Friday, July 10, 2020
FOLLOW US ON

Article

ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ

July 20, 2019 03:13 PM
  ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ 
              -------------------------------------------------                    
                                    ਪ੍ਰੋ. ਨਵ ਸੰਗੀਤ ਸਿੰਘ
 
        'ਗੁਰੂਦੇਵ' ਵਜੋਂ ਜਾਣੇ ਜਾਂਦੇ ਰਾਬਿੰਦਰਨਾਥ ਟੈਗੋਰ ਵਿਸ਼ਵ- ਪ੍ਰਸਿੱਧ ਵਿਅਕਤੀ ਹੋ ਗੁਜ਼ਰੇ ਹਨ। ਉਨ੍ਹਾਂ ਦਾ ਨਾਂ ਸਾਹਿਤ ਅਤੇ ਕਲਾ -ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਹੁੰਦਾ ਹੈ। ਸਰਸਵਤੀ ਅਤੇ ਲਕਸ਼ਮੀ ਦੇਵੀ ਦੀ ਉਨ੍ਹਾਂ ਉੱਤੇ ਅਪਾਰ ਕਿਰਪਾ ਸੀ। ਅਜਿਹੇ ਮਹਾਂਪੁਰਸ਼ ਅਤੇ ਅਦੁੱਤੀ ਪ੍ਰਤਿਭਾ ਦੇ ਧਨੀ ਕਵੀ, ਕਹਾਣੀਕਾਰ, ਨਾਟਕਕਾਰ, ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਅਤੇ ਸਮਾਜ ਸੁਧਾਰਕ ਦਾ ਜਨਮ ਇੱਕ ਖ਼ੁਸ਼ਹਾਲ ਪਰਿਵਾਰ ਵਿੱਚ  7 ਮਈ 1861ਈ. ਨੂੰ ਕਲਕੱਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਾਰਿਸ਼ੀ ਦੇਵੇਂਦਰ ਨਾਥ ਠਾਕੁਰ ਬ੍ਰਹਮੋ- ਸਮਾਜ ਲਹਿਰ ਦੇ ਮੁਖੀ ਸਨ ਅਤੇ ਮਾਤਾ ਸ਼ਾਰਦਾ ਦੇਵੀ ਚੰਗੇ ਵਿਚਾਰਾਂ ਵਾਲੀ ਔਰਤ ਸੀ।
         ਉਨ੍ਹਾਂ ਨੇ ਸਕੂਲ ਵਿੱਦਿਆ ਪ੍ਰਸਿੱਧ ਸੇਂਟ ਜ਼ੇਵੀਅਰ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਉਹ ਬੈਰਿਸਟਰ ਬਣੇ। ਜਿਸ ਲਈ ਉਨ੍ਹਾਂ ਨੂੰ 1878 ਵਿੱਚ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਭੇਜਿਆ ਗਿਆ,ਪਰ ਉਹ ਆਪਣੀ ਪੜ੍ਹਾਈ ਅਧੂਰੀ ਛੱਡ ਕੇ 1880 ਵਿੱਚ ਭਾਰਤ ਪਰਤ ਆਏ, ਕਿਉਂਕਿ ਕਾਨੂੰਨ ਦੀ ਪੜ੍ਹਾਈ ਵਿੱਚ ਉਨ੍ਹਾਂ ਦੀ ਜ਼ਰਾ ਵੀ ਦਿਲਚਸਪੀ ਨਹੀਂ ਸੀ ਅਤੇ ਉਹ ਸਾਹਿਤ ਵਿੱਚ ਰੁਚੀ ਰੱਖਦੇ ਸਨ। 
