਰ ਸਿੰਘ ਧੰਜੂ, ਅੰਮ੍ਰਿਤਪਾਲ ਸਿੰਘ ਕੰਗ, ਗੁਰਮੇਜ ਲਾਲ ਹੀਰ, ਰਾਕੇਸ਼ ਚੰਦ, ਅਮਨਦੀਪ ਸਿੰਘ ਮੋਮੀ, ਕੁਲਦੀਪ ਕੁਮਾਰ ਸਚਦੇਵਾ, ਭੁਪਿੰਦਰ ਕੁਮਾਰ ਸੱਗੂ ਸਮੇਤ ਹਾਜ਼ਰ ਸਨ।

Have something to say? Post your comment