Sunday, February 23, 2020
FOLLOW US ON

Article

*ਚੋਰੀ ਦੀ ਸਜਾ* ਲਿਖਤ - ਅਜਮੇਰ ਸਿੰਘ ਮਾਨ

September 18, 2019 09:40 AM
ਅਜਮੇਰ ਸਿੰਘ ਮਾਨ

ਲਿਖਤ - ਅਜਮੇਰ ਸਿੰਘ ਮਾਨ
ਪਿੰਡ ਤੇ ਡਾਕ - ਪੂਬੋਵਾਲ਼
ਊਨਾ, ਹਿਮਾਚਲ ਪਰਦੇਸ਼
mob - 8727075600

*ਚੋਰੀ ਦੀ ਸਜਾ*
ਗਲ ਉਦੋਂ ਦੀ ਐ ਜਦ ਮੈਂ ਛੇਵੀਂ ਚ ਪੜ੍ਹਦਾ ਸੀ। ਇੱਕ ਵਾਰ ਡੈਡੀ ਨੇ ਮੈਨੂੰ ਦਹੀਂ ਵਿੱਚ ਪਾਉਣ ਵਾਲੀਆਂ ਫਲੌਰੀਆਂ ਲਿਆਣ ਜਗੀਰ ਚਾਚੇ ਦੀ ਦੁਕਾਨ ਤੇ ਭੇਜਿਆ । ਪੰਜ ਰੁਪਈਏ ਦੇ ਕੇ। ਅਸਲ ਵਿੱਚ ਬਚਪਨ ਚ ਸਾਨੂੰ ਪੈਸੇ- ਧੇੱਲੇ ਤੋਂ ਤਕਰੀਬਨ- ਤਕਰੀਬਨ ਮਰਹੂਮ ਹੀ ਰੱਖਿਆ ਮੰਮੀ ਡੈਡੀ ਨੇ। ਇਸ ਕਰਕੇ ਦੁਕਾਨਾਂ ਵਾਲੀਆਂ ਚੀਜ਼ਾਂ ਖਾਣ ਨੂੰ ਜੀਵ ਮੂਤ ਦੀ ਰਹਿੰਦੀ। ਕਈ ਵਾਰ ਤਾਂ ਇੰਝ ਹੁੰਦਾ ਕਿ ਕਿਤੇ ਛਿੰਝ ਮੇਲੇ ਚ ਗਰਮ ਗਰਮ ਜਲੇਬੀਆਂ ਬਣ ਰਹੀਆਂ ਹੁੰਦੀਆਂ। ਜਿਨ੍ਹਾਂ ਨੂੰ ਦੇਖ ਕੇ ਮੂੰਹ ਵਿੱਚ ਪਾਣੀ ਦਾ ਹੜ੍ਹ ਆਇਆ ਹੁੰਦਾ। ਜੀਭ ਨੂੰ ਇੰਝ ਤਰਲੋ-ਮੱਛੀ ਲੱਗਦੀ ਜਲੇਬੀਆਂ ਦੇਖ ਕੇ ਕਿ ਅਗਰ ਜੀਭ ਦਾ ਵੱਸ ਚੱਲੇ ਤਾਂ ਮੂੰਹ ਚੋਂ ਨਿਕਲ ਕੇ ਜਲੇਬੀਆਂ ਨੂੰ ਜਾਂ ਚਿੰਬੜੇ । ਲਾਲ ਲਾਲ ਜਲੇਬੀਆਂ ਚਾਹਣੀ ਚ ਗੋਤਾ ਲਾ ਕੇ, ਝਰਨੀ ਤੇ ਬੈਠ ਕੇ, ਛਾਨਣੀ ਚ ਉਤਰ ਦੀਆਂ, ਲਸ਼-ਲਸ਼ ਕਰ ਦੀਆਂ ਜਲੇਬੀਆਂ ਚੋਂ ਜਦ ਚਾਹਣੀ ਚੋੰਦੀ, ਤਾਂ ਦਿਲ ਕਰਦਾ ਕਿ ਸਾਰੀਆਂ ਚੁੱਕ ਕੇ ਮੂੰਹ ਵਿੱਚ ਇਕੋ ਬਾਰ ਠੂਸ ਲਵਾਂ। ਜਲੇਬੀਆਂ ਖਾਣ ਵੇਲੇ ਆਲੀ ਕਰਚ- ਕਰਚ ਦੀ ਆਵਾਜ਼ ਕੱਨ ਆਪਣੇ ਕੋਲੋਂ ਪੈਦਾ ਕਰ ਲੈਂਦੇ। ਜਲੇਬੀਆਂ ਵੇਚਣ ਵਾਲਾ ਭਾਈ ਹੱਦੋਂ ਵੱਧ ਖ਼ੁਸ਼ਕਿਸਮਤ ਲੱਗਦਾ, ਜਿਸ ਕੋਲ ਕਿੰਨੀਆਂ ਜਲੇਬੀਆਂ ਨੇ। ਮਨ ਕਰ ਰਿਹਾ ਹੁੰਦਾ ਕਿ ਘੱਟ ਤੋਂ ਘੱਟ ਪੰਜ ਕਿਲੋ ਜਲੇਬੀਆਂ ਲਵਾਂ 'ਤੇ ਦੁਕਾਨ ਤੇ ਖੜ੍ਹਾ ਖੜ੍ਹਾ ਖਾ ਜਾਵਾਂ। ਪਰ ਜੇਭ ਚ ਹੁੰਦੇ ਮਸਾਂ ਇੱਕ ਜਾਂ ਦੋ ਰੁਪਏ । ਜੇਬ ਵੱਲ ਦੇਖ ਕੇ ਮਨ ਵਿੱਚ ਇੰਨਾ ਜ਼ਹਿਰ ਭਰਦਾ ਕਿ ਦਿਲ ਕਰਦਾ ਖੂਹ ਵਿੱਚ ਛਾਲ ਮਾਰ ਕੇ ਮਰ ਜਾਵਾਂ। ਖ਼ੈਰ!
ਪੰਜ ਰੁਪਏ ਲੈ ਕੇ ਜ਼ਗੀਰ ਚਾਚੇ ਦੀ ਦੁਕਾਨ ਤੇ ਗਿਆ। ਚਾਚੇ ਦੀ ਦੁਕਾਨ ਤੇ ਅੱਜ ਕੱਲ੍ਹ ਵਰਗੇ ਏ ਸੀ ਸ਼ੋਅ ਕੇਸ ਨਹੀਂ ਸੀ ਬੱਸ ਲੱਕੜ ਦਾ ਬਣਿਆ ਹੋਇਆ ਦੇਸੀ ਜਿਹਾ ਸ਼ੋਅ ਕੇਸ ਸੀ। ਉਸ ਦੇ ਉੱਪਰ ਦੋ ਤਿੰਨ ਟਰੇਅਾਂ ਕੱਚੇ ਅਾਂਡਿਆਂ ਦੀਆਂ ਅਤੇ ਇੱਕ ਟਰੇਅ ਉਬਲੇ ਹੋਏ ਅਾਂਡਿਆਂ ਦੀ ਸੀ। ਸ਼ੋਅ ਕੇਸ ਦੇ ਅੰਦਰ ਬਰਫੀ, ਵੇਸਣ, ਮਟਰੀ ਅਤੇ ਫਿਲੌਰੀਆ ਸਨ। ਜਗੀਰ ਚਾਚਾ ਜਦ ਫਿਲੌਰੀਆਂ ਚੁੱਕਣ ਲਈ ਥੱਲੇ ਝੁਕਿਆ ਤਾਂ ਮੇਰਾ ਮਨ ਉੱਬਲੇ ਹੋਏ ਅਾਂਡਿਆਂ ਤੇ ਡੁੱਲ ਗਿਆ। ਮੌਕਾ ਦੇਖ ਕੇ ਮੈਂ ਦੋ ਅਾਂਡੇ ਚੁੱਕ ਕੇ ਜੇਭ ਵਿੱਚ ਪਾ ਲਏ । ਆਪਣੇ ਆਪ ਨਾਲ ਸਲਾਹ ਕੀਤੀ ਕਿ ਘਰੇ ਜਾ ਕੇ ਲੂਣ ਲਾ ਕੇ ਸਵਾਦ ਨਾਲ ਖਾਵਾਂਗਾ। ਫਿਲੌਰੀਅਾਂ ਲੈ ਕੇ ਮੈਂ ਘਰ ਆ ਗਿਆ। ਮਨ ਅਾਂਡੇ ਖਾਣ ਨੂੰ ਇੰਨਾ ਕਾਹਲਾ ਸੀ ਕਿ ਅੱਖ ਦੇ ਫੋਰ 'ਚ ਮੈਂ ਘਰ ਆ ਗਿਆ। ਘਰੇ ਵਿਹੜੇ ਵਿੱਚ ਡੈਡੀ ਮੰਜੇ ਉੱਤੇ ਬੈਠੇ ਸੀ। ਮੈਂ ਸਿੱਧਾ ਰਸੋਈ ਵੱਲ ਨੂੰ ਗਿਆ। ਡੈਡੀ ਪਤਾ ਨਹੀਂ ਕਿੰਨੇ ਕੁ ਗੌਰ ਨਾਲ ਮੈਨੂੰ ਦੇਖਦੇ ਸੀ ਕੇ ਮੇਰੇ ਰਸੋਈ ਚ ਵੜਨ ਤੋਂ ਪਹਿਲਾਂ ਹੀ ਸਵਾਲ ਕਰ ਦਿੱਤਾ," ਹਾਅ.... ਤੇਰੀ ਜੇਭ ਵਿੱਚ ਕਿਅਾ ਐ?" ਮੈਂ ਸਿੱਧੇ ਨੇ ਆਪਣੇ ਆਪ ਨੂੰ ਬਚਾਉਣ ਲਈ ਕਿਹਾ," ਅਾਂਡੇ ਨੇ ਡੈਡੀ.... ਮੈਂ ਆਪਣੇ ਲਈ ਲੈ ਕੇ ਆਇਆ ਹਾਂ"। ਡੈਡੀ ਦਾ ਅਗਲਾ ਸਵਾਲ," ਤੇਰੇ ਕੋਲ ਪੈਸੇ ਕਿੱਥੋਂ ਆਏ?" ਮੰਮੀ ਵੀ ਸਾਹਮਣੇ ਚੁੱਲ੍ਹੇ ਮੂਹਰੇ ਬੈਠੀ ਆਟਾ ਗੁੰਨ ਦੀ ਪਈ ਸੀ ਇਸ ਲਈ 'ਮੰਮੀ ਨੇ ਦਿੱਤੇ' ਵੀ ਨਹੀਂ ਕਹਿ ਸਕਦਾ ਸੀ। ਇਸ ਲਈ ਇੱਕ ਹੋਰ ਕੋਸ਼ਿਸ਼ ਕੀਤੀ ਖੁਦ ਨੂੰ ਬਚਾਉਣ ਲਈ," ਜਗੀਰ ਚਾਚੇ ਨੇ ਦਿੱਤੇ ਮੈਨੂੰ ਮੁਫਤੀ"।
"ਸਾਲ਼ਿਆ...ਉਸ ਦੇ ਕਿਹੜਾ ਬਲੈਤ ਲੱਗੀ ਵੀ.... ਜੋ ਮੁਫਤ ਅਾਂਡੇ ਵੰਡ ਰਿਹਾ.... ਜਾ ਦੌੜ ਜਾ..... ਅਾੰਡੇ ਵਾਪਸ ਕਰਕੇ ਆ"। ਡੈਡੀ ਨੇ ਮਿੰਟਾਂ ਸਕਿੰਟਾਂ ਚ ਮੈਨੂੰ ਦੋਸ਼ੀ ਸਿੱਧ ਕਰ ਦਿੱਤਾ । ਮੇਰੇ ਕੋਲ ਵੀ ਬਚਾਅ ਦਾ ਕੋਈ ਰਸਤਾ ਨਾ ਬਚਿਆ, ਇਸ ਲਈ ਮੂੰਹ ਥੱਲੇ ਕਰਕੇ ਚੁੱਪ ਕਰਕੇ ਦੁਕਾਨ ਵੱਲ ਨੂੰ ਚੱਲ ਪਿਆ । ਹਜੇ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਪਿੱਛੋਂ ਫਿਰ ਡੈਡੀ ਦੀ ਆਵਾਜ਼ ਆਈ,"ਇਹ ਅਾਂਡੇ ਉਸ ਨੂੰ ਵਾਪਸ ਵੀ ਕਰਨੇ ਨੇ ਤੇ ਆਪਣੀ ਗਲਤੀ ਮੰਨ ਕੇ ਮਾਫੀ ਵੀ ਮੰਗਣੀ ਹੈ"। ਪਹਿਲਾਂ ਤਾਂ ਕੰਮ ਸੌਖਾ ਹੀ ਸੀ, ਅਾਂਡੇ ਵਾਪਸ ਕਰਨ ਵਾਲਾ ਕਿਉਂਕਿ ਸਕੀਮ ਇਹ ਸੀ ਕਿ ਜਿਵੇਂ ਚੋਰੀ- ਚੋਰੀ ਅਾਂਡੇ ਚੁੱਕੇ ਨੇ ਉਵੇਂ ਹੀ ਚੋਰੀ- ਚੋਰੀ ਰਖ ਆਵਾਂਗਾ, ਪਰ ਡੈਡੀ ਦੇ ਨਵੇਂ ਫੁਰਮਾਨ ਨੇ ਮੈਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਸੀ। ਉੱਬਲੇ ਅਾਂਡੇ ਛਿੱਲ ਕੇ, ਕੱਟ ਕੇ, ਲੂਣ ਲਾ ਕੇ ਖਾਣ ਵਾਲਾ ਸੁਪਨਾ ਤਾਂ
ਖੇਰੂੰ- ਖੇਰੂੰ ਹੋ ਚੁੱਕਿਆ ਸੀ। ਹੁਣ ਆਪਣੀ ਕੀਤੀ ਗ਼ਲਤੀ ਤੇ ਪਛਤਾਵਾ ਵੀ ਹੋ ਰਿਹਾ ਸੀ। ਜਗੀਰ ਚਾਚੇ ਦੇ ਸਾਹਮਣੇ ਜਾਣ ਦੀ ਹਿੰਮਤ ਨਹੀਂ ਸੀ ਹੋ ਰਹੀ। ਹੌਲੀ ਹੌਲੀ ਦੁਕਾਨ ਤੇ ਪੁੱਜਿਆ। ਹਾਲੇ ਮੈਂ ਕੁਝ ਬੋਲਿਆ ਵੀ ਨਹੀਂ ਸੀ ਕਿ ਜਗੀਰ ਚਾਚਾ ਬੋਲ ਪਿਆ,"ਹਾਂ ਬਈ ਸੋਨੂੰ.... ਅਾਂਡੇ ਵਾਪਸ ਕਰਨ ਆਇਆ ਕਿ ਅਾਂਡਿਆਂ ਦੇ ਪੈਸੇ ਦੇਣ?"