         ਬੰਗਾਲੀ ਮਾਪਿਆਂ ਦੇ ਚੌਦਾਂ ਬੱਚਿਆਂ 'ਚੋਂ ਤੇਰ੍ਹਵੀਂ ਸੰਤਾਨ ਟੈਗੋਰ ਨੇ ਆਪਣੀ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿੱਚ ਹੀ ਲਿਖ ਲਈ ਸੀ ਅਤੇ ਸਿਰਫ਼ ਸੋਲਾਂ ਵਰ੍ਹਿਆਂ ਦੀ ਉਮਰ ਵਿੱਚ 1877 ਵਿੱਚ ਉਨ੍ਹਾਂ ਦੀ ਕਹਾਣੀ ਪ੍ਰਕਾਸ਼ਿਤ ਹੋ ਗਈ ਸੀ। ਛੋਟੀ ਉਮਰ ਵਿੱਚ ਹੀ ਮਾਤਾ ਦਾ ਦਿਹਾਂਤ ਹੋਣ ਕਰਕੇ ਟੈਗੋਰ ਦੀ ਪਾਲਣਾ- ਪੋਸਣਾ ਨੌਕਰਾਂ ਨੇ ਕੀਤੀ। ਉਹ ਬਚਪਨ ਤੋਂ ਹੀ ਛੰਦ, ਭਾਸ਼ਾ ਅਤੇ ਕਵਿਤਾ ਵਿੱਚ ਰੁਚੀ ਲੈਣ ਲੱਗ ਪਏ ਸਨ।ਉਨ੍ਹਾਂ ਦਾ ਪਹਿਲਾ ਕਾਵਿ- ਸੰਗ੍ਰਹਿ 'ਮਾਨੁ ਸਿੰਹੋ'  ਸਿਰਲੇਖ ਹੇਠ ਛਪਿਆ। ਜਿਸ ਦਾ ਅਰਥ ਹੈ- 'ਸੂਰਜ ਦਾ ਸ਼ੇਰ'।
        9 ਦਸੰਬਰ 1883 ਨੂੰ  'ਗੁਰੂਦੇਵ'  ਦੀ ਸ਼ਾਦੀ ਮ੍ਰਿਣਾਲਿਨੀ ਦੇਵੀ ਨਾਲ ਹੋ ਗਈ।ਉਨ੍ਹਾਂ ਦੇ ਪੰਜ ਬੱਚੇ ਹੋਏ,ਜਿਨ੍ਹਾਂ 'ਚੋਂ ਦੋ ਬੱਚਿਆਂ ਦੀ ਬਚਪਨ ਵਿੱਚ ਹੀ ਮੌਤ ਹੋ ਗਈ। 1902 ਤੋਂ 1907 ਦਾ ਸਮਾਂ ਟੈਗੋਰ ਲਈ ਬਡ਼ਾ ਦੁਖਦਾਈ ਸੀ।ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਪੀੜਾ ਦਾ ਪ੍ਰਭਾਵ ਉਨ੍ਹਾਂ ਦੀਆਂ ਇਸ ਸਮੇਂ ਤੋਂ ਬਾਅਦ ਦੀਆਂ ਰਚਨਾਵਾਂ ਉੱਤੇ ਸਪਸ਼ਟ ਵੇਖਿਆ ਜਾ ਸਕਦਾ ਹੈ।
       ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ- ਨਾਲ ਟੈਗੋਰ ਆਪਣੀ ਕਲਾ ਤੇ ਸਾਹਿਤ-ਸਾਧਨਾ ਵੀ ਮਨ ਲਾ ਕੇ ਕਰਦੇ ਸਨ। ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਜਾਣਕਾਰ ਗੁਰੂਦੇਵ ਟੈਗੋਰ ਨੇ  1912 ਤੋਂ ਬਾਅਦ ਕਾਫ਼ੀ ਸਮਾਂ ਯੂਰਪ ਵਿੱਚ ਬਿਤਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਪ੍ਰਾਪਤੀਆਂ ਕਲਕੱਤਾ ਅਤੇ ਆਸ ਪਾਸ ਤੱਕ ਹੀ ਸੀਮਤ ਸਨ। ਇਕਵੰਜਾ ਸਾਲ ਦੀ ਉਮਰ ਵਿੱਚ ਉਹ ਆਪਣੇ ਬੇਟੇ ਨਾਲ ਇੰਗਲੈਂਡ ਜਾ ਰਹੇ ਸਨ।