Friday, July 10, 2020
FOLLOW US ON

Article

ਪੁਲਿਸ ਬਨਾਮ ਸੁਪਰਮੈਨ/ ਬਲਰਾਜ ਸਿੰਘ ਸਿੱਧੂ ਐੱਸ.ਪੀ.

September 24, 2019 02:18 PM

ਪੁਲਿਸ ਬਨਾਮ ਸੁਪਰਮੈਨ
ਇਹਨੀ ਦਿਨੀਂ ਪੰਜਾਬ ਪੁਲਿਸ ਕਈ ਤਰਾਂ ਦੀਆਂ ਮੁਸੀਬਤਾਂ ਨਾਲ ਘਿਰੀ ਹੋਈ ਹੈ, ਗ੍ਰਹਿ ਦਸ਼ਾ ਠੀਕ ਨਹੀਂ ਚੱਲ ਰਹੀ। ਜੇ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਮਰਦਾ, ਜੇ ਨਹੀਂ ਕਰਦਾ ਤਾਂ ਮਰਦਾ। ਲੋਕਾਂ ਦੁਆਰਾ ਪੁਲਿਸ ਪਾਰਟੀਆਂ 'ਤੇ ਹਿੰਸਕ ਹਮਲੇ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਫਤੇ ਦਸਾਂ ਦਿਨ ਬਾਅਦ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਸਲ ਵਿੱਚ ਪੁਲਿਸ ਦੀ ਨੌਕਰੀ ਐਨੀ ਸੌਖੀ ਨਹੀਂ ਰਹੀ ਜਿੰਨੀ ਵੇਖਣ ਨੂੰ ਲੱਗਦੀ ਹੈ। ਅਖਬਾਰਾਂ ਜਾਂ ਸੋਸ਼ਲ ਮੀਡੀਆ ਰਾਹੀਂ ਪਬਲਿਕ ਤੱਕ ਪੁਲਿਸ ਦੀ ਸਿਰਫ ਲਾਠੀ ਚਾਰਜ ਕਰਦਿਆਂ ਜਾਂ ਸ਼ਰਾਬੀ ਹੋਇਆਂ ਦੀ ਨਕਾਰਾਤਮਕ ਤਸਵੀਰ ਹੀ ਪਹੁੰਚਦੀ ਹੈ। ਪੁਲਿਸ ਦੁਆਰਾ ਕੀਤੇ ਚੰਗੇ ਕੰਮਾਂ ਦੀ ਕੋਈ ਰਿਪੋਟਿੰਗ ਨਹੀਂ ਕਰਦਾ। ਅਨੇਕਾਂ ਵਾਰ ਦੰਗਈਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਹੈ, ਪਰ ਪੁਲਿਸ ਵਾਲਾ ਕਿਸੇ ਨੂੰ ਚੁਪੇੜ ਵੀ ਮਾਰ ਦੇਵੇ ਤਾਂ ਵੀਡੀਉ ਬਣਾਉਣ ਲਈ ਪਤਾ ਨਹੀਂ ਕਿੱਥੋਂ ਸੈਂਕੜੇ ਕੈਮਰੇ ਨਿਕਲ ਆਉਂਦੇ ਹਨ? ਨਿਊਜ਼ ਚੈਨਲ ਉਦੋਂ ਤੱਕ ਖਬਰ ਰੀਕਾਸਟ ਕਰੀ ਜਾਂਦੇ ਹਨ, ਜਦ ਤੱਕ ਉਹ ਸਸਪੈਂਡ ਜਾਂ ਬਰਖਾਸਤ ਨਹੀਂ ਹੋ ਜਾਂਦਾ।
