Article

ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ//ਸੁਰਜੀਤ ਸਿੰਘ ਭੁੱਲਰ-

March 26, 2019 07:59 PM

ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ।

ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ ਨਾਲ ਮੇਰੀ ਮੁੱਢਲੀ ਜਾਣ ਪਛਾਣ,ਉਸ ਦੀ ਪਹਿਲੀ ਕਾਵਿ ਪੁਸਤਕ'ਮਘਦੇ ਹਰਫ਼' (2016) ਰਾਹੀਂ ਹੋਈ ਸੀ। ਉਸ ਵਿਚਲੀਆਂ ਨਜ਼ਮਾਂ ਦੇ ਭਿੰਨ-ਭਿੰਨ ਵਿਸ਼ੇ ਵਸਤੂ,ਖ਼ਿਆਲਾਂ ਦੀ ਮੌਲਿਕਤਾ ਅਤੇ ਨਵੇਕਲੇਪਣ ਵਾਲੀ ਸੰਖੇਪ ਸ਼ੈਲੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉੁਸ ਆਧਾਰ 'ਤੇ ਮੈਂ ਉਹਨੂੰ ਚਿੰਤਨ-ਸ਼ੀਲ ਅਨੁਭਵੀ ਕਵੀ, ਜੋ ਆਪਣੇ ਸੂਖਮ ਅਤੇ ਤੀਬਰ ਭਾਵਾਂ ਨੂੰ ਸਹਿਜਤਾ ਨਾਲ ਪ੍ਰਗਟਾਉਣ ਦੇ ਸਮਰੱਥ ਹੈ,ਦੇ ਰੂਪ ਨਾਲ ਪਹਿਚਾਣਿਆ ਸੀ।

 

ਅੱਜ, ਮੈ ਖ਼ੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਨੂੰ ਉਸ ਦੀ ਦੂਸਰੀ ਪੁਸਤਕ 'ਅਧੂਰੀ ਕਵਿਤਾ' ਪੜ੍ਹਨ ਦਾ ਅਵਸਰ ਮਿਲਿਆ ਹੈ। ਨਿਰਸੰਦੇਹ,ਇਹ ਪੁਸਤਕ ਉਸ ਦੇ ਅਗਲੇ ਦੋ ਸਾਲਾਂ ਦੀ ਕਾਵਿ-ਯਾਤਰਾ ਦਾ ਵਿਵਹਾਰਿਕ ਅਨੁਭਵ ਹੈ।ਇਸ ਪੁਸਤਕ ਦੀ ਸਮਗਰੀ ਰਾਹੀ ਅੱਸੀ ਦੇਖ ਸਕਦੇ ਹਾਂ ਕਿ ਉਸ ਨੇ ਆਪਣੇ ਇਸ ਕਾਵਿਕ ਕੁਸ਼ਲਤਾ ਨੂੰ ਕਿੰਨਾ ਕੁ ਵਿਕਸਤ ਕੀਤਾ ਹੈ?

 

72 ਨਜ਼ਮਾਂ ਦੇ ਇਸ ਕਾਵਿ ਸੰਗ੍ਰਹਿ ਵਿਚ ਉਹਦੇ ਆਪੇ ਦਾ ਪੂਰਨ ਰੂਪ ਲਿਸ਼ਕਾਰੇ ਮਾਰਦਾ ਦਿਸਦਾ ਹੈ। ਉਹਦਾ ਅੰਤਰ ਮਨ ਅਤੀਤ ਦੀਆਂ ਪਿਆਰ ਯਾਦਾਂ ਦੀ ਵੇਦਨਾ,ਬੇ-ਹਿਸਾਬ ਬਿਰਹਾ ਦੀਆਂ ਪੀੜਾਂ ਹੰਢਾਈਆਂ ਹੂਕਾਂ ਸੁਣਾਈ ਦਿੰਦੀਆਂ ਹਨ। ਜਿੱਥੇ ਉਹਦਾ ਪਿਆਰ-ਅਨੁਭਵ ਅਕਾਸ਼ ਮੰਡਲਾਂ ਵਿਚ ਤਾਰੀਆਂ ਲਾਉਂਦਾ ਹੈ,ਉੱਥੇ ਸਮਾਜਿਕ ਸਰੋਕਾਰਾਂ ਨਾਲ ਵੀ ਬਹੁਤ ਨੇੜਉ ਜੁੜਿਆਂ ਹੋਇਆ ਹੈ। ਹਥਲੀ ਪੁਸਤਕ ਵਿਚਲੀ ਸ਼ਾਇਰੀ ਪ੍ਰਗਤੀਵਾਦੀ ਜੀਵਨ-ਦ੍ਰਿਸ਼ਟੀ ਅਤੇ ਕ੍ਰਾਂਤੀਕਾਰੀ ਚੇਤਨਾ ਤੋਂ ਤੁਰਦੀ ਹੋਈ ਉੱਤਰ-ਆਧੁਨਿਕ ਸੋਚ ਦੇ ਰਾਹ 'ਤੇ ਸਫ਼ਰ ਕਰਦੀ ਅਤੇ ਵਧਦੀ ਦਿਖਾਈ ਦੇ ਰਹੀ ਹੈ। ਇਸ ਦਾ ਕਾਰਨ ਉਸ ਦੀ ਹੋਰ ਚਿੱਤਰ ਕਲਾਵਾਂ ਵਾਲੀ ਰੁਚੀ ਅਤੇ ਜੀਵਨ ਦੇ ਡੂੰਘੇ ਅਨੁਭਵ ਦੀ ਪ੍ਰਾਪਤੀ ਰਾਹੀਂ ਮਿਲਿਆ ਗਿਆਨ ਵੀ ਹੈ। ਇਸੇ ਲਈ ਉਹਨੇ ਆਪਣੀਆਂ ਸਿਮ੍ਰਿਤੀਆਂ,ਯਾਦਾਂ ਦਾ ਰਲਵਾਂ-ਮਿਲਵਾਂ ਅਨੁਭਵ ਇਨ੍ਹਾਂ ਨਜ਼ਮਾਂ ਦੇ ਕੈਨਵਸ ਰਾਹੀ,ਬਚਪਨ ਤੋਂ ਜਵਾਨੀ ਅਤੇ ਪਰਵਾਰਕ ਬੰਧਨਾਂ ਦੀ ਕਸ਼ਮਕਸ਼ ਤੋਂ ਪ੍ਰਭਾਵਿਤ ਹੋ, ਨਜ਼ਮਾਂ ਦੇ ਬਹੁ-ਰੰਗੇ ਸ਼ਬਦ-ਚਿੱਤਰ ਪੇਸ਼ ਕੀਤੇ ਹਨ। ਇਸ ਸੰਗ੍ਰਹਿ ਵਿਚ ਹੋਰ ਵੀ ਬਹੁਤ ਸਾਰੇ ਨਵੇਕਲੇ ਸੰਬੰਧਿਤ ਵਿਸ਼ਿਆਂ ਦਾ ਜ਼ਿਕਰ ਹੈ।

ਕਵਿਤਾਵਾਂ ਦਾ ਵਿਸਤਰਿਤ ਅਤੇ ਗੰਭੀਰ ਅਧਿਐਨ ਕਰਨ ਤੋਂ ਬਾਅਦ, ਮੈਂ ਮੁੱਖ ਰੂਪ ਵਿਚ ਇੰਜ ਵਿਆਪਕ ਵਰਗੀਕ੍ਰਿਤ ਕਰਦਾ ਹਾਂ।

1- ਆਪੇ ਨਾਲ ਸਵੈ ਪੜਚੋਲ:

'ਮੇਰੀ ਕਲਮ'- ਦੀ ਸ਼ਕਤੀ ਨੂੰ ਸਰਬ ਉੱਚਤਾ ਦਾ ਦਰਜਾ ਦਿੰਦਾ ਹੈ। 'ਕਲਮ ਨਾਲ ਵਜੂਦ ਹੈ ਮੇਰਾ/ਕਲਮ ਹੀ ਮੇਰੀ ਮਾਂ।'

ਇਸ ਦੀ ਮਹੱਤਤਾ ਬਾਰੇ ਅੱਗੇ ਸੁਣੋ,'ਗੁਰੂ ਪੀਰ ਪੈਗ਼ੰਬਰ ਸਾਡੇ/ਕਲਮ ਨਾਲ ਹੀ ਬਾਣੀ ਰਚ ਗਏ।'

'ਨਾਚੀਜ਼'-ਕਿਸੇ ਲਈ ਧੰਨਵਾਦ ਪੇਸ਼ ਕਰਨਾ,ਜੋ ਲੇਖਕ ਨੂੰ ਮੁਕੰਮਲ ਵਿਅਕਤੀ ਬਣਾ ਗਿਆ।ਕਿੰਨੀ ਵੱਡੀ ਗੱਲ ਹੈ ਜਦੋਂ ਇਹ ਕਹਿਣਾ-'ਤੇਰੇ ਏਸ/ਵਡਮੁੱਲੇ ਤੇ ਬਹੁਮੁੱਲੇ/ਕਾਰਜ ਦੇ ਨਾਲ/ਇਹ ਨਾਚੀਜ਼ ਤੋਂ /ਹੁਣ 'ਚੀਜ਼' ਬਣ ਗਿਆ।'

'ਦਿਲ ਦੀ ਹੂਕ' ਜਦ ਕਲਮ ਦੀ ਜ਼ਬਾਨ ਬਣੀ ਹੋਊ ਤਾਂ ਕਿੰਨੀ ਪੀੜਾ ਵਿਚੋਂ ਲੰਘਿਆ ਹੋਊ ਪਰਮਜੀਤ। ਉਸ ਦੇ ਇਹ ਸ਼ਬਦ ਬਹੁਤ ਕੁੱਝ ਅਣਕਿਹਾ ਬਿਆਨ ਕਰਦੇ ਨੇ,'- ਕੀ ਦੋਸ਼ ਦਿਆਂ/ਮੈਂ ਹਾਣੀ ਨੂੰ-- ਆਪਣੇ ਹੀ ਤੰਦ/ਉਲਝਾਉਣ ਲੱਗੇ/ਪਰਮ ਦੀ/ਸੁਲਝੀ/ਹੋਈ ਤਾਣੀ ਨੂੰ।''ਅੰਤਰ-ਆਤਮਾ'-ਲੇਖਕ, ਕਿਸੇ ਦੇ ਮਨ ਦੇ ਭਰਮ ਨੂੰ,ਆਪਣੀ ਸਵੈ ਪਰਖ ਰਾਹੀ ਇਹ ਉਦਾਹਰਨ ਦਿੰਦਾ।'ਤੈਂ ਕਲ ਵੀ/ਪਰਖਿਆ ਸੀ/ਅੱਜ ਵੀ /ਪਰਖ ਰਿਹੈਂ/ਤੇ ਭਲਕੇ ਵੀ /ਪਰਖ ਲਵੀਂ' ਮੈਂ ਜੋ ਬਾਹਰੋਂ ਹਾਂ,ਉਹੀ ਅੰਦਰੋਂ ਹਾਂ।'-- ਉਹ ਜੋ /ਬਾਹਰ ਦਿੱਖਦੈ/ਅੰਦਰੋਂ ਵੀਓਹੀ /ਮਿਲੇਗਾ/ਕੁੱਝ ਹੋਰ ਨਹੀਂ!

ਤਣਾਅ-ਅੱਜ ਕਲ, ਭੱਜ-ਦੌੜ ਦੀ ਜ਼ਿੰਦਗੀ ਵਿਚ ਹਰ ਕੋਈ ਕਿਸੇ ਨਾ ਕਿਸੇ ਤਣਾਅ 'ਚ ਗ੍ਰਸਿਆ ਹੋਇਆਂ ਹੈ। ਲੇਖਕ ਇਸ ਤੋਂ ਮੁਕਤ ਹੋਣ ਲਈ ਆਪਣੀ ਦੂਜੀ ਕਲਾ-ਪੇਂਟਿੰਗ ਰਾਹੀ ਸ਼ਾਂਤੀ ਮਹਿਸੂਸ ਕਰਦਾ ਕਹਿੰਦਾ ਹੈ।'--ਸਭ ਕੁੱਝ ਭੁਲਾ ਤੇ ਚਿਤਰਦਾ ਹਾਂ/ਮਨ ਦੀ ਕੈਨਵਸ ਤੇ/ਇੱਕ ਸੁੰਦਰ ਕੁਦਰਤੀ ਨਜ਼ਾਰਾ!- - - ਅੰਤਰ ਮਨ ਨੂੰ ਦਿੰਦਾ ਹੈ ਸਕੂਨ।'

ਉਸ ਦੀ ਨਜ਼ਮ 'ਐ ਜ਼ਿੰਦਗੀ!' ਨੂੰਪੜ੍ਹਦਿਆਂ ਪਾਠਕ ਸੋਚਦਾ ਕਿ ਕੀ ਉਹ ਸੱਚ-ਮੁੱਚ ਹੀ ਆਪਣੇ ਜੀਵਨ ਦੇ ਇਸ ਪੜਾਅ 'ਤੇ ਪਹੁੰਚ ਕੇ ਥੱਕਿਆ-ਹਾਰਿਆ ਮਹਿਸੂਸ ਕਰਦਾ ਹੈ ਜਾਂ ਇਸ ਜੀਵਨ ਨੂੰ ਮਾਣਦਿਆਂ ਆਪਣੀ ਇੱਛਾ ਪੂਰਤੀ ਲਈ ਇਹ ਕਹਿੰਦਾ ਹੈ?'-- ਹੁਣ ਤੈਨੂੰ ਵੀ /ਵਿਸ਼ਰਾਮ ਦਵਾਵਾਂ/ਤੇ ਬਰੂਹੇ ਆਣ ਖੜ੍ਹੀ /ਮੌਤ ਦਾ ਸਵਾਗਤ ਕਰਾਂ,/ਉਸ ਨੂੰ ਗਲ ਨਾਲ਼ ਲਾਵਾਂ!/ਤਾਂ ਜੋ ਮੇਰੇ ਜਾਣ /ਤੋਂ ਬਾਅਦ/ਮੇਰੇ ਸਰੀਰ ਦਾ ਅੰਗ-ਅੰਗ/ਕਿਸੇ ਲੋੜਵੰਦ ਦੇ /ਕੰਮ ਆ, ਤੈਨੂੰ ਮੇਰੇ ਵਾਕਣ/ਰੱਜ-ਰੱਜ ਮਾਣ ਸਕੇ।' ਉਸ ਦੇ ਇਸ ਵਿਚਾਰ ਨੂੰ ਮੈਂ ਤਾਂ ਸਾਕਾਰਾਤਮਕ ਭੂਮਿਕਾ ਵਿਚ ਹੀ ਦੇਖਦਾ ਹਾਂ।