ਸਮੁੰਦਰੀ ਰਸਤੇ ਰਾਹੀਂ ਇੰਗਲੈਂਡ ਜਾਂਦਿਆਂ ਉਨ੍ਹਾਂ ਨੇ ਆਪਣੀ ਪ੍ਰਸਿੱਧ ਪੁਸਤਕ 'ਗੀਤਾਂਜਲੀ' ਦਾ ਅੰਗਰੇਜ਼ੀ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ, ਜਿਸਨੂੰ ਬੰਗਾਲੀ ਵਿੱਚ ਉਹ ਪਹਿਲਾਂ ਹੀ ਲਿਖ ਚੁੱਕੇ ਸਨ।
       ਭਾਰਤੀ ਸੰਸਕ੍ਰਿਤੀ ਵਿੱਚ ਨਵੀਂ ਜਾਨ ਪਾਉਣ ਵਾਲੇ ਯੁੱਗ- ਪਰਿਵਰਤਕ ਟੈਗੋਰ ਦੇ ਸਿਰਜਣ-ਸੰਸਾਰ ਵਿੱਚ ਗੀਤਾਂਜਲੀ, ਪੂਰਬੀ ਪ੍ਰਵਾਹਿਨ, ਸ਼ਿਸ਼ੂ ਭੋਲਾਨਾਥ, ਮਹੂਆ, ਵਨਵਾਣੀ , ਪਰਿਸ਼ੇਸ਼, ਪੁਨਸ਼ਚ ,ਵੀਥਿਕਾ,ਸ਼ੇਸ਼ਲੇਖਾ, ਚੋਖੇਰਬਾਲੀ, ਕਣਿਕਾ, ਨੇੇੈਵੇਦਯ, ਮਾਯੇਰ ਖੇਲਾ ਅਤੇ ਕਸ਼ਣਿਕ ਆਦਿ ਪੁਸਤਕਾਂ ਸ਼ਾਮਲ ਹਨ।ਉਨ੍ਹਾਂ ਨੇ ਆਪਣੀਆਂ ਕੁਝ ਕਿਤਾਬਾਂ ਦੇ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤੇ। ਇਉਂ ਅੰਗਰੇਜ਼ੀ ਅਨੁਵਾਦ ਪਿੱਛੋਂ ਉਨ੍ਹਾਂ ਦੀ ਪ੍ਰਸਿੱਧੀ ਪੂਰੇ ਸੰਸਾਰ ਵਿੱਚ ਫੈਲ ਗਈ। 13 ਨਵੰਬਰ 1913 ਨੂੰ 53 ਸਾਲ ਦੀ ਉਮਰ ਵਿੱਚ ਟੇੈਗੋਰ ਨੂੰ 'ਗੀਤਾਂਜਲੀ' ਲਈ ਸਾਹਿਤ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਏਸ਼ੀਆ ਮਹਾਂਦੀਪ ਲਈ ਇਹ ਬੜੇ ਫ਼ਖ਼ਰ ਦੀ ਗੱਲ ਸੀ ਅਤੇ ਅੱਜ ਤੱਕ ਕਿਸੇ ਵੀ ਹੋਰ ਸਾਹਿਤਕਾਰ ਨੂੰ ਇਸ ਖਿੱਤੇ 'ਚੋਂ ਇਹ ਪੁਰਸਕਾਰ ਹਾਸਲ ਨਹੀਂ ਹੋਇਆ।
       ਟੈਗੋਰ ਨੇ ਬਹੁਤ ਸਾਰੇ ਨਾਵਲ,ਕਹਾਣੀਆਂ, ਗੀਤ, ਨਾਟਕ ਅਤੇ ਸਮਾਜਿਕ-ਰਾਜਨੀਤਕ ਵਿਸ਼ਿਆਂ ਤੇ ਲੇਖ ਵੀ ਲਿਖੇ। ਉਨ੍ਹਾਂ ਨੇ ਆਪਣੀ ਹਰੇਕ ਕਲਾ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ।ਵਿਸ਼ਵ- ਪ੍ਰਸਿੱਧ ਰਚਨਾ 'ਗੀਤਾਂਜਲੀ' ਲਿਖਣ ਅਤੇ ਪੁਰਸਕ੍ਰਿਤ ਹੋਣ ਪਿੱਛੋਂ ਉਹ ਸਾਰੀ ਦੁਨੀਆ ਵਿਚ ਚਰਚਿਤ ਹੋ ਗਏ।