Wednesday, May 22, 2019
FOLLOW US ON

Article

ਡਾ.ਕਰਤਾਰ ਸਿੰਘ ਸੂਰੀ ਨੂੰ ਯਾਦ ਕਰਦਿਆਂ ~ ਪ੍ਰੋ. ਨਵ ਸੰਗੀਤ ਸਿੰਘ

February 14, 2019 10:34 PM
 
 
            ਡਾ. ਕਰਤਾਰ ਸਿੰਘ ਸੂਰੀ ਪੰਜਾਬੀ ਅਧਿਐਨ ਅਤੇ ਅਧਿਆਪਨ ਵਿੱਚ ਇੱਕ ਜਾਣਿਆ- ਪਛਾਣਿਆ ਨਾਂ ਸੀ। ਪੰਜਾਬੀ ਨਾਵਲ ਦੇ ਮੋਢੀ ਸ. ਨਾਨਕ ਸਿੰਘ ਉਸ ਦੇ ਪਿਤਾ ਸਨ ਅਤੇ ਸ੍ਰੀਮਤੀ ਰਾਜ ਕੌਰ ਉਸ ਦੇ ਮਾਤਾ। ਅੰਮ੍ਰਿਤਸਰ ਵਿਖੇ 16 ਅਕਤੂਬਰ 1927 ਈ. ਨੂੰ ਜਨਮੇ ਡਾ. ਕਰਤਾਰ ਸਿੰਘ ਸੂਰੀ, ਜੇ ਅੱਜ ਜਿਉਂਦੇ ਹੁੰਦੇ, ਤਾਂ ਉਨ੍ਹਾਂ ਨੇ 92 ਵਰ੍ਹਿਆਂ ਦਾ ਹੋ ਜਾਣਾ ਸੀ। ਪਰ ਉਹ ਪਿਛਲੇ ਵਰ੍ਹੇ 23 ਫਰਵਰੀ 2018 ਨੂੰ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਏ ਸਨ।
           ਡਾ. ਕਰਤਾਰ ਸਿੰਘ ਸੂਰੀ ਦੇ ਪਿਤਾ ਸ. ਨਾਨਕ ਸਿੰਘ, ਹੰਸਰਾਜ ਤੋਂ ਨਾਨਕ ਸਿੰਘ ਬਣੇ ਸਨ ਤੇ ਉਨ੍ਹਾਂ ਨੇ ਕਦੇ ਵੀ ਆਪਣੇ ਨਾਂ ਨਾਲ ਆਪਣਾ ਗੋਤ ਨਹੀਂ ਸੀ ਲਿਖਿਆ। ਉਨ੍ਹਾਂ ਨੇ ਆਪਣੇ ਸਾਰੇ ਪੁੱਤਰਾਂ ਦੇ ਨਾਂ 'ਕ' ਅੱਖਰ ਤੋਂ ਰੱਖੇ ਸਨ(ਕਰਤਾਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਕੰਵਲਜੀਤ ਸਿੰਘ ਤੇ ਕੁਲਬੀਰ ਸਿੰਘ)। ਵੱਡੇ ਜੇਠੇ ਪੁੱਤਰ ਕਰਤਾਰ ਸਿੰਘ ਵੱਲੋਂ ਆਪਣੇ ਨਾਂ ਨਾਲ 'ਸੂਰੀ' ਲਿਖਣ ਪਿੱਛੋਂ ਉਹਦੀ ਵੇਖਾ-ਵੇਖੀ ਬਾਕੀ ਸਾਰੇ ਭਰਾਵਾਂ ਨੇ ਇਹ ਗੋਤ ਆਪਣੇ ਨਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਪੰਜਾਬੀ ਬਾਲ- ਸਾਹਿਤ ਵਿੱਚ ਕੁਲਬੀਰ ਸਿੰਘ ਸੂਰੀ ਅਤੇ ਪੰਜਾਬੀ ਪ੍ਰਕਾਸ਼ਕਾਂ ਵਿੱਚ ਕੰਵਲਜੀਤ ਸਿੰਘ ਸੂਰੀ ਵਿਸ਼ੇਸ਼ ਨਾਂ ਹਨ ਅਤੇ ਇਨ੍ਹਾਂ ਦੀ ਆਪੋ- ਆਪਣੇ ਖੇਤਰਾਂ ਵਿੱਚ ਵੱਡੀ ਦੇਣ ਹੈ।