ਮੇਰੇ, ਇਹ ਗੱਲ ਸੁਣ ਕੇ ਜਿਵੇਂ ਬਿੱਜਲ ਡਿੱਗ ਗਈ ਹੋਵੇ। ਦਿਮਾਗ ਸੁੰਨ ਹੋ ਗਿਆ। ਕੁੱਝ ਵੀ ਪਤਾ ਨਾ ਰਿਹਾ ਆਪਣੇ ਆਪ ਦਾ, ਵੱਸ ਜਗੀਰ ਚਾਚੇ ਦਾ ਮੁਸਕਰਾਉਂਦਾ ਹੋਇਆ ਚਿਹਰਾ ਦੇਖ ਕੇ ਮੂੰਹੋਂ ਨਿਕਲ ਗਿਆ," ਚਾਚਾ ਅੰਡੇ ਵਾਪਸ ਕਰਨ"। ਚਾਚੇ ਨੇ ਬੜੇ ਸਹਿਜ ਸੁਭਾਅ ਜਿਹੇ ਕਿਹਾ,"ਜਿੱਥੋਂ ਚੁੱਕੇ ਉੱਥੇ ਹੀ ਰੱਖ ਦੇ ਆੱਪੇ"। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਲੇਕਿਨ ਚਾਚੇ ਨੇ ਮੇਰੇ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਤੇ ਆਪਣੇ ਗਾਹਕਾਂ ਨੂੰ ਭੁਗਤਾਉਂਦਾ ਰਿਹਾ। ਮੈਨੂੰ ਸਮਝ ਨਾ ਆਵੇ ਇਹ ਸਭ ਕਿਵੇਂ ਹੋ ਗਿਆ ? ਉਦੋਂ ਤਾਂ ਟੈਲੀਫੋਨ ਵੀ ਨਹੀਂ ਹੁੰਦੇ ਸੀ, ਫੇਰ ਚਾਚੇ ਨੂੰ ਪਹਿਲਾਂ ਹੀ ਕਿਵੇਂ ਪਤਾ ਲੱਗ ਗਿਆ ? ਜਗੀਰ ਚਾਚਾ ਮੈਨੂੰ ਹੁਣ ਕਿਸੇ ਸਿੱਧ ਜੋਗੀ ਵਾਂਗ ਲੱਗ ਰਿਹਾ ਸੀ ਜੋ ਜਾਣੀ ਜਾਣ ਹੁੰਦੇ ਨੇ। ਮੈਂ ਆਖਰ ਥੱਕ ਕੇ ਪੁੱਛ ਹੀ ਲਿਆ ਚਾਚੇ ਨੂੰ ਇਸ ਬਾਰੇ। ਚਾਚੇ ਦੇ ਜਵਾਬ ਦਾ ਇਕੱਲਾ ਇਕੱਲਾ ਅੱਖਰ ਮੈਨੂੰ ਯਾਦ ਹੈ, "ਪਹਿਲੀ ਗੱਲ ਕਿ ਮੈਨੂੰ ਕਿੱਦਾਂ ਪਤਾ ਲੱਗਿਆ ਕਿ ਤੂੰ ਆਂਡੇ ਚੋਰੀ ਕੀਤੇ.....
ਤਾਂ ਸੁਣ .....ਪੁੱਤਰਾ !!!.... ਤੇਰੇ ਜੰਮਣ ਤੋਂ ਵੀ ਕਈ ਵਰ੍ਹੇ ਪਹਿਲਾਂ ਦਾ ਮੈਂ ਦੁਕਾਨ ਕਰਦਾ ਹਾਂ.... ਇਨ੍ਹਾਂ ਤਜ਼ੁਰਬਾ ਹੈ ਕਿ ਦੁਕਾਨ ਚ ਬੜੀ ਵਾਧੂ ਮੱਖੀ ਦਾ ਵੀ ਪਤਾ ਲੱਗ ਜਾਂਦਾ ਹੈ ਫਿਰ ਅੰਡੇ ਤਾਂ ਕਿੰਨੇ ਵੱਡੇ ਹੁੰਦੇ ਨੇ...... ਪਤਾ ਤਾਂ ਮੈਨੂੰ ਉਸੇ ਵੇਲੇ ਲੱਗ ਗਿਆ ਸੀ ਜਦ ਤੂੰ ਅਾਂਡੇ ਚੁੱਕੇ ਸੀ ਪਰ ਮੈਂ ਬੋਲਿਆ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਦੁਬਾਰਾ ਜਰੂਰ ਆਵੇੰਗਾ ਜਾਂ ਅਾਂਡੇ ਵਾਪਸ ਕਰਨ ਜਾਂ ਅਾਂਡਿਆਂ ਦੇ ਪੈਸੇ ਦੇਣ ਕਿਉਂਕਿ ਖਾਨਦਾਨੀ ਵੀ ਕੋਈ ਚੀਜ਼ ਹੁੰਦੀ ਹੈ"।

Have something to say? Post your comment