Friday, July 10, 2020
FOLLOW US ON

Article

ਕੀ ਮੈਂ ਕੁਦਰਤੀ ਜੀਵ ਨਹੀਂ ?ਕੌਰ ਕਿਰਨਪ੍ਰੀਤ

September 30, 2019 05:41 PM

ਕੀ ਮੈਂ ਕੁਦਰਤੀ ਜੀਵ ਨਹੀਂ ?ਕੌਰ ਕਿਰਨਪ੍ਰੀਤ
ਲਿੰਗ" ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ "ਜੈਂਡਰ" ਵੀ ਕਹਿੰਦੇ ਹਾਂ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਜੀਵ ਮਰਦ ਹੈ ਜਾਂ ਫਿਰ ਔਰਤ । ਇਨਸਾਨਾਂ, ਜਾਨਵਰਾਂ, ਕੀੜੇ - ਮਕੌੜੇ ਅਤੇ ਹੋਰ ਜੀਵ ਜੰਤੂਆਂ ਦੀ ਪਹਿਚਾਣ ਅਸੀਂ ਉਸ ਦੇ ਲਿੰਗ ਤੋਂ ਹੀ ਕਰਦੇ ਹਾਂ।  ਇਨਸਾਨ ਦੀ ਪ੍ਰਜਾਤੀ ਵਿੱਚ ਕੁਦਰਤ ਨੇ ਬਹੁਗਿਣਤੀ ਵਿੱਚ ਦੋ ਲਿੰਗ ਬਣਾਏ ਹਨ -ਇੱਕ ਹੈ ਔਰਤ ਅਤੇ ਦੂਸਰਾ ਹੈ ਮਰਦ ।
ਪਰ ਇਸ ਵਿੱਚ ਇੱਕ ਹੋਰ ਲਿੰਗ ਵੀ ਆਉਂਦਾ ਹੈ ਜਿਸ ਨੂੰ ਅਸੀਂ "ਤੀਸਰਾ ਲਿੰਗ" ਆਖਦੇ ਹਾਂ। ਆਮ ਭਾਸ਼ਾ ਵਿੱਚ ਲੋਕ ਇਨ੍ਹਾਂ ਨੂੰ ਕਿੰਨਰ ਜਾਂ ਖੁਸਰੇ ਆਖ ਕੇ ਬੁਲਾਉਂਦੇ ਹਨ । ਅਸਲ ਵਿੱਚ ਕੁਦਰਤ ਨੇ ਅਜਿਹੇ ਲੋਕਾਂ ਵਿੱਚ ਔਰਤ ਅਤੇ ਮਰਦ ਦੋਹਾਂ ਦੇ ਹਾਰਮੋਨ ਪਾਏ ਹੁੰਦੇ ਹਨ ਜਿਸ ਨਾਲ ਨਾ ਤਾਂ ਇਹ ਲੋਕ ਪੂਰੇ ਮਰਦ ਹੁੰਦੇ ਹਨ ਤੇ ਨਾ ਹੀ ਔਰਤ ।
ਸਦੀਆਂ ਤੋਂ ਇਹ ਦੇਖਣ ਨੂੰ ਮਿਲਦਾ ਆਇਆ ਹੈ ਕਿ ਬਹੁ ਗਿਣਤੀ ਦੇ ਲੋਕ ਘੱਟ ਗਿਣਤੀ ਤੇ ਆਪਣਾ ਪ੍ਰਭਾਵ ਪਾਉਂਦੇ ਆਏ ਹਨ।  ਉਨ੍ਹਾਂ ਨੂੰ ਹਮੇਸ਼ਾ ਦਬਾ ਕੇ ਰੱਖਿਆ ਜਾਂਦਾ ਹੈ । ਇਸੇ ਤਰ੍ਹਾਂ ਤੀਸਰੇ ਲਿੰਗ ਦੇ ਲੋਕਾਂ ਨੂੰ ਵੀ ਸਾਡੇ ਸਮਾਜ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਾਫੀ ਹੱਦ ਤੱਕ ਹੁਣ ਵੀ ਕਰਨਾ ਪੈ ਰਿਹਾ ਹੈ ।ਲੋਕ ਇਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ । ਸਾਡੀ ਤ੍ਰਾਸਦੀ ਇੱਥੋਂ ਤੱਕ ਹੈ ਕਿ ਜੇਕਰ ਕਿਸੇ ਘਰ ਵਿੱਚ ਕਿੰਨਰ ਪੈਦਾ ਹੋ ਜਾਵੇ ਤਾਂ ਮਾਤਮ ਜਿਹਾ ਮਾਹੌਲ ਹੁੰਦਾ ਹੈ ਅਤੇ ਉਹ ਬੱਚੇ ਨੂੰ ਆਪਣੀ ਘਰ ਨਹੀਂ ਰੱਖਦੇ ਤੇ ਕਿੰਨਰਾਂ ਦੇ ਕਿਸੇ ਟੋਲੇ  ਨੂੰ ਸੌਂਪ ਦਿੰਦੇ ਹਨ ! ਲੋਕਾਂ ਦਾ ਕਿੰਨਰਾਂ ਪ੍ਰਤੀ ਇਸ ਤਰ੍ਹਾਂ ਦਾ ਨਜ਼ਰੀਆ ਨਿੰਦਣਯੋਗ ਹੈ ਇੱਕ ਪਾਸੇ ਤਾਂ ਅਸੀ ਕੁਦਰਤ ਦੇ ਕਾਦਰ ਦੀਆਂ ਗੱਲਾਂ ਕਰਕੇ ਮਹਾਨ ਬਣਦੇ ਹਾਂ ,ਪਰ ਦੂਸਰੇ ਹੀ ਪਾਸੇ ਅਸੀਂ ਕੁਦਰਤ ਦੇ ਇਸ ਪ੍ਰਾਣੀ ਨਾਲ ਪਸ਼ੂਆਂ ਨਾਲੋਂ ਵੀ ਬੁਰਾ ਵਤੀਰਾ ਕਰਕੇ ਉਸ ਦੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਹਾਂ । ਅਸੀਂ ਆਮ ਦੇਖਦੇ ਹਾਂ ਕਿ ਸਾਡੇ ਘਰਾਂ ਵਿੱਚ ਖੁਸ਼ੀ ਦੇ ਮੌਕੇ ਖਾਸ ਤੌਰ ਤੇ ਜਦੋਂ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਤਾਂ ਕਿੰਨਰ ਸਾਡੇ ਘਰ ਆ ਕੇ ਸਾਨੂੰ ਦੁਆਵਾਂ ਦਿੰਦੇ ਹਨ ਤੇ ਕੁਝ ਪੈਸੇ ਲੈ ਕੇ ਜਾਂਦੇ ਹਨ । ਅਸਲ ਵਿੱਚ ਇਹ ਵੀ ਮੰਗਣਾ ਹੀ ਹੁੰਦਾ ਹੈ ਆਪਣਾ ਢਿੱਡ ਭਰਨ ਲਈ ਉਹ ਲੋਕਾਂ ਦੇ ਦਰ - ਦਰ ਤੇ ਜਾ ਕੇ ਉਨ੍ਹਾਂ ਨੂੰ ਦੁਆਵਾਂ ਦੇ ਕੇ ਕੁਝ ਪੈਸੇ ਲੈ ਆਪਣਾ ਢਿੱਡ ਭਰਦੇ ਹਨ ।
ਬੇਸ਼ੱਕ ਸਾਡੇ ਦੇਸ਼ ਵਿੱਚ ਬਹੁਤ ਸੰਘਰਸ਼ ਤੋਂ ਬਾਅਦ 15 ਅਪਰੈਲ 2014 ਵਿੱਚ ਕਿੰਨਰਾਂ ਲਈ ਸੁਪਰੀਮ ਕੋਰਟ ਨੇ ਇਕ ਕਾਨੂੰਨ ਬਣਾ ਦਿੱਤਾ ਸੀ ਕਿ ਹੁਣ ਤੀਸਰਾ ਲਿੰਗ ਵੀ ਆਮ ਲੋਕਾਂ ਦੀ ਤਰ੍ਹਾਂ ਸਾਰੇ ਹੱਕਾਂ ਦਾ ਅਧਿਕਾਰੀ ਹੈ ਉਸ ਨੂੰ ਵੀ ਆਪਣੀ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ ਪਰ ਸਾਡੇ ਲੋਕਾਂ ਦੀ ਸੋਚ ਅਤੇ ਨਜ਼ਰੀਆ ਹਜੇ ਤੱਕ ਵੀ ਕਿੰਨਰਾਂ ਪ੍ਰਤੀ ਉੱਪਰ ਨਹੀਂ ਉੱਠ ਸਕਿਆ । ਬਾਹਰਲੇ ਦੇਸ਼ਾਂ ਵਿੱਚ ਕਿੰਨਰ ਆਮ ਲੋਕਾਂ ਵਿੱਚ ਆਮ ਰਹਿਣ ਸਹਿਣ ਵਿੱਚ ਰਹਿੰਦੇ ਹਨ ।  