Friday, April 26, 2019
FOLLOW US ON

Article

ਦੇਸ਼ ਦੇ ਮੌਜੂਦਾ ਹਾਲਾਤ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਸ਼ਖਸੀਅਤ//ਮੁਹੰਮਦ ਅੱਬਾਸ ਧਾਲੀਵਾਲ,

March 21, 2019 09:59 PM
ਦੇਸ਼ ਦੇ ਮੌਜੂਦਾ ਹਾਲਾਤ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਸ਼ਖਸੀਅਤ। 

ਜਦੋਂ ਵੀ ਭਾਰਤ ਆਜਾਦੀ ਦੇ ਮਤਵਾਲੇ ਦੇਸ਼ ਭਗਤ ਯੋਧਿਆਂ ਦੀ ਗੱਲ ਟੁਰਦੀ ਏ ਤਾਂ ਟੀਪੂ ਸੁਲਤਾਨ, ਮੌਲਾਨਾ ਮੁਹੰਮਦ ਬਾਕਿਰ (ਸੰਪਾਦਕ ਦਿੱਲੀ ਉਰਦੂ ਅਖਬਾਰ) ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਭਗਤ ਸਿੰਘ ਆਦਿ ਮੁਲਕ ਦੇ ਪ੍ਰਮੁੱਖ ਅਜ਼ਾਦੀ ਸੰਗਰਾਮੀਆ ਦਾ ਨਾਂ ਸਰ ਏ ਫਹਿਰਿਸਤ ਆਂਦਾ ਏ। 
ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਇੱਕ ਸਾਥੀ ਸ਼ਿਵ ਵਰਮਾ ਨੂੰ ਇਕ ਵਾਰ ਆਪਣੀ ਇਨਕਲਾਬੀ ਵਿਚਾਰਧਾਰਾ ਦੇ ਸੰਦਰਭ ਵਿਚ ਖੁਲਾਸਾ ਕਰਦਿਆਂ ਕਿਹਾ ਸੀ ਕਿ "ਜਦੋਂ ਮੈਂ ਇਨਕਲਾਬ ਦੇ ਰਾਹ ’ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫ਼ਾਂਸੀ ਦੀ ਸ਼ਜਾ ਲੲੀ ਜੇਲ੍ਹ ਕੋਠੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ…ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।"
 
ਸ਼ਹੀਦ ਏ ਆਜਮ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਜਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਮੌਜੂਦਾ ਪਾਕਿਸਤਾਨ) ਵਿੱਚ ਹੋਇਆ । ਉਸ ਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਪਿੰਡ ਖਟਕੜ ਕਲਾਂ ਪਿੰਡ ਵਿਖੇ ਸਥਿਤ ਹੈ।
 
