Sunday, February 23, 2020
FOLLOW US ON

Article

ਨਲਕੇ ਦੀ ਕਹਾਣੀ ਨਲਕੇ ਦੀ ਜ਼ੁਬਾਨੀ...ਜਸਵੀਰ ਸ਼ਰਮਾਂ ਦੱਦਾਹੂਰ

September 27, 2019 09:18 PM

ਨਲਕੇ ਦੀ ਕਹਾਣੀ ਨਲਕੇ ਦੀ ਜ਼ੁਬਾਨੀ...
ਸਤਿਕਾਰਿਤ ਦੋਸਤੋ ਅੱਜ ਤੁਸੀਂ ਮੈਨੂੰ ਭੁੱਲਦੇ ਜਾ ਰਹੇ ਹੋਂ, ਕਿਉਂਕਿ ਤੁਸੀਂ ਹੁਣ ਬਹੁਤ ਤਰੱਕੀ ਕਰ ਲਈ ਹੈ ਇੱਕੀਵੀਂ ਸਦੀ ਵਿਚ ਪੈਰ ਧਰਨ ਕਰਕੇ ਅਗਾਂਹ ਵਧੂ ਖਿਆਲਾਂ ਦੇ ਵਿੱਚ ਸਦਾ ਹੀ ਖੋਏ ਰਹਿੰਦੇ ਹੋਂ।ਪਰ ਆਮ ਕਹਾਵਤ ਹੈ ਕਿ ਜੋ ਬੰਦਾ ਆਪਣੇ ਅਤੀਤ ਨੂੰ ਭੁੱਲ ਜਾਂਦਾ ਹੈ ਓਹ ਤਾਂ.. ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ, ਪਰ ਮੈਂ ਬੇਜਾਨ ਚੀਜ਼ ਜਿਸ ਨਾਲ ਤੁਹਡੀ ਸਦੀਆਂ ਤੋਂ ਸਾਂਝ ਰਹੀ ਹੋਵੇ ਓਹ ਭਲਾਂ ਕੋਈ ਮਾੜਾ ਸ਼ਬਦ ਤੁਹਾਨੂੰ ਕਿਵੇਂ ਬੋਲ ਸਕਦਾ ਹੈ? ਮੈਂ ਮਾੜੇ ਸ਼ਬਦ ਬੋਲਕੇ ਅਕਿਰਤਘਣਾ ਵਾਲਾ ਧੱਬਾ ਆਪਣੇ ਉੱਪਰ ਨਹੀਂ ਲਵਾਉਣਾ ਚਾਹੁੰਦਾ।
ਚਲੋ ਖੈਰ ਮੈਨੂੰ ਤਾਂ ਅੱਜ ਵੀ ਕੁੱਲ ਲੁਕਾਈ ਨਾਲ ਪਿਆਰ ਮੁਹੱਬਤ ਹੈ। ਦੋਸਤੋ ਪਿਛਲੇ ਸਮਿਆਂ ਤੇ ਥੋੜੀ ਜਿਹੀ ਝਾਤ ਮਾਰੋ, ਜਦੋਂ ਮੇਰੇ ਨਾਲ ਤੁਹਾਡੀ ਵੀ ਤੂਤੀ ਬੋਲਦੀ ਹੁੰਦੀ ਸੀ।ਹਰ ਮੋੜ ਤੇ ਸਾਰੀਆਂ ਹੀ ਪੰਚਾਇਤੀ ਥਾਵਾਂ ਤੇ,ਹਰ ਚੌਰਾਹੇ ਵਿਚ ਬਹੁਤ ਸਾਰੀਆਂ ਐਸੀ ਥਾਵਾਂ ਤੇ ਸੜਕਾਂ ਤੇ ਜਾਂ ਕੱਚਿਆਂ ਰਾਹਾਂ ਤੇ ਤੁਸੀਂ ਚਾਈਂ ਚਾਈਂ ਮੈਨੂੰ ਆਪ ਲਵਾਉਂਦੇ ਰਹੇ ਹੋਂ। ਓਦੋਂ ਤਾਂ ਦੋਸਤੋ ਇਹ ਗੱਲ ਵੀ ਸਿਖਰਾਂ ਤੇ ਰਹੀ ਹੈ ਕਿ ਪਾਣੀ ਪਿਲਾਉਣ ਦਾ ਤੇ ਥਾਂ ਥਾਂ ਉੱਤੇ ਮੈਨੂੰ ਲਵਾਉਣ ਦਾ ਪੁੰਨ ਹੀ ਬਹੁਤ ਵੱਡਾ ਲਗਦਾ ਸੀ ਇਹ ਗੱਲ ਤੁਸੀਂ ਆਪ ਹੀ ਮੂੰਹੋਂ ਕਿਹਾ ਕਰਦੇ ਸੀ।ਪਰ ਹੁਣ ਮੇਰਾ ਖਿਆਲ ਹੈ ਕਿ ਤੁਹਾਨੂੰ ਪੁੰਨ ਪਾਪ ਦੀ ਪ੍ਰੀਭਾਸ਼ਾ ਹੀ ਭੁੱਲ ਗਈ ਲੱਗਦੀ ਹੈ, ਕਿਉਂਕਿ ਤੁਸੀਂ ਬਹੁਤ ਪੈਸੇ ਵਾਲੇ ਤੇ ਅਮੀਰ ਹੋ ਚੁੱਕੇ ਹੋਂ। ਚਲੋ ਕਿਹੜਾ ਮੇਰਾ ਤੁਹਾਡੇ ਉੱਪਰ ਕੋਈ ਜ਼ੋਰ ਹੈ ਮੈਂ ਤਾਂ ਆਖਿਰ ਨਾ ਜਾਨ ਚੀਜ਼ ਜੋ ਹੋਇਆ।
ਪਰ ਤੁਸੀਂ ਓਹ ਸਮੇਂ ਭੁੱਲ ਗਏ ਜਦੋਂ ਜੇਠ ਹਾੜ ਦੀਆਂ ਧੁੱਪਾਂ ਲੂਆਂ ਵਿੱਚ ਮੈਨੂੰ ਥੋੜਾ ਜਿਹਾ ਹਿਲਾ ਕੇ ਪਿਆਸ ਬੁਝਾ ਕੇ ਕਹਿੰਦੇ ਹੁੰਦੇ ਸੀ ਆਹਾ.. ਜਾਨ ਚ ਜਾਨ ਆਈ। ਮੈਨੂੰ ਤੁਸੀਂ ਓਨਾਂ ਸਮਿਆਂ ਦੇ ਵਿੱਚ ਤਿੰਨ ਚਾਰ ਨਮੂਨਿਆਂ ਵਿੱਚ ਵੇਖਦੇ ਰਹੇ ਹੋਂ। ਮੈਨੂੰ ਕੁੱਤਾ ਨਲਕਾ ਵੀ ਤੋਤਾ ਨਲਕਾ ਵੀ ਵੱਡਾ ਛੋਟਾ ਨਲਕਾ ਵੀ ਕਹਿ ਲੈਂਦੇ ਸੀ।ਪਰ ਮੈਨੂੰ ਤੁਸੀਂ ਜਿੱਥੇ ਵੀ ਲਾ ਦਿੰਦੇ ਰਹੇ ਹੋਂ ਮੈਂ ਓਥੇ ਹੀ ਜੇਠ ਹਾੜ ਦੀਆਂ ਧੁੱਪਾਂ ਲੂਆਂ ਤੇ ਝੱਖੜ ਝੋਲਿਆਂ ਦੇ ਵਿੱਚ ਅਡੋਲ ਖੜਾ ਰਹਿਕੇ ਜੀਅ ਜਾਨ ਨਾਲ ਤੁਹਾਨੂੰ ਠੰਡੇ ਪਾਣੀ ਦੇ ਨਜ਼ਾਰਿਆਂ ਨਾਲ ਤਰੋ ਤਾਜਾ ਕਰਦਾ ਰਿਹਾ ਹਾਂ,ਇਹੀ ਮੇਰੀ ਤਾਸੀਰ ਸੀ ਤੇ ਇਹੀ ਮੇਰਾ ਫਰਜ਼ ਸੀ। ਹਾਂ ਮੈਂ ਭੁੱਲ ਗਿਆ ਸੀ ਰੇਲਵੇ ਸਟੇਸ਼ਨ ਤੇ ਵੀ ਮੇਰੀ ਇੱਕ ਹੋਰ ਵੀ ਵੱਖਰੀ ਕਿਸਮ ਹੁੰਦੀ ਸੀ,ਪਰ ਕੰਮ ਮੇਰਾ ਹਰ ਥਾਂ ਤੇ ਇੱਕੋ ਇੱਕ ਰਿਹਾ ਹੈ ਤਪਦੇ ਹਿਰਦਿਆਂ ਨੂੰ ਠੰਡਕ ਪਹੁੰਚਾਉਣੀ ਜਿਸ ਨੂੰ ਮੈਂ ਆਪਣੀ ਜੀਅ ਜਾਨ ਨਾਲ ਨਿਭਾਇਆ ਹੈ। ਕਦੇ ਕਦੇ ਤਾਂ ਮੇਰੀ ਬਾਂਹ ਵੀ ਚੋਰ ਲੈ ਜਾਦੇ ਜਿਸ ਕਰਕੇ ਮੈਂ ਬਾਂਹ ਬਿਨ ਵਾਂਝਾ ਹੋ ਜਾਂਦਾ ਸਾਂ ਤੇ ਤੁਹਾਡੀ ਸੇਵਾ ਕਰਨ ਤੋਂ ਅਸਮਰਥ ਹੋ ਜਾਂਦਾ ਸਾਂ। ਪਿੰਡਾਂ ਦੀਆਂ ਪੰਚਾਇਤਾਂ ਮੈਨੂੰ ਥਾਂ ਥਾਂ ਲਵਾਉਂਦੀਆ ਰਹੀਆਂ ਹਨ।
ਉਨਾਂ ਸਮਿਆਂ ਵਿੱਚ ਧਰਤੀ ਹੇਠਲਾ ਪਾਣੀ ਨੇੜੇ ਵੀ ਹੁੰਦਾ ਸੀ ਤੇ ਹੁੰਦਾ ਵੀ ਸ਼ਹਿਦ ਵਰਗਾ ਮਿੱਠਾ ਸੀ ਤੇ ਦੇ ਤੁਸੀਂ ਮੈਨੂੰ ਕਿਤੇ ਨਹਿਰ ਦੇ ਕਿਨਾਰੇ ਤੇ ਲਵਾ ਦਿੰਦੇ ਸੀ ਤਾਂ ਫਿਰ ਕਿਆ ਬਾਤਾਂ ਹੁੰਦੀਆਂ ਸਨ ਠੰਡਾ ਪਾਣੀ ਤੇ ਨਾਲ ਹੀ ਹਾਜ਼ਮੇਦਾਰ ਵੀ ਸੀ। ਸ਼ਾਇਦ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਕਿਤੇ ਕਿਤੇ ਤਾਂ ਮੇਰੇ ਪਾਣੀ ਪੀਣ ਲਈ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਵੀ ਲੱਗ ਜਾਂਦੀਆਂ ਸਨ ਤੇ ਹੁਣ ਵੀ ਕਿਤੇ ਕਿਤੇ ਮੈਂ ਓਹ ਆਪਣੀ ਡਿਊਟੀ ਖੂਬ ਨਿਭਾ ਵੀ ਰਿਹਾ ਹਾਂ। ਵੈਸੇ ਮੈਂ ਓਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਲਾਈਨਾਂ ਦੇ ਵਿੱਚ ਲੱਗਕੇ ਤੇ ਆਪਣੀ ਵਾਰੀ ਉਡੀਕ ਕੇ ਬਹੁਤ ਸਾਰੇ ਮੈਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਚਾਹੁਣ ਵਾਲੇ ਮੈਥੋਂ ਪਾਣੀ ਲੈਕੇ ਆਪਣੀ ਤੇ ਆਪਣੇ ਪਰਿਵਾਰਾਂ ਦੀ ਪਿਆਸ ਬੁਝਾਉਂਦੇ ਹਨ, ਓਦੋਂ ਮੈਨੂੰ ਆਪਣੀ ਜਵਾਨੀ ਵੀ ਯਾਦ ਆ ਜਾਂਦੀ ਹੈ। ਹਾਂ ਇੱਕ ਗੱਲ ਹੋਰ ਹੁਣ ਤੁਸੀਂ ਬਹੁਤ ਤਰੱਕੀ ਕਰ ਲਈ ਹੈ ਤੁਹਾਡੇ ਸਭਨਾਂ ਕੋਲ ਹੀ ਹੱਥਾਂ ਚ ਮੋਬਾਇਲ ਫੜੇ ਹੋਏ ਹਨ ਤੇ ਕਦੇ ਕਦੇ ਤੁਸੀਂ ਵੀਡੀਓ ਕਲਿੱਪ ਵਿੱਚ ਮੇਰੀ ਵੱਡੀ ਬਾਂਹ ਵਾਲੇ ਵੱਡੇ ਭਰਾ ਤੋਂ ਕਈ ਬਹੁਤ ਤਿਹਾਏ ਪਸ਼ੂ ਵੀ ਮੇਰੀ ਬਾਂਹ ਨੂੰ ਵਾਰ ਵਾਰ ਹੇਠ ਉੱਤੇ ਕਰਕੇ ਭਾਵ ਮੈਨੂੰ ਗੇੜਕੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਵੇਖੇ ਵੀ ਹੋਣਗੇ। ਪਰ ਹੁਣ ਤੁਹਾਡੇ ਵਿੱਚ ਵੀ ਮੇਰੇ ਦੋਸਤੋ ਬਹੁਤ ਕਮੀਆਂ ਆ ਗਈਆਂ ਹਨ ਕਿਉਂਕਿ ਤੁਸੀਂ ਜ਼ਹਿਰੀਲੀਆਂ ਦਵਾਈਆਂ ਤੇ ਸਪਰੇਆਂ ਫਸਲਾਂ ਤੇ ਛਿੜਕ ਛਿੜਕ ਕੇ ਪਾਣੀ ਨੂੰ ਜਹਿਰੀਲਾ ਕਰ ਦਿੱਤਾ ਹੈ, ਤੇ ਪਾਣੀ ਦੀ ਸੰਭਾਲ ਕਰਨੋਂ ਵੀ ਕੰਨੀ ਕਤਰਾਉਣ ਲੱਗ ਪਏ ਹੋਂ।ਇਸ ਕਰਕੇ ਮੈਨੂੰ ਹੁਣ ਥਾ ਥਾਂ ਤੇ ਲਵਾਉਣਾ ਬਹੁਤ ਮਹਿੰਗਾ ਪੈਂਦਾ ਹੈ, ਪਾਣੀ ਡੂੰਘੇ ,ਖਾਰੇ ਤੇ ਜ਼ਹਿਰੀ ਹੋ ਚੁੱਕਿਆ ਹੈ। ਪਹਿਲਾਂ ਮੈਨੂੰ ਤੁਸੀਂ ਕਿਤੇ ਕਿਤੇ ਪਿੰਡਾਂ ਤੋਂ ਬਾਹਰਵਾਰ ਸਾਂਝੀਆਂ ਥਾਵਾਂ ਤੇ ਵੀ ਲਵਾਉਂਦੇ ਰਹੇ ਹੋਂ ਕਿਉਂਕਿ ਓਥੇ ਪਾਣੀ ਮਿੱਠਾ ਨਿਕਲ਼ਿਆ ਕਰਦਾ ਸੀ ਤੇ ਮੈਂ ਵੀ ਕਿਸੇ ਦਰੱਖ਼ਤ ਦੀ ਸੰਘਣੀ ਛਾਂ ਵਿੱਚ ਅਡੋਲ ਖੜਾ ਰਹਿੰਦਾ ਸੀ ਤੇ ਮੈਨੂੰ ਕਦੇ ਕਿਸੇ ਨੇ ਨੁਕਸਾਨ ਵੀ ਨਹੀਂ ਸੀ ਪਹੁੰਚਾਇਆ। ਹੁਣ ਤਾਂ ਮੈਂ ਜਿਥੇ ਕਿਤੇ ਕਿਤੇ ਬਹੁਤ ਦੇਰ ਤੋਂ ਲੱਗਿਆ ਹੋਇਆ ਹਾਂ ਓਥੇ ਥੱਲੇ ਪਾਣੀ ਨਹੀਂ ਕਰਕੇ ਬੱਚਿਆਂ ਦੇ ਤੇ ਵੱਡਿਆਂ ਦੇ ਦੰਦ ਵੀ ਤੋੜ ਦਿੰਦਾ ਹਾਂ ਕਿਉਂਕਿ ਮੈਨੂੰ ਥੱਲਿਓਂ ਮੇਰੀ ਖੁਰਾਕ ਹੀ ਨਹੀਂ ਮਿਲਦੀ ਤੇ ਫਿਰ ਦੱਸੋ ਮੈਂ ਤੁਹਾਡੀ ਪਿਆਸ ਕਿਵੇਂ ਬੁਝਾਵਾਂ? ਹਾਂ ਕਿਸੇ ਕਿਸੇ ਜਗਾ ਤੇ ਕਿਸੇ ਕਿਸੇ ਪਿੰਡ ਵਿੱਚ ਅੱਜ ਵੀ ਮੈਨੂੰ ਲੋਕ ਭੁੱਲੇ ਨਹੀਂ ਹਨ ਤੇ ਮੇਰੀ ਜੀਅ ਜਾਨ ਨਾਲ ਸੰਭਾਲ ਵੀ ਕਰਦੇ ਨੇ ਤੇ ਮੈਨੂੰ ਪਿਆਰ ਵੀ ਕਰਦੇ ਨੇ। ਕਈ ਕਈ ਨਹਿਰੀ ਕਿਨਾਰਿਆਂ ਤੇ ਵੀ ਮੈਂ ਹਾਲੇ ਆਪਣੀ ਹੋਂਦ ਨੂੰ ਸੰਭਾਲੀ ਬੈਠਾ ਹਾਂ ਪਰ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾਂ ਉਡੀਕਦਾ ਰਹਿੰਦਾ ਹਾਂ। ਹੁਣ ਤੁਸੀਂ ਘਰ ਘਰ ਮੱਛੀ ਮੋਟਰਾਂ ਲਵਾ ਲਈਆਂ ਹਨ, ਉੱਤੇ ਟੁਲੂ ਪੰਪ ਲਵਾ ਕੇ ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਉੱਤੇ ਵੱਡੀਆਂ ਵੱਡੀਆਂ ਟੈਂਕੀਆਂ ਬਣਾ ਕੇ ਉੱਤੇ ਪਾਣੀ ਚੜਾਂ ਲੈਂਦੇ ਹੋਂ ਤੇ ਹਰ ਘਰ ਵਿੱਚ ਆਰ ਓ ਲੱਗੇ ਹੋਏ ਕਰਕੇ ਮੇਰੀ ਲੋੜ ਕੀ ਤੁਹਾਨੂੰ ਮਹਿਸੂਸ ਨਹੀਂ ਹੁੰਦੀ। ਇਸੇ ਤਰਾਂ ਸਰਕਾਰ ਨੇ ਵੀ ਸਰਕਾਰੀ ਥਾਵਾਂ ਤੇ ਸਰਕਾਰੀ ਆਰ ਓ ਸਿਸਟਮ ਲਵਾ ਦਿੱਤੇ ਹਨ ਤੇ ਤਾਂਹੀਓਂ ਮੇਰੀ ਲੋੜ ਤੁਹਾਨੂੰ ਘਟਗੀ ਜਾਪਦੀ ਹੈ। ਚਲੋ ਓਹ ਦੋਸਤੋ ਤੁਹਡੀ ਆਪਣੀ ਸੋਚਣੀ ਆਂ ਤੁਹਾਡੀ ਮਰਜੀ ਹੈ,ਪਰ ਮੈਂ ਤਾਂ ਅੱਜ ਵੀ ਤੁਹਾਡੇ ਲਈ ਸਦਾ ਹਾਜਰ ਹਾਂ ਜਦੋਂ ਮਰਜ਼ੀ ਮੈਨੂੰ ਜਿਥੇ ਮਰਜੀ ਲਵਾਓ ਮੈਂ ਧੁੱਪ ਦੇ ਵਿੱਚ ਆਪਣੇ ਆਪ ਨੂੰ ਸਾੜਕੇ ਵੀ ਤੁਹਾਡੀ ਸੇਵਾ ਲਈ ਹਾਜ਼ਰ ਹਾਂ।
ਹਾਂ ਸੱਚ ਇੱਕ ਤਾਂ ਬਹੁਤ ਹੀ ਮੁੱਦੇ ਦੀ ਗੱਲ ਮੈਂ ਭੁੱਲ ਹੀ ਗਿਆ ਸਾਂ ਕਿ ਹੁਣ ਤੁਹਾਨੂੰ ਡਾਕਟਰਾਂ ਨੇ ਖੜਕੇ ਜਾਂ ਕੋਡੇ ਹੋਕੇ ਪਾਣੀ ਪੀਣ ਤੋਂ ਵੀ ਰੋਕਿਆ ਹੋਇਆ ਹੈ ਕਿਉਂਕਿ ਡਾਕਟਰਾਂ ਮੁਤਾਬਕ ਇਉਂ ਪਾਣੀ ਪੀਣ ਨਾਲ ਸਿਹਤ ਤੰਦਰੁਸਤ ਨਹੀਂ ਰਹਿੰਦੀ, ਪਰ ਮੇਰੇ ਸਤਿਕਾਰਯੋਗ ਦੋਸਤੋ ਪਹਿਲਾਂ ਵਾਲੇ ਸਮਿਆਂ ਵਿੱਚ ਤੁਸੀਂ ਜਦੋਂ ਮੈਥੋਂ ਪਾਣੀ ਪੀਂਦੇ ਸਾਂ ਓਦੋਂ ਵੀ ਤਾਂ ਕੋਡੇ ਹੋਕੇ ਹੀ ਪੀਂਦੇ ਰਹੇ ਹੋਂ?ਕੀ ਕਦੇ ਸਿਰ ਵੀ ਦੁਖਿਆ ਸੀ ਤੁਹਾਡਾ? ਗੱਲ ਤਾਂ ਸਮੇਂ ਸਮੇਂ ਦੀ ਹੈ ਦੋਸਤੋ ਮੈਂ ਤਾਂ ਇਹੀ ਕਹਾਂਗਾ ਕਿ ਇਸ ਸਾਰੀ ਆਈ ਤਬਦੀਲੀ ਲਈ ਪਾਣੀ ਦੀ ਸੰਭਾਲ ਨਾ ਕਰਨ ਲਈ ਤੇ ਪਾਣੀ ਨੂੰ ਜਹਿਰੀਲਾ ਕਰਨ ਲਈ ਤੁਸੀਂ ਖੁਦ ਹੀ ਜ਼ਿੰਮੇਵਾਰ ਹੋਂ। ਮੈਂ ਅੱਜ ਵੀ ਤੁਹਾਡੇ ਲਈ ਆਪਣੇ ਆਪ ਨੂੰ ਧੁੱਪ ਦੇ ਵਿੱਚ ਅਡੋਲ ਰਹਿ ਕੇ ਵੀ ਤੁਹਾਡੀ ਸੇਵਾ ਲਈ ਸਦਾ ਤਿਆਰ ਹਾਂ। ਹਾਂ ਓਨਾਂ ਦੋਸਤਾਂ ਦਾ ਮੈਂ ਸਦਾ ਤਹਿ ਦਿਲੋਂ ਰਿਣੀ ਹਾਂ ਜੋ ਅੱਜ ਵੀ ਮੈਨੂੰ ਵਰਤਦੇ ਹਨ ਬੇਸ਼ੱਕ ਮੇਰੇ ਰੂਪ ਦੇ ਵਿੱਚ ਸਮੇਂ ਦੇ ਨਾਲ ਨਾਲ ਫ਼Àਮਪ;ਰਕ ਪੈ ਚੱਲਿਆ ਹੈ ਕਿ ਮੈਂ ਪਹਿਲਾਂ ਪਹਿਲਾਂ ਤਾਂ ਸਾਰਾ ਹੀ ਜਿਸਤੀ ਪਾਈਪਾਂ ਦਾ ਰਿਹਾ ਹਾਂ ਤਾਂ ਫਿਲਟਰ ਵੀ ਪਿੱਤਲ ਦਾ ਹੋਇਆ ਕਰਦਾ ਸੀ ਪਰ ਹੁਣ ਜਿਉਂ ਜਿਉਂ ਪਾਣੀ ਖਾਰੇ ਤੇ ਸ਼ਓਰੇ ਵਾਲੇ ਹੋਏ ਨੇ ਓਦੋਂ ਤੋਂ ਮੇਰਾ ਰੂਪ ਤੁਸੀ ਉੱਪਰਲੀ ਮਸ਼ੀਨ ਤੋਂ ਬਿਨਾਂ ਸਾਰਾ ਹੀ ਪਲਾਸਟਿਕ ਦਾ ਕਰ ਦਿੱਤਾ ਹੈ। ਓਨਾਂ ਸਮਿਆਂ ਦੇ ਵਿੱਚ ਛੋਟੇ ਛੋਟੇ ਮਸੂਮ ਬੱਚੇ ਮੈਨੂੰ ਗੇੜਕੇ ਆਪਣੀਆਂ ਫੱਟੀਆਂ ਪੋਚਦੇ ਰਹੇ ਹਨ,ਪਰ ਹੁਣ ਤੁਸੀਂ ਦੋਸਤੋ ਸਾਰਿਆਂ ਨੇ ਰਲਮਿਲ ਕੇ ਮੇਰੀ ਹੀ ਪੱਟੀ ਪੋਚ ਦਿੱਤੀ ਹੈ। ਨਲਕਿਆਂ ਤੋਂ ਪਾਣੀ ਭਰਦੀਆਂ ਮੁਟਿਆਰਾਂ ਤੇ ਕਈ ਗੀਤ ਵੀ ਲਿਖੇ ਗਏ ਹਨ। ਸੋ ਦੋਸਤੋ ਓਨਾਂ ਸਾਂਝਾਂ ਨੂੰ ਕਾਇਮ ਰੱਖਦਿਆਂ ਆਪ ਸੱਭ ਦੋਸਤਾਂ ਨੂੰ ਸਨਿਮਰ ਬੇਨਤੀ ਹੈ ਕਿ ਮੇਰੀ ਹੋਂਦ ਨੂੰ ਮਿਟਾਓ ਨਾ ਮੈਨੂੰ ਬਚਾ ਕੇ ਰੱਖੋ... ਚਲੋ ਖੈਰ ਇਹ ਤੁਹਾਡੀ ਵੀ ਮਜਬੂਰੀ ਹੈ ਮੈਂ ਸਮਝਦਾ ਹਾਂ,ਪਰ ਭੁਲਾਓ ਨਾ ਮੇਰੇ ਦੋਸਤੋ ਆਪਣੀ ਸਾਂਝ ਯੁਗਾਂ ਤੋਂ ਚਲੀ ਆਉਂਦੀ ਕਰਕੇ ਹੀ ਬੜੇ ਮਾਣ ਨਾਲ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਜੇਕਰ ਕਿਤੇ ਤੁਹਾਡੀ ਸ਼ਾਨ ਦੇ ਵਿੱਚ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਸਦੀਆਂ ਤੋਂ ਤੁਹਾਡਾ ਸਾਥੀ ਨਲਕਾ। ਆਮੀਨ..
-ਜਸਵੀਰ ਸ਼ਰਮਾਂ ਦੱਦਾਹੂਰ 95691-49556

Have something to say? Post your comment