        ਡਾ. ਕਰਤਾਰ ਸਿੰਘ ਸੂਰੀ ਦੀ ਪਹਿਲੀ ਸ਼ਾਦੀ ਬੀਬੀ ਰਣਜੀਤ ਕੌਰ ਨਾਲ ਹੋਈ ਅਤੇ ਉਸ ਦੀ ਬੇਵਕਤ ਮੌਤ ਪਿੱਛੋਂ ਉਨ੍ਹਾਂ ਨੇ ਬੀਬੀ ਅਮਰਜੀਤ ਕੌਰ ਨਾਲ ਸ਼ਾਦੀ ਕਰ ਲਈ। ਉਨ੍ਹਾਂ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ- ਵੱਡੀਆਂ ਦੋ ਧੀਆਂ (ਰਵਿੰਦਰ ਕੌਰ,1949; ਗਗਨਿੰਦਰ ਕੌਰ,1952) ਅਤੇ ਫਿਰ ਦੋ ਬੇਟੇ(ਕਰਮਵੀਰ ਸਿੰਘ,1954; ਹਰਪਾਲ ਸਿੰਘ,1958)।
        ਡਾ. ਸੂਰੀ ਨੇ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀ ਐਮ. ਏ. ਕਰਨ ਤੋਂ ਬਾਅਦ ਪੀਐਚ. ਡੀ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਰੋਜ਼ਗਾਰ ਵਜੋਂ ਸਭ ਤੋਂ ਪਹਿਲਾਂ ਮਾਡਰਨ ਕਾਲਜ ਫਾਰ ਵਿਮਨ, ਅੰਮ੍ਰਿਤਸਰ ਵਿਖੇ ਅਧਿਆਪਨ ਦਾ ਕਾਰਜ(1951-52) ਸ਼ੁਰੂ ਕੀਤਾ। ਫਿਰ ਉਨ੍ਹਾਂ ਨੇ ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਲੈਕਚਰਾਰ ਵਜੋਂ(1952-54) ਸੇਵਾ ਨਿਭਾਈ। ਪਿੱਛੋਂ ਉਹ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਆ ਗਏ, ਜਿੱਥੇ ਉਨ੍ਹਾਂ ਨੇ ਲੰਮਾ ਸਮਾਂ(1954-72) ਪੰਜਾਬੀ ਵਿਸ਼ੇ ਦੇ ਲੈਕਚਰਾਰ ਵਜੋਂ ਕਾਰਜ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਨ੍ਹਾਂ ਨੇ 1972 ਤੋਂ 1979 ਦੌਰਾਨ ਪੰਜਾਬੀ ਵਿਭਾਗ ਵਿੱਚ ਰੀਡਰ ਵਜੋਂ ਸੇਵਾ ਨਿਭਾਈ ਤੇ ਬਾਅਦ ਵਿੱਚ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਬਾਬਾ ਫਰੀਦ ਚੇਅਰ ਦੇ ਮੁਖੀ ਬਣ ਕੇ ਚਲੇ ਗਏ। ਇੱਕ ਵਾਰ ਫੇਰ ਉਹ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਖੇ ਪਰਤੇ ਅਤੇ 31ਅਕਤੂਬਰ 1987 ਨੂੰ ਪ੍ਰੋਫੈਸਰ/ ਚੇਅਰਮੈਨ ਆਫ਼ ਪੰਜਾਬੀ ਸਟੱਡੀਜ਼ ਤੋਂ ਸੇਵਾਮੁਕਤ ਹੋਏ। ਸੇਵਾਮੁਕਤੀ ਤੋਂ ਪਿੱਛੋਂ ਉਨ੍ਹਾਂ ਨੇ ਕੁਝ ਚਿਰ ਗੁਰੂ ਨਾਨਕ ਕਾਲਜ, ਯਮੁਨਾਨਗਰ ਦੇ ਪ੍ਰਿੰਸੀਪਲ ਵਜੋਂ ਵੀ ਕਾਰਜ ਕੀਤਾ ਅਤੇ ਆਪਣੀ ਰਿਹਾਇਸ਼ ਵੀ ਯਮੁਨਾਨਗਰ ਵਿਖੇ ਕਰ ਲਈ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