ਆਪ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਦਰਅਸਲ ਭਗਤ ਸਿੰਘ ਇਕ ਜੱਟ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਆਪ ਦੇ ਵੱਡੇ-ਵਡੇਰੇ ਅੰਮ੍ਰਿਤਸਰ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਬੰਗੇ ਦੇ ਨੇੜਲੇ ਪਿੰਡ ਖਟਕੜ ਕਲਾਂ ਵਿੱਚ ਆ ਵੱਸਿਆ ਸੀ। ਨਾਰਲੀ ਪਿੰਡ ਦੇ ਜ਼ਿਮੀਂਦਾਰ ਸੰਧੂ-ਜੱਟ ਸਨ ਅਤੇ ਭਗਤ ਸਿੰਘ ਦੇ ਪਰਿਵਾਰ ਦੀ ਵੀ ਇਹੀ ਜਾਤ-ਗੋਤ ਸੀ। ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਨੇ 1898 ਵਿੱਚ ਨਵੀਂ ਨਹਿਰੀ ਅਬਾਦੀ ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿੱਚ ਅੰਗਰੇਜ਼ੀ ਹਕੂਮਤ ਦੀ ਪੰਝੀ ਏਕੜ ਜ਼ਮੀਨ ਅਲਾਟ ਕਰਨ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਸੀ। ਜਦੋਂ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਨੇ 1917-18 ’ਚ ਲਾਹੌਰ ਦੇ ਬਾਹਰਵਾਰ ਇੱਕ ਛੋਟੇ ਪਿੰਡ ਖਵਾਸਰੀਆਂ ਵਿੱਚ ਜ਼ਮੀਨ ਖਰੀਦ ਲਈ ਤੇ ਸਾਰਾ ਪਰਿਵਾਰ ਉੱਥੇ ਰਹਿਣ ਲੱਗਾ । ਬਾਅਦ ਵਿਚ ਇਹ ਜ਼ਮੀਨ ਸ. ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿੱਚ ਉਸ ਸਾਲ ਦੇ ਸ਼ੁਰੂ ਵਿੱਚ ਹੀ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ ਸੀ। ਇਥੇ ਜਿਕਰਯੋਗ ਹੈ ਕਿ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਭਗਤ ਸਿੰਘ ਬਾਰੇ ਵਿੱਚ ਉਹਦਾ ਪਿੰਡ ਖੁਆਸਰੀਆਂ ਲਾਹੌਰ ਹੀ ਦਰਜ ਹੈ।
ਭਗਤ ਸਿੰਘ ਦੀ ਸ਼ੁਰੂਆਤੀ ਤਾਅਲੀਮ ਲਾਇਲਪੁਰ, ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਭਗਤ ਸਿੰਘ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਇਥੇ ਜਿਕਰਯੋਗ ਹੈ ਕਿ ਇਸ ਉਕਤ ਸਕੂਲ ਨੂੰ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। 
1923 ਵਿੱਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿੱਚ ਈ ਘੁਲਮਿਲ ਗਏ ਤੇ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਵਜੋਂ ਆਪਣੀ ਇਕ ਵੱਖਰੀ ਪਛਾਣ ਬਣਾਈ ।ਇਸ ਦੋਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇਕ ਲੇਖ ਮੁਕਾਬਲੇ ਵਿਚੋਂ ਆਪ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ । ਉਕਤ ਮੁਕਾਬਲੇ ਵਿਚਲੇ ਲੇਖ ਵਿੱਚ ਭਗਤ ਸਿੰਘ ਨੇ 'ਪੰਜਾਬ ਦੀ ਭਾਸ਼ਾ ਤੇ ਲਿਪੀ' ਵਿੱਚ ਉਸ ਨੇ ਪੰਜਾਬ ਦੀ ਸਮੱਸਿਆ ਨੂੰ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਸੀ। ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਹਾਸਲ ਸੀ (ਇਥੇ ਜਿਕਰਯੋਗ ਹੈ ਕਿ ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਭਾਸ਼ਾ ਦਾ ਵੀ ਗਿਆਨ ਰੱਖਦੇ ਸਨ ਜੋ ਕਿ ਉਨ੍ਹਾਂ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ) ਆਪਣੀ ਕਾਲਜ ਦੀ ਜਿੰਦਗੀ ਦੇ ਸੰਦਰਭ ਵਿਚ ਇਕ ਥਾਂ ਆਪ ਆਖਦੇ ਹਨ ਕਿ "ਮੈਂ ਕਾਲਜ ਵਿਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜਾਕੂ ਨਹੀਂ ਸੀ। ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।" ਬੇਸ਼ੱਕ ਭਗਤ ਸਿੰਘ ਰਵਾਇਤੀ ਕਿਸਮ ਦੇ ਪੜ੍ਹਾਕੂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਜਰੂਰ ਪੜ੍ਹਦੇ ਰਹਿੰਦੇ ਸਨ । ਉਰਦੂ ਜਬਾਨ ਤੇ ਵਧੀਆ ਮੁਹਾਰਤ ਸੀ ਇਹੋ ਵਜ੍ਹਾ ਹੈ ਕਿ ਆਪ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਿਆ ਕਰਦੇ ਸਨ। ਇਸ ਤੋਂ ਬਾਅਦ ਆਪ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਿਆ।
ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਦੇ ਹਾਦਸੇ ਨੇ ਜਿਥੇ ਦੇਸ਼ ਦੇ ਸਮੁੱਚੇ ਲੋਕਾਂ ਅਤੇ ਸੁਤੰਤਰਤਾ ਸੰਗਰਾਮੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਉਥੇ ਹੀ ਇਸ ਕਤਲ ਏ ਆਮ ਨੇ ਭਗਤ ਸਿੰਘ ਦੀ ਸੋਚ ਤੇ ਵੀ ਡੂੰਘਾ ਅਸਰ ਪਾਇਆ । ਇਸ ਦੇ ਨਾਲ ਹੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰੂਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਦਿਲ ਓ ਦਿਮਾਗ ’ਤੇ ਵੀ ਆਪਣਾ ਗਹਿਰਾ ਅਸਰ ਛੱਡਿਆ। ਉਹ ਆਪਣੇ ਪਿੰਡ ਵਿੱਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਉਂਦਾ ਸੀ। ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਭਗਤ ਸਿੰਘ ਦੀ ਉਮਰ 16 ਸਾਲ ਸੀ। 
ਦੇਸ਼ ਦੇ ਉਪਰੋਕਤ ਹਾਲਾਤਾਂ ਨੇ ਭਗਤ ਸਿੰਘ ਕ੍ਰਾਂਤੀਕਾਰੀ ਸੋਚ ਨੂੰ ਪ੍ਪੱਕਤਾ ਨੂੰ ਪ੍ਰਦਾਨ ਕੀਤੀ। ਇਸ ਦੇ ਫਲਸਰੂਪ ਆਪ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਮੈਂਬਰੀ ਅਖਤਿਆਰ ਕੀਤੀ ਇਸ ਤੋਂ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਦੇ ਚਲਦਿਆਂ ਆਪ ਆਪਣਾ ਲਾਹੌਰ ਵਿਚਲਾ ਘਰ ਛੱਡ ਤੇ ਨੈਸ਼ਨਲ ਕਾਲਜ ਦੀ ਪੜ੍ਹਾਈ ਵਿੱਚੇ ਛੱਡਕੇ ਸੰਪੂਰਣ ਰੂਪ ਵਿੱਚ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ।
ਇਸੇ ਦੌਰਾਨ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਸ ਉਪਰ ਲਾਹੌਰ ਦੇ ਦੁਸਹਿਰਾ ਮੇਲੇ ਮੌਕੇ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ। ਕੁਝ ਸਮੇਂ ਬਾਅਦ ਵਿੱਚ ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ ਆਪ ਨੂੰ ਰਿਹਾਅ ਕਰ ਦਿੱਤਾ ਗਿਆ। 
ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਮਕਸਦ ਸੇਵਾ, ਕੁਰਬਾਨੀ ਅਤੇ ਤਕਲੀਫ ਤੇ ਦਰਦ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਉਸਨੇ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰ ਮੁਕਾਇਆ। ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀ। ਆਪਣੇ ਇਕ ਹੋਰ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ । ਬੰਬ ਸੁੱਟਣ ਉਪਰੰਤ ਦੋਵਾਂ ਨੇ ਉਥੇ ਹੀ ਆਪਣੀ ਗਿਰਫ਼ਤਾਰੀ ਦੇ ਦਿੱਤੀ।
 
ਭਗਤ ਸਿੰਘ ਨੇ ਜੋ ਇਨਕਲਾਬੀ ਵਿਚਾਰਧਾਰਾ ਦੀ ਚੁਣੀ ਸੀ ਉਸ ਦੇ ਅੰਜਾਮ ਤੋਂ ਉਹ ਭਲੀਭਾਂਤ ਜਾਣੂ ਸਨ ਜਿਵੇਂ ਕਿ ਇੱਕ ਵਾਰ ਪੰਜਾਬ ਕਾਂਗਰਸ ਦੇ ਆਗੂ ਭੀਮਸੈਨ ਸੱਚਰ ਨੇ ਭਗਤ ਸਿੰਘ ਨੂੰ ਪੁੱਛਿਆ ਕਿ "ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜਿਸ਼ ਕੇਸ 'ਚ ਅਪਣਾ ਬਚਾਅ ਕਿਉਂ ਨਹੀਂ ਕੀਤਾ ?" ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ , "ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ 'ਚ ਅਪੀਲ ਨਾਲ।"
ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜਰਾ ਵੀ ਕੋਸ਼ਿਸ਼ ਨਹੀਂ ਕੀਤੀ। ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇ। ਉਨ੍ਹਾਂ ਨੇ ਕਈ ਤਰ੍ਹਾਂ ਨਾਲ ਪੂੰਜੀਪਤੀਆਂ ਨੂੰ ਆਪਣਾ ਦੁਸ਼ਮਣ ਐਲਾਨਿਆ । ਭਗਤ ਸਿੰਘ ਅਨੁਸਾਰ ਮਜਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਚਾਹੇ ਇੱਕ ਭਾਰਤੀ ਹੀ ਕਿਉਂ ਨਾ ਹੋਵੇ ਉਹ ਉਨ੍ਹਾਂ ਦਾ ਵੈਰੀ ਹੈ। ਉਨ੍ਹਾਂ ਦੋਰਾਨ ਇਕ ਆਰਟੀਕਲ ਲਿੱਖਿਆ ਜਿਸਦਾ ਸਿਰਲੇਖ਼ ਸੀ 'ਮੈਂ ਨਾਸਤਿਕ ਕਿਉੰ ਹਾਂ।' ਜੇਲ੍ਹ ਵਿੱਚ ਭਗਤ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਏਨੀ ਸ਼ਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। 5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ ਕਿ "ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ 20 ਜਾਂ ਜਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮਡਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦਰ ਭਰਾ ਇਸ ਅਗਨੀ-ਪਰਿੱਖਿਆ ਵਿੱਚ ਸਫ਼ਲ ਹੋਣ।"
 