2- ਰੁਮਾਂਸ 'ਤੇ ਬਿਰਹਾ ਦੇ ਅਹਿਸਾਸ ਦਾ ਪ੍ਰਗਟਾਵਾ:

 

ਕਵੀ ਨੇ,ਪਿਆਰ-ਮਿਲਣੀ 'ਚੋਂ ਜਾਗੇ ਤੀਬਰ ਅਹਿਸਾਸਾਂ ਨੂੰ ਕਈ ਕਵਿਤਾਵਾਂ 'ਚ ਇੱਕ ਤਰਫ਼ਾਂ ਹੁਨਰਮਈ ਪ੍ਰਵੀਨਤਾ ਨਾਲ ਬਿਆਨਿਆਂ ਹੈ,ਜਿਸ ਕਾਰਨ ਉਨ੍ਹਾਂ ਉੱਤੇ ਕਲਾਤਮਿਕ ਰੰਗਤ ਪੂਰੀ ਤਰ੍ਹਾਂ ਚੜ੍ਹੀ ਦੇਖੀ ਜਾ ਸਕਦੀ ਹੈ,ਜਿਸ ਕਾਰਨ ਇਨ੍ਹਾਂ ਦੇ ਸੁਹਜ 'ਚ ਨਿਖਾਰ ਆ ਗਿਆ ਹੈ।

ਬਿਰਹਾ- ਪ੍ਰੇਮ ਵੇਗ ਵਿਚ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮਿਲਣ ਦੀ ਤੀਬਰ ਲੋਚਾ ਨੂੰ ਦਿਲ ਵਿਚ' ਭਾਂਬੜ ਮੱਚੇ' ਖ਼ਿਆਲਾਂ ਰਾਹੀ ਪ੍ਰਗਟਾਉਂਦੀ ਹੈ-- 'ਅੰਬਰਾਂ ਉੱਤੇ/ਚੰਨ ਪਿਆ ਚਮਕੇ/ਸੱਧਰਾਂ ਦੀ ਪੌੜੀ ਲਾਵਾਂ ।- - ਰਾਤ ਚਾਨਣੀ/ਲਲਚਾਵੇ ਜੀਵੜਾ/ਕੀਕਣ ਯਾਰ ਮਨਾਵਾਂ? ਦੂਰੋਂ ਆਉਂਦਾ/ਵੇਖ ਪਰਮ ਪਿਆਰਾ/ਫੁੱਲਾਂ ਦੀ ਸੇਜ ਵਿਛਾਵਾਂ। ਕਮਾਲ ਦਾ ਪ੍ਰਕਿਰਤੀ ਚਿਤਰਨ ਉਲੀਕਿਆਂ ਹੈ,ਮਿਲਣ

ਲਈ ਰੋਜ਼ੇ ਰੱਖਣੇ,ਤ੍ਰਿੰਞਣੀਂ ਤੰਦ ਕੱਚੇ ਲੱਗਣੇ ਆਦਿ ਦੀ ਉਪਮਾ ਅਲੰਕਾਰਾਂ ਦੀ ਸੋਹਣੀ ਵਰਤੋਂ ਕੀਤੀ ਹੈ।

ਧੁੰਦਲਾ ਅਕਸ- ਕਈ ਵਾਰੀਂ ਪਿਆਰ ਵਿਚ ਜੀਵਨ-ਸਾਥੀ ਦੇ ਗਿਲੇ-ਸ਼ਿਕਵੇ ਇਸ ਤਰ੍ਹਾਂ ਰੂਪਮਾਨ ਹੋ ਜਾਂਦੇ ਨੇ, 'ਕਦੇ…/ਚੇਤੇ ਕਰੀਂ/ਕੋਠੇ ਦੀ ਛੱਤ ਉੱਤੋਂ/ਚੰਨ ਨੂੰ ਤੱਕ, ਖੋਲ੍ਹਦੀ ਸੈਂ/ਆਪਣਾ ਵਰਤ!-- ਹੁਣ…।ਤਾਂ ਤੈਨੂੰ/ਉਸ ਚੰਨ ਚੋਂ ਵੀ।'ਪਰਮ' ਦਾ ਉਹ ਅਕਸ/ਧੁੰਦਲਾ ਨਜ਼ਰ ਆਉਂਦੈ!

ਅਤੇ ਉਹ 'ਪਿਆਰ-ਨਾਮਾ' ਵਿਚ 'ਕੀਤੀ ਗ਼ਲਤੀ/ਇੱਕ ਵਾਰ ਜੋ,/ਦੁਬਾਰਾ ਨਾ ਕਦੇ ਇਹ/ਭੁੱਲ ਕਰੀਂ।'ਰਾਹੀਂ ਕਹਿ ਵੀ ਦਿੰਦਾ ਹੈ,ਪਰ ਜਦ ਉਹਦਾ ਦਿਲ ਇਸ 'ਤੇ ਵੀ ਨਹੀਂ ਠਹਿਰਦਾ ਤਾਂ ਆਪਣੇ ਅੰਦਰਲੀ 'ਕਮੀ' ਨੂੰ ਸਵੀਕਾਰਦਾ ਇੰਜ ਲਿਖਦਾ ਹੈ,'

ਸ਼ਾਇਦ!/ਕਮੀ ਕੋਈ/ਮੇਰੇ/'ਚ ਹੀ/ਰਹਿ ਗਈ/ਹੋਣੀ ਆ? 'ਉਹ ਆਪਣੇ ਇਸ ਮਨ ਦੇ ਦੋਸ਼ ਨੂੰ 'ਦਿਲ ਦੀ ਹੂਕ' ਬਣਾ ਕੇ ਕੂਕਦਾ ਕਹਿੰਦਾ ਹੈ,' ਆਪਣੇ/ਹੀ ਤੰਦ/ਉਲਝਾਉਣ ਲੱਗੇ/ਪਰਮ ਦੀ/ਸੁਲਝੀ/ਹੋਈ ਤਾਣੀ ਨੂੰ…।'

ਇਹ ਸਭ ਕੁੱਝ ਹੋਣ 'ਤੇ ਵੀ ਉਸ ਦੇ ਪ੍ਰੇਮੀ ਦੀ ਬਿਰਹਾ ਪੀੜਾ ਤਾਂ ਰਾਤ ਨੂੰ ''ਜੁਗਨੂੰਆਂ ਵੇ' ਰਾਹੀ ਸਾਂਝ ਪਾਉਂਦੀ,ਵਿਲਕਦੀ ਕਹਿੰਦੀ ਹੈ,' ਰਾਮਗੜ੍ਹੀਆ, ਜਦੋਂ ਵੀ/ਘਰ/ਆਪਣੇ/ਵੇ ਆਊ/ਆ…ਦਰਸ ਦੇਂਵੀ ਇਕ ਵਾਰ ਆ।'

