News

2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ

May 20, 2019 03:15 PM

2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ  ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ
ਘੱਲੂਘਾਰੇ ਦੀ ਯਾਦ ਹਰ ਪਿੰਡ,ਹਰ ਸ਼ਹਿਰ ਹਰ ਕਸਬੇ ਵਿੱਚ ਮਨਾਈ ਜਾਵੇ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

ਲੰਡਨ - ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਭਾਰਤੀ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਬਲਕਿ ਇਸ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਯਤਨਸ਼ੀਲ ਰਹੇਗੀ । ਦੁਨੀਆਂ ਭਰ ਵਿੱਚ ਵਸਦੇ ਹਰ ਸਿੱਖ ਦਾ ਫਰਜ਼ ਹੈ ਕਿ ਉਹ ਇਸ ਖੂਨੀ ਘੱਲੂਘਾਰੇ ਦੀ ਯਾਦ ਨੂੰ ਇੱਕ ਜ਼ਖਮ ਦੀ ਨਿਆਂਈਂ ਸਮਝਦਾ ਹੋਇਆ ਇਸਦੇ ਦੇ ਸਦੀਵੀ ਇਲਾਜ ਰੂਪੀ ਕੌਮੀ ਅਜਾਦੀ ਪ੍ਰਤੀ ਵਚਨਬੱਧ ਹੋਵੇ ।ਬਰਤਾਨੀਆ ਵਿੱਚ ਅਜ਼ਾਦ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ  ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ 2 ਜੂਨ ਐਤਵਾਰ  ਵਾਲੇ ਦਿਨ ਲੰਡਨ ਵਿੱਚ ਕੀਤੇ ਜਾ ਰਹੇ ਰੋਸ ਮੁਜਾਹਰੇ ਦਾ ਪੋਸਟਰ ਜਾਰੀ ਕੀਤਾ ਗਿਆ ।  ਮਿੱਡਲੈਂਡ ਦੇ ਮੋਟਰਵੇਅ ਐੱਮ 5 ,ਐੱਮ 6 ਸਮੇਤ ਵੱਖ ਵੱਖ ਥਾਵਾਂ ਤੇ  ਰੋਸ ਮੁਜਾਹਰੇ ਦੀ ਜਾਣਕਾਰੀ ਹਿੱਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਡਿਜ਼ੀਟਲ ਸਕਰੀਨਾਂ ਵਿਦੇਸ਼ੀ ਲੋਕਾਂ ਵਾਸਤੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀਆਂ ਹਨ ।ਇਹਨਾਂ ਲਾਗਿਉਂ ਗੁਜ਼ਰਨ ਵਾਲੇ ਡਰਾਈਵਰਾਂ ਦੀ ਨਿਗਾਹ ਜਦ ਸੰਤ ਜਰਨੈਲ ਸਿੰਘ ਜੀ ਖਲਾਸਾ ਭਿੰਡਰਾਂਵਾਲਿਆਂ ਦੀ ਤਸਵੀਰਾਂ ਤੇ ਪੈਂਦੀ ਹੈ ਤਾਂ ਸ਼ਰਧਾਵਾਨ ਸਿੱਖਾਂ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ਉੱਥੇ  ਦੂਜੀਆਂ ਕੌਮਾਂ ਦੇ ਉਹ ਲੋਕ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੋਂ ਅਣਜਾਣ ਹਨ ਉਹਨਾਂ ਵਿੱਚ ਉਸ ਮਹਾਂਪੁਰਸ਼ ਬਾਰੇ ਅਤੇ ਜੂਨ 1984 ਦੇ ਖੂਨੀ ਘੱਲੂਘਾਰੇ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਹੋ ਰਹੀ ਹੈ । ਸਰਕੀਨਾਂ ਤੇ ਦਿੱਤੇ ਗਏ ਫੋਨ ਨੰਬਰਾਂ ਤੇ ਉਹ ਲੋਕ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਰਹੇ ਜੋ ਕਿ ਸਿੱਖ ਕੌਮ ਵਾਸਤੇ ਖਾਸ ਕਰਕੇ ਅਜਾਦੀ ਪਸੰਦ ਸਿੱਖਾਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ  ਨੇ ਇੰਗਲੈਂਡ ਭਰ ਦੀਆਂ ਸਿੱਖ ਸੰਗਤਾਂ ਨੂੰ 2 ਜੂਨ ਨੂੰ ਲੰਡਨ ਵਿਖੇ ਕੀਤੇ ਜਾ ਰਹੇ ਰੋਸ ਮੁਜਾਹਰੇ ਵਿੱਚ ਡੱਟ ਕੇ ਸ਼ਮੂਲੀਅਤ ਕਰਨ ਅਪੀਲ ਕੀਤੀ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਿੱਖ ਜਗਤ ਨੂੰ ਸੱਦਾ ਗਿਆ ਕਿ ਉਹ ਆਪੋ ਆਪਣੇ ਦੇਸ਼ਾਂ ,ਸ਼ਹਿਰਾਂ ,ਪਿੰਡਾਂ ਅਤੇ ਕਸਬਿਆਂ ਵਿੱਚ ਸਿੱਖ ਤਵਾਰੀਖ ਵਿੱਚ ਵਾਪਰੇ ਇਸ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਪ੍ਰਤੀ ਵਚਨਬੱਧ ਜਰੂਰ ਹੋਣ । ਲੰਡਨ ਵਿਖੇ ਹੋ ਰਹੇ ਮੁਜਾਹਰੇ ਦੌਰਾਨ 2 ਜੂਨ  ਐਤਵਾਰ  ਵਾਲੇ ਦਿਨ  ਸਵੇਰੇ ਗਿਆਰਾਂ ਵਜੇ ਸਿੱਖ ਸੰਗਤਾਂ ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਅਤੇ ਕੋਚਾਂ ਦੇ  ਕਾਫਲਿਆਂ ਰਾਹੀਂ ਪੁੱਜਣਗੀਆਂ ,ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚਲਾਈ ਜਾਵੇਗੀ ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ਤੇ ਚਾਲੇ ਪਾਵੇਗਾ । ਜ਼ਿਕਰਯੋਗ ਹੈ  ਸਿੱਖ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਭਰਵੇਂ  ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵਲੋ ਹਰ ਸਾਲ ਰੋਸ ਮੁਜਾਹਰਾ ਕੀਤਾ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ । ਸਿੱਖ ਨੌਜਵਾਨਾਂ ਵਿੱਚ ਇਸ ਰੋਸ ਮੁਜਾਹਰੇ ਪ੍ਰਤੀ ਹਰ ਸਾਲ ਉਤਸ਼ਾਹ ਵਧ ਰਿਹਾ ਹੈ । ਵੀਹਵੀਂ ਸਦੀ ਦੇ ਮਹਾਨ ਸਿੱਖ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ,ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ,ਬੀਬੀ ਉਪਕਾਰ ਕੌਰ ਜੀ ਪ੍ਰਧਾਨ ਗਰਲਜ਼ ਵਿੰਗ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ , ਜਨਰਲ ਸ਼ੁਬੇਗ ਸਿੰਘ ਜੀ ,ਬਾਬਾ ਠਾਹਰਾ ਸਿੰਘ ਜੀ  ਨੇ ਆਪਣੇ ਸਾਥੀਆਂ ਨਾਲ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਹਮਲਾ ਕਰਨ ਆਈ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕੀਤਾ  ਅਤੇ ਇੱਕ ਅਸਾਵੀਂ ਜੰਗ ਦਾ ਸ਼ਾਨਾਮੱਤਾ ਇਤਿਹਾਸ ਦੁਨਿਆ ਸਾਹਮਣੇ ਸਿਰਜ ਕੇ ਰੱਖ ਦਿੱਤਾ ਹੈ ,ਜਿਸ ਤੋਂ ਸਿੱਖ ਕੌਮ ਦੀਆਂ ਅਗਲੇਰੀਆਂ ਪੀੜ੍ਹੀਆਂ ਹਮੇਸ਼ਾਂ ਸੇਧ ਲੈਂਦੀਆਂ ਰਹਿਣਗੀਆਂ । ਦੂਜੇ ਪਾਸੇ  ਮੁਗਲੀਆ ਅਤੇ ਹਿਟਲਰੀ ਜ਼ੁਲਮਾਂ ਨੂੰ ਮਾਤ ਪਾਉਂਦਿਆਂ ਭਾਰਤੀ ਫੌਜ ਵਲੋਂ ਨਿਰਦੋਸ਼ ਸਿੱਖ ਬਜੁਰਗਾਂ,ਸਿੱਖ ਬੀਬੀਆਂ ਅਤੇ ਦੁੱਧ ਚੁੰਘਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ । ਸਿੱਖ ਕੌਮ ਦੇ ਸਰਵਉੱਚ ਅਸਥਾਨ ਰਾਜਸੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ,ਸੱਚਖੰਡ  ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰਦਿਆਂ ਜੁੱਗੋ ਜੁੱਗ ਅਟੱਲ ਸਾਹਿਬ  ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪਾਂ ਸਮੇਤ ਸਿੱਖ ਇਤਿਹਾਸ ,ਗੁਰਇਤਿਹਾਸ ਦੇ ਸਰੋਤ ,ਗੁਰੁ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ ਅਗਨ ਭੇਂਟ ਕਰ ਦਿੱਤੇ ਗਏ । ਇਸ ਖੂਨੀ ਅਤੇ ਅੱਤ ਵਹਿਸ਼ੀ ਹਮਲੇ ਨੂੰ ਸਿੱਖ ਕੌਮ ਸਦਾ ਯਾਦ ਰੱਖੇਗੀ । 

Have something to say? Post your comment