ਇਸ ਪੁਸਤਕ ਦੇ ਅੰਗਰੇਜ਼ੀ ਅਨੁਵਾਦ ਦਾ ਮੁੱਖਬੰਦ ਅੰਗਰੇਜ਼ੀ ਕਵੀ ਯੇਟਸ (William Butler Yeats) ਨੇ ਲਿਖਿਆ। ਮੂਲ ਭਾਸ਼ਾ ਬੰਗਾਲੀ ਵਿੱਚ ਇਹ ਕਿਤਾਬ 1910 ਵਿੱਚ ਛਪੀ ਸੀ, ਜਦਕਿ ਇਹਦਾ ਅੰਗਰੇਜ਼ੀ ਅਨੁਵਾਦ 1912 ਵਿੱਚ ਇੰਡੀਆ ਸੁਸਾਇਟੀ ਆਫ ਲੰਡਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। 103 ਅੰਗਰੇਜ਼ੀ ਕਵਿਤਾਵਾਂ ਦੀ ਇਸ ਕਿਤਾਬ ਦੇ 104 ਪੰਨੇ ਹਨ। ਗੀਤਾਂਜਲੀ ਦਾ ਅਰਥ ਹੈ 'ਗੀਤਾਂ ਦਾ
 ਤੋਹਫਾ'( ਯਾਨੀ 'song offerings')। ਹੁਣ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਵੀ ਉਪਲਬਧ ਹੈ।ਇਸ 'ਚੋਂ ਇਕ ਕਵਿਤਾ ਇਸ ਪ੍ਰਕਾਰ ਹੈ:
           ਤੂੰ ਮੈਨੂੰ ਅਸੀਮ ਕਰ ਦਿੱਤਾ/ ਜਿਉਂ ਮੌਜ ਤੇਰੀ/
           ਇਸ ਕੱਚੇ ਭਾਂਡੇ ਨੂੰ/ ਤੂੰ ਕਈ ਵਾਰ ਖਾਲੀ ਕੀਤਾ/
           ਤੇ ਭਰ ਦਿੱਤਾ ਸੱਜਰੇ ਜੀਵਨ ਨਾਲ/
           ਵਾਦੀਆਂ-ਪਹਾੜੀਆਂ ਥੀਂ ਨਾਲ- ਨਾਲ ਲਈ ਫਿਰਿਆ/
           ਤੂੰ/ ਇਸ ਕਾਹਨੀ ਜਿਹੀ ਬੰਸਰੀ ਨੂੰ/ 
           ਤੇ ਭਰ ਦਿੱਤੀਆਂ ਇਹ ਸਾਹੀਂ/ ਆਦਿ ਕੁਆਰੀਆਂ ਤਾਨਾਂ/
           ਅਜਰ ਅਮਰ ਤੇਰੀ ਛੋਹ ਨੇ/ਮਰੂਏ ਜਿਹੇ ਮੇਰੇ ਦਿਲ ਦੇ/
           ਕੜ ਪਾੜ ਛੱਡੇ /ਤੇ ਝਰਝਰ ਪੇੈਦਾ ਹੁਣ ਉਸ 'ਚੋਂ/ 
           ਜੋ ਕਦੇ ਨਾ ਝੁਰਿਆ/ਅਕਹਿ ਅਛੋਹ/
           ਤੇਰੀਆਂ ਨਿਹਮਤਾਂ ਦੀ ਝੜੀ /
           ਭਰਦੀ ਜਾਂਦੀ ਏ ਮੇਰੀ ਚੁੂਚੀ ਜਿਹੀ ਬੁੱਕ/ ਜੁਗ ਬੀਤੇ ਤੂੰ
           ਹਾਲੇ ਵੀ ਵਰ੍ਹਦਾ/ ਤੇ ਮੈਂ ਹਾਲੀ ਵੀ ਊਣਾ।   
       ਉਹਦੀ ਇਸ ਪੁਸਤਕ ਲਈ ਯੇਟਸ ਅਤੇ ਆਂਦਰੇ ਜੀਦ ਨੇ ਭਰਪੂਰ ਪ੍ਰਸੰਸਾ ਕੀਤੀ।
