Friday, July 10, 2020
FOLLOW US ON

Article

ਘਰੇਲੂ ਹਿੰਸਾ ਅਤੇ ਮਾਪੇ/ਪ੍ਰਭਜੋਤ ਕੌਰ ਢਿੱਲੋਂ

September 27, 2019 09:21 PM
ਘਰੇਲੂ ਹਿੰਸਾ ਅਤੇ ਮਾਪੇ
ਜਦੋਂ ਘਰੇਲੂ ਹਿੰਸਾ ਦੀ ਗੱਲ ਹੁੰਦੀ ਹੈ ਤਾਂ ਵਧੇਰੇ ਕਰਕੇ ਇਹ ਹੀ ਸੱਭ ਦੇ ਜ਼ਿਹਨ ਵਿੱਚ ਆਉਂਦਾ ਹੈ ਕਿ ਘਰੇਲੂ ਹਿੰਸਾ ਵਿਆਹੀ ਆਈ ਲੜਕੀ ਨਾਲ ਹੀ ਹੁੰਦੀ ਹੈ।ਅਸਲ ਵਿੱਚ ਘਰੇਲੂ ਹਿੰਸਾ ਹਰ ਉਸ ਤੇ ਹੁੰਦੀ ਹੈ ਜਿਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।ਜਿਵੇਂ ਕਿ ਔਰਤ ਵੱਲੋਂ ਆਪਣੇ ਪਤੀ ਨਾਲ ਹਰ ਵਕਤ ਲੜਨਾ,ਮਾਪਿਆਂ ਨੂੰ ਨੂੰਹ ਪੁੱਤ ਵੱਲੋਂ ਬੁਰਾ ਭਲਾ ਕਹਿਣਾ,ਉਨ੍ਹਾਂ ਦੀ ਬੇਇਜ਼ਤੀ ਕਰਨੀ ਇਹ ਸੱਭ ਵੀ ਘਰੇਲੂ ਹਿੰਸਾ ਹੀ ਹੈ।ਸਰਕਾਰਾਂ,ਪ੍ਰਸ਼ਾਸਨ ਅਤੇ ਕਾਨੂੰਨ ਘਾੜਿਆਂ ਨੂੰ ਹਰ ਕਿਸੇ ਤੇ ਹੋ ਰਹੀ ਘਰੇਲੂ ਹਿੰਸਾ ਨੂੰ ਸਮਝਣਾ ਅਤੇ ਮੰਨਣਾ ਚਾਹੀਦਾ ਹੈ।ਜਦੋਂ ਨੂੰਹ ਨੂੰ ਕੁਝ ਬੋਲਿਆ ਜਾਂਦਾ ਹੈ ਤਾਂ ਉਹ ਵੀ ਘਰੇਲੂ ਹਿੰਸਾ ਹੁੰਦੀ ਹੈ ਪਰ ਜਦੋਂ ਮਾਪਿਆਂ ਨੂੰ ਬੋਲਿਆ ਜਾਂਦਾ ਹੈ ਤਾਂ ਉਸਨੂੰ ਕੋਈ ਵੀ ਘਰੇਲੂ ਹਿੰਸਾ ਨਹੀਂ ਮੰਨਦਾ।ਮਾਪਿਆਂ ਨੇ ਕਿੰਨੇ ਦੁੱਖ ਤਕਲੀਫਾਂ ਝੱਲਕੇ  ਪੁੱਤਾਂ ਨੂੰ ਪੜ੍ਹਾਇਆ ਲਿਖਾਇਆ ਹੁੰਦਾ ਹੈ ਪਰ ਜਦੋਂ ਪੁੱਤ ਮਾਪਿਆਂ ਨੂੰ ਇਹ ਦੱਸਦਾ ਹੈ ਕਿ ਤੁਹਾਨੂੰ ਅਕਲ ਨਹੀਂ ਤਾਂ ਮਾਪਿਆਂ ਵਾਸਤੇ ਸੱਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੇ ਸ਼ਬਦ ਹੁੰਦੇ ਹਨ।ਨੂੰਹਾਂ ਪੁੱਤ ਮਾਪਿਆਂ ਨੂੰ ਬੇਇਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਉਸਨੂੰ ਕੋਈ ਵੀ ਘਰੇਲੂ ਹਿੰਸਾ ਮੰਨਦਾ ਹੀ ਨਹੀਂ।ਜਿਸ ਮਾਂ ਨੇ ਨੌ ਮਹੀਨੇ ਆਪਣੇ ਖੂਨ ਨਾਲ ਪਾਲਿਆ ਉਸ ਮਾਂ ਦੀ ਬੇਇਜ਼ਤੀ ਕਰਨ ਵਿੱਚ ਜਿਸ ਔਲਾਦ ਨੂੰ ਸ਼ਰਮ ਨਹੀਂ ਆਉਂਦੀ ਲਾਹਨਤ ਹੈ ਉਸ ਪੁੱਤ ਨੂੰ।ਮਾਪਿਆਂ ਨੂੰ ਘਰ ਵਿੱਚ ਸ਼ਾਇਦ ਰੱਖਣਾ ਉਨ੍ਹਾਂ ਲਈ ਸ਼ਰਮ ਦੀ ਗੱਲ ਹੈ।ਮੈਨੂੰ ਫੋਨ ਤੇ ਵੀ ਬਹੁਤ ਲੋਕ ਆਪਣੀ ਹਾਲਤ ਦੱਸਦੇ ਹਨ।ਆਸਪਾਸ ਵੀ ਬਹੁਤ ਕੁਝ ਇਵੇਂ ਦਾ ਹੀ ਵਾਪਰ ਰਿਹਾ ਹੈ।ਪਿੱਛਲੇ ਦਿਨੀਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ।ਉਹ ਬੇਹੱਦ ਪ੍ਰੇਸ਼ਾਨ ਸਨ।ਇਸ ਵਕਤ ਇਕ ਦੋ ਬੱਚੇ ਹਨ ਇਸ ਕਰਕੇ ਮਾਪੇ ਵੀ ਉਨ੍ਹਾਂ ਵਿੱਚ ਫੁੱਟਬਾਲ ਬਣ ਜਾਂਦੇ ਹਨ।ਹਾਂ, ਜਿੰਨਾ ਦੇ ਇੱਕ ਹੀ ਬੱਚਾ ਹੈ ਉਨ੍ਹਾਂ ਨੂੰ ਲੱਗਦਾ ਹੈ ਵਧੇਰੇ ਠੁੱਡੇ ਪੈਂਦੇ ਹਨ।ਜਿੰਨਾ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਪੁੱਤ ਨੂੰ ਵਧੀਆ ਪੜ੍ਹਾਈ ਕਰਾਉਣ ਤੇ ਲਗਾ ਦਿੱਤੀ।ਹਾਂ, ਮਾਪੇ ਪੜ੍ਹੇ ਲਿਖੇ ਅਤੇ ਉੱਚ ਨੌਕਰੀਆਂ ਤੋਂ ਰਿਟਾਇਰ ਹਨ ਪਰ ਪੁੱਤ ਨੂੰ ਉਨ੍ਹਾਂ ਦਾ ਰਹਿਣ ਸਹਿਣ,ਗੱਲ ਕਰਨ ਦੇ ਤੌਰ ਤਰੀਕੇ ਅਤੇ ਆਦਤਾਂ ਠੀਕ ਹੀ ਨਹੀਂ ਲੱਗਦੀਆਂ।ਪੈਸੇ ਅਤੇ ਜਾਇਦਾਦ ਬਾਪ ਦੀ ਠੀਕ ਹੈ।ਮਾਪਿਆਂ ਦਾ ਡਰਾਇੰਗਰੂਮ ਵਿੱਚ ਆਉਣਾ ਜਾਂ ਬੈਠਣਾ ਪਸੰਦ ਨਹੀਂ।