Thursday, November 21, 2019
FOLLOW US ON
BREAKING NEWS
ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧੋਹ ਨਹੀਂ ਕਮਾਵਾਗੇ । ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ

Article

ਫਰੀਦਾ ਬੁਰੇ ਦਾ ਭਲਾ ਕਰਿ / ~ ਪ੍ਰੋ. ਨਵ ਸੰਗੀਤ ਸਿੰਘ

September 20, 2019 09:12 PM
 
 
         ਸੂਫ਼ੀ ਦਰਵੇਸ਼ਾਂ ਵਿੱਚ ਬਾਬਾ ਸ਼ੇਖ ਫ਼ਰੀਦ ਸਭ ਤੋਂ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ- ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ ਵੀ ਉਨ੍ਹਾਂ ਦਾ ਸਥਾਨ ਸਭ ਤੋਂ ਪਹਿਲਾ ਹੈ। ਆਪ ਦੇ ਜੀਵਨ- ਕਾਲ ਬਾਰੇ ਵਿਦਵਾਨਾਂ ਦੇ ਵੱਖ- ਵੱਖ ਵਿਚਾਰ ਹਨ। ਪਰ ਸਰਬਸੰਮਤੀ ਨਾਲ ਉਨ੍ਹਾਂ ਦਾ ਸਮਾਂ 1173 ਤੋਂ 1266 ਈ.ਮੰਨਿਆ ਗਿਆ ਹੈ। ਆਪ ਦਾ ਜਨਮ ਖੋਤਵਾਲ/ ਕੋਠੇਵਾਲ, ਮੁਲਤਾਨ (ਪਾਕਿਸਤਾਨ) ਵਿਖੇ ਸ਼ੇਖ ਜਮਾਲੁਦੀਨ ਦੇ ਘਰ ਬੀਬੀ ਕੁਰਸੁਮ ਦੀ ਕੁੱਖੋਂ ਹੋਇਆ। ਇਤਿਹਾਸਕ ਹਵਾਲਿਆਂ ਅਨੁਸਾਰ ਆਪ ਦੀਆਂ ਤਿੰਨ ਬੇਗ਼ਮਾਂ ਸਨ ਬੀਬੀ ਹਜ਼ਬਰਾ (ਸੁਲਤਾਨ ਬਲਬਨ ਦੀ ਬੇਟੀ), ਬੀਬੀ ਸ਼ਾਰਦਾ ਅਤੇ ਬੀਬੀ ਸ਼ਕਰ। ਆਪ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਦਾ ਜ਼ਿਕਰ ਵੀ ਵਿਦਵਾਨਾਂ ਨੇ ਕੀਤਾ ਹੈ, ਜਿਨ੍ਹਾਂ ਵਿੱਚ ਖਵਾਜਾ ਨਸੀਰੁੱਦੀਨ, ਖਵਾਜਾ ਸ਼ਹਾਬੁੱਦੀਨ, ਸ਼ੇਖ ਬਦਰੁਦੀਨ ਸੁਲੇਮਾਨ, ਸ਼ੇਖ਼ ਨਿਜ਼ਾਮੁੱਦੀਨ, ਸ਼ੇਖ ਯਾਕੂਬ (ਸਾਰੇ ਪੁੱਤਰ), ਬੀਬੀ ਮਸਤੂਰਾ, ਬੀਬੀ ਸ਼ਰੀਫਾ ਅਤੇ ਬੀਬੀ ਫਾਤਿਮਾ (ਸਾਰੀਆਂ ਧੀਆਂ) ਦਾ ਨਾਂ ਸ਼ਾਮਿਲ ਹੈ। ਬਾਬਾ ਫਰੀਦ ਜੀ ਦੇ ਬੇਟੇ- ਬੇਟੀਆਂ ਨੇ ਵੀ ਸੂਫੀ ਦਰਵੇਸ਼ੀ ਜੀਵਨ ਧਾਰਨ ਕੀਤਾ ਅਤੇ ਅਧਿਆਤਮਕ ਮਾਰਗ ਦੇ ਪਾਂਧੀ ਬਣ ਕੇ ਇਸ ਜੀਵਨ- ਜਾਚ ਦੇ ਪ੍ਰਚਾਰ- ਪ੍ਰਸਾਰ ਲਈ ਕਾਰਜਸ਼ੀਲ ਰਹੇ।