ਕੋਈ ਵੀ ਉਨ੍ਹਾਂ ਨਾਲ ਇਸ ਗੱਲ ਤੋਂ ਵਿਤਕਰਾ ਨਹੀਂ ਕਰ ਸਕਦਾ ਕਿ ਉਹ ਕਿੰਨਰ ਹੈ ਅਤੇ ਉਹ ਉਸ ਨੂੰ ਕੰਮ ਨਹੀਂ ਦੇਵੇਗਾ ਜਾਂ ਉਸ ਤੋਂ ਕੋਈ ਵੀ ਹੱਕ ਖੋਹਿਆ ਜਾਵੇਗਾ ।ਪਰ ਸਾਡੇ ਦੇਸ਼ ਵਿੱਚ ਕਿੰਨਰ ਜਾਂ ਤਾਂ ਸਿਰਫ਼ ਮੰਗ ਕੇ ਆਪਣਾ ਢਿੱਡ ਭਰਦੇ ਹਨ ਤੇ ਜਾਂ ਫਿਰ ਸੈਕਸ ਧੰਦੇ ਨਾਲ ਆਪਣਾ ਗੁਜ਼ਰ ਗੁਜ਼ਾਰਾ ਚਲਾਉਂਦੇ ਹਨ ।
ਪਰ ਅੱਜ ਸਾਨੂੰ ਇੱਕ ਵਾਰ ਆਪਣੀ ਸੋਚ ਪ੍ਰਤੀ ਜ਼ਰੂਰ ਸੁਚੇਤ ਹੋਣਾ ਚਾਹੀਦਾ ਹੈ ਤੇ ਆਪਣੇ ਅੰਦਰ ਵੱਲ ਝਾਤੀ ਮਾਰਨੀ ਚਾਹੀਦੀ ਹੈ।  ਜਿਸ ਤਰ੍ਹਾਂ ਅਸੀਂ ਸਾਰੇ ਇੱਕ ਦੂਸਰੇ ਤੋਂ ਸਨਮਾਨ ਪਿਆਰ ਦੀ ਅਾਸ ਰੱਖਦੇ ਹਾਂ ਠੀਕ ਉਸੇ ਤਰ੍ਹਾਂ ਇਨ੍ਹਾਂ ਲੋਕਾਂ ਵਿੱਚ ਵੀ ਭਾਵਨਾਵਾਂ ਹੁੰਦੀਆਂ ਨੇ। ਇਨ੍ਹਾਂ ਦਾ ਇਸ 'ਚ ਕੀ ਕਸੂਰ ਏ? ਇਹ  ਲੋਕ ਵੀ ਆਪਣੀ ਜ਼ਿੰਦਗੀ ਨੂੰ ਹੱਸ ਖੇਡ ਕੇ ਬਿਤਾਉਣਾ ਚਾਹੁੰਦੇ ਨੇ । ਆਮ ਲੋਕਾਂ ਦੀ ਤਰ੍ਹਾਂ ਪੜ੍ਹਨਾ -ਲਿਖਣਾ ,ਵੱਡੇ ਅਹੁਦਿਆਂ ਤੇ ਕੰਮ ਕਰਨਾ, ਭੈਣ- ਭਰਾਵਾਂ ,ਮਾਤਾ  -ਪਿਤਾ ਦਾ ਪਿਆਰ ਇਨ੍ਹਾਂ ਲਈ ਵੀ ਇਹ ਸਭ ਚੀਜ਼ਾਂ ਜ਼ਰੂਰੀ ਨੇ । ਇਨ੍ਹਾਂ ਦੇ ਦਿਲ ਨੂੰ ਵੀ ਪਿਆਰ ਅਤੇ ਸਨਮਾਨ ਦੀ ਲੋੜ ਹੁੰਦੀ ਹੈ ਪਰ ਸਾਡੇ ਲੋਕ ਤਾਂ ਕਈ ਇਸ ਕਦਰ ਗਿਰ ਚੁੱਕੇ ਹਨ ਕਿ ਜੇਕਰ ਉਹ ਕਿਸੇ ਨੂੰ ਲੜਾਈ ਵਿੱਚ ਗਾਲ ਕੱਢਣੀ ਹੋਵੇ ਤਾਂ ਦੂਸਰੇ ਨੂੰ ਖੁਸਰਾ ਜਾਂ ਕਿੰਨਰ ਆਖ ਦਿੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਮਾਨਸਿਕਤਾ ਕਿੰਨੀ ਗਿਰੀ ਹੋਈ ਹੈ । ਅਸੀਂ ਇਨ੍ਹਾਂ ਲੋਕਾਂ ਨੂੰ ਸਨਮਾਨ ਤਾਂ ਕੀ ਦੇਣਾ ਸੀ ਅਸੀਂ ਇਨ੍ਹਾਂ ਨੂੰ ਆਪਣੇ ਆਪ ਤੋਂ ਇੰਨਾ ਦੂਰ ਕਰ ਦਿੱਤਾ ਕਿ ਇਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ । ਆਖਿਰ ਕਦੋਂ ਤੱਕ ਅਸੀਂ ਇਨ੍ਹਾਂ ਲੋਕਾਂ ਨਾਲ ਵਿਤਕਰਾ ਕਰ ਪਾਪ ਦੇ ਭਾਗੀ ਬਣਦੇ ਰਹਾਂਗੇ। ਸਾਨੂੰ ਗੁਰੂ ਨਾਨਕ ਦੇਵ ਜੀ ਦੇ ਬਚਨ "ਸੋ ਕਿਓੁ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ "  ਨੂੰ ਸਮਝਣਾ ਅਤੇ ਵਿਚਾਰਨਾ ਚਾਹੀਦਾ ਹੈ । ਜਿਸ ਰੱਬ ਨੂੰ ਅਸੀ ਪੂਜਦੇ ਹਾਂ ਹਜ਼ਾਰਾਂ ਹੀ ਮੰਦਰ, ਗੁਰਦੁਆਰੇ , ਮਸੀਤਾਂ ਬਣਾ ਲਏ ਹਨ। ਉਸ ਰੱਬ ਦੇ ਜੀਵ ਨਾਲ ਇਸ ਤਰ੍ਹਾਂ ਬੁਰਾ ਵਿਹਾਰ ਸਾਡੇ ਲਈ ਬਹੁਤ ਮਾੜੀ ਗੱਲ ਹੈ । ਅੱਜ ਬੇਸ਼ੱਕ ਕੁਝ ਲੋਕਾਂ ਨੇ ਸੰਘਰਸ਼ ਕਰ ਆਪਣੇ ਆਪ ਨੂੰ ਦੁਨੀਆਂ ਦੇ ਸਾਹਮਣੇ ਸਾਬਿਤ ਕੀਤਾ ਹੈ ਕਿ ਤੀਸਰਾ ਲਿੰਗ ਹੋਣਾ ਮਾੜੀ ਗੱਲ ਨਹੀਂ ਇਹ ਕੋਈ ਗਾਲ ਨਹੀਂ ਬਲਕਿ ਰੱਬ ਦੀ ਬਣਾਈ ਹੋਈ ਹੀ ਇੱਕ ਰਚਨਾ ਹੈ । ਪਰ ਜਦੋਂ ਤੱਕ ਆਮ ਲੋਕਾਂ ਦਾ ਨਜ਼ਰੀਆ ਇਨ੍ਹਾਂ ਪ੍ਰਤੀ ਨਹੀਂ ਬਦਲਦਾ ਕਾਨੂੰਨ ਵੀ ਇੱਕ ਹੱਦ ਤੱਕ ਹੀ ਲਾਹੇਵੰਦ ਹੋ ਸਕਦਾ ਹੈ। ਜਦੋਂ ਆਮ ਲੋਕ ਆਪਣੀ ਸੋਚ ਨੂੰ ਇਨ੍ਹਾਂ ਲੋਕਾਂ ਪ੍ਰਤੀ ਬਦਲਣਗੇ ਤਾਂ ਹੀ ਸਾਡਾ ਸਮਾਜ ਅੱਗੇ ਜਾ ਸਕਦਾ ਹੈ। ਭਾਈਚਾਰਕ ਸਾਂਝ ਬਣ ਸਕਦੀ ਹੈ ।ਅਸਲ ਵਿੱਚ ਅਸੀਂ ਕਦੇ  ਨਹੀਂ ਸੋਚਦੇ ਕਿ ਇਸ ਵਿੱਚ ਇਨ੍ਹਾਂ ਲੋਕਾਂ ਦਾ ਕੀ ਕਸੂਰ ਹੈ ? ਬੱਸ ਅਸੀਂ ਉਨ੍ਹਾਂ ਨੂੰ ਆਪਣੀ ਘਰ ਵਿੱਚ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਨਾ ਹੀ ਉਹ ਔਰਤ ਹੈ ਤੇ ਨਾ ਹੀ ਮਰਦ।  ਪਰ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਜਿਉਣ ਦਾ  ਹੱਸਣ ਖੇਡਣ ਦਾ ਤੇ ਪਿਆਰ ਲੈਣ ਦਾ ਪੂਰਾ ਅਧਿਕਾਰ ਹੈ।
ਆਓ !  ਅੱਜ ਅਸੀਂ ਸਾਰੇ ਆਪਣੇ ਨਜ਼ਰੀਏ ਨੂੰ ਬਦਲੀਏ ਅਤੇ ਸਭ ਨੂੰ ਉਨ੍ਹਾਂ ਦਾ ਬਣਦਾ ਮਾਣ ਤੇ ਸਤਿਕਾਰ ਦੇਈਏ ।
ਕੌਰ ਕਿਰਨਪ੍ਰੀਤ ॥
+4368864013133

Have something to say? Post your comment