ਹੈਰਾਨੀ ਦੀ ਗੱਲ ਇਹ ਹੈ ਕਿ ਉਹ ਘਰ ਮਾਪਿਆਂ ਨੇ ਹੱਡ ਭੰਨਵੀਂ ਕਮਾਈ ਨਾਲ ਬਣਾਇਆ ਹੈ।ਸੱਤਰਾਂ ਸਾਲਾਂ ਨੂੰ ਢੁੱਕਣ ਵਾਲਾ ਬਾਪ ਅਜੇ ਵੀ ਘਰ ਦੇ ਸਾਰੇ ਕੰਮ ਕਰਵਾਉਂਦਾ ਹੈ,ਪੈਸੇ ਖਰਚ ਰਿਹਾ ਹੈ ਪਰ ਜਿਸ ਤਰ੍ਹਾਂ ਦਾ ਉਨ੍ਹਾਂ ਨਾਲ ਹੋ ਰਿਹਾ ਹੈ ਉਹ ਰੋਜ਼ ਮਰਦੇ ਹਨ।ਮਾਂ ਤਾਂ ਇਸ ਹੱਦ ਤੱਕ ਟੁੱਟੀ ਹੋਈ ਸੀ ਕਿ ਆਪਣੇ ਆਪ ਨੂੰ ਖ਼ਤਮ ਕਰਨ ਦੀ ਸੋਚ ਰਹੀ ਸੀ।ਉਸਦਾ ਕਹਿਣਾ ਸੀ ਕਿ ਜਿਸ ਪੁੱਤ ਲਈ ਉਸਨੇ ਆਪਣੀਆਂ ਖ਼ਾਹਿਸ਼ਾਂ ਤਾਂ ਛੱਡੋ ਜ਼ਰੂਰਤਾਂ ਦਾ ਵੀ ਗਲਾ ਘੁੱਟ ਦਿੱਤਾ, ਉਹ ਪੁੱਤ ਅੱਜ ਗੱਲ ਗੱਲ ਤੇ ਬੇਇਜ਼ਤ ਕਰਦਾ ਹੈ।ਹਾਂ, ਸ਼ਾਇਦ ਉਹ ਠੀਕ ਹੀ ਹੈ ਕਿ ਸਾਨੂੰ ਅਕਲ ਨਹੀਂ।ਥੋੜਾ ਬਹੁਤ ਪੜ੍ਹਾਕੇ ਨਿੱਕੀ ਮੋਟੀ ਨੌਕਰੀ ਤੇ ਲਗਾ ਦਿੰਦੇ ਅਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂਦੇ।
ਅਸਲ ਵਿੱਚ ਮਾਪੇ ਵੀ ਆਪਣੀ ਇੱਜ਼ਤ ਬਚਾਉਣ ਲਈ ਬਹੁਤ ਵਾਰ ਆਪਣੇ ਨਾਲ ਹੋ ਰਹੀ ਜ਼ਿਆਦਤੀ ਚੁੱਪ ਚਾਪ ਸਹਿਣ ਕਰਦੇ ਰਹਿੰਦੇ ਹਨ।ਨੂੰਹ ਪੁੱਤ ਨੂੰ ਉਸ ਦਾ ਨਜਾਇਜ਼ ਫਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਤੇ ਹੋਰ ਭਾਰੂ ਹੋ ਜਾਂਦੇ ਹਨ।ਮਾਪਿਆਂ ਨੂੰ ਉਹ ਸ਼ਬਦ ਅਤੇ ਉਹ ਗੱਲਾਂ ਸੁਣਨੀਆਂ ਪੈਂਦੀਆਂ ਹਨ ਜਿੰਨਾ ਨੂੰ ਸੁਣਕੇ ਉਹ ਦੰਗ ਰਹਿ ਜਾਂਦੇ ਹਨ ਅਤੇ ਅੰਦਰ ਵੜ ਵੜ ਰੋਂਦੇ ਹਨ।ਸਰਕਾਰ ਨੇ ਸੀਨੀਅਰ ਸੀਟੀਜ਼ਨ ਐਕਟ ਬਣਾਇਆ ਹੈ ਪਰ ਬਹੁਤ ਵਾਰ ਮਾਪੇ ਇਸਦੀ ਵਰਤੋਂ ਨਹੀਂ ਕਰਦੇ।