         ਸ਼ੇਖ ਫਰੀਦ ਦਾ ਪੂਰਾ ਨਾਂ ਸ਼ੇਖ ਫਰੀਦੁਦੀਨ ਮਸਊਦ ਗੰਜ- ਏ- ਸ਼ਕਰ ਸੀ। ਆਪ ਦੀ ਮਾਤਾ ਨੇ, ਜੋ ਖੁਦ ਧਾਰਮਿਕ ਬਿਰਤੀ ਵਾਲੀ ਨੇਕ- ਦਿਲ ਔਰਤ ਸੀ, ਆਪ ਨੂੰ ਪੰਜ ਵੇਲੇ ਦੀ ਨਮਾਜ਼ ਅਦਾ ਕਰਨ ਦੀ ਚੇਟਕ ਲਾਈ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰੱਸੇ ਤੋਂ ਹਾਸਲ ਕੀਤੀ ਅਤੇ ਪਿੱਛੋਂ 18 ਸਾਲ ਦੀ ਉਮਰ ਵਿੱਚ ਮੁਲਤਾਨ ਆ ਕੇ ਅਰਬੀ, ਫਾਰਸੀ, ਕੁਰਾਨ, ਹਦੀਸ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕੀਤੀ। ਆਪ ਨੇ ਛੇਤੀ ਹੀ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰ ਲਈ। ਮੁਲਤਾਨ ਰਹਿੰਦਿਆਂ ਹੀ ਉਹ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਮੁਖੀ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਨੂੰ ਮਿਲੇ ਅਤੇ ਪਿੱਛੋਂ ਇਸ ਸੰਪ੍ਰਦਾਇ ਦੀ ਵਾਗਡੋਰ ਸੰਭਾਲ ਲਈ।
         ਸ਼ੇਖ ਫਰੀਦ ਜੀ ਦੀ ਪ੍ਰਮਾਣਿਕ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਪਾਕਪਟਨ ਤੋਂ ਸ਼ੇਖ ਬ੍ਰਹਮ ਪਾਸੋਂ ਹਾਸਲ ਕੀਤਾ ਅਤੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਇਸ ਨੂੰ ਢੁਕਵਾਂ ਸਥਾਨ ਪ੍ਰਦਾਨ  ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਰਚੇ ਚਾਰ ਸ਼ਬਦ (ਦੋ ਰਾਗ ਆਸਾ ਵਿੱਚ, ਪੰਨਾ 488 ; ਅਤੇ ਦੋ ਰਾਗ ਸੂਹੀ ਵਿੱਚ, ਪੰਨਾ 794) ਅਤੇ 'ਸਲੋਕ ਸੇਖ ਫਰੀਦ ਕੇ' (ਪੰਨੇ 1377 ਤੋਂ 1384 ਤੱਕ) ਸਿਰਲੇਖ ਹੇਠ ਪ੍ਰਾਪਤ ਹੁੰਦੇ ਹਨ। ਇਨ੍ਹਾਂ 'ਚੋਂ 112 ਸ਼ਲੋਕ ਫ਼ਰੀਦ ਜੀ ਦੇ ਆਪਣੇ ਲਿਖੇ ਹੋਏ ਹਨ, ਜਦਕਿ 18 ਸ਼ਲੋਕ ਵੱਖ- ਵੱਖ ਗੁਰੂ ਸਾਹਿਬਾਨ ਦੁਆਰਾ ਰਚੇ ਹੋਏ ਹਨ। ਇਨ੍ਹਾਂ 18 ਸ਼ਲੋਕਾਂ ਦਾ ਮੁਕੰਮਲ ਵੇਰਵਾ ਇਸ ਤਰ੍ਹਾਂ ਹੈ:
* ਗੁਰੂ ਨਾਨਕ ਦੇਵ ਜੀ (ਚਾਰ ਸ਼ਲੋਕ): ਨੰ.32,113,120,124
* ਗੁਰੂ ਅਮਰਦਾਸ ਜੀ (ਪੰਜ ਸ਼ਲੋਕ): ਨੰ.13,52,104,122, 
  123 
* ਗੁਰੂ ਰਾਮਦਾਸ ਜੀ (ਇੱਕ ਸ਼ਲੋਕ): ਨੰ.121
* ਗੁਰੂ ਅਰਜਨ ਦੇਵ ਜੀ (ਅੱਠ ਸ਼ਲੋਕ): ਨੰ.75,82,83,105, 
  108,109,110,111. 