'ਪਿਆਰਾ ਪ੍ਰੀਤਮ' ਵਿਚ ਉਸ ਦੀ ਦਵੰਦੀ ਸੋਚ ਪੁਕਾਰਦੀ ਹੈ,' ਅਚੇਤ ਮਨੀਂ/ਮੈਨੂੰ ਇੱਕ ਆਵਾਜ਼ /ਸੁਣਾਈ ਦਿੱਤੀ--ਤੇਰੀ ਆਤਮਾ /ਦੋ ਪਾਸੇ ਭਟਕ ਰਹੀ ਹੈ,-- ਇੱਕ ਪਾਸੇ ਰੱਬ…!/ਤੇ ਦੂਜੇ ਪਾਸੇ /ਤੇਰਾ ਪਿਆਰਾ ਪ੍ਰੀਤਮ!/ਤੈਨੂੰ/ ਦੋਵਾਂ 'ਚੋਂ ਇੱਕ ਹੀ ਰਾਹ ਚੁਣਨਾ ਪੈਣਾ।'ਉਸ ਨੇ ਰੱਬ ਦਾ ਰਾਹ ਚੁਣਿਆ 'ਤੇ ਅੰਤ ਨੂੰ ਪਰਤ ਆਇਆ, ਆਪਣੇ ਪ੍ਰੀਤਮ ਕੋਲ,ਜੋ-' ਇਕੱਲਾ,/ਬੀਆਬਾਨ ਰੋਹੀ ਦੇ ਵਿੱਚ/"ਖੜਸੁੱਕ" /ਰੁੱਖ ਦੇ ਵਾਂਗ/ਉਸਦੇ ਇੰਤਜ਼ਾਰ 'ਚ/ਬਾਂਹਾਂ ਅੱਡੀ ਖੜ੍ਹਾ ਸੀ।

ਇਸ ਵਿਸ਼ੇ 'ਤੇ ਉਸ ਨੇ ਹੋਰ ਵੀ ਬਹੁਤ ਭਾਵਪੂਰਨ ਨਜ਼ਮਾਂ ਲਿਖੀਆਂ ਹਨ ਜੋ ਉਸ ਦੇ ਅਚੇਤ ਮਨ ਦੀ ਦਸ਼ਾ ਨੂੰ ਖੁੱਲ੍ਹ ਕੇ ਉਜਾਗਰ ਕਰਦੀਆਂ ਹਨ।

 

 

 

 

3-ਸਮਾਜੀ,ਰਾਜਸੀ ਅਤੇ ਸਭਿਆਚਾਰਕ ਸਮੱਸਿਆਵਾਂ:

ਸਮਾਜੀ ਖੇਤਰ

ਸਮਾਜ ਵਿਚ,ਸਮੇਂ-ਸਮੇਂ ਕੋਈ ਨਾ ਕੋਈ ਨਵੀਂ ਸਮੱਸਿਆ ਉੱਭਰਦੀ ਰਹਿੰਦੀ ਹੈ।ਜੇ ਉਸ ਦਾ ਸਮੇਂ ਸਿਰ ਸਮਾਧਾਨ ਨਾ ਕੀਤਾ ਜਾਵੇ ਤਾਂ ਕੈਂਸਰ ਰੋਗ ਬਣ ਕੇ ਚਿੰਬੜ ਜਾਂਦੀ ਹੈ।'ਅਧੂਰੀ ਕਵਿਤਾ'ਪੁਸਤਕ ਵਿਚ ਵੀ ਕਈ ਨਜ਼ਮਾਂ ਇਸ ਪ੍ਰਤੀ ਪੜ੍ਹਨ ਨੂੰ ਮਿਲਦੀਆਂ ਹਨ। ਪਰਮਜੀਤ ਰਾਮਗੜ੍ਹੀਆ, ਮਨੁੱਖੀ ਮਾਨਸਿਕਤਾ ਨਾਲ ਜੁੜੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਵਿਚ ਹੋ ਰਹੇ ਪਰਵਰਤਨ ਅਤੇ ਸਮਾਜਿਕ ਢਾਂਚੇ ਵਿਚ ਆ ਰਹੀਆਂ ਅਸੰਗਤੀਆਂ ਪ੍ਰਤੀ ਬਹੁਤ ਸੁਚੇਤ,ਗੰਭੀਰ ਅਤੇ ਚਿੰਤਤ ਹੈ,ਕਿਉਂਕਿ ਉਹ ਜਾਣਦਾ ਹੈ ਕਿ ਇਹ ਕੀਮਤੀ ਵਿਰਸਾ ਸਾਥੋਂ ਹੌਲੀ-ਹੌਲੀ ਖੁੱਸਦਾ ਜਾ ਰਿਹਾ ਹੈ,ਜਿਸ ਕਾਰਨ ਮਾਨਸਿਕ ਤਣਾਅ ਵੀ ਵੱਧ ਰਿਹਾ ਹੈ। ਉਸ ਨੇ ਇਸ ਵਿਸ਼ੇ ਨਾਲ ਸੰਬੰਧਿਤ ਕਈ ਨਜ਼ਮਾਂ ਨੂੰ ਖ਼ੂਬਸੂਰਤੀ ਨਾਲ ਚਿਤਰਿਆ ਹੈ।

ਨਜ਼ਮ 'ਅੰਮੜੀ ਦੀ ਹੂਕ' ਹਿਰਦਾ ਵਿਲੂੰਦਰਦੀ ਨਜ਼ਮ ਹੈ।' ਉਹ /ਅਸਹਿ ਪੀੜਾਂ-- /ਜਦੋਂ ਤੂੰ /ਪਹਿਲੀ /ਕਿਲਕਾਰੀ /ਮਾਰੀ ਸੀ--ਜਰ ਲਈਆਂ --ਪੁੱਤਰਾ! ਐਪਰ …ਬਿਰਧ ਆਸ਼ਰਮ ਵਿੱਚ/ਔਲਾਦ ਦੇ ਹੁੰਦਿਆਂ/ਔਲਾਦ ਦੇ ਮੋਹ /ਤੋਂ ਸੱਖਣੀ/ਅਭਾਗਣ ਮਾਂ /ਤੋਂ ਦੁੱਖ ਜ਼ਰ /ਨੀਂ ਹੁੰਦਾ - -।'

ਪੰਜਾਬ ਵਿਚ ਵੀ ਬਿਰਧ ਆਸ਼ਰਮ ਪੱਛਮ ਦੀਆਂ ਲੀਹਾਂ ਤੇ ਤੇਜ਼ੀ ਨਾਲ ਖੁੱਲ ਰਹੇ ਹਨ, ਜਿਨ੍ਹਾਂ ਦੇ ਆਪਣੇ ਗੁਣ-ਔਗੁਣ ਹਨ।

