Poem

ਸ਼ਹੀਦੇ ਆਜ਼ਮ ~ ਪ੍ਰੋ. ਨਵ ਸੰਗੀਤ ਸਿੰਘ

March 20, 2019 09:22 PM
 
 
ਨੌਵੇਂ ਮਾਹ ਦੀ ਮਿਤੀ ਅਠਾਈ, ਸੰਨ ਉੱਨੀ ਸੌ ਸੱਤ ਸੀ 
ਦੇਸ਼ ਆਜ਼ਾਦ ਕਰਾਵਣ ਦੇ ਲਈ, ਜੰਮਿਆ ਸਿੰਘ ਭਗਤ ਸੀ।
 
ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ 
ਦੇਸ਼- ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ।
 
ਗਾਂਧੀ ਜੀ ਨਾਮਿਲਵਰਤਣ ਦੀ, ਅੈਸੀ ਲਹਿਰ ਚਲਾਈ 
ਭਗਤ ਸਿੰਘ ਪ੍ਰਭਾਵ ਹੋ, ਅੱਧ- ਵਿੱਚੋਂ ਛੱਡੀ ਪੜ੍ਹਾਈ।
 
ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ ਅਰਸ਼ੀਂ ਗੂੰਜੇ 
ਗੋਰਾ ਸਾਂਡਰਸ ਮਾਰ ਮੁਕਾਇਆ, ਲਾ ਦਿੱਤਾ ਸੀ ਖੂੰਜੇ।
 
ਭਗਤ ਸਿੰਘ- ਬਟੁਕੇਸ਼ਵਰ ਰਲ ਕੇ, ਬੰਬ ਅਸੈਂਬਲੀ ਸੁੱਟਿਆ 
ਪਰ ਭੱਜਣ ਲਈ ਦੋਹਾਂ ਓਥੋਂ, ਇੱਕ ਵੀ ਕਦਮ ਨਾ ਪੁੱਟਿਆ।
 
ਕ੍ਰਾਂਤੀਕਾਰੀ ਫੜ ਕੇ ਗੋਰਿਆਂ, ਹੱਥਕੜੀਆਂ ਸੀ ਲਾਈਆਂ 
ਵਤਨ- ਪ੍ਰੇਮੀ ਸੁੱਟੇ ਜੇਲ੍ਹੀਂ, ਪੈ ਗਏ ਵੱਸ ਕਸਾਈਆਂ।
 
ਰਾਜਗੁਰੂ, ਸੁਖਦੇਵ, ਭਗਤ ਸਿੰਘ, ਚੜ੍ਹ ਗਏ ਫਾਂਸੀ ਹੱਸਦੇ 
"ਫੇਰ ਮਿਲਾਂਗੇ, ਦੇਸ਼ ਵਾਸੀਓ!, ਰਹਿਣਾ ਵੱਸਦੇ- ਰੱਸਦੇ।"
 
ਸੰਨ ਉੱਨੀ ਸੌ 'ਕੱਤੀ ਦਾ ਸੀ, ਦਿਨ ਮਾਰਚ ਦਾ ਤੇਈ 
ਨਮ ਅੱਖਾਂ ਨਾਲ 'ਰੂਹੀ' ਆਖੇ, 'ਮਿੱਤਰ ਅਸਾਡੇ ਸੇਈ।'
 
ਜੀਵਨ ਅਤੇ ਵਿਚਾਰਧਾਰਾ ਸੀ, ਭਗਤ ਸਿੰਘ ਦੀ ਐਸੀ 
'ਸ਼ਹੀਦੇ- ਆਜ਼ਮ' ਰੁਤਬਾ ਪਾਇਆ, ਕਰਨੀ ਕੀਤੀ ਕੈਸੀ।
 
ਐਸੇ ਸੂਰਿਆਂ ਯੋਧਿਆਂ ਨੂੰ ਸਭ, ਰਲ ਕੇ ਸੀਸ ਝੁਕਾਈਏ 
ਭੀੜ ਬਣੇ ਜੇ ਦੇਸ਼ ਦੇ ਉੱਤੇ, ਕਦੇ ਨਾ ਪਿੱਠ ਵਿਖਾਈਏ।
 
 
Have something to say? Post your comment