          ਫਰੀਦ ਜੀ ਦੇ ਬਹੁਤੇ ਸ਼ਲੋਕ ਤਾਂ ਦੋ- ਦੋ ਪੰਕਤੀਆਂ ਵਾਲੇ ਹੀ ਹਨ, ਪਰ ਕੁਝ ਇੱਕ ਸ਼ਲੋਕਾਂ ਵਿੱਚ ਪੰਕਤੀਆਂ ਦੀ ਗਿਣਤੀ ਵੱਧ ਵੀ ਹੈ, ਜਿਵੇਂ ਸ਼ਲੋਕ ਨੰ.1 (ਅੱਠ ਪੰਕਤੀਆਂ), ਸ਼ਲੋਕ ਨੰ.100 (ਛੇ ਪੰਕਤੀਆਂ), ਸ਼ਲੋਕ ਨੰ.98,99 (ਚਾਰ- ਚਾਰ ਪੰਕਤੀਆਂ), ਸ਼ਲੋਕ ਨੰ.49,97 (ਤਿੰਨ- ਤਿੰਨ ਪੰਕਤੀਆਂ)। ਇਵੇਂ ਹੀ ਇਨ੍ਹਾਂ ਸ਼ਲੋਕਾਂ ਦੇ ਅੰਤਰਗਤ ਦਰਜ ਵਿਭਿੰਨ ਗੁਰੂ ਸਾਹਿਬਾਨਾਂ ਦੇ ਸ਼ਲੋਕ ਵੀ ਦੋ ਜਾਂ ਵੱਧ ਪੰਕਤੀਆਂ ਦੇ ਮਿਲਦੇ ਹਨ। ਇਸੇ ਸਿਲਸਿਲੇ ਵਿੱਚ ਸੂਹੀ ਰਾਗ ਵਿੱਚ ਦਰਜ ਗੁਰੂ ਨਾਨਕ ਦੇਵ ਜੀ (ਪੰਨਾ 729) ਅਤੇ ਬਾਬਾ ਫਰੀਦ ਜੀ (ਪੰਨਾ 794) ਜੀ ਦੇ ਸ਼ਬਦ ਵੀ ਵੇਖਣਯੋਗ ਹਨ। ਜਿੱਥੇ ਬਾਬਾ ਫ਼ਰੀਦ ਜੀ ਆਪਣੇ ਸ਼ਬਦ (ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ...) ਵਿੱਚ ਸਮੱਸਿਆ ਦਾ ਜ਼ਿਕਰ ਕਰ ਰਹੇ ਹਨ, ਉੱਥੇ ਗੁਰੂ ਨਾਨਕ ਦੇਵ ਜੀ ਨੇ (ਜਪ ਤਪ ਕਾ ਬੰਧ ਬੇੜੁਲਾ ਜਿਤੁ ਲੰਘਹਿ ਵਹੇਲਾ...) ਸਮੱਸਿਆ ਤੋਂ ਉਬਰਨ ਦੀ ਜਾਚ ਦੱਸੀ ਹੈ।
        ਬੇਸ਼ਕ ਬਾਬਾ ਫਰੀਦ ਜੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਰਚਨਾ ਵਿੱਚ ਇਸਲਾਮਿਕ ਸ਼ਬਦਾਵਲੀ ਦੀ ਬਹੁਤਾਤ ਹੈ, ਜਿਵੇਂ ਮਲਕੁ (ਮਲਕੁਲਮਉਤ), ਸ਼ੈਤਾਨ, ਨਮਾਜ਼, ਉਜੂ (ਵੁਜ਼ੂ), ਦੋਜ਼ਕ, ਸਬਰ, ਰਜ਼ਾ, ਜੀਰਾਣ, ਗੋਰ, ਮੁਸੱਲਾ, ਸੂਫ, ਦਰਵੇਸ਼, ਅਜ਼ਰਾਈਲ, ਖੁਦਾਇ ਆਦਿ, ਪਰ ਉਨ੍ਹਾਂ ਦੇ ਉਪਦੇਸ਼ ਅਤੇ ਸਿੱਖਿਆਵਾਂ ਸਮੁੱਚੀ ਲੋਕਾਈ ਵਾਸਤੇ ਹਨ। ਉਨ੍ਹਾਂ ਦੀ ਬਾਣੀ ਵਿੱਚ ਇਸ਼ਕ, ਬਿਰਹਾ, ਸਬਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਖਿਮਾ, ਮਿੱਠਾ ਬੋਲਣਾ, ਪ੍ਰਭੂ ਭਗਤੀ, ਜੀਵਨ ਦੀ ਨਾਸ਼ਮਾਨਤਾ, ਪਰਿਪੱਕਤਾ, ਨੇਕੀ, ਸਮੇਂ ਦੀ ਸਾਰਥਿਕਤਾ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਪ੍ਰਾਪਤ ਹੈ ਅਤੇ ਇਨ੍ਹਾਂ ਹੀ ਵਿਸ਼ਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਵਿਭਿੰਨ ਸ਼ਲੋਕਾਂ ਦੀ ਸਿਰਜਣਾ ਕੀਤੀ ਹੈ। ਇਹੋ ਜਿਹੇ ਵਿਸ਼ਿਆਂ ਨੂੰ ਪ੍ਰਸਤੁਤ ਕਰਨ ਵਾਲੇ ਆਪ ਦੇ ਕੁਝ ਸ਼ਲੋਕਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ: 
   * ਨੇਕੀ:
   ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।
   ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।
                                                     (ਸ਼ਲੋਕ 7)
   ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨਾ ਹਢਾਇ।
   ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਏ।
                                                    (ਸ਼ਲੋਕ 78)
   * ਸਬਰ ਸੰਤੋਖ:
   ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
   ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ। 
                                                   (ਸ਼ਲੋਕ 29)
   ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ।
   ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ।
                                                  (ਸ਼ਲੋਕ 116) 
  * ਮਿੱਠਾ ਬੋਲਣਾ:  
  ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।
  ਹਿਅਾਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।
                                                  (ਸ਼ਲੋਕ 129) 
  ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾਂ।
  ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ।
                                                  (ਸ਼ਲੋਕ 130)
  * ਭੇਖ ਤੋਂ ਮੁਕਤੀ:
  ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ।
  ਬਾਹਰਿ ਦਿਸੈ ਚਾਨਣਾ ਦਿਲ ਅੰਧਿਆਰੀ ਰਾਤਿ।
                                                 (ਸ਼ਲੋਕ 50)
  ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।
  ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।
                                                 (ਸ਼ਲੋਕ 61)
        ਫ਼ਰੀਦ- ਬਾਣੀ ਦੀ ਇਹ ਵਿਲੱਖਣਤਾ ਹੈ ਕਿ ਅੱਜ ਵੱਖ- ਵੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਵੱਖ- ਵੱਖ ਵਿਸ਼ਿਆਂ ਸਬੰਧੀ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਦੇ ਨਾਮਕਰਣ ਲਈ ਫਰੀਦ- ਬਾਣੀ ਵਿਚਲੇ ਵਾਕੰਸ਼ਾਂ ਨੂੰ ਸਭ ਤੋਂ ਢੁਕਵਾਂ ਅਤੇ ਪ੍ਰਮਾਣਿਕ ਸਮਝ ਕੇ ਇਨ੍ਹਾਂ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਵਧੇਰੇ ਵਿਸਥਾਰ ਵਿੱਚ ਨਾ ਜਾਂਦਿਆਂ ਅਸੀਂ ਇੱਥੇ ਕੁਝ ਅਜਿਹੀਆਂ ਹੀ ਪੁਸਤਕਾਂ ਅਤੇ ਲੇਖਕਾਂ ਦੇ ਨਾਂ ਦੇ ਕੇ ਆਪਣੀ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ: ਏਹੁ ਹਮਾਰਾ ਜੀਵਣਾ, ਖੜਾ ਪੁਕਾਰੇ ਪਾਤਣੀ, ਦੁਨੀ ਸੁਹਾਵਾ ਬਾਗ (ਦਲੀਪ ਕੌਰ ਟਿਵਾਣਾ); ਬਿਰਹਾ ਤੂੰ ਸੁਲਤਾਨ (ਸ਼ਿਵ ਕੁਮਾਰ ਬਟਾਲਵੀ); ਬੇੜਾ ਬੰਧਿ ਨਾ ਸਕਿਓ (ਸੰਤ ਸਿੰਘ ਸੇਖੋਂ); ਰੁੱਖਾਂ ਦੀ ਜੀਰਾਂਦ (ਗੁਰਬਖਸ਼ ਸਿੰਘ ਪ੍ਰੀਤਲੜੀ); ਸੁਕ ਗਏ ਕੁਮਲਾਇ (ਗੁਰਦਿਆਲ ਸਿੰਘ ਫੁੱਲ); ਕੰਧੀ ਉੱਤੇ ਰੁਖੜਾ (ਸੁਰਜੀਤ ਸਿੰਘ ਸੇਠੀ);ਬਾਰਿ ਪਰਾਏ ਬੈਸਣਾ(ਪਾਂਧੀ ਨਨਕਾਣਵੀ); ਵਣ ਕੰਬਿਆ (ਸੁਖਪਾਲਵੀਰ ਸਿੰਘ ਹਸਰਤ) ਆਦਿ।