ਹੱਥਾਂ ਵਿੱਚ ਫੜੀ ਆਪਣੇ ਹੱਕ ਵਿੱਚ ਹੋਏ ਫੈਸਲੇ ਦੀ ਕਾਪੀ ਤੇ ਜਦੋਂ ਕੋਈ ਅਮਲ ਨਹੀਂ ਹੁੰਦਾ ਜਾਂ ਕਿਧਰੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਪ੍ਰੇਸ਼ਾਨ ਹੋ ਜਾਂਦੇ ਹਨ।ਉਮਰ ਭਰ ਇਸ ਲਈ ਕਮਾਈ ਕੀਤੀ ਕਿ ਬੁਢਾਪੇ ਵਿੱਚ ਸੁਖ ਦਾ ਸਾਹ ਆਏਗਾ, ਪੁੱਤ ਵਧੀਆ ਨੌਕਰੀ ਤੇ ਹੋਏਗਾ ਤਾਂ ਉਨ੍ਹਾਂ ਦੀ ਦੇਖਭਾਲ ਹੋਏਗੀ ਪਰ ਜਿਸ ਤਰ੍ਹਾਂ ਦੀ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਂਦਾ ਹੈ,ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।
ਜੇਕਰ ਅੱਜ ਬ੍ਰਿਧ ਆਸ਼ਰਮ ਅਤੇ ਸੀਨੀਅਰ ਸੀਟੀਜ਼ਨ ਹੋਮ ਬਣ ਰਹੇ ਹਨ ਤਾਂ ਇਸਦਾ ਇਹ ਹੀ ਕਾਰਨ ਹੈ।ਪੁੱਤ ਮਾਪਿਆਂ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ।ਕਦੇ ਮਾਪਿਆਂ ਨੂੰ ਧੋਖੇ ਨਾਲ ਉਥੇ ਛੱਡ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਮਾਪੇ ਆਪ ਉਹ ਘਰ ਛੱਡ ਆਉਂਦੇ ਹਨ।ਇਸ ਤੋਂ ਵੱਧ ਘਰੇਲੂ ਹਿੰਸਾ ਕੀ ਹੋ ਸਕਦੀ ਹੈ ਕਿ ਮਾਪਿਆਂ ਨੂੰ ਘਰ ਹੀ ਛੱਡਣਾ ਪੈ ਜਾਵੇ।ਜਦੋਂ ਪੁੱਤ ਨੂੰ ਮਾਪਿਆਂ ਦੀ ਜ਼ਰੂਰਤ ਸੀ ਤਾਂ ਮਾਪੇ ਪਿੱਛੇ ਨਹੀਂ ਹਟੇ ਪਰ ਅੱਜ ਬੁਢਾਪੇ ਵਿੱਚ ਪੁੱਤ ਮਾਪਿਆਂ ਨੂੰ ਬੇਸਹਾਰਾ ਛੱਡ ਰਹੇ ਹਨ।ਕਦੇ ਸੋਚਕੇ ਵੇਖਣਾ ਜੇਕਰ ਮਾਪੇ ਵੀ ਬਚਪਨ ਵਿੱਚ ਬੇਸਹਾਰਾ ਛੱਡ ਦਿੰਦੇ ਤਾਂ ਅੱਜ ਜਿਸ ਅਹੁਦੇ ਤੇ ਪਹੁੰਚੇ ਹੋ,ਵੱਡੀਆਂ ਗੱਡੀਆਂ ਕਾਰਾਂ ਤੇ ਘੁੰਮ ਰਹੇ ਹੋ,ਉਹ ਕਦੇ ਵੀ ਨਾ ਮਿਲਦੇ।
ਸਰਕਾਰ ਵੱਲੋਂ ਬਣਾਏ ਗਏ ਐਕਟ ਤੇ ਪ੍ਰਸ਼ਾਸਨ ਕੋਲ ਜੇਕਰ ਬਜ਼ੁਰਗ ਮਾਪੇ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਅਤੇ ਬਿੰਨਾ ਦੇਰੀ ਤੋਂ ਲਾਗੂ ਕਰਵਾਉਣਾ ਚਾਹੀਦਾ ਹੈ।ਹੱਕ ਵਿੱਚ ਕੀਤੇ ਫੈਸਲੇ ਜਾਂ ਕਾਨੂੰਨ ਦਾ ਤਾਂ ਹੀ ਫਾਇਦਾ ਹੈ ਜੇਕਰ ਉਹ ਲਾਗੂ ਹੁੰਦਾ ਹੈ।ਹਕੀਕਤ ਇਹ ਹੈ ਕਿ ਜਦੋਂ ਮਾਪੇ ਇਹ ਕਦਮ ਚੁੱਕਦੇ ਹਨ ਤਾਂ ਉਨ੍ਹਾਂ ਦੀ ਬਰਦਾਸ਼ਤ ਤੋਂ ਸੱਭ ਕੁਝ ਬਾਹਰ ਹੋ ਚੁੱਕਾ ਹੁੰਦਾ ਹੈ।ਇਥੇ ਕੁਰਸੀ ਤੇ ਬੈਠੇ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਇਹ ਮਾਪੇ ਦਫ਼ਤਰਾਂ ਵਿੱਚ ਠੋਕਰਾਂ ਖਾ ਰਹੇ ਹਨ ਜਿਸ ਅੱਗ ਦਾ ਸੇਕ ਇੰਨਾ ਨੂੰ ਲੱਗਾ ਹੈ ਜੇਕਰ ਇਸ ਨੂੰ ਇਥੇ ਨਾ ਰੋਕਿਆ ਤਾਂ ਇਹ ਹਰ ਘਰ ਵਿੱਚ ਪਹੁੰਚੇਗੀ।
ਘਰੇਲੂ ਹਿੰਸਾ ਸ਼ਬਦੀ ਵੀ ਬਹੁਤ ਠੇਸ ਪਹੁੰਚਾਉਂਦੀ ਹੈ।ਜਿਹੜੀਆਂ ਨੂੰਹਾਂ ਆਪਣੇ ਪਤੀ ਨੂੰ ਚਾਬੀ ਲਗਾਕੇ ਮਾਪਿਆਂ ਦੀ ਬੇਇਜ਼ਤੀ ਕਰਵਾਉਣ ਵਿੱਚ ਆਪਣੀ ਸਿਆਣਪ ਸਮਝਦੀਆਂ ਹਨ,ਉਹ ਇਹ ਭੁੱਲ ਜਾਂਦੀਆਂ ਹਨ ਕਿ ਜੋ ਅੱਜ ਤੁਹਾਡੇ ਕਹਿਣ ਤੇ ਮਾਪਿਆਂ ਨਾਲ ਦੁਰਵਿਹਾਰ ਕਰ ਰਿਹਾ ਹੈ ਉਹ ਸਮਾਂ ਆਉਣ ਤੇ ਉਨ੍ਹਾਂ ਨਾਲ ਵੀ ਇਵੇਂ ਹੀ ਕਰੇਗਾ।ਖੈਰ ਜਿੰਨਾ ਲੜਕੀਆਂ ਦੇ ਮਾਪਿਆਂ ਨੂੰ ਸਮਝ ਹੁੰਦੀ ਹੈ ਉਹ ਆਪਣੀ ਲੜਕੀ ਨੂੰ ਵਰਜਦੇ ਵੀ ਹਨ ਅਤੇ ਅਜਿਹਾ ਕਰਨ ਤੇ ਝਿੜਕਦੇ ਵੀ ਹਨ।