            ਡਾ. ਸੂਰੀ ਨੇ ਲੇਖਨ ਵਿੱਚ ਆਪਣੇ ਪਿਤਾ ਸ. ਨਾਨਕ ਸਿੰਘ ਦੀ ਲੀਹ ਤੇ ਚੱਲਦਿਆਂ ਗਲਪ ਨੂੰ ਚੁਣਿਆ ਅਤੇ ਸਭ ਤੋਂ ਪਹਿਲਾਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਨਾਵਲ, ਆਲੋਚਨਾ, ਭਾਸ਼ਾ ਵਿਗਿਆਨ, ਬਾਲ ਸਾਹਿਤ, ਸੰਪਾਦਨ, ਅਨੁਵਾਦ ਆਦਿ ਵਿੱਚ ਜ਼ਿਕਰਯੋਗ ਕੰਮ ਕੀਤਾ। ਉਨ੍ਹਾਂ ਦੇ ਪ੍ਰਕਾਸ਼ਿਤ ਸਮੁੱਚੇ ਸਾਹਿਤ ਦਾ ਵੇਰਵਾ ਇਸ ਪ੍ਰਕਾਰ ਹੈ:
    * ਕਹਾਣੀ ਸੰਗ੍ਰਹਿ: ਪ੍ਰਭਾਤ ਕਿਰਣਾਂ(1946), ਅਰਸ਼ ਤੇ ਫਰਸ਼ (1952),ਭਗਵਾਨ ਮਹਿੰਗਾ ਹੈ(1954), ਪੁਰਾਣਾ ਪਿੰਜਰਾ (1958), ਚੰਦੋਆ(1990)।
   * ਨਾਵਲ: ਟੁੱਟਿਆ ਆਲ੍ਹਣਾ(1961)।
   * ਆਲੋਚਨਾ: ਨਾਵਲ ਕਲਾ ਤੇ ਪੰਜਾਬੀ ਨਾਵਲਕਾਰ(1952), ਸਾਹਿਤ ਦਰਪਣ(1957), ਨਾਵਲ ਦੀ ਰੂਪ ਰੇਖਾ(1962), ਸਾਹਿਤ ਧਾਰਾ(1964), ਗੁਰੂ ਅਰਜਨ ਦੇਵ ਤੇ ਸੰਤ ਦਾਦੂ ਦਿਆਲ (1969),ਵਿਚਾਰ ਵਿਮਰਸ਼(1976), ਗੁਰੂ ਅਰਜਨ ਦੇਵ- ਚਿੰਤਨ ਤੇ ਕਲਾ(1990), ਸੰਖੇਪ ਰਚਨਾ।
   * ਭਾਸ਼ਾ ਵਿਗਿਆਨ: ਪੰਜਾਬੀ ਭਾਸ਼ਾ ਵਿਗਿਆਨ(1964)।
   * ਬਾਲ ਸਾਹਿਤ: ਵਿਗਿਆਨ ਤੇ ਕੁਦਰਤ(1990)।
   * ਸੰਪਾਦਨ: ਜੰਮੂ ਕਸ਼ਮੀਰ ਦੀ ਪ੍ਰਤੀਨਿਧ ਪੰਜਾਬੀ ਕਵਿਤਾ (1982)।
   * ਅਨੁਵਾਦ: ਵਿਤਸਤਾ ਦੀਆਂ ਲਹਿਰਾਂ(1977, ਲਕਸ਼ਮੀ ਨਾਰਾਇਣ ਮਿਸ਼੍ਰ ਦੀ ਹਿੰਦੀ ਪੁਸਤਕ ਦਾ), ਕਬੀਰ(1982, ਹਜ਼ਾਰੀ ਪ੍ਰਸਾਦ ਦਿਵੇਦੀ ਦੀ ਹਿੰਦੀ ਪੁਸਤਕ ਦਾ)।
   * ਚਿੱਠੀਆਂ: ਨਾਨਕ ਸਿੰਘ ਦੀ ਖ਼ਤੋ ਕਿਤਾਬਤ(1989)। 
   * ਸਵੈਜੀਵਨੀ: ਸਭੇ ਰੰਗ ਆਕਾਸ਼ ਦੇ।
           ਹਿੰਦੀ ਵਿਸ਼ੇ ਦੀ ਐਮ.ਏ. ਕਰਨ ਕਰਕੇ ਡਾ. ਸੂਰੀ ਨੇ ਕੁਝ ਕਿਤਾਬਾਂ ਹਿੰਦੀ ਭਾਸ਼ਾ ਵਿੱਚ ਵੀ ਲਿਖੀਆਂ, ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ 'ਵੇਦਨਾ'(1970) ਅਤੇ 'ਗੁਰੂ ਰਾਮਦਾਸ ਰਚਨਾਵਲੀ'