      ਬਾਬਾ ਫਰੀਦ ਜੀ ਦੇ ਪਾਵਨ ਚਰਨਾਂ ਨਾਲ ਵਰੋਸਾਈ ਧਰਤੀ ਫ਼ਰੀਦਕੋਟ ਵਿਖੇ ਪਿਛਲੇ ਕਈ ਵਰ੍ਹਿਆਂ ਤੋਂ ਬਾਬਾ ਫਰੀਦ ਆਗਮਨ ਪੁਰਬ ਹਰ ਸਾਲ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਬਾਬਾ ਫ਼ਰੀਦ ਆਗਮਨ ਪੁਰਬ ਕਮੇਟੀ ਦੇ ਵਿਚਾਰ ਅਨੁਸਾਰ ਫ਼ਰੀਦ ਜੀ ਫਰੀਦਕੋਟ ਵਿਖੇ 23 ਸਤੰਬਰ 1215 ਈ. ਨੂੰ ਆਏ ਸਨ। ਦੱਸਿਆ ਜਾਂਦਾ ਹੈ ਕਰੀਬ ਅੱਠ ਸਦੀਆਂ ਪਹਿਲਾਂ ਇਸ ਇਲਾਕੇ ਤੇ ਮੋਹਕਲ ਨਾਂ ਦਾ ਰਾਜਾ ਰਾਜ ਕਰਦਾ ਸੀ। ਉਹਨੇ ਮੋਹਕਲਗੜ ਨਾਂ ਦਾ ਇੱਕ ਕਿਲ੍ਹਾ ਬਣਵਾਇਆ, ਜਿਸ ਦੀ ਉਸਾਰੀ ਸਮੇਂ ਉਸ ਦੇ ਸਿਪਾਹੀਆਂ ਨੇ ਇਸ ਪਾਸਿਓਂ ਲੰਘ ਰਹੇ ਬਾਬਾ ਫਰੀਦ ਜੀ ਨੂੰ ਫੜ ਕੇ ਵਗਾਰ ਦੇ ਕੰਮ ਤੇ ਲਾ ਦਿੱਤਾ। ਇੱਕ ਦਰਵੇਸ਼ ਨੂੰ ਵਗਾਰੀ ਦੇ ਕੰਮ ਤੇ ਲਾਇਆ ਵੇਖ ਕੇ ਜਨਤਾ ਨੇ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਆਪਣੀ ਗਲਤੀ ਦੀ ਖਿਮਾ ਮੰਗੀ ਅਤੇ ਉਸ ਨੇ ਇਸ ਸ਼ਹਿਰ ਦਾ ਨਾਮ ਫਰੀਦ ਜੀ ਦੇ ਨਾਂ ਤੇ 'ਫਰੀਦਕੋਟ' ਰੱਖ ਦਿੱਤਾ। ਫ਼ਰੀਦਕੋਟ ਵਿਖੇ ਫਰੀਦ ਜੀ ਦੀ ਆਗਮਨ ਦੀ ਯਾਦ ਮਨਾਉਣ ਲਈ ਹਰ ਵਰ੍ਹੇ ਕੌਮੀ ਪੱਧਰ ਦੇ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿੱਚ ਸੈਮੀਨਾਰ, ਕਵੀ ਦਰਬਾਰ, ਕੁਸ਼ਤੀਆਂ, ਖੇਡਾਂ ਆਦਿ ਦਾ ਆਯੋਜਨ ਹੁੰਦਾ ਹੈ। ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਸਤੰਬਰ 1969 ਵਿੱਚ ਹੋਈ ਸੀ, ਜਿਸ ਵਿੱਚ ਸਿਰਫ਼ ਸੌ ਦੇ ਕਰੀਬ ਲੋਕ ਹੀ ਆਏ ਸਨ। ਪਹਿਲਾਂ ਸਿਰਫ਼ ਇੱਕੋ ਦਿਨ ਹੀ ਇਹ ਪੁਰਬ ਮਨਾਇਆ ਜਾਂਦਾ ਸੀ, ਬਾਅਦ ਵਿੱਚ ਇਹ ਤਿੰਨ ਦਿਨਾਂ ਲਈ ਕੀਤਾ ਤੇ ਪਿੱਛੋਂ (ਅੱਜ ਕੱਲ੍ਹ) ਇਸ ਨੂੰ ਪੰਜ ਤੋਂ ਛੇ ਦਿਨਾਂ ਲਈ ਕਰ ਦਿੱਤਾ ਗਿਆ ਹੈ। ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ ਟਿੱਲਾ ਬਾਬਾ ਫਰੀਦ ਸੁਭਾਏਮਾਨ ਹੈ, ਜਿੱਥੇ ਹਰ ਵੀਰਵਾਰ ਲੋਕੀਂ ਆਪਣੀਆਂ ਮਨੋ- ਕਾਮਨਾਵਾਂ ਦੀ ਪੂਰਤੀ ਹਿੱਤ ਸਿਜਦਾ ਕਰਦੇ ਹਨ। ਇਸ ਅਸਥਾਨ ਤੇ ਇੱਕ ਗੁਰਦੁਆਰਾ, ਮਸਜਿਦ, ਲੰਗਰ ਹਾਲ ਅਤੇ ਵਣ ਦਾ ਪੁਰਾਤਨ ਰੁੱਖ ਮੌਜੂਦ ਹੈ। ਵਣ ਬਾਰੇ ਮਾਨਤਾ ਹੈ ਕਿ ਬਾਬਾ ਜੀ ਨੇ ਗਾਰੇ ਨਾਲ ਲਿੱਬੜੇ ਹੱਥ ਇਸ ਰੁੱਖ ਨਾਲ ਪੂੰਝੇ ਸਨ। ਸ਼ਹਿਰੋਂ ਬਾਹਰ ਵਾਰ ਫ਼ਰੀਦਕੋਟ- ਕੋਟਕਪੂਰਾ ਸੜਕ ਉੱਤੇ ਗੁਰਦੁਆਰਾ ਗੋਦੜੀ ਸਾਹਿਬ ਦੀ ਸੁੰਦਰ ਇਮਾਰਤ ਹੈ, ਜਿਸ ਬਾਰੇ ਲੋਕ- ਵਿਸ਼ਵਾਸ ਹੈ ਕਿ ਬਾਬਾ ਜੀ ਨੇ ਲੀਰਾਂ ਦੀ ਬਣੀ ਗੋਦੜੀ ਤੇ ਇੱਥੇ ਵਿਸ਼ਰਾਮ ਕੀਤਾ ਸੀ। ਇੱਥੇ ਇੱਕ ਸਰੋਵਰ ਅਤੇ ਬਹੁਤ ਵਿਸ਼ਾਲ ਖੁੱਲ੍ਹਾ ਹਾਲ ਹੈ। ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਸਥਾਨਕ ਕਮੇਟੀ ਕਰਦੀ ਹੈ, ਜਿਸ ਦੇ ਸਰਪ੍ਰਸਤ ਭਾਈ ਇੰਦਰਜੀਤ ਸਿੰਘ ਖਾਲਸਾ ਹਨ ਅਤੇ ਮੁੱਖ ਸੇਵਾਦਾਰ ਮਹੀਪ ਇੰਦਰ ਸਿੰਘ ਹਨ, ਜੋ ਹਰ ਸਾਲ ਨੇਕ ਕੰਮ ਕਰਨ ਵਾਲੇ ਲੋਕਾਂ ਨੂੰ ਇਨਾਮ- ਸਨਮਾਨ ਪ੍ਰਦਾਨ ਕਰਦੇ ਹਨ।2000 ਸਾਲ ਤੋਂ ਕਮੇਟੀ ਵੱਲੋਂ ਬਾਬਾ ਫ਼ਰੀਦ ਇਮਾਨਦਾਰੀ ਐਵਾਰਡ ਅਤੇ ਭਗਤ ਪੂਰਨ ਸਿੰਘ ਮਾਨਵ- ਸੇਵਾ ਅਵਾਰਡ ਦਿੱਤੇ ਜਾ ਰਹੇ ਹਨ, ਜਿਸ ਵਿੱਚ ਹਰ ਐਵਾਰਡੀ ਨੂੰ ਨਕਦ ਰਾਸ਼ੀ, ਸਾਈਟੇਸ਼ਨ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਆਗਮਨ ਪੁਰਬ ਵਾਲੇ ਦਿਨ ਟਿੱਲਾ ਬਾਬਾ ਫ਼ਰੀਦ ਤੋਂ ਗੋਦੜੀ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਜਾਂਦਾ ਹੈ।
        ਭਾਵੇਂ ਬਾਬਾ ਫ਼ਰੀਦ ਜੀ ਅੱਜ ਤੋਂ ਅੱਠ ਸਦੀਆਂ ਪਹਿਲਾਂ ਪੰਜਾਬ ਦੀ ਧਰਤੀ ਤੇ ਆਏ ਸਨ, ਪਰ ਉਨ੍ਹਾਂ ਦੀ ਸ਼ਖਸੀਅਤ, ਦਰਸ਼ਨ ਅਤੇ ਬਾਣੀ ਨੇ ਪੰਜਾਬੀ ਜਨ- ਜੀਵਨ ਉੱਤੇ ਜੋ ਪ੍ਰਭਾਵ ਪਾਇਆ ਹੈ, ਉਹ ਸਾਡੇ ਸਾਹਮਣੇ ਹੈ। ਇਹ ਆਪ ਦੀ ਬਾਣੀ ਦਾ ਹੀ ਯੋਗਦਾਨ ਹੈ ਕਿ ਪੰਜਾਬੀਆਂ ਨੇ ਆਪ ਦੀ ਰਚਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੋਇਆ ਹੈ ਅਤੇ ਰੋਜ਼ਮੱਰਾ ਦੀ ਗੱਲਬਾਤ ਵਿੱਚ ਥਾਂ- ਥਾਂ ਤੇ ਆਪ ਦੀ ਬਾਣੀ 'ਚੋਂ ਹਵਾਲੇ ਦਿੱਤੇ ਜਾਂਦੇ ਹਨ। 
 
 ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302
    (ਬਠਿੰਡਾ)  9417692015. 
Have something to say? Post your comment

More Article News

ਕੰਮ ਦੀਆਂ ਗੱਲਾਂ । ਕੌਰ ਕਿਰਨਪ੍ਰੀਤ ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ
-
-
-