ਜੋ ਮਾਪੇ ਲੜਕੀ ਵੱਲੋਂ ਸੱਸ ਸੁਹਰੇ ਦੀ ਕੀਤੀ ਬੇਇਜ਼ਤੀ ਨੂੰ ਚਸਕੇ ਲੈਕੇ ਸੁਣਦੇ ਹਨ,ਉਹ ਲੜਕੀ ਨਾਲੋਂ ਵਧੇਰੇ ਮੂਰਖ ਹੁੰਦੇ ਹਨ।ਲੜਕੇ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਸਦੇ ਮਾਪਿਆਂ ਨੇ ਉਸਨੂੰ ਸ਼ਹਿਜਾਦੇ ਵਾਂਗ ਪਾਲਿਆ ਹੈ ਹੁਣ ਉਸਦੀ ਵਾਰੀ ਹੈ ਕਿ ਉਹ ਆਪਣੇ ਮਾਪਿਆਂ ਦਾ ਬੁਢਾਪਾ ਬਾਦਸ਼ਾਹ ਵਰਗਾ ਬਣਾ ਦੇਵੇ।ਹਾਂ, ਕੁਝ ਪੁੱਤ ਇਵੇਂ ਦੇ ਅਜੇ ਵੀ ਹਨ ਪਰ ਵਧੇਰੇ ਘਰਾਂ ਵਿੱਚ ਮਾਪੇ ਬਾਦਸ਼ਾਹ ਤਾਂ ਕੀ ਮਾਪਿਆਂ ਵਾਲਾ ਰੁਤਬਾ ਵੀ ਨਹੀਂ ਰੱਖਦੇ।ਮਾਪੇ ਬਸ ਦਿਨ ਕਟਾਈ ਕਰਨ ਲਈ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਹਨ।ਪਰ ਨੂੰਹਾਂ ਪੁੱੱਤਾਂ ਨੂੰ ਇਹ ਲੱਗਦਾ ਹੈ ਕਿ ਮਾਪੇ ਹਰ ਥਾਂ ਗਲਤ ਹੀ ਹਨ ਇਸ ਲਈ ਚੁੱਪ ਹਨ।ਸੱਚ ਹੈ,ਅਕਲ ਵਾਲਾ ਅੰਦਰ ਵੜੇ,ਮੂਰਖ ਕਹੇ ਮੈਥੋਂ ਡਰੇ।ਜਿੰਨੀ ਘਰੇਲੂ ਹਿੰਸਾ ਅੱਜ ਦੇ ਵਕਤ ਵਿੱਚ ਮਾਪਿਆਂ ਤੇ ਹੋ ਰਹੀ ਹੈ,ਉਹ ਕੱਖਾਂ ਹੇਠਾਂ ਸੁਲਗਦੀ ਅੱਗ ਹੈ।ਜਿਥੇ ਵੀ ਕੋਈ ਗਲਤ ਹੈ ਉਸਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ।ਮਾਪਿਆਂ ਦਾ ਕਰਜ਼ ਤਾਂ ਦੁਨੀਆ ਦਾ ਸੱਭ ਤੋਂ ਅਮੀਰ ਬੰਦਾ ਵੀ ਨਹੀਂ ਉਤਾਰ ਸਕਦਾ।ਇਹ ਇੱਕ ਕੌੜਾ ਸੱਚ ਹੈ ਕਿ ਮਾਪਿਆਂ ਤੇ ਘਰੇਲੂ ਹਿੰਸਾ ਹੋ ਰਹੀ ਹੈ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment