Poem

ਜਾਗਣ ਦਾ ਵੇਲਾ ~ਪ੍ਰੋ. ਨਵ ਸੰਗੀਤ ਸਿੰਘ

March 24, 2019 10:42 PM
 
                                           
 
 ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ 
ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ।
 
ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ 
ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ।
ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ। 
ਜਾਗੋ ਜਾਗੋ ਸੁੱਤਿਓ... 
 
ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ 
ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ।
ਬਣ ਗਏ ਹਾਂ ਕੰਗਾਲ ਤੇ, ਪੱਲੇ ਨਹੀਂ ਧੇਲਾ।
ਜਾਗੋ ਜਾਗੋ ਸੁੱਤਿਓ... 
 
ਰੁੱਖ- ਬੂਟੇ ਪੁੱਟ ਸੁੱਟੇ, ਤੇ ਆਇਆ ਹੈ ਸੋਕਾ
ਵਾਤਾਵਰਨ ਵਿਗਾੜ ਕੇ, ਖ਼ੁਦ ਹੀ ਖਾਧਾ ਧੋਖਾ। 
ਸਭ ਕੁਝ ਦਿੱਤਾ ਉਜਾੜ ਹੁਣ, ਕਾਹਦਾ ਹੈ ਮੇਲਾ।
ਜਾਗੋ ਜਾਗੋ ਸੁੱਤਿਓ... 
 
ਡੇਰਿਆਂ, ਬਾਬਿਆਂ, ਤਾਂਤਰਿਕਾਂ ਦੇ, ਪਿੱਛੇ ਲੱਗ ਕੇ 
ਲੁੱਟਿਆ ਇਨ੍ਹਾਂ ਫਰੇਬ ਨਾਲ, ਸਾਨੂੰ ਕੁੱਟਿਆ ਰੱਜ ਕੇ।
ਕਿਹੜਾ ਮੇਰਾ ਗੁਰੂ ਹੈ, ਮੈਂ ਕੀਹਦਾ ਚੇਲਾ? 
ਜਾਗੋ ਜਾਗੋ ਸੁੱਤਿਓ... 
 
ਛੱਡ ਦਿੱਤਾ ਅਸੀਂ ਵਿਰਸਾ, ਬੋਲੀ ਆਪਣੀ ਭੁੱਲੇ 
ਪੈ ਕੇ ਵਿੱਚ ਤਮਾਸ਼ਿਆਂ, ਪੱਛਮ ਰੰਗ ਡੁੱਲ੍ਹੇ।
ਘਰ ਮੁੜ ਆਈਏ ਆਪਣੇ, ਹੋਵੇ ਪੰਥ ਸੁਹੇਲਾ।
ਜਾਗੋ ਜਾਗੋ ਸੁੱਤਿਓ... 
 
ਵੱਸ ਪੈ ਦਾਜ ਦੇ ਲੋਭੀਆਂ, ਕੱਖੋਂ ਹੌਲੇ ਹੋਏ 
ਆਖਣ ਲੋਕ ਨਾ ਜੀਅ ਰਹੇ, ਨਾ ਕਹਿੰਦੇ ਮੋਏ। 
ਭੇਖ ਅਡੰਬਰ ਛੱਡੀਏ, ਹੋਵੇ ਰੰਗ ਨਵੇਲਾ।
ਜਾਗੋ ਜਾਗੋ ਸੁੱਤਿਓ...
 
 
Have something to say? Post your comment