     ਬਾਕੀ ਸਰਕਾਰੀ ਮਹਿਕਮਿਆਂ ਦੇ ਕਰਮਚਾਰੀ ਆਮ ਤੌਰ 'ਤੇ ਉਹੀ ਕੰਮ ਕਰਦੇ ਹਨ, ਜਿਸ ਲਈ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ। ਮਾਸਟਰ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦਾ ਹੈ, ਰੋਡਵੇਜ਼ ਦਾ ਡਰਾਈਵਰ ਬੱਸ ਚਲਾਉਂਦਾ ਹੈ, ਕੰਡਕਟਰ ਟਿਕਟਾਂ ਕੱਟਦਾ ਹੈ, ਤਹਿਸੀਲਦਾਰ ਰਜਿਸਟਰੀਆਂ ਕਰਦਾ ਹੈ ਤੇ ਬਿਜਲੀ ਬੋਰਡ ਵਾਲਾ ਬਿਜਲੀ ਸਬੰਧੀ ਕੰਮ ਕਰਦਾ ਹੈ। ਪਰ ਪੁਲਿਸ ਵਿੱਚ ਇਸ ਤਰਾਂ ਨਹੀਂ ਚੱਲਦਾ। ਥਾਣੇਦਾਰ ਨੂੰ ਸਿਰਫ ਐਸ.ਐਚ.ਉ. ਹੀ ਨਹੀਂ ਲਗਾਇਆ ਜਾਂਦਾ, ਪੁਲਿਸ ਲਾਈਨ ਵਿੱਚ ਐਲ.ਉ. ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਸ਼ੋਸ਼ੇਬਾਜ਼ ਦਾ ਗੰਨਮੈਨ, ਗਾਰਦ ਇੰਚਾਰਜ, ਅਦਾਲਤ ਵਿੱਚ ਮੁਲਜ਼ਮ ਭੁਗਤਾਉਣੇ, ਕੇਸਾਂ ਦੀ ਤਫਤੀਸ਼, ਟਰੈਫਿਕ ਕੰਟਰੋਲ, ਵੀ.ਆਈ.ਪੀ. ਸੁਰੱਖਿਆ, ਇਲੈਕਸ਼ਨ ਡਿਊਟੀ, ਪੀ.ਏ.ਪੀ., ਆਈ.ਆਰ.ਬੀ., ਕਮਾਂਡੋ ਅਤੇ ਦਫਤਰ ਆਦਿ ਕਿਸੇ ਵੀ ਡਿਊਟੀ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ। ਕਿਸੇ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਮੁਜ਼ਾਹਰਾ ਚਾਹੇ ਡੀ.ਸੀ., ਮਾਲ ਮਹਿਕਮੇ, ਨਹਿਰੀ ਵਿਭਾਗ, ਬਿਜਲੀ ਬੋਰਡ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਖਿਲਾਫ ਹੋਵੇ, ਆਖਰ ਵਿੱਚ ਪੁਲਿਸ ਦੇ ਗਲ ਦੀ ਹੱਡੀ ਹੀ ਬਣਦਾ ਹੈ। ਕਤਲ, ਬਲਾਤਕਾਰ ਜਾਂ ਅਗਵਾ ਕੋਈ ਬਸਮਾਸ਼ ਕਰਦਾ ਹੈ, ਪਰ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾ ਕੇ ਗੱਡੀਆਂ ਪੁਲਿਸ ਦੀਆਂ ਫੂਕ ਦਿੱਤੀਆਂ ਜਾਂਦੀਆਂ ਹਨ। ਲੋਕਾਂ ਦੀਆਂ ਉਮੀਦਾਂ ਪੁਲਿਸ ਤੋਂ ਬਹੁਤ ਜਿਆਦਾ ਵਧ ਗਈਆਂ ਹਨ। ਉਹ ਬਾਕੀ ਮਹਿਕਮਿਆਂ ਦੇ ਕੰਮ ਵੀ ਪੁਲਿਸ ਤੋਂ ਹੀ ਕਰਵਾਉਣੇ ਚਾਹੀਦੇ ਹਨ। ਇਹ ਡਿਊਟੀਆਂ ਨਿਭਾਉਣ ਖਾਤਰ ਅੱਜ ਦੇ ਪੁਲਿਸ ਮੁਲਾਜ਼ਮ ਨੂੰ ਸੁਪਰਮੈਨ ਵਰਗਾ ਬਲਸ਼ਾਲੀ, ਸਖਤ ਤੇ ਤੇਜ਼ ਤੱਰਾਟ ਬਣਨਾ ਹੋਵੇਗਾ ਤੇ ਆਪਣੇ ਵਿੱਚ ਹੇਠ ਲਿਖੀਆਂ ਖਾਸੀਅਤਾਂ ਪੈਦਾ ਕਰਨੀਆਂ ਪੈਣਗੀਆਂ। ਵਰਨਾ ਘਰ ਜਾਣ ਲਈ ਫਾਜ਼ਿਲਕਾ ਦੇ ਐੱਸ.ਐੱਚ.ਉ. ਵਾਂਗ ਜੁੱਲੀ ਬਿਸਤਰਾ ਬੰਨ ਕੇ ਰੱਖੇ।
  ਉਸ ਨੂੰ ਕਾਨੂੰਨ ਦੀ ਹਰ ਬਰੀਕੀ ਦਾ ਗਿਆਨ ਹੋਣਾ ਚਾਹੀਦਾ ਹੈ, ਆਈ.ਪੀ.ਸੀ., ਸੀ.ਆਰ.ਪੀ.ਸੀ. ਅਤੇ ਸਾਰੇ ਐਕਟ, ਇਥੋਂ ਤੱਕ ਕਿ ਪਾਕਿਸਤਾਨ, ਸ੍ਰੀ ਲੰਕਾ, ਨੇਪਾਲ ਅਤੇ ਬੰਗਲਾ ਦੇਸ਼ ਵਰਗੇ ਗੁਆਂਢੀ ਦੇਸ਼ਾਂ ਦੇ ਕਾਨੂੰਨ ਵੀ ਤੋਤੇ ਵਾਂਗ ਰਟੇ ਹੋਣੇ ਚਾਹੀਦੇ ਹਨ। ਕੰਪਿਊਟਰ, ਲੈਪਟਾਪ, ਇੰਟਰਨੈੱਟ ਅਤੇ ਹਰ ਪ੍ਰਕਾਰ ਦਾ ਵਹੀਕਲ (ਸਮੇਤ ਹੈਲੀਕਾਪਟਰ ਅਤੇ ਜਹਾਜ਼) ਚਲਾਉਣੇ ਆਉਣੇ ਚਾਹੀਦੇ ਹਨ, ਕਦੇ ਵੀ ਜਰੂਰਤ ਪੈ ਸਕਦੀ ਹੈ। ਵਾਰਦਾਤ ਹੁੰਦੇ ਸਾਰ ਸ਼ਕਤੀਮਾਨ ਵਾਂਗ ਉੱਡ ਕੇ ਮਿੰਟਾਂ-ਸਕਿੰਟਾਂ ਵਿੱਚ ਮੌਕਾ ਏ ਵਾਰਦਾਤ 'ਤੇ ਪਹੁੰਚਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਚੋਰੀ, ਡਾਕਾ, ਕਤਲ ਆਦਿ ਹੁੰਦੇ ਸਾਰ ਅੱਖਾਂ ਮੀਟ ਕੇ ਮੁਲਜ਼ਮ ਦਾ ਹੁਲੀਆ ਕਾਗਜ਼ 'ਤੇ ਉਤਾਰਨ ਅਤੇ ਇੱਕ ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਦੀ ਅਲੌਕਿਕ ਸ਼ਕਤੀ ਹੋਣੀ ਚਾਹੀਦੀ ਹੈ। ਗੁਲੇਲ ਤੋਂ ਲੈ ਕੇ ਤੋਪ-ਟੈਂਕ, ਹਰੇਕ ਹਥਿਆਰ ਦੀਆਂ ਬਰੀਕੀਆਂ ਦਾ ਪਤਾ ਹੋਣਾ ਚਾਹੀਦਾ ਹੈ। ਹਾਈ ਕੋਰਟ, ਸੁਪਰੀਮ ਕੋਰਟ, ਆਰ.ਟੀ.ਆਈ., ਪਾਰਲੀਮੈਂਟ ਅਤੇ ਅਸੈਂਬਲੀ ਵਿੱਚ ਦਾਇਰ ਕੇਸਾਂ-ਰਿੱਟਾਂ ਦੇ ਜਵਾਬ ਤਿਆਰ ਕਰਨੇ ਅਤੇ ਪੱਲਿਉਂ ਕਿਰਾਇਆ ਖਰਚ ਕੇ ਪੇਸ਼ੀਆਂ ਭੁਗਤਣੀਆਂ ਆਉਣੀਆਂ ਚਾਹੀਦੀਆਂ ਹਨ। ਚੰਗਾ ਹੋਵੇਗਾ ਜੇ ਵਕਾਲਤ ਦਾ ਇਮਤਿਹਾਨ ਵੀ ਪਾਸ ਕਰ ਹੀ ਲਵੇ। ਰਾਤ ਭਰ ਉੱਲੂ ਵਾਂਗ ਬਿਨਾਂ ਪਲਕ ਝਪਕਾਏ ਜਾਗਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਵੈਸੇ ਪੁਲਿਸ ਵਿੱਚ ਬਹੁਤੇ ਮੁਲਾਜ਼ਮ ਉਨੀਂਦਰੇ ਦੀ ਬਿਮਾਰੀ ਦੇ ਮਰੀਜ਼ ਭਰਤੀ ਕਰਨੇ ਚਾਹੀਦੇ ਹਨ ਤਾਂ ਜੋ ਚੈਕਿੰਗ ਦੀ ਜਰੂਰਤ ਹੀ ਨਾ ਪਵੇ। ਅੱਤਵਾਦੀਆਂ ਦੀਆਂ ਯੋਜਨਾਵਾਂ ਬਾਰੇ ਪਹਿਲਾਂ ਹੀ ਇਲਮ ਹੋਵੇ ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੈਟਮੈਨ ਵਾਂਗ ਐਂਟਰੀ ਮਾਰ ਜਾਵੇ। ਸਿਰਫ ਸੁੰਘ ਕੇ ਵੱਡੇ ਤੋਂ ਵੱਡੇ ਅਪਰਾਧੀ ਦਾ ਪਤਾ ਲਗਾਉਣਾ ਆਉਣਾ ਚਾਹੀਦਾ ਹੈ। ਲਾਸ਼ਾਂ ਦਾ ਪੋਸਟ ਮਾਰਟਮ ਅਤੇ ਅੰਤਿਮ ਸੰਸਕਾਰ ਦੇ ਅਰਦਾਸ-ਮੰਤਰ ਵੀ ਸਿੱਖ ਲਵੇ ਤਾਂ ਸ਼ਾਇਦ ਜਨਤਾ ਪੁਲਿਸ ਤੋਂ ਥੋੜ•ੀ ਬਹੁਤ ਖੁਸ਼ ਹੋ ਜਾਵੇ।
  ਇਲਾਕੇ ਦੀਆਂ ਸਾਰੀਆਂ ਲਵ ਸਟੋਰੀਆਂ ਬਾਰੇ ਪੁਲਿਸ ਮੁਲਾਜ਼ਮ ਨੂੰ ਗਿਆਨ ਹੋਣਾ ਬਹੁਤ ਹੀ ਜਰੂਰੀ ਹੈ। ਕਿਸ ਦੀ ਲੜਕੀ ਕਿਸ ਨਾਲ ਭੱਜਣੀ ਹੈ ਤੇ ਜੇ ਭੱਜ ਜਾਵੇ ਤਾਂ ਕਿਥੇ ਛਿਪੀ ਹੋਈ ਹੈ, ਪਹਿਲਾਂ ਹੀ ਪਤਾ ਹੋਣਾ ਚਾਹੀਦੀ ਹੈ। ਨਹੀਂ ਤਾਂ ਲੋਕ ਥਾਣੇ ਨੂੰ ਫੂਕਣ ਲੱਗਿਆਂ ਮਿੰਟ ਲਗਾਉਂਦੇ ਹਨ। ਟਰੈਫਿਕ ਜਾਮ ਕਿੱਥੇ ਲੱਗਣਾ ਹੈ ਤੇ ਜੇ ਲੱਗ ਜਾਵੇ ਤਾਂ ਟਰੈਫਿਕ ਕਿਸ ਚੋਰ ਰਸਤੇ ਤੋਂ ਲੰਘਾਉਣੀ ਹੈ, ਉਂਗਲਾਂ ਦੇ ਪੋਟਿਆਂ 'ਤੇ ਹੋਵੇ। ਨੋ ਐਂਟਰੀ ਵਿੱਚ ਕਿਸ ਨੂੰ ਘੁਸਣ ਦੇਣਾ ਹੈ ਤੇ ਕਿਸ ਨੂੰ ਨਹੀਂ, ਦੀ ਜਾਣਕਾਰੀ ਤੋਂ ਇਲਾਵਾ ਸ਼ਹਿਰ ਦੇ ਹਰੇਕ ਚੰਗੇ ਮੰਦੇ ਵਿਅਕਤੀ ਦੀ ਪਹਿਚਾਣ ਹੋਵੇ, ਨਹੀਂ ਬਠਿੰਡੇ ਵਾਂਗ ਪੰਗਾ ਪੈ ਸਕਦਾ ਹੈ। ਬਰੂਸ ਲੀ, ਜੈਕੀ ਚੈਨ ਅਤੇ ਰੈਂਬੋ ਵਾਂਗ ਫਾਈਟ ਕਰਨੀ ਆਉਣੀ ਚਾਹੀਦੀ ਹੈ, ਨਹੀਂ ਚੌਗਾਵੇਂ ਵਾਲੀ ਹਾਲਤ ਹੋ ਸਕਦੀ ਹੈ। ਪੈਂਦੀਆਂ ਵਿੱਚ ਕੋਈ ਨਹੀਂ ਖੜ•ਦਾ, ਆਪਣੀ ਪਈ ਆਪ ਹੀ ਭੁਗਤਣੀ ਪੈਂਦੀ ਹੈ। ਘਰ ਬਾਰ, ਰਿਸ਼ਤੇਦਾਰਾਂ ਤੇ ਬੱਚਿਆਂ ਦਾ ਮੋਹ ਤਿਆਗ ਕੇ 24 ਘੰਟੇ ਟੈਨਸ਼ਨ ਭਰੀ ਡਿਊਟੀ ਕਰਨ ਤੋਂ ਬਾਅਦ ਵੀ ਡੌਲੇ ਤੇ ਚੁਸਤੀ ਫੁਰਤੀ ਸਲਮਾਨ ਖਾਨ ਦੀ ਫਿਲਮ ਦਬੰਗ ਵਰਗੀ ਹੋਣੀ ਚਾਹੀਦੀ ਹੈ। ਹਰੇਕ ਚੋਰ ਉਚੱਕੇ, ਜ਼ੇਬਕਤਰੇ, ਸਮੱਗਲਰ, ਗੁੰਡੇ, ਬਦਮਾਸ਼ ਅਤੇ ਟਟਪੂੰਜੀਏ ਨੇਤਾ ਨੂੰ ਸਰ-ਪਲੀਜ਼ ਕਹਿ ਕੇ ਗੱਲ ਕਰਨੀ ਆਉਣੀ ਚਾਹੀਦੀ ਹੈ।
  ਥੋੜੇ ਦਿਨ ਪਹਿਲਾਂ ਭਾਰਤ ਦਾ ਚੰਦਰ ਯਾਨ ਮਿਸ਼ਨ ਅਸਫਲ ਹੋ ਗਿਆ ਸੀ। ਕਿਸੇ ਨੇ ਵੀ ਇਸਰੋ ਦੇ ਚੀਫ ਦੀ ਕੋਈ ਨੁਕਤਾਚੀਨੀ ਨਹੀਂ ਕੀਤੀ, ਸਗੋਂ ਪ੍ਰਧਾਨ ਮੰਤਰੀ ਨੇ ਜੱਫੀ ਪਾ ਕੇ ਉਸ ਦਾ ਹੌਸਲਾ ਵਧਾਇਆ। ਪਰ ਜੇ ਕਿਤੇ ਇਸਰੋ ਪੁਲਿਸ ਦੇ ਅੰਡਰ ਹੁੰਦਾ ਤਾਂ ਹੁਣ ਤੱਕ 10-15 ਕਰਮਚਾਰੀ ਸਸਪੈਂਡ ਹੋ ਚੁੱਕੇ ਹੋਣੇ ਸੀ ਤੇ ਵਿਚਾਰੇ ਕੰਪਿਊਟਰ ਵਾਲੇ ਤਾਂ ਡਿਸਮਿਸ ਹੀ ਹੋ ਜਾਂਦੇ।
                                                            ਬਲਰਾਜ ਸਿੰਘ ਸਿੱਧੂ ਐੱਸ.ਪੀ.
                                                                             ਪੰਡੋਰੀ ਸਿੱਧਵਾਂ

Have something to say? Post your comment