       ਟੈਗੋਰ ਨੂੰ ਪ੍ਰਕਿਰਤੀ ਨਾਲ ਪ੍ਰੇਮ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਵਿਦਿਆਰਥੀਆਂ ਨੂੰ ਪ੍ਰਕਿਰਤੀ ਦੀ ਗੋਦ ਵਿੱਚ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ 22 ਦਸੰਬਰ 1901 ਵਿੱਚ ਪੰਜ ਵਿਦਿਆਰਥੀਆਂ ਨਾਲ ਇੱਕ ਸਕੂਲ( ਬ੍ਰਹਮਚਰਯ ਆਸ਼ਰਮ) ਸ਼ੁਰੂ ਕੀਤਾ।ਪੰਜ ਵਿਦਿਆਰਥੀਆਂ ਵਿੱਚ ਉਨ੍ਹਾਂ ਦਾ ਆਪਣਾ ਬੇਟਾ ਰਤਿੰਦਰਨਾਥ ਟੈਗੋਰ ਵੀ ਸੀ। ਇਸੇ ਨੂੰ ਫਿਰ 'ਸ਼ਾਂਤੀ ਨਿਕੇਤਨ' ਕਿਹਾ ਜਾਣ ਲੱਗ ਪਿਆ। ਇਹ ਕਲਕੱਤਾ ਤੋਂ ਕਰੀਬ 180 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਪੱਛਮੀ ਬੰਗਾਲ ਵਿੱਚ ਬੀਰਭੂਮ ਜ਼ਿਲ੍ਹੇ ਨੇੜੇ ਛੋਟਾ ਜਿਹਾ ਸ਼ਹਿਰ ਹੈ। 1921  ਵਿੱਚ 'ਸ਼ਾਂਤੀ ਨਿਕੇਤਨ' ਨੂੰ 'ਵਿਸ਼ਵ ਭਾਰਤੀ ਯੂਨੀਵਰਸਿਟੀ' ਦੇ ਨਾਂ ਹੇਠ ਰਾਸ਼ਟਰੀ ਯੂਨੀਵਰਸਿਟੀ ਦਾ ਦਰਜਾ ਮਿਲਿਆ, ਜਿੱਥੇ ਹੁਣ ਕਰੀਬ 6000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
      ਟੈਗੋਰ ਨੇ 83 ਕਹਾਣੀਆਂ ਦਾ ਸੰਗ੍ਰਹਿ 'ਗੋਲਪਾਗੁਚਾ' ਤਿਆਰ ਕੀਤਾ, ਜੋ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ। 'ਗੀਤਾਂਜਲੀ' ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਕਾਵਿ-ਪੁਸਤਕਾਂ ਇਹ ਹਨ-- ਮਾਨਸੀ (1890), ਚਿੱਤਰਾਂਗਦਾ(1892), ਸੋਨਾਰ ਤਾਰੀ(1894),ਗੀਤੀ- ਮਾਲਿਆ(1914), ਬਾਲਾਕਾ(1916)। ਉਸਦੇ ਕੁਝ ਅੰਗਰੇਜ਼ੀ ਕਾਵਿ-ਸੰਗ੍ਰਹਿ ਹਨ : ਦ ਗਾਰਡਨਰ(1913), ਫਰੂਟ ਗੈਦਰਿੰਗ (1916) ਅਤੇ ਦ ਫਿਊਜਟਿਵ(1921)। ਟੈਗੋਰ ਦੇ ਨਾਟਕਾਂ ਵਿੱਚ ਰਾਜਾ(1910), ਡਾਕ ਘਰ(1912), ਅਛਾਲਯਾਤਨ(1912), ਮੁਕਤਾਸਰ(1922) ਅਤੇ ਰਕਤਾਰਾਵੀ(1926) ਦਾ ਨਾਂ ਜ਼ਿਕਰਯੋਗ ਹੈ।ਉਨ੍ਹਾਂ ਨੇ 2000 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ।
ਨਾਵਲਾਂ ਵਿੱਚ ਗੋਰਾ(1910), ਘਾਰੇ ਬਾਇਰੇ(1916), ਯੋਗਾਯੋਗ (1929) ਦੇ ਨਾਂ ਕਾਫ਼ੀ ਮਹੱਤਵਪੂਰਨ ਹਨ। ਉਨ੍ਹਾਂ ਨੇ ਸੰਗੀਤ- ਨਾਟਕ, ਨ੍ਰਿਤ- ਨਾਟਕ,ਯਾਤਰਾ- ਡਾਇਰੀਆਂ ਅਤੇ ਹਰ ਤਰ੍ਹਾਂ ਦੇ ਲੇਖਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਬਣਾਈਆਂ ਡਰਾਇੰਗ ਅਤੇ ਪੇਂਟਿੰਗਾਂ ਵੀ ਕਾਫ਼ੀ ਚਰਚਿਤ ਹਨ। ਕਲਾਕ੍ਰਿਤੀਆਂ ਦਾ ਕਾਰਜ ਉਨ੍ਹਾਂ ਨੇ 60 ਸਾਲ ਦੀ ਉਮਰ ਵਿੱਚ 1920 ਦੇ ਆਸਪਾਸ ਸ਼ੁਰੁੂ ਕੀਤਾ  ਸੀ। ਉਨ੍ਹਾਂ ਦੀਆਂ ਦੋ ਸਵੈਜੀਵਨੀਆਂ ਵੀ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ 'ਚੋਂ ਇੱਕ, ਜੀਵਨ ਦੇ ਵਿਚਕਾਰਲੇ ਸਮੇਂ ਅਤੇ ਦੂਜੀ ਮੌਤ ਤੋਂ ਕੁਝ ਸਮਾਂ ਪਹਿਲਾਂ ਲਿਖੀ ਗਈ। ਉਨ੍ਹਾਂ ਨੇ ਆਪਣੇ ਗੀਤਾਂ ਦਾ ਸੰਗੀਤ ਖੁਦ ਤਿਆਰ ਕੀਤਾ ਸੀ,ਜਿਸ ਨੂੰ 'ਰਵੀਂਦਰ ਸੰਗੀਤ' ਵਜੋਂ ਜਾਣਿਆ ਜਾਂਦਾ ਹੈ। ਇਹ ਸੰਗੀਤ ਬੰਗਲਾ- ਸੰਸਕ੍ਰਿਤੀ ਦਾ ਇੱਕ ਅਨਿੱਖੜ ਅੰਗ ਹੈ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਤੋਂ ਪ੍ਰਭਾਵਿਤ ਉਨ੍ਹਾਂ ਦੇ ਗੀਤ ਮਾਨਵੀ- ਭਾਵਨਾਵਾਂ ਦੇ ਵਿਭਿੰਨ ਰੰਗ ਪੇਸ਼ ਕਰਦੇ ਹਨ। ਟੈਗੋਰ ਨੇ 'ਗੋਰਾ' ਦਾ ਅੰਗਰੇਜ਼ੀ ਅਨੁਵਾਦ 'ਗੋਰਾ' ਅਤੇ 'ਘਾਰੇ ਬਾਇਰੇ' ਦਾ 'ਦ ਹੋਮ ਐਂਡ ਦ ਵਰਲਡ' ਦੇ ਨਾਂ ਹੇਠ ਕੀਤਾ।
       ਟੈਗੋਰ ਦੀਆਂ ਕਵਿਤਾਵਾਂ ਨੂੰ ਸਭ ਤੋਂ ਪਹਿਲਾਂ ਵਿਲੀਅਮ ਰੋਥੇਨਸਟਾਈਨ ਨੇ ਪੜ੍ਹਿਆ ਸੀ ਤੇ ਉਸੇ ਨੇ ਇਨ੍ਹਾਂ ਨੂੰ ਪੱਛਮੀ ਲੇਖਕਾਂ,ਕਵੀਆਂ ਤੇ ਚਿੰਤਕਾਂ ਨਾਲ ਸਾਂਝਾ ਕੀਤਾ ਸੀ। ਟੈਗੋਰ ਨੇ ਤਿੰਨ ਵਾਰ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨਾਲ਼ ਮੁਲਾਕਾਤ ਕੀਤੀ,ਜੋ ਉਨ੍ਹਾਂ ਨੂੰ 'ਰਬੀ ਟੈਗੋਰ' ਕਹਿ ਕੇ ਬੁਲਾਉਂਦਾ ਸੀ।