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਤੇ ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ। 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿਚ ਪਹੁੰਚਿਆ। ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ। ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ। ਭਗਤ ਸਿੰਘ ਨੇ ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਇਕ ਪੱਤਰ ਲਿੱਖਿਆ ਆਪ ਵੀ ਸ਼ਹੀਦ ਏ ਆਜਮ ਭਗਤ ਸਿੰਘ ਦੇ ਸ਼ੇਅਰ ਮੁਲਾਹਜਾ ਫਰਮਾਓ. 
 
ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ,
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ। 
 
ਇਹ ਵੀ ਕਿਹਾ ਜਾਂਦਾ ਏ ਕਿ ਫ਼ਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਇਸੇ ਦੌਰਾਨ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਏ ਤਾਂ ਉਨ੍ਹਾਂ ਨੇ ਕਿਹਾ - ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਅਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ ।
 
'ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ'
'ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ..'
 
ਫ਼ਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ ਇਸ ਡਰੋਂ ਅੰਗਰੇਜਾਂ ਨੇ ਪਹਿਲਾਂ ਲਾਸ਼ਾਂ ਦੇ ਟੁਕੜੇ ਕੀਤੇ ਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ।
 
 
ਉਕਤ ਭਗਤ ਸਿੰਘ ਜਿਹੇ ਯੋਧਿਆਂ ਦੀਆਂ ਬੇਸ਼ਕੀਮਤੀ ਕੁਰਬਾਨੀਆਂ ਸਦਕਾ ਬੇਸ਼ੱਕ ਭਾਰਤ 1947 ਚ ਆਜਾਦ ਹੋ ਗਿਆ ਅਤੇ ਹਕੂਮਤ ਦੀ ਵਾਗਡੋਰ ਦੇਸ਼ ਦੇ ਸਥਾਨਕ ਲੀਡਰਾਂ ਹੱਥ ਆ ਗਈ ਤੇ ਇਸ ਉਪਰੰਤ ਆਜਾਦੀ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਰਹਿਨੁਮਾਈ ਵਿਚ ਸਰਕਾਰਾਂ ਆਂਦੀਆਂ ਜਾਂਦੀਆਂ ਰਹੀਆਂ । 
ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਵੀ 70 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਏ। ਪਰ ਦੇਸ਼ ਦੇ ਸਾਹਮਣੇ ਗਰੀਬੀ ਬੇਰੁਜ਼ਗਾਰੀ ਅਤੇ ਭਰਿਸ਼ਟਾਚਾਰ ਔਰਤਾਂ ਦੀ ਸੁਰੱਖਿਆ ਜਿਹੇ ਮਸਲੇ ਪਹਿਲਾਂ ਤੋਂ ਵੀ ਕਿਤੇ ਵਿਕਰਾਲ ਤੇ ਗੰਭੀਰ ਰੂਪ ਵਿੱਚ ਸਾਹਮਣੇ ਮੂੰਹ ਖਲੋਏ ਖੜ੍ਹੇ ਨੇਂ। ਪਰ ਸਾਡੇ ਦੇਸ਼ ਦੇ ਵਧੇਰੇ ਅਖੌਤੀ ਲੀਡਰਾਂ ਨੂੰ ਇਹਨਾਂ ਉਕਤ ਸਮੱਸਿਆਵਾਂ ਦੀ ਲਗਦਾ ਹੈ ਭੋਰਾ ਵੀ ਚਿੰਤਾ ਨਈਂ ਕਿਉਂਕਿ ਜੇਕਰ ਦੇਸ਼ ਜਾਂ ਦੇਸ਼ ਦੇ ਲੋਕਾਂ ਦੀ  ਲੀਡਰਸ਼ਿਪ ਨੂੰ ਚਿੰਤਾ ਹੁੰਦੀ ਤਾਂ ਉਹ ਉਕਤ ਮਸਲਿਆਂ ਦੇ ਹੱਲ ਲਈ ਗੰਭੀਰ ਹੁੰਦੇ। ਪਰ ਅਵਾਮ ਦਾ ਉਕਤ ਅਸਲ ਮੁਦਿਆਂ ਤੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਅਖੌਤੀਆਂ ਪਾਰਟੀਆਂ ਦੇ ਮੁੱਠੀ ਭਰ ਆਗੂਆਂ ਨੇ ਕਥਿਤ ਮੀਡੀਆ ਨਾਲ ਜੁਗਲਬੰਦੀ ਜਰੀਏ ਦੇਸ਼ ਵਾਸੀਆਂ ਨੂੰ ਧਰਮ, ਜਾਤ ਪਾਤ, ਇਲਾਕਿਆਂ ਦੇ ਨਾਂ ਹੇਠ ਲੜਾ ਕੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਕਤ ਸੋੜੀ ਤੇ ਮਨਫੀ ਸੋਚਾਂ ਦੇ ਚਲਦਿਆਂ ਮੁਲਕ ਨੂੰ ਜਿਸ ਕਦਰ ਨੁਕਸਾਨ ਪਹੁੰਚ ਰਿਹਾ ਹੈ ਉਸ ਦੀ ਅੱਜ ਸਹਿਜੇ ਹੀ ਅਸੀਂ ਕਲਪਨਾ ਨਹੀਂ ਕਰ ਸਕਦੇ।ਅਫਸੋਸ ਕਿ ਦੇਸ਼ ਦੇ ਲੋਕਾਂ ਨੂੰ ਅੱਜ ਉਹ ਲੋਕ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਨੇਂ ਜਿਹਨਾਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਦੂਰ ਦੂਰ ਤੱਕ ਵੀ ਕੋਈ ਹਿਸਾ ਪਾਇਆ ਨਜਰ ਨਹੀਂ ਆਉਂਦਾ। ਕਿੰਨੇ ਸੋਹਣੇ ਸ਼ਬਦਾਂ ਵਿਚ ਅਜਿਹੇ ਲੋਕਾਂ ਮਾਨਸਿਕਤਾ ਦਾ ਨਕਸ਼ਾ ਇਕ ਸ਼ਾਇਰ ਨੇ ਆਪਣੇ ਇਕ ਸ਼ੈਅਰ ਵਿੱਚ ਕੁੱਝ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ :
 