 (ਸੰਪਾਦਨ,1979) ਜ਼ਿਕਰਯੋਗ ਹਨ।
           ਡਾ. ਸੂਰੀ ਨੇ ਪੰਜਾਬੀ ਸਾਹਿਤ ਸਦਨ ਚੰਡੀਗੜ੍ਹ, ਜੰਮੂ- ਕਸ਼ਮੀਰ ਪੰਜਾਬੀ ਸਾਹਿਤ ਸਭਾ ਅਤੇ ਸਾਹਿਤ ਸਿਰਜਣਾ ਸਮੀਖਿਆ  ਸਦਨ ਚੰਡੀਗੜ੍ਹ ਵਿਖੇ ਕ੍ਰਮਵਾਰ ਕ੍ਰਮਵਾਰ 1972, 1980-82, ਅਤੇ 1985-87 ਨੂੰ ਪ੍ਰਧਾਨ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ।
          ਡਾ. ਕਰਤਾਰ ਸਿੰਘ ਸੂਰੀ ਨੂੰ ਉਨ੍ਹਾਂ ਦੀ ਸਾਹਿਤ- ਸੇਵਾ ਦੇ ਮੱਦੇਨਜ਼ਰ ਕੁਝ ਇੱਕ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੱਖ- ਵੱਖ ਸਮੇਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਕੁਝ ਇੱਕ ਪ੍ਰਮੁੱਖ ਇਸ ਪ੍ਰਕਾਰ ਹਨ: ਪੰਜਾਬੀ ਸਾਹਿਤ ਸਭਾ ਜੰਮੂ ਤੇ ਬਾਰਾਮੂਲਾ ਵੱਲੋਂ ਸਨਮਾਨ(1980-81), ਪੰਜਾਬੀ ਕਲਾ ਮੰਦਿਰ ਪਠਾਨਕੋਟ ਵੱਲੋਂ ਸਨਮਾਨ(1983), ਬਾਬਾ ਫਰੀਦ ਮੈਮੋਰੀਅਲ ਸੁਸਾਇਟੀ ਵੱਲੋਂ ਸਨਮਾਨ(1986), ਸੱਭਿਆਚਾਰਕ ਮੰਚ ਲੁਧਿਆਣਾ ਵੱਲੋਂ ਸਨਮਾਨ(1989), ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਅਮਰੀਕਾ ਵੱਲੋਂ ਸਨਮਾਨ(1996), ਰੁਦਰਪੁਰ, ਉੱਤਰਾਂਚਲ ਵਿਖੇ ਭਾਸ਼ਾ ਸੰਗਮ, ਅਲਾਹਾਬਾਦ ਵੱਲੋਂ ਸਨਮਾਨ(1997), ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵੱਲੋਂ ਸਨਮਾਨ(1998)। ਇਹਦੇ ਨਾਲ-ਨਾਲ ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 'ਸ਼੍ਰੋਮਣੀ ਸਾਹਿਤ ਪੁਰਸਕਾਰ' ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ 'ਭਾਈ ਸੰਤੋਖ ਸਿੰਘ ਪੁਰਸਕਾਰ' ਨਾਲ ਨਿਵਾਜਿਆ ਗਿਆ ਸੀ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਯੋਗਦਾਨ ਕਰਕੇ ਡਾ. ਕਰਤਾਰ ਸਿੰਘ ਸੂਰੀ ਦਾ ਨਾਂ ਹਮੇਸ਼ਾ ਅਮਰ ਰਹੇਗਾ।
 
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-