      ਟੈਗੋਰ ਦੁਨੀਆਂ ਦਾ ਇਕਲੌਤਾ ਅਜਿਹਾ ਕਵੀ ਹੈ,ਜਿਸ ਦੇ ਗੀਤ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਵਜੋਂ ਪ੍ਰਸਿੱਧ ਹਨ। ਇਨ੍ਹਾਂ 'ਚੋਂ ਇੱਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ-- 'ਜਨ ਗਨ ਮਨ...' ਦੂਜਾ ਹੈ ਬੰਗਲਾਦੇਸ਼, ਜਿਸ ਦਾ ਰਾਸ਼ਟਰੀ ਗੀਤ ਹੈ-- 'ਅਾਮਾਰ ਸੋਨਾਰ ਬਾਂਗਲਾ...'। ਟੈਗੋਰ ਦਾ ਇਹ ਰਾਸ਼ਟਰੀ ਗੀਤ (ਜਨ ਗਨ ਮਨ...) ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਇਜਲਾਸ ਵਿੱਚ 27 ਦਸੰਬਰ 1911 ਨੂੰ ਗਾਇਆ ਗਿਆ। ਸੰਵਿਧਾਨ ਅਸੈਂਬਲੀ ਨੇ ਇਹਨੂੰ ਰਾਸ਼ਟਰ ਗੀਤ ਵਜੋਂ  24 ਜਨਵਰੀ 1950 ਨੂੰ ਅਪਣਾਇਆ।  
      ਟੈਗੋਰ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਬਹੁਤ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ-- ਚਾਰ ਯੂਨੀਵਰਸਿਟੀਆਂ (ਕਲਕੱਤਾ ਯੂਨੀਵਰਸਿਟੀ;ਬਨਾਰਸ ਹਿੰਦੂ ਯੂਨੀਵਰਸਿਟੀ-1935; ਢਾਕਾ ਯੂਨੀਵਰਸਿਟੀ-1936; ਆਕਸਫੋਰਡ ਯੂਨੀਵਰਸਿਟੀ- 1940) ਵੱਲੋਂ ਡੀ. ਲਿਟ. ਦੀ ਆਨਰੇਰੀ ਡਿਗਰੀ; ਹਾਵਰਡ ਯੂਨੀਵਰਸਿਟੀ,ਢਾਕਾ ਯੂਨੀਵਰਸਿਟੀ ਅਤੇ ਕਲਕੱਤਾ ਯੂਨੀਵਰਸਿਟੀ ਵਿੱਚ ਭਾਸ਼ਣ;1915 ਵਿੱਚ ਬਰਤਾਨੀਆ ਸਰਕਾਰ ਵੱਲੋਂ 'ਸਰ' (ਨਾਈਟਹੁੱਡ) ਦੀ ਉਪਾਧੀ, ਜੋ ਉਨ੍ਹਾਂ ਨੇ 1919 ਵਿੱਚ ਜੱਲਿਆਂਵਾਲਾ ਬਾਗ਼ ਦੇ ਸਾਕੇ ਪਿੱਛੋਂ ਵਾਪਸ ਕਰ ਦਿੱਤੀ ਸੀ।ਭਾਰਤ ਸਰਕਾਰ ਵੱਲੋਂ ਗੁਰੂਦੇਵ ਦੀ ਇੱਕ ਸੌ ਪੰਜਾਹਵੀਂ ਜੈਅੰਤੀ (2011) ਤੇ ਪੰਜ ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਸੀ। 'ਕਾਬੁਲੀਵਾਲਾ', 'ਮਾਸਟਰ ਸਾਹਬ' ਅਤੇ 'ਪੋਸਟ ਮਾਸਟਰ' ਜਿਹੀਆਂ ਯਾਦਗਾਰੀ ਕਹਾਣੀਆਂ ਦਾ ਰਚੈਤਾ ਟੈਗੋਰ ਅੰਤ 7 ਅਗਸਤ 1941 ਨੂੰ 80 ਵਰ੍ਹਿਆਂ ਦੀ ਉਮਰ ਵਿੱਚ ਕਲਕੱਤਾ ਵਿਖੇ ਸਥਾਈ ਅਲਵਿਦਾ ਕਹਿ ਗਿਆ।   