'ਮਦਰ-ਡੇ' ਨੂੰ ਸੋਸ਼ਲ ਸਾਈਟਾਂ 'ਤੇ ਤਾਂ ਖ਼ੂਬ ਤਸਵੀਰਾਂ ਪਾ-ਪਾ ਕੇ ਮਨਾਇਆ ਜਾਂਦਾ ਪਰ ਅਗਲੇ ਦਿਨ ਹੀ'- - ਉਹ ਕਾਗ਼ਜ਼ੀ ਤਸਵੀਰਾਂ- -ਹਟਾ ਦਿੱਤੀਆਂ ਗਈਆਂ/ਤੇ ਬਿਰਧ ਆਸ਼ਰਮ ਦੇ/ਨੁੱਕਰ 'ਚ ਆਪਣੀ /ਔਲਾਦ ਨੂੰ ਉਡੀਕਦੀ/ਉਹ ਅਭਾਗਣ ਮਾਂ/ਇੱਕ ਵਾਰ ਫੇਰ/ਆਪਣੇ ਹੰਝੂਆਂ ਦੀਆਂ /ਘੁੱਟਾਂ ਭਰ, ਭੁੱਖੇ-ਭਾਣੇ--/ਆਪਣੀ ਉਮਰ ਦਾ /ਇੱਕ ਵਰਾ ਹੋਰ/ਘਟਾ ਲੈਂਦੀ ਹੈ।

 

ਨਸ਼ਾਖੋਰੀ ਦੀ ਖੁੱਲ੍ਹੀ ਵਰਤੋਂ ਪ੍ਰਚੱਲਿਤ ਹੈ,ਜੋ ਦੇਸ਼ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੀ ਹੈ।ਪਰਮਜੀਤ ਇੱਕ ਚਿੱਤਰਕਾਰ ਦੇ ਨਾਤੇ ਆਪਣੇ ਚਿੱਤਰਾਂ ਵਿਚ ਚਿੱਟਾ ਰੰਗ ਦੀ ਵਰਤੋਂ ਕਰਦਾ ਨਜ਼ਮ 'ਚਿੱਟਾ' ਵਿਚ ਚਿੰਤਤ ਹੋਇਆ ਕਹਿੰਦਾ, - -' ਕੈਨਵਸ ਤੇ/ਅਧੂਰੀ/ਰਹਿ ਜਾਂਦੀ ਹੈ/ਅੱਜਕੱਲ੍ਹ ਹਰ/ਤਸਵੀਰ ਮਿਰੀ- - ਹੁਣ ਰੰਗਾਂ ਵਿੱਚ"ਚਿੱਟਾ"/ਮਿਲਾਉਣ ਨੂੰ /ਜੀਅ ਕਰਦਾ /ਨੀ ਮੇਰਾ!'

'ਜ਼ਿੰਦਗੀ ਦੇ ਰੰਗ' ਵਿਚ ਕਵੀ ਬਹੁਤ ਸੁਚੱਜੇ ਢੰਗ ਨਾਲ ਵੱਖ-ਵੱਖ ਰੰਗਾਂ ਦੀ ਵਿਆਖਿਆ ਕਰਦਾ ਹੈ ਪਰ ਜਦ ਸ਼ਾਂਤੀ ਦੇ ਸਫ਼ੇਦ ਰੰਗ ਦੀ ਗੱਲ ਕਰਦਾ ਤਾਂ ਨਿਰਾਸਤਾ ਭਰੀ ਵਿਅੰਗ ਵਿਚ ਕਹਿੰਦਾ,'- -ਸ਼ਾਂਤੀ ਦਾ ਰੰਗ ਕਿਧਰੇ ਵੀ/ਹੁਣ ਨਾ ਯਾਰੋ ਲੱਭੇ।ਚਿੱਟਾ ਤਾਂ ਹੁਣ 'ਚਿੱਟੇ' ਵਾਕਣ/ਮੈਨੂੰ ਯਾਰੋ ਲੱਗੇ।'

ਭਰੂਣ ਹੱਤਿਆ ਵਿਸ਼ੇ 'ਤੇ ਕਈ ਨਜ਼ਮਾਂ ਪੜ੍ਹਨ ਨੂੰ ਮਿਲਦੀਆਂ ਹਨ,ਜਿਨ੍ਹਾਂ ਵਿਚ ਕਵੀ ਨੇ ਆਪਣਾ ਦਿਲੀ-ਦੁੱਖ ਦਰਸਾਇਆ ਅਤੇ ਸਮਾਜ 'ਤੇ ਭਰਵਾਂ ਵਿਅੰਗ ਕੱਸਿਆ ਹੈ। ਇਹ ਲਿਖਤਾਂ ਦੱਸਦੀਆਂ ਹਨ ਕਿ ਉਹ ਆਪਣੀ ਗੱਲ ਬੜਾ ਨਿਧੜਕ ਹੋ ਕੇ ਕਹਿ ਦਿੰਦਾ ਹੈ। ਆਪਣੀ ਸ਼ਾਇਰੀ ਵਿਚ ਅਜਿਹੇ ਸਮਾਜ ਨਾਲ ਸੰਬੰਧਿਤ ਅਹਿਮ ਮੁੱਦਿਆਂ ਬਾਰੇ ਲੋਕਾਂ ਪ੍ਰਤੀ ਜ਼ਿਕਰ ਬੇ-ਬਾਕੀ ਨਾਲ ਕਰਦਾ ਹੈ ਅਤੇ ਆਪਣੇ ਲੇਖਕ ਹੋਣ ਦਾ ਮੂਲ ਫ਼ਰਜ਼ ਪਹਿਚਾਣਦਾ ਹੈ।

ਉਸ ਨੇ ਇਸ ਵਿਸ਼ੇ ਨੂੰ 'ਅਧੂਰੀ ਕਵਿਤਾ' ਵਿਚ ਸੰਕੇਤਕ ਨਾਲ ਇੰਜ ਕਿਹਾ ਕਿ ਕਵਿਤਾ ਨੂੰ ਪੂਰੀ ਕਰਨ ਦੀ ਕੋਸ਼ਿਸ਼ ਹੀ ਜਗਦੀ ਹੈ ਜਦੋਂ-' ਮੇਰੇ ਜ਼ਿਹਨ /ਦੇ ਵਿੱਚ ਪੁੰਗਰੇ /ਉਨ੍ਹਾਂ ਸ਼ਬਦਾਂ ਦਾ/ਗਰਭ 'ਚ ਹੀ/ਜਨਮ ਤੋਂ ਪਹਿਲਾਂ/ਹੋ ਜਾਂਦੇ ਹੈ ਕਤਲ!'

'ਅਧਮੋਏ ਰਿਸ਼ਤਿਆਂ ਦੀ ਦਾਸਤਾਂ' ਵਿਚ-' ਕੁੱਖ ਦੇ ਅੰਦਰ ਕੂੰਜ ਹੈ ਸਹਿਮੀ,/ਕਿੰਜ ਰੋਵੋ ਤੇ ਕੁਰਲਾਵੇ।/ਕਿੱਤੇ ਨੇ ਰੱਬਾ ਮੋਹ ਦੀਆਂ ਤੰਦਾਂ,/ਮਾਪੇ ਧੀ ਤੇ ਛੁਰੀ ਚਲਾਵੇ। ਮਾਪੇ ਹੀ ਜਿੱਥੇ ਜਲਾਦ ਬਣ ਜਾਣ,ਉੱਥੇ ਸਮਾਜ ਕਿਵੇਂ ਠੀਕ ਰਹਿ ਸਕਦਾ?

'ਬੇ-ਜ਼ਮੀਰ' ਨਜ਼ਮ ਸਿਖਰ ਦੀ ਹੈ,ਜਿਸ ਵਿਚ ਸਮਾਜ ਪ੍ਰਤੀ ਬਹੁਤ ਕੁੱਝ ਗ਼ਲਤ ਹੁੰਦਾ ਦਰਸਾਇਆ ਹੋਇਆ ਹੈ।' ਰੁੱਖਾਂ ਦਾ ਮੈਂ ਮੁੱਢ ਤੋਂ ਵੈਰੀ/ਚਿੜੀਆਂ ਦੇ ਘਰ ਉਖਾੜਾਂ।/ਬੋਟੀ - ਬੋਟੀ ਧੀ ਦੀ ਕਰਕੇ/ਮਾਂ ਕਿਸੇ ਦੀ ਕੁੱਖ ਉਜਾੜਾਂ।'

'ਕੰਜਕਾਂ' ਵਿਚ ਉਸ ਨੇ"ਅੰਕੜਿਆਂ 'ਨੂੰ ਵਿਅੰਗਮਈ ਤਰੀਕੇ ਨਾਲ ਵਰਤ ਕੇ ਆਪਣੀ ਸ਼ਾਇਰੀ ਨੂੰ ਸਿਖਰ ਦੀ ਛੋਹ ਦੇ ਦਿੱਤੀ ਹੈ।-' ਕੌਣ ਆਖਦੈ/ਕਿ ਕੁੜੀਆਂ ਦਾ/ਅੰਕੜਾ ਘੱਟ ਰਿਹਾ ?/ਨਹੀਂ!-- ਝਾਤ ਮਾਰ ਲਵੋ/ਕੁੱਝ ਮਾਂ ਦੇ ਗਰਭ 'ਚ/ਕੁੱਝ ਰੂੜ੍ਹੀ ਦੇ ਢੇਰਾਂ ਤੇ/ ਕੁੱਝ ਡਸਟ-ਬਿਨ 'ਚ/ਕੁਝ ਪੰਘੂੜਿਆਂ ਤੇ/ਕੁਝ ਹਸਪਤਾਲਾਂ 'ਚ/ਕੁਝ ਰੇਲ ਦੀ ਪਟੜੀਆਂ 'ਤੇ/ਕੁਝ ਸੂਏ ਤੇ ਕੱਸੀਆਂ 'ਚ/ਤੇ ਕੁਝ ਨੂੰ ਪੋਲੀਥੀਨ 'ਚ/ਪੈਕ ਕਰਕੇ ਸੁੱਟ ਦਿੱਤਾ ਜਾਂਦਾ--।'ਫਿਰ ਉਹ ਸਵਾਲ ਕਰਦਾ ਕਿ- -' ਹੁਣ ਦੱਸਣਾ ਮੇਰੇ ਪਾਠਕੋ!/ਇਨ੍ਹਾਂ ਕੂੰਜਾਂ ਦੀ /ਗਿਣਤੀ ਦਾ ਅੰਕੜਾ /ਘਟਿਆ ਜਾ ਵਧਿਆ?

'ਅਰਜੋਈ'-' ਪੁੱਤਰ ਤੇ ਧੀ ਇੱਕ ਸਮਾਨ/ਚਿਰਾਗ਼ ਨੇ ਦੋਵੇਂ ਘਰ ਦੇ, ਅਲਟਰਾਸਾਊਡ ਧੀ ਨੂੰ ਮਾਰੇ/ਕੀ ਦੋਸ਼ ਦਿਆਂ ਮੈਂ ਕੁੱਖਾਂ ਨੂੰ?

ਅਜਿਹੀਆਂ ਪ੍ਰਭਾਵਸ਼ਾਲੀ ਅਤੇ ਕਟਾਖਸ਼ ਭਰੀਆਂ ਛੋਟੀਆਂ ਕਵਿਤਾਵਾਂ ਪੜ੍ਹਨ ਨੂੰ ਘੱਟ ਹੀ ਮਿਲਦੀਆਂ ਹਨ। ਇਹ ਰਚਣ ਕਲਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮੂਲ ਹਕੀਕੀ ਵਿਚਾਰ ਅਤੇ ਮਨ ਦੇ ਅਹਿਸਾਸ ਨੂੰ ਸੁੰਦਰ ਢੰਗ ਨਾਲ ਕੋਈ ਵਿਸ਼ੇਸ਼ ਬੁੱਧੀਮਾਨ ਰਚਨਹਾਰ ਹੀ ਅਜਿਹਾ ਅਭਿਵਿਅਕਤ ਕਰ ਸਕਦੈ।ਇਹ ਗੁਣ ਪਰਮਜੀਤ ਦੀ ਕਾਵਿ-ਕਲਾ ਵਿਚ ਦੇਖਣ ਨੂੰ ਮਿਲਦੇ ਹਨ।

 

ਰਾਜਸੀ ਖੇਤਰ

ਇੱਕ ਚੇਤੰਨ ਲੇਖਕ ਹੋਣ ਦੇ ਨਾਤੇ,ਉਸ ਨੇ ਕੁੱਝ ਨਜ਼ਮਾਂ ਵਿਚ ਵਿਕਾਸ,ਮਹਿੰਗਾਈ,ਕਿਰਤ ਦਾ ਸ਼ੋਸ਼ਣ,ਵੋਟਾਂ ਦਾ ਵਿਕਣਾ,ਪ੍ਰਦੂਸ਼ਿਤ ਵਾਤਾਵਰਨ ਅਤੇ ਕਾਨੂੰਨ ਬਾਰੇ ਮੂਲ ਵਾਣ ਵਿਚਾਰ ਪੇਸ਼ ਕੀਤੇ ਹਨ।ਲੇਖ ਨੂੰ ਸੰਖੇਪ ਰੱਖਦਿਆਂ ਪਰ ਪਾਠਕਾਂ ਦੀ ਜਾਣਕਾਰੀ ਹਿਤ ਕੇਵਲ ਵੰਨਗੀ ਵਜੋਂ ਕੁੱਝ-ਕੁੱਝ ਅੰਸ਼ ਹੀ ਪੇਸ਼ ਕਰਾਂਗਾ।

'ਵਿਕਾਸ'- ਦੀ ਪਰਿਭਾਸ਼ਾ ਬਾਰੇ,ਵਿਅੰਗ ਦਾ ਨਸ਼ਤਰ ਚਲਾਉਂਦੀਆਂ ਉੱਭਰਵੀਂ ਆਵਾਜ਼ ਵਿਚ ਕਹਿੰਦਾ ਹੈ,ਕਿਹੜੇ ਵਿਕਾਸ- - ਦੀ/ਗੱਲ ਕਰਦੇ ਹੋ -।ਜਵਾਨੀ ਨਸ਼ਿਆਂ 'ਚ--ਉਚੇਰੀ ਡਿਗਰੀਆਂ ਵਾਲੇ/ਸੜਕਾਂ ਤੇ ਰੁਲਨ ਤੇ/ ਆਤਮ ਹੱਤਿਆਵਾਂ ਕਰਨ,/ਬੇਵੱਸ ਗ਼ਰੀਬ ਤੇ ਲਾਚਾਰ/ਨੰਗ-ਧੜੰਗੇ ਬਾਲ/ਬਾਜ਼ਾਰਾਂ 'ਚ ਭੀਖ ਮੰਗਣ!-- ਕਿਤੇ ਝਾਤ ਮਾਰ ਲਵੀਂ /ਸ਼ਾਇਦ ਤੈਨੂੰ ਕਿਤੇ ਨਾ ਕਿਤੇ ਵਿਕਾਸ ਦੀ ਝਲਕ/ਮਿਲ ਹੀ ਜਾਵੇ!

'ਆਜ਼ਾਦੀ' - ਪ੍ਰਤੀ ਤਾਂ ਉਸ ਦੀ ਵਿਦਰੋਹ-ਸੁਰ ਸਵਾਲੀਆਂ ਚਿੰਨ੍ਹ ਬਣ ਖੜੀ ਪੁੱਛਦੀ ਹੈ, ਜੋ ਚਿੰਤਾਜਨਕ ਗੱਲ ਹੈ,' ਭੁੱਖਣ ਭਾਣੇ - - ਰੂੜ੍ਹੀ ਦੇ ਢੇਰਾਂ ਵਿੱਚੋਂ/ਭਾਲ ਰਹੀਆਂ ਨੇ ਆਪਣੀਆਂ ਕਿਸਮਤਾਂ!- - - ਗ਼ਰੀਬੀ, ਬੇਬਸੀ/ਭੁੱਖ ਤੇ ਲਾਚਾਰੀ/ਦੀ ਗ਼ੁਲਾਮੀ 'ਚ/ਜਕੜੀਆਂ ਇਹ/ਭੌਲੀਆਂਭਾਲੀਆਂ/ਬਾਲੜੀਆਂ ਕਦੋਂ /ਆਜ਼ਾਦ ਹੋਣਗੀਆਂ?

'ਮਾਂ'-ਨਜ਼ਮ, ਮਿਹਨਤਕਸ਼ ਲੋਕਾਂ ਦੇ ਜੀਵਨ ਸੰਘਰਸ਼ ਅਤੇ ਸੰਤਾਪ ਨਾਲ ਸੰਵੇਦਨਾ ਦਾ ਰਿਸ਼ਤਾ ਜੋੜਦੀ ਹੈ ਅਤੇ ਰੋਹ-ਵਿਦਰੋਹ ਨਾਲ ਸੁਲਗਦੇ ਅਹਿਸਾਸ ਨੂੰ ਜ਼ਬਾਨ ਦਿੰਦੀ ਹੈ।-'ਸੜਕ ਤੇ/ਰੋੜ੍ਹੀ ਕੁੱਟ ਰਹੀ-- ਭੁੱਖਣ ਭਾਣੇ/ਬਚੜੇ-ਦਾ ਸੇਕ!-ਅਚਾਨਕ/ਮਾਲਕ ਦੀ ਇੱਕ /ਜ਼ੋਰਦਾਰ ਗਰਜ਼ਵੀਂ /ਆਵਾਜ਼ ਦੇ ਨਾਲ-- ਤ੍ਰਿਬਕ ਕੇ/ਉੱਠੀ,/ਤੇ ਮੁੜ ਫੇਰ/ਲੱਗਦੀ ਹੈ/ਸੜਕ ਤੇ ਰੋੜੀ/ਨੂੰ ਕੁੱਟਣ!

ਧਰਮ ਉੱਤੇ ਸਿਆਸਤ

ਅੱਜ ਕਲ ਦੀ ਸਿਆਸਤ ਨੇ ਮੀਡੀਆ ਨੂੰ ਵੀ ਆਪਣੀ ਜਕੜ ਵਿਚ ਕਰ ਰੱਖਿਆਂ ਹੈ,ਜਿਸ ਕਾਰਨ ਲੋਕਾਂ ਕੋਲ ਸਹੀ ਸੂਚਨਾਵਾਂ ਨਹੀਂ ਪਹੁੰਚਦੀਆਂ।ਇਸ ਪੱਖ ਤੋਂ ਉਹ ਗੈਰæਰ-ਜ਼ਿਮੇਵਾਰੀ ਵਾਲਾ ਵਤੀਰਾ ਦਿਖਾਉਂਦਾ ਹੈ।ਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ (ਸ਼ਬਦ ਗੁਰੂ ਦੇ ਅੰਗਾਂ ਦੀ ਬੇ-ਅਦਬੀ),ਦੰਗੇ-ਫ਼ਸਾਦ ਕਰਵਾਏ ਜਾਂਦੇ ਹਨ ਅਤੇ ਫਿਰ ਇਨ੍ਹਾਂ ਦੰਗੇ-ਫ਼ਸਾਦਾਂ ਦੀਆਂ ਖ਼ਬਰਾਂ ਦਾ ਵਿਸਥਾਰ ਦਿੰਦੇ ਗੱਲ ਹੋਰ ਦੀ ਹੋਰ ਹੀ ਦਾ ਰੌਲਾ ਪਾ ਦਿੱਤਾ ਜਾਂਦਾ।ਅਜਿਹੇ ਦ੍ਰਿਸ਼ æਨਜ਼ਮ 'ਧਰਮ ਬਨਾਮ ਰਾਜਨੀਤੀ', 'ਦੀਵਾਲੀ'ਅਤੇ ਅ'ਆਖ਼ਰ ਕਦ ਤੱਕ!'ਨਜ਼ਮਾਂ ਵਿਚ ਪਰਮਜੀਤ ਨੇ ਇਨ੍ਹਾਂ ਬਾਰੇ ਬਹੁਤ ਵਧੀਆ ਚਿਤਰਿਆ ਹੈ।

'ਧਰਮ ਬਨਾਮ ਰਾਜਨੀਤੀ' ਇਸ ਵਿਚੋਂ ਕੋਈ ਵੀ ਟੂਕ ਕੱਢਣੀ ਔਖੀ ਹੈ,ਕਿਉਂਕਿ ਇਸ ਦੀ ਬਣਤਰ ਹੀ ਬਹੁਤ ਪੀਡੀ ਹੈ।ਪਰ ਫਿਰ ਵੀ-' ਜਦ ਇਹ/ਜ਼ਬਰ ਤੇ ਜ਼ੁਲਮ/ਹੱਦੋਂ ਟੱਪਦਾ--ਉਦੋਂ ਕਈ ਮਾਂਵਾਂ ਦੇ/ਕਲੇਜੇ ਦੇ ਟੁਕੜੇ,/ਭੈਣਾਂ ਦੀਆਂ ਸੱਧਰਾਂ/ਅਤੇ ਸੁਹਾਗਣਾਂ ਦੇ ਸੁਹਾਗ/ ਓਸ ਲਹੂ-ਪੀਣੀ/ਰਾਜਨੀਤੀ ਦੇ/ਦਾਅ ਤੇ ਲੱਗਦੇ ਨੇ;ਬੇ-ਬੱਸ ਹੋਈ ਮਨੁੱਖਤਾ/ਦੀਆਂ ਅਣਖਾਂ ਤੇ/ਜਾਗਦੀਆਂ ਜ਼ਮੀਰਾਂ/ਦਾ ਕਾਤਿਲ ਉਦੋਂ/ਹੁਕਮਰਾਨ ਹੁੰਦੈ!

'ਦਿਵਾਲ਼ੀ'-'ਜਦ ਦੀ/ਸੁਰਤ ਸੰਭਾਲੀ ਹੈ/ਅਨੇਕਾਂ ਹੀ/ਦੀਵਾਲੀਆਂ ਨੂੰ--ਆਪਣੇ ਪਰਿਵਾਰ ਦੇ--ਜੀਆਂ ਦੇ ਨਾਲ/ਬਨੇਰਿਆਂ ਉੱਤੇ

/ਦੀਪ ਜਲਾ ਵੇਖਿਆ /ਅਤੇ ਮਾਣਿਆ ਹੈ… ਤੇ ਅੱਜ ਮੇਰੇ /ਸ਼ਬਦ ਗੁਰੂ ਦੇ/ਅੰਗਾਂ ਦੀ/ਹੋਈ ਬੇ-ਅਦਬੀ/ਦੇ ਕਾਰਨ ਮੈਂ/ਪੂਰਨ ਚੁੱਪ ਹਾਂ,ਮੇਰੀ ਜ਼ਿੰਦਗੀ ਦੀ--- ਰੌਸ਼ਨੀ ਤੋਂ ਬਿਨਾਂ /ਪਹਿਲੀ ਦਿਵਾਲ਼ੀ ਹੈ।'

' ਆਖ਼ਰ ਕਦ ਤੱਕ!' --ਸਿਆਸਤ ਦੀ /ਸੰਘੀ ਨੂੰ ਨੱਪ/ਮੰਢਰਾਅ ਰਹੇ ਨੇ /ਕਈ ਮਸਲੇ।-- ਆਖ਼ਰ ਕਦੋਂ ਤੱਕ? ਆਵੇਗਾ ਅਵਾਮ ਨੂੰ /ਸੁੱਖ ਦਾ ਸਾਹ।'

ਇਹ ਨਜ਼ਮਾਂ ਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਪਰਮਜੀਤ ਵਿਚਾਰਧਾਰਕ ਤੌਰ ਉੱਤੇ ਨਾ ਸਿਰਫ਼ ਇੱਕ ਚੇਤੰਨ ਕਵੀ ਹੀ ਹੈ,ਸਗੋਂ ਉਹ ਸਮਝਦਾ ਹੈ ਕਿ ਕਾਵਿ ਸਿਰਜਣਾ ਦੀ ਪ੍ਰਕ੍ਰਿਆ ਵਿੱਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖ਼ਲ ਅੰਦਾਜ਼ੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।

ਅਜੇ ਬਹੁਤ ਸਾਰੀਆਂ ਮਹੱਤਵਪੂਰਨ ਕਵਿਤਾਵਾਂ ਰਹਿ ਗਈਆਂ ਹਨ ਜਿਨ੍ਹਾਂ ਦਾ ਸਾਡੇ ਨਾਲ ਕਰੀਬੀ ਸੰਬੰਧ ਹੈ।

 

ਅੰਤ ਵਿਚ, ਪਰਮਜੀਤ ਰਾਮਗੜ੍ਹੀਆ ਦੀ ਸਿਰਜਣ ਪ੍ਰਕਿਰਿਆ ਬਾਰੇ ਇਹ ਕਹਿਣਾ ਹੈ ਕਿ ਉਹ ਯਥਾਰਥ ਵਿਚ ਵਿਚਰਦੀ, ਆਸ਼ਾਵਾਦੀ,

ਸੁਧਾਰਕ,ਚੇਤੰਨ ਬੁੱਧ,ਤੀਖਣ ਜਜ਼ਬੇ,ਜਾਗਰੂਕ ਅਤੇ ਲੋਕ-ਹਿਤੈਸ਼ੀ ਕਵੀ ਹੈ। ਉਹ ਬਿਨਾਂ ਕਿਸੇ ਲੁਕ-ਲਪੇਟ, ਸਪਸ਼ਟਤਾ ਨਾਲ ਪਾਠਕਾਂ ਦੇ ਦਿਲਾਂ ਤਕ ਆਪਣੀ ਕਲਮ ਰਾਹੀਂ ਸਹਿਜੇ ਪਹੁੰਚਣ ਦੀ ਸ਼ਕਤੀ ਰੱਖਦਾ ਹੈ। ਉਸ ਦੀ ਲਿਖਣ ਸ਼ੈਲੀ ਸਰਲ,ਵਿਸ਼ਾ ਵਸਤੂ-ਜ਼ਿੰਦਗੀ ਦੀਆਂ ਹਕੀਕਤਾਂ ਨਾਲ ਜੁੜਿਆ ਹੋਇਆ,ਰੂਪ ਅਤੇ ਬਣਤਰ ਵਧੀਆ ਢੰਗ ਦੀ ਹੈ। ਕਵਿਤਾ ਦੇ ਵਿਸ਼ੇ ਅਨੁਸਾਰ, ਉਹ ਸ਼ਬਦਾਂ ਦੀ ਚੋਣ, ਤਰਤੀਬ ਅਤੇ ਆਕਾਰ ਨੂੰ ਪ੍ਰਭਾਵੀ ਢੰਗ ਨਾਲ ਆਪਣੀ-ਆਪਣੀ ਸਹੀ ਥਾਵਾਂ 'ਤੇ ਸਥਾਪਤ ਕਰਨ ਵਿਚ ਨਿਪੁੰਨ ਹੈ,ਜਿਸ ਨਾਲ ਸੁਨੇਹੇ ਵਿਚਲਾ ਪ੍ਰਭਾਵ ਵਧੇਰੇਅਸਰਦਾਰ ਹੋ ਜਾਂਦਾ ਹੈ। ਇਸੇ ਲਈ ਜਦੋਂ ਜਨਤਕ ਹਿਤਾਂ ਲਈ ਕਿਸੇ ਨੂੰ ਵੰਗਾਰਨ ਦੀ ਲੋੜ ਪਵੇ ਜਾਂ ਰਾਜਨੀਤਕ ਪ੍ਰਣਾਲੀ ਅਤੇ ਪ੍ਰਸ਼ਾਸਨ ਉੱਤੇ ਤਰਕ ਵਿਅੰਗ ਕੱਸਣਾ ਹੋਵੇ ਤਾਂ ਉਸੇ ਕਿਸਮ ਦੇ ਸ਼ਬਦਾਵਲੀ ਦਾ ਪ੍ਰਯੋਗ ਕਰਦਾ ਹੈ।

ਕੁਲ ਮਿਲਾਕੇ,ਉਸ ਦੀ ਕਵਿਤਾ ਲੋਕਾਂ ਦੇ ਹੱਕਾਂ ਲਈ, ਉਨ੍ਹਾਂ ਦੀ ਚੇਤਨਾ ਜਗਾਉਣ, ਜ਼ਿੰਦਗੀ ਨੂੰ ਉਤਸ਼ਾਹਿਤ ਕਰਨ ਅਤੇ ਵਰਤਮਾਨ ਗੈਰ-ਸੰਪਰਕ ਯੋਗ ਪ੍ਰਣਾਲੀ 'ਚ ਸੁਧਾਰ ਲਿਆਉਣ ਲਈ ਸੰਘਰਸ਼ ਕਰ ਰਹੀ ਹੈ।

 

ਉਸ ਦੀ ਪੁਸਤਕ 'ਅਧੂਰੀ ਕਵਿਤਾ' ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ।

ਸ਼ਾਲਾ! ਉੁਹ ਆਪਣੇ ਉਦੇਸ਼ ਵਿਚ ਸਦਾ ਕਾਮਯਾਬੀ ਦੀਆਂ ਸਿਖ਼ਰਾਂ ਛੁੰਹਦਾ ਰਹੇ।

 

ਸੁਰਜੀਤ ਸਿੰਘ ਭੁੱਲਰ- (USA)

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-