News

ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

May 19, 2019 10:35 PM

ਆਦਰਸ਼ ਮਤਦਾਨ ਕੇਂਦਰ ਅਤੇ ਗੁਲਾਬੀ ਪੋਲਿੰਗ ਬੂਥ ਰਹੇ ਖਿੱਚ ਦਾ ਕੇਂਦਰ 

 -ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

-ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸੌਂਪੇ ਪ੍ਰਸ਼ੰਸ਼ਾ ਪੱਤਰ

ਮਾਨਸਾ, 19 ਮਈ (ਤਰਸੇਮ ਸਿੰਘ ਫਰੰਡ) : ਮਾਨਸਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ-2019 ਦਾ ਮਤਦਾਨ ਸ਼ਾਂਤੀ ਪੂਰਵਕ ਅਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਗਏ ਆਦਰਸ਼ ਮਤਦਾਨ ਕੇਂਦਰ ਅਤੇ ਗੁਲਾਬੀ ਪੋਲਿੰਗ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ, ਕਿਉਂਕਿ ਇੱਥੇ ਬਜ਼ੁਰਗਾਂ, ਔਰਤਾਂ ਅਤੇ ਅੰਗਹੀਣ ਵਿਅਕਤੀਆਂ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਧੀਆ ਬੰਦੋਬਸਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮਤਦਾਨ ਕਰਨ ਆਏ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਇਨ੍ਹਾਂ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪ੍ਰਸ਼ੰਸ਼ਾ ਪੱਤਰ ਵੀ ਸੌਂਪੇ ਗਏ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਤਿੰਨੇ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਵਿੱਚ ਤੜਕਸਾਰ ਹੀ ਵੋਟਰਾਂ ਅੰਦਰ ਵੋਟਾਂ ਪਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਵੀ ਆਰੀਆ ਸਕੂਲ ਦੇ 79 ਨੰਬਰ ਬੂਥ ਵਿੱਚ ਸਭ ਤੋਂ ਪਹਿਲਾਂ ਆਪਣਾ ਮਤਦਾਨ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ ਲਈ ਜਿੱਥੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ, ਉਥੇ ਵੋਟ ਪ੍ਰਕ੍ਰਿਆ ਨੇਪਰੇ ਚਾੜ੍ਹਨ 'ਤੇ ਸਮੁੱਚੇ ਚੋਣ ਅਮਲੇ ਦੀ ਪ੍ਰਸ਼ੰਸ਼ਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਮ ਦੇ 5 ਵਜੇ ਤੱਕ ਆਈ ਪੋਲਿੰਗ ਰਿਪੋਰਟ ਦੇ ਅਨੁਸਾਰ ਮਾਨਸਾ-96 ਹਲਕੇ ਵਿਚ 61.37 ਫੀਸਦੀ, ਸਰਦੂਲਗੜ੍ਹ-97 ਹਲਕੇ 'ਚ 62.67 ਫੀਸਦੀ ਅਤੇ ਬੁਢਲਾਡਾ-98 ਹਲਕੇ ਵਿਚ 64 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਮਤਦਾਨ ਕੇਂਦਰਾਂ ਵਿੱਚ ਤਿਓਹਾਰ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਵੋਟ ਪਾਉਣ ਤੋਂ ਬਾਅਦ ਨੌਜਵਾਨਾਂ ਨੇ ਸੈਲਫੀ ਪੁਆਇੰਟ 'ਤੇ ਜਾ ਕੇ ਸੈਲਫੀਆਂ ਵੀ ਖਿੱਚੀਆਂ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਰਿਆਤ ਨੇ ਆਪ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਮਾਨਸਾ ਜ਼ਿਲ੍ਹੇ ਅੰਦਰ 26 ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਨੂੰ ਵਿਆਹ-ਸ਼ਾਦੀਆਂ ਵਾਂਗ ਸਜਾ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਮਾਨਸਾ ਹਲਕੇ ਵਿਖੇ ਦਸਮੇਸ਼ ਪਬਲਿਕ ਸਕੂਲ ਮਾਨਸਾ 'ਚ 4, ਐਸ.ਡੀ.ਗਰਲਜ਼ ਕਾਲਜ ਮਾਨਸਾ 'ਚ 2, ਹੋਲੀ ਹਾਰਟ ਪਬਲਿਕ ਸਕੂਲ 'ਚ 2, ਸਰਕਾਰੀ ਹਾਈ ਸਕੂਲ ਕੋਟੜਾ ਕਲਾਂ 'ਚ 2 ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਵਿੱਚ 3 ਮਾਡਲ ਬੂਥ ਸਥਾਪਿਤ ਕੀਤੇ ਗਏ। ਇਸੇ ਤਰ੍ਹਾਂ ਸਰਦੂਲਗੜ੍ਹ ਹਲਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੇ 2, ਸਰਕਾਰੀ ਹਾਈ ਸਕੂਲ ਮਾਖਾ 2, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ 1 ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਸਰਦੂਲੇਵਾਲਾ ਦੇ 2 ਬੂਥ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦਾ 1 ਬੂਥ ਸਥਾਪਿਤ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਬਰੇਟਾ ਅਤੇ ਬੋਹਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ  ਵਿੱਚ 1-1 ਬੂਥ ਸਥਾਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ 'ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਬਜ਼ੁਰਗਾਂ, ਔਰਤਾਂ ਅਤੇ ਦਿਵਯਾਂਗ ਵਿਅਕਤੀਆਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਬੂਥ ਸੋਹਣੇ ਢੰਗ ਨਾਲ ਸਜਾਏ ਗਏ ਸਨ, ਜਿਸ ਕਾਰਨ ਇਹ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਸ਼ਾਂਤਮਈ ਢੰਗ ਨਾਲ ਵੋਟਾਂ ਪੁਆਈਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਪੂਰੀ ਮੁਸ਼ਤੈਦੀ ਨਾਲ ਹਰੇਕ ਬੂਥ 'ਤੇ ਕਰੜੀ ਨਿਗਾਹ ਰੱਖ ਰਹੇ ਸਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ 2019 ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ।

Have something to say? Post your comment