       ਅਜਿਹੇ ਸੰਤ- ਕਵੀ, ਯੁੱਗ- ਕਵੀ, ਵਿਸ਼ਵ- ਕਵੀ ਲਈ ਕੁਝ     ਵੀ ਲਿਖਣ ਜਾਂ ਦੱਸਣ ਲਈ ਹਮੇਸ਼ਾ ਸ਼ਬਦਾਂ ਦੀ ਕਮੀ ਮਹਿਸੂਸ ਹੁੰਦੀ ਹੈ। ਇਹ ਟੈਗੋਰ ਹੀ ਸਨ, ਜਿਨ੍ਹਾਂ ਨੇ ਮਾਤ- ਭਾਸ਼ਾ ਨੂੰ ਪ੍ਰੇਮ ਕਰਨਾ ਸਿਖਾਇਆ। ਉਨ੍ਹਾਂ ਦੀ ਹੀ ਪ੍ਰੇਰਨਾ ਨਾਲ ਪ੍ਰਸਿੱਧ ਲੇਖਕ ਤੇ ਅਭਿਨੇਤਾ ਬਲਰਾਜ ਸਾਹਨੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ।ਟੈਗੋਰ ਦਾ ਪੰਜਾਬੀ ਜਨ- ਜੀਵਨ ਉੱਤੇ ਇੰਨਾ ਡੂੰਘਾ ਪ੍ਰਭਾਵ ਹੈ ਕਿ ਮੋਹਨ ਭੰਡਾਰੀ ਨੇ ਇੱਕ ਕਹਾਣੀ ਹੀ ਲਿਖ ਦਿੱਤੀ--'ਮੈਨੂੰ ਟੈਗੋਰ ਬਣਾ ਦੇ ਮਾਂ'।ਅਮਰੀਕਾ,ਬ੍ਰਿਟੇਨ, ਜਾਪਾਨ, ਚੀਨ ਸਮੇਤ ਦਰਜਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਟੈਗੋਰ ਨੇ ਸਫ਼ਲ ਜੀਵਨ ਬਿਤਾਉਣ ਲਈ ਕਈ ਅਜਿਹੇ ਵਿਚਾਰ ਦਿੱਤੇ ਹਨ,ਜਿਨ੍ਹਾਂ ਤੇ ਅਮਲ ਕਰਨ ਨਾਲ ਜੀਵਨ ਹੀ ਬਦਲ ਜਾਂਦਾ ਹੈ।ਆਓ,ਕੁਝ ਅਜਿਹੇ ਹੀ ਵਿਚਾਰ ਵੇਖੀੇਏ--
     * ਸੱਚਾ ਪ੍ਰੇਮ ਸੁਤੰਤਰਤਾ ਦਿੰਦਾ ਹੈ, ਅਧਿਕਾਰ ਦਾ ਦਾਅਵਾ ਨਹੀਂ ਕਰਦਾ।
      * ਜਦੋਂ ਅਸੀਂ ਨਿਮਰਤਾ ਵਿੱਚ ਮਹਾਨ ਹੁੰਦੇ ਹਾਂ, ਤਾਂ ਹੀ ਮਹਾਨਤਾ ਦੇ ਸਭ ਤੋਂ ਨੇੜੇ ਹੁੰਦੇ ਹਾਂ।
      * ਸਿਰਫ਼ ਨਦੀ ਕਿਨਾਰੇ ਖੜ੍ਹੇ ਹੋ ਕੇ ਪਾਣੀ ਵੇਖਣ ਨਾਲ ਤੁਸੀਂ ਨਦੀ ਪਾਰ ਨਹੀਂ ਕਰ ਸਕਦੇ।
       * ਜਦੋਂ ਮੈਂ ਖ਼ੁਦ ਤੇ ਹੱਸਦਾ ਹਾਂ ਤਾਂ ਮੇਰੇ ਉੱਤੋਂ ਮੇਰਾ ਭਾਰ ਘੱਟ ਹੋ ਜਾਂਦਾ ਹੈ।
        * ਕੱਟੜਤਾ ਸੱਚ ਨੂੰ ਉਨ੍ਹਾਂ ਹੱਥਾਂ ਵਿੱਚ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੀ ਹੈ,ਜੋ ਉਹਨੂੰ ਮਾਰਨਾ ਚਾਹੁੰਦੇ ਹਨ।
                  <>  <>  <>  <>  <>  <>    
             
     # ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302
        (ਬਠਿੰਡਾ )  9417692015
Have something to say? Post your comment