ਜਬ ਪੜਾ ਵਕਤ ਗੁਲਦਸਤਾਂ ਪੇ ਤੋ ਖੂੰ ਹਮਨੇ ਦੀਆ। 
ਜਬ ਬਹਾਰ ਆਈ ਤੋ ਕਹਿਤੇ ਹੈਂ ਤੇਰਾ ਕਾਮ ਨਹੀਂ।। 
 
ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿਚੋਂ ਦੀ ਲੰਘ ਰਿਹਾ ਹੈ ਉਸ ਨੂੰ ਵੇਖ ਕੇ ਦੇਸ਼ ਦੇ ਸੱਚੇ ਤੇ ਹਕੀਕੀ ਦੇਸ਼ ਭਗਤਾਂ ਨੂੰ ਡਾਢਾ ਦੁੱਖ ਪਹੁੰਚ ਰਿਹਾ ਏ।  
ਜਿਸ ਪ੍ਰਕਾਰ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ਅਤੇ ਸਮਾਜਿਕ ਤੌਰ ਤੇ ਪੱਛੜੇ ਵਰਗਾਂ ਨੂੰ ਨਿਸ਼ਾਨਾ ਬਣਾ ਕੇ ਅਤੇ ਦੇਸ਼ ਦੇ ਲੋਕਾਂ ਵਿਚਾਲੇ ਸਦੀਆਂ ਪੁਰਾਣੀ ਸਾਂਝ ਨੂੰ ਖਤਮ ਕਰਕੇ ਨਫਰਤ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ  ਧਰੁਵੀਕਰਨ ਦੇ ਨਜ਼ਰੀਏ ਨਾਲ ਦੇਸ਼ ਦੇ ਲੋਕਾਂ ਵਿਚਕਾਰ ਵਿਭਾਜਨ ਦੀ ਰਾਜਨੀਤਕ ਰੂਪ ਵਿਚ ਘਿਨਾਉਣੀ ਖੇਡ ਖੇਡੀ ਜਾ ਰਹੀ ਹੈ ਇਸ ਦੇ ਨਾਲ ਦੇਸ਼ ਨੂੰ ਜੋ ਅੰਤਾਂ ਦਾ ਨੁਕਸਾਨ ਪਹੁੰਚ ਰਿਹਾ ਹੈ ਓਸ ਦੀ ਕਲਪਨਾ ਨਹੀਂ ਹੋ ਸਕਦੀ। 
ਅਤੇ ਅੱਜ ਦੇਸ਼ ਵਿੱਚ ਮੋਬਲਿੰਚਿੰਗ ਦੇ ਨਾਂ ਹੇਠ ਜਿਸ ਤਰ੍ਹਾਂ ਨਾਲ ਦੇਸ਼ ਦੇ ਇਕ ਵਿਸ਼ੇਸ਼ ਵਰਗ ਦੇ ਲੋਕਾਂ ਦਾ ਕਤਲ ਏ ਆਮ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਯਕੀਨਨ ਓਸ ਨੂੰ ਕਿਸੇ ਵੀ ਸੱਭਿਅਕ ਸਮਾਜ ਵਿੱਚ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਯਕੀਨਨ ਅੱਜ ਜਿੱਥੇ ਕਿਤੇ ਵੀ ਭਗਤ ਸਿੰਘ ਦੀ ਆਤਮਾ ਹੋਵੇਗੀ ਜਦੋਂ ਉਹ ਦੇਸ਼ ਦੇ ਮੌਜੂਦਾ ਹਾਲਾਤ ਨੂੰ ਵੇਖਦੀ ਹੋਵੇਗੀ ਤਾਂ ਉਸ ਨੂੰ ਕਿੰਨੀ ਕੁ ਤਕਲੀਫ ਹੁੰਦੀ ਹੋਵੇਗੀ ਇਸ ਦਾ ਖਿਆਲ ਆਉਂਦੇ ਹੀ ਦਿਲ ਜਿਵੇਂ ਦੁੱਖਾਂ ਦੇ ਡੂੰਘੇ ਸਮੁੰਦਰ ਵਿਚ ਗੋਤੇ ਖਾਨ ਲੱਗਦਾ ਏ। 
ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਢੇਰਾਂ ਕੁਰਬਾਨੀਆਂ ਦੇ ਨਜਰਾਨੇ ਪੇਸ਼ ਕੀਤੇ ਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਆਪਣੀਆਂ ਅੱਖਾਂ ਵਿਚ ਪਤਾ ਨਹੀਂ ਕਿੰਨੇ ਕੁ ਸਪਨੇ ਸੰਜੋਏ ਪਰ ਕੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਨਹੀਂ। ਮੇਰੇ ਖਿਆਲ ਵਿੱਚ ਅੱਜ ਸਾਡੇ ਵਧੇਰੇ ਆਗੂ ਉਨ੍ਹਾਂ ਦੇ ਦੇਸ਼ ਲਈ ਵੇਖੇ ਸੁਪਨਿਆਂ ਨੂੰ ਵਿਸਾਰ ਚੁੱਕੇ ਨੇਂ। ਅਸੀਂ ਸਮਝਦੇ ਹਾਂ ਕਿ ਅੱਜ ਸਾਡੇ ਦੇਸ਼ ਦੀ ਸਮੁੱਚੀ ਆਵਾਮ  ਨੂੰ ਅਤੇ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਆਪਣੇ ਸੱਭ ਤਰ੍ਹਾਂ ਦੇ ਸੁਆਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ ਓ ਆਮਾਨ ਦਾ ਖੁਸ਼ਗਵਾਰ ਮਾਹੌਲ ਸਿਰਜਣ। ਭਾਵ ਅਜਿਹਾ ਵਾਤਾਵਰਨ ਜਿਸ ਵਿਚ ਦੇਸ਼ ਦਾ ਹਰ ਨਾਗਰਿਕ ਚੈਨ ਦਾ ਸਾਹ ਲੈਂਦਿਆਂ ਸਕੂਨ ਦੀ ਜਿੰਦਗੀ ਗੁਜਾਰ ਸਕੇ। ਯਕੀਨਨ ਜੇਕਰ ਦੇਸ਼ ਵਿੱਚ ਭੈਅ ਮੁਕਤ ਮਾਹੌਲ ਹੋਵੇਗਾ ਤਾਂ ਦੇਸ਼ ਦੀ ਤਰੱਕੀ ਵਿੱਚ ਹਰ ਦੇਸ਼ ਵਾਸੀ ਆਪਣਾ ਬਣਦਾ ਯੋਗਦਾਨ ਪਾ ਸਕਦੇ ਅਤੇ ਫਿਰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਦੁਨੀਆ ਦੀ ਕੋਈ ਤਾਕਤ ਰੁਕਾਵਟ ਪੈਦਾ ਨਹੀਂ ਕਰ ਸਕਦੀ। ਅਜੋਕੇ ਹਾਲਾਤਾਂ ਵਿੱਚ ਅਸੀਂ ਸਮਝਦੇ ਹਾਂ ਇਹੋ ਸ਼ਹੀਦ ਏ ਆਜਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